Trolley Times Punjabi Newspaper 6th Edition

Trolley Times Punjabi Newspaper 6th Edition

  • by

Trolley Times Punjabi Newspaper 6th Edition Published on 12-1-2021

punjabihindiedition6

ਜਵਾਨੀ ਜੜ੍ਹਾਂ ਪੁੱਟਣ ਨੂੰ ਕਾਹਲੀ ਐ,
ਜਾਲਮ ਸਰਕਾਰ ਦੀਆਂ


ਨੌਜਵਾਨਾਂ ਦਾ ਯੋਗਦਾਨ

ਜਸਦੀਪ ਸਿੰਘ, ਨਵਕਿਰਨ ਨੱਤ

ਮਨੁੱਖੀ ਇਤਿਹਾਸ ਦੇ ਹਰ ਸੰਘਰਸ਼ ਵਿਚ ਨੌਜਵਾਨ ਅਹਿਮ ਹਿੱਸਾ ਰਹੇ ਹਨ। ਚੱਲ ਰਹੇ ਕਿਸਾਨ ਸੰਘਰਸ਼ ਦੀ ਖਾਸੀਅਤ ਹੈ ਕਿ ਇਸ ਵਿਚ ਨੌਜਵਾਨ ਮੁੰਡੇ ਕੁੜੀਆਂ ਦੀ ਭਰਵੀਂ ਹਿੱਸੇਦਾਰੀ ਹੈ। ਬੈਰੀਕੇਡ, ਜਲਤੋਪਾਂ, ਪੁਲਿਸ ਦੇ ਡੰਡਿਆਂ ਵਰਗੀ ਹਰ ਔਕੜ ਨੂੰ ਅੱਗੇ ਵੱਧ ਕੇ ਸਰ ਕਰਦਿਆਂ ਨੌਜਵਾਨ ਕਿਰਤੀਆਂ ਦੇ ਏਕੇ ਅਤੇ ਸਬਰ ਨੇ ਸਰਕਾਰ ਨੂੰ ਪਿੱਛੇ ਹਟ ਕੇ ਗੱਲ ਸੁਣਨ ਲਈ ਮਜ਼ਬੂਰ ਕਰ ਦਿੱਤਾ ਹੈ। ਕਿਰਤੀ ਨੌਜਵਾਨ ਕਾਲੇ ਖੇਤੀ ਕਾਨੂੰਨਾ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਲਾਮਬੰਦੀ ਵਿਚ ਜੁਟੇ ਹੋਏ ਹਨ। ਨੌਜਵਾਨ ਗਾਇਕਾਂ, ਲਿਖਾਰੀਆਂ ਨੇ ਵੀ ਜੂਨ-ਜੁਲਾਈ 2020 ਤੋਂ ਹੀ ਕਿਸਾਨਾਂ ਮਜਦੂਰਾਂ ਦੇ ਹੱਕ ਵਿਚ ਗੀਤ ਲਿਖਣੇ, ਗਾਉਣੇ ਸ਼ੁਰੂ ਕਰ ਦਿੱਤੇ ਸਨ। ਕਈ ਗਾਇਕ ਅਦਾਕਾਰ ਆਪਣਾ ਪੇਸ਼ਾ ਛੱਡ, ਖੁਦ ਅੰਦੋਲਨਕਾਰੀ ਬਣ ਗਏ। ਵਕੀਲ, ਪੱਤਰਕਾਰ ਅਤੇ ਪਾੜ੍ਹੇ ਇਸ ਅੰਦੋਲਨ ਦੀ ਹਿਮਾਇਤ ਵਿਚ ਆ ਨਿੱਤਰੇ। ਅਨੇਕਾਂ ਸ਼ਹਿਰੀ ਮੁੰਡੇ ਕੁੜੀਆਂ ਸੇਵਾ ਕਾਰਜਾਂ ਵਿਚ ਜੁਟ ਗਏ। ਕਲਾਕਾਰ, ਫੋਟੋਗ੍ਰਾਫਰ, ਫ਼ਿਲਮਸਾਜ ਇਸ ਅੰਦੋਲਨ ਨੂੰ ਕੈਮਰੇ ਅਤੇ ਰੰਗਾਂ ਰਾਹੀਂ ਸਹੇਜਣ ਲੱਗੇ। ਡਾਕਟਰਾਂ ਨੇ ਮਰਹਮ ਪੱਟੀ, ਦਵਾਈ ਬੂਟੀ ਨਾਲ਼ ਸਰਕਾਰੀ ਹੈਂਕੜ ਦੇ ਦਿੱਤੇ ਜਖਮ ਭਰੇ। ਇੰਜੀਨਅਰਾਂ, ਤਕਨਾਲੌਜੀ ਜਾਣੂਆਂ ਨੇ ਸੋਸ਼ਲ ਮੀਡੀਆ ਸਾਈਟਾਂ  ਟਵਿਟਰ ਅਤੇ ਫੇਸਬੁਕ ਉਪਰ ਮੋਰਚਾ ਸਾਂਭਿਆ। ਦੇਸ ਵਿਦੇਸ਼ ਵਿਚ ਕਿਸਾਨ ਮੋਰਚੇ ਦੀ ਹਿਮਾਇਤ ਨੂੰ ਪੱਕੇ ਪੈਰੀਂ ਕਰਨ ਵਿਚ ਨੌਜਵਾਨਾਂ ਦਾ ਯੋਗਦਾਨ ਰਿਹਾ। ਜੇ ਇਹ ਅੰਦੋਲਨ ਐਨੀ ਛੇਤੀ ਇਸ ਮੁਕਾਮ ਤੇ ਪਹੁੰਚਿਆ ਹੈ ਤਾਂ ਉਸ ਵਿਚ ਨੌਜਵਾਨਾਂ ਦੇ ਜੋਸ਼ ਦਾ ਵੱਡਾ ਯੋਗਦਾਨ ਹੈ। ਨੌਜਵਾਨਾਂ ਨੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦਾ ਹੋਸ਼ ਕਬੂਲਿਆ ਵੀ ਹੈ ਅਤੇ ਆਗੂਆਂ ਨੂੰ ਹੋਰ ਜੋਸ਼ੀਲਾ ਵੀ ਕੀਤਾ ਹੈ। 

26 ਸਾਲਾਂ ਦੇ ਨਵਦੀਪ ਸਿੰਘ ਜਲਵੇੜਾ ਭਾ. ਕਿ. ਯੂ. ਚੜੂਨੀ ਦੇ ਮੈਂਬਰ ਹਨ ਅਤੇ 26 ਨਵੰਬਰ ਨੂੰ ਜਲਤੋਪ ਦਾ ਮੂੰਹ ਮੋੜਦਿਆਂ ਦੀ ਇਹਨਾਂ ਦੀ ਤਸਵੀਰ ਅਤੇ ਵੀਡੀਓ, ਅੰਦੋਲਨ ਦੇ ਜੋਸ਼ ਦੀ ਮਿਸਾਲ ਬਣੀ। ਉਹ ਜੂਨ ਜੁਲਾਈ ਤੋਂ ਲਾਮਬੰਦੀ ਵਿਚ ਜੁਟੇ ਹੋਏ ਸਨ। ਕਹਿੰਦੇ ਹਨ ਕਿ ਦਿੱਲੀ ਆਉਣ ਵਿਚ ਬੈਰੀਕੇਡ ਪਾਸੇ ਕਰਨ ਤੋਂ ਲੈ ਕੇ ਏਥੇ ਮੋਰਚੇ ਵਿਚ ਸਾਫ ਸਫਾਈ, ਸੇਵਾ, ਸੁਵਧਾਵਾਂ, ਪ੍ਰਬੰਧ ਕਾਰਜ, ਜਾਗਰੂਕਤਾ ਪਹੁੰਚਾਉਣ, ਸੱਥ ਵਿਚ ਵਿਚਾਰ ਵਟਾਂਦਰੇ ਕਰਨ ਵਿਚ ਸਾਰੇ ਨੌਜਵਾਨਾਂ ਦਾ ਯੋਗਦਾਨ ਹੈ। ਇਸ ਅੰਦੋਲਨ ਨੇ ਸਿਖਾਇਆ ਹੈ ਕਿ ਆਪਣੇ ਹੱਕਾਂ ਲਈ ਲੜਨਾ, ਅਵਾਜ ਬੁਲੰਦ ਕਰਨਾ ਅਸੀਂ ਭੁੱਲ ਚੁਕੇ ਸਾਂ; ਹੱਕ ਸੱਚ ਦੀ ਲੜਾਈ ਦੀ ਜੋ ਜਾਚ ਅਸੀਂ ਸਿੱਖ ਲਈ ਹੈ ਅਤੇ ਇਹ ਭਵਿੱਖ ਵਿਚ ਸਾਡੇ ਬਹੁਤ ਕੰਮ ਆਏਗੀ। 

ਬਹੁਤ ਸਾਰੇ ਨੌਜਵਾਨ ਅਜਿਹੇ ਹਨ ਜੋ ਆਪਣੀ ਜ਼ਿੰਦਗੀ ‘ਚ ਪਹਿਲੀ ਦਫ਼ਾ ਐਨੇ ਵੱਡੇ ਸੰਘਰਸ਼ ਦਾ ਹਿੱਸਾ ਬਣੇ ਹਨ। ਓਹ ਬੇਸ਼ੱਕ ਇੱਕ ਜੋਸ਼ ਭਰਪੂਰ ਮਾਹੌਲ ਦੇ ਦੌਰਾਨ ਇਸ ਸੰਘਰਸ਼ ਦਾ ਹਿੱਸਾ ਬਣੇ ਸਨ ਪਰ ਹੁਣ ਲਗਾਤਾਰ ਧਰਨਿਆਂ ਦੇ ਵਿੱਚ ਹੁੰਦੇ ਭਾਸ਼ਣ ਸੁਣਕੇ, ਕਿਤਾਬਾਂ ਪੜ੍ਹਕੇ ਅਤੇ ਵਿਚਾਰ- ਵਟਾਂਦਰੇ ਕਰਕੇ, ਇਹਨਾਂ ਮੁੱਦਿਆਂ ਦੇ ਪਿੱਛੇ ਦੀ ਸਿਆਸਤ ਨੂੰ ਸਮਝਣ ਲੱਗੇ ਹਨ। ਓਹ ਜਾਨਣ ਲੱਗੇ ਹਨ ਕਿ ਸਾਡੀ ਲੜਾਈ ਸਿਰਫ਼ ਇਹਨਾਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਤੱਕ ਖਤਮ ਨਹੀਂ ਹੋਣੀ ਬਲਕਿ ਓਹ ਤਾਂ ਕੇਵਲ ਸਾਡੀ ਪਹਿਲੀ ਜਿੱਤ ਹੋਵੇਗੀ। ਮਨਿੰਦਰ ਕੌਰ ਜੋ ਬਾਰ੍ਹਵੀਂ ਜਮਾਤ ਦੀ ਸਟੂਡੈਂਟ ਹੈ ਅਤੇ ਇਕੱਲੀ ਇਸ ਸੰਘਰਸ਼ ਵਿੱਚ ਆਈ ਹੋਈ ਹੈ ਨੇ ਕਿਹਾ ਕਿ ਅੱਜ ਬੇਸ਼ੱਕ ਅਸੀਂ ਕਿਸਾਨੀ ਦੇ ਸਵਾਲ ‘ਤੇ ਇੱਥੇ ਇਕੱਠੇ ਹੋਕੇ ਲੜ ਰਹੇ ਹਾਂ ਪਰ ਹੁਣ ਅਸੀਂ ਇਹ ਵੀ ਸਮਝ ਚੁੱਕੇ ਹਾਂ ਕਿ ਕਿਵੇਂ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਸਿੱਖਿਆ ਮਹਿੰਗੀ ਹੁੰਦੀ ਗਈ ਹੈ ਅਤੇ ਰੋਜ਼ਗਾਰ ਦੇ ਮੌਕੇ ਘਟਦੇ ਜਾਂ ਰਹੇ ਹਨ। ਇਸ ਸੰਘਰਸ਼ ਦੀ ਜਿੱਤ ਸਾਨੂੰ ਸਾਡੀਆਂ ਅਗਲੀਆਂ ਲੜਾਈਆਂ ਲਈ ਹੋਰ ਬਲ ਬਖਸ਼ੇਗੀ।

ਨੌਜਵਾਨ ਕੁੜੀਆਂ ਦੀ ਇਸ ਅੰਦੋਲਨ ਵਿਚ ਹਿੱਸੇਦਾਰੀ ਬਾਰੇ ਭਾ. ਕਿ. ਯੂ. ਕ੍ਰਾਂਤੀਕਾਰੀ ਦੇ ਸੂਬਾ ਆਗੂ ਸੁਖਵਿੰਦਰ ਕੌਰ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ ਸੁਚੇਤ ਤੌਰ ਤੇ ਔਰਤਾਂ ਦੀ ਲਾਮਬੰਦੀ ਅਤੇ ਸੁਹਿਰਦ ਤੌਰ ਤੇ ਨਾਰੀ ਮੁਕਤੀ ਵੱਲ ਸੇਧਿਤ ਲਹਿਰ ਖੜੀ ਕਰਨ ਦੀ ਹਲੇ ਵੀ ਲੋੜ ਹੈ। ਦਹਾਕਿਆਂ ਦੇ ਕਿਸਾਨੀ ਘੋਲਾਂ ਨੂੰ ਵੀ ਦੇਖਿਆ ਜਾਵੇ ਤਾਂ ਇਹ ਬਹੁਤ ਵੱਡਾ ਬਦਲਾਓ ਹੈ ਕਿ ਪੜ ਲਿਖ ਕੇ ਜਾਗਰੂਕ ਹੋਈਆਂ ਔਰਤਾਂ ਖੁਦ-ਬ-ਖੁਦ ਸਿਆਸੀ ਘੋਲਾਂ ਦਾ ਹਿੱਸਾ ਬਣ ਰਹੀਆਂ ਹਨ। ਜਿਸ ਤਰਾਂ ਕੁੜੀਆਂ ਸਿਆਸੀ ਖੇਤਰ ਵਿਚ ਕਾਰਕੁਨ, ਵਕੀਲ, ਪੱਤਰਕਾਰ ਦੇ ਰੂਪ ਵਿਚ ਸ਼ਾਮਿਲ ਹੋਈਆਂ ਹਨ ਅਤੇ ਇਸ ਨੂੰ ਆਉਣ ਵਾਲੇ ਵੱਡੇ ਘੋਲਾਂ ਦੀ ਦਸਤਕ ਸਮਝਿਆ ਜਾ ਸਕਦਾ ਹੈ। 

ਨੌਜਵਾਨਾਂ ਦੇ ਯੋਗਦਾਨ ਬਾਰੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾਕਟਰ ਦਰਸ਼ਨਪਾਲ ਕਹਿੰਦੇ ਹਨ ਕਿ ਕਿਸਾਨ ਜਥੇਬੰਦੀਆਂ ਦੇ ਕਈ ਪ੍ਰੋਗਰਾਮ ਜਿਵੇਂ ਟੌਲ ਪਲਾਜਿਆਂ ਦੀ ਘੇਰਾਬੰਦੀ, ਅਦਾਨੀ ਅੰਬਾਨੀ ਦਾ ਬਾਈਕਾਟ ਅਤੇ ਟਰੈਕਟਰ ਮਾਰਚ ਨੇ ਸਤੰਬਰ 2020 ਤੋਂ ਹੀ ਨੌਜਵਾਨਾਂ ਨੂੰ ਸੰਘਰਸ਼ ਨਾਲ਼ ਜੋੜਨਾ ਸ਼ੁਰੂ ਕਰ ਦਿੱਤਾ ਸੀ। ਕਲਾਕਾਰਾਂ ਨੇ ਜਵਾਨਾਂ ਨੂੰ ਇਕੱਠਿਆਂ ਕਰਕੇ ਘੋਲ ਵਿਚ ਇਕਜੁੱਟ ਹੋ ਕੇ ਲੜਨ ਲਈ ਪ੍ਰੇਰਿਤ ਕੀਤਾ। ਬਹੁਤ ਸਾਰੀਆਂ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਨੇ ਵੀ ਜਵਾਨਾਂ ਨੂੰ ਸੰਘਰਸ਼ ਨਾਲ਼ ਜੋੜਿਆ। ਦਿੱਲੀ ਨਾਲ਼ ਮੱਥਾ ਲਾਉਣ ਵਿਚ ਹਰ ਸੂਬੇ ਦੀ ਜਵਾਨੀ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਹੋਈ। ਪਰ ਜਵਾਨੀ ਦੇ ਹੋਸ਼ ਤੇ ਜੋਸ਼ ਨੂੰ ਇਕਸਾਰ ਕਰਨ ਲਈ, ਅਨੁਸ਼ਾਸ਼ਿਤ ਕਰਨ ਲਈ, ਅਤੇ ਅਹਿੰਸਕ ਰਹਿ ਕੇ ਘੋਲ ਦੇ ਅੰਤ ਤੱਕ, ਜੋ ਕਿ ਕਾਲੇ ਖੇਤੀ ਕਾਨੂੰਨ ਵਾਪਿਸ ਕਰਾਉਣਾ ਹੈ, ਜੁੜੇ ਰਹਿਣ ਲਈ ਕਿਸਾਨ ਜੱਥੇਬੰਦੀਆਂ ਆਪਣੀ ਜੁੰਮੇਵਾਰੀ ਸਮਝਦੀਆਂ ਹਨ।


ਸੰਪਾਦਕੀ

ਸਰਕਾਰ ਦੇ ਨੁਮਾਇੰਦੇ ਹਰ ਵਾਰ ਦੀ ਮੀਟਿੰਗ ਵਿਚ ਖੇਤੀ ਕਾਨੂੰਨਾਂ ਦੇ ਨੁਕਤਿਆਂ ਜਾਂ ਐਮ. ਐੱਸ. ਪੀ. ਤੇ ਬਹਿਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਿਸਾਨ ਆਗੂ ਹਰ ਵਾਰ ਖੇਤੀ ਕਾਨੂੰਨ ਰੱਦ ਕਰਨ ਦੇ ਮੁੱਦੇ ਤੇ ਲੈ ਕੇ ਆਉਂਦੇ ਹਨ। ਇਸ ਵਾਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸਖਤੀ ਨਾਲ਼ ਸਰਕਾਰੀ ਨੁਮਾਇੰਦਿਆਂ ਨੂੰ ਮੁੱਦੇ ਦੀ ਗੱਲ ਤੋਂ ਟਰਕਾਉਣ ਦੇ ਇਸ ਵਤੀਰੇ ਤੋਂ ਬਾਜ ਆਉਣ ਲਈ ਕਿਹਾ। ਇਕ ਆਗੂ ਨੇ “ਜਾਂ ਮਰਾਂਗੇ ਜਾਂ ਜਿੱਤਾਂਗੇ” ਦੀ ਤਖਤੀ ਲਾ ਕੇ ਰੋਸ ਪ੍ਰਗਟਾਇਆ। ਬੀਬੀਸੀ ਦੇ ਪੱਤਰਕਾਰ ਦੇ ਪੁੱਛਣ ਤੇ ਕਿ ਇਹ ਬੇਸਿੱਟਾ ਮੀਟਿੰਗਾਂ ਕਦੋਂ ਤੱਕ ਚਲਦੀਆਂ ਰਹਿਣ ਗੀਆਂ, ਕਿਸਾਨ ਆਗੂ ਜੋਗਿੰਦਰ ਸਿੰਘ ਉਹਰਾਹਾਂ ਨੇ ਕਿਹਾ ਕੇ ਜਿੰਨਾਂ ਚਿਰ ਸਾਡੇ ਵਿਚ ਲੜਨ ਦਾ ਮਾਦਾ ਹੈ ਅਤੇ ਅਸੀਂ ਸ਼ਾਂਤਮਈ ਘੋਲ ਵਿਚ ਲੋਕਾਂ ਨੂੰ ਜੋੜਦੇ ਰਹਿੰਦੇ ਹਾਂ, ਜਿੰਨਾਂ ਚਿਰ ਭਾਜਪਾ ਦਾ ਸਿਆਸੀ ਨੁਕਸਾਨ ਨਹੀਂ ਹੁੰਦਾ, ਉਹਨਾਂ ਦੀ ਕੁਰਸੀ ਨਹੀਂ ਥਿੜਕਦੀ, ਓਨਾ ਚਿਰ ਸਰਕਾਰ ਆਪਣਾ ਢੀਠ ਵਤੀਰਾ ਜਾਰੀ ਰੱਖ ਸਕਦੀ ਹੈ। ਮੀਟਿੰਗ ‘ਚ ਆਗੂਆਂ ਦੇ ਕਿਸਾਨਾਂ ਦੇ ਵਤੀਰੇ ਤੋਂ, 7 ਦਿਸੰਬਰ ਦੇ ਟਰੈਕਟਰ ਮਾਰਚ ਨੂੰ ਮਿਲੇ ਹੁੰਗਾਰੇ ਤੋਂ ਪਤਾ ਲਗਦਾ ਹੈ ਕਿ ਕਿਸਾਨੀ ਦਾ ਰੋਸ ਤਿੱਖਾ ਹੋ ਰਿਹਾ ਹੈ ਤੇ ਸਰਕਾਰ ਦੀਆਂ ਚੋਰ ਮੋਰੀਆਂ ਬੰਦ ਹੋ ਰਹੀਆਂ ਹਨ।

ਅਮਰੀਕਾ ਦੀ ਅਸੈਂਬਲੀ ਵਿਚ ਸਾਬਕਾ ਅਮਰੀਕੀ ਸਦਰ ਡੋਨਾਲਡ ਟਰੰਪ ਦੇ ਭੜਕਾਏ ਸੱਜ ਪਿਛਾਖੜੀ ਗੋਰੇ ਹੁੱਲੜਬਾਜਾਂ ਨੇ ਤੋੜਭੰਨ ਕੀਤੀ। ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੜੀ ਛੇਤੀ ਟਵੀਟ ਕਰਕੇ ਦੁੱਖ ਜਾਹਿਰ ਕੀਤਾ। ਪਰ ਉਹ ਆਪਣੀ ਰਾਜਧਾਨੀ ਬਾਹਰ ਬੈਠੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੱਖਾਂ ਕਿਸਾਨਾਂ ਦੀ ਗੱਲ ਸੁਣਨ ਤੋਂ ਮੁਨਕਰ ਹਨ। ਯਾਦ ਰੱਖਿਆ ਜਾਵੇ ਕਿ ਨਰਿੰਦਰ ਮੋਦੀ, ਡੋਨਾਲਡ ਟਰੰਪ ਦੇ ਹੱਕ ਵਿਚ ਰੈਲੀਆਂ ਕਰਦੇ ਰਹੇ ਹਨ ਅਤੇ ਭਾਜਪਾ ਦੇ ਹੱਥਠੋਕੇ ਹੁੱਲੜਬਾਜ, ਜਾਮੀਆ, ਦਿੱਲੀ ਅਤੇ ਜਵਾਹਰ ਲਾਲ ਯੂਨੀਵਰਸਿਟੀਆਂ ਤੋਂ ਲੈ ਕੇ ਦੇਸ਼ ਦੇ ਵੱਖ ਵੱਖ ਸਾਂਝੇ ਥਾਵਾਂ ਅਤੇ ਸ਼ਾਤਮਈ ਅੰਦੋਲਨਾਂ ਵਿਚ ਗੁੰਡਾਗਰਦੀ ਕਰਦੇ ਰਹੇ ਹਨ। ਸਰਕਾਰ ਦੀ ਕਠਪੁਤਲੀ ਪੁਲਿਸ ਸ਼ਾਂਤਮਈ ਅੰਦੋਲਨਕਾਰੀਆਂ ਨੂੰ ਜ੍ਹੇਲਾਂ ਵਿਚ ਸੁਟਦੀ ਰਹੀ ਹੈ। ਕਿਸਾਨ ਮੋਰਚੇ ਨੇ ਇਸ ਲੋਕ ਦੋਖੀ ਸਰਕਾਰ ਦੇ ਪੁਰਾਣੇ ਰਿਕਾਰਡ ਨੂੰ ਵੇਖਦਿਆਂ ਹੀ ਏਨੀ ਵੱਡੀ ਗਿਣਤੀ ਵਿਚ ਲਾਮਬੰਦੀ ਕੀਤੀ ਹੈ। ਭਾਜਪਾ ਸਰਕਾਰ ਨੇ ਸੁਪਰੀਮ ਕੋਰਟ ਨੂੰ ਵੀ ਪ੍ਰਭਾਵ ਹੇਠ ਲੈ ਆਂਦਾ ਹੈ ਕਿ ਕਿਸਾਨਾਂ ਲਈ ਕਾਨੂੰਨੀ ਰਾਹ ਫੜਨਾ ਵੀ ਕਾਲੇ ਖੇਤੀ ਕਾਨੂੰਨਾ ਦਾ ਫੰਦਾ ਆਪਣੇ ਗਲ ਪਾਉਣ ਵਰਗਾ ਹੈ। 

9 ਦਸੰਬਰ ਨੂੰ ਸਰ ਛੋਟੂ ਰਾਮ ਦੀ ਬਰਸੀ ਸੀ। 1938 ਈਸਵੀ ਦੇ ਕੀਤੇ ਖੇਤੀ ਸੁਧਾਰਾਂ ਨੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਵਿਚੋਂ ਕੱਢਣ ਅਤੇ ਉਹਨਾਂ ਦੀਆਂ ਜਮੀਨਾਂ ਦੀ ਕੁਰਕੀ ਰੋਕਣ ਵਾਸਤੇ ਵਿਚ ਵੱਡਾ ਹਿੱਸਾ ਪਾਇਆ। ਟੀਕਰੀ ਦੀ ਸਟੇਜ ਤੋਂ ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਅੱਜ ਸਰ ਛੋਟੂ ਰਾਮ ਵਰਗੇ 500 ਆਗੂ ਕਿਸਾਨਾਂ ਦੇ ਹੱਕਾਂ ਲਈ ਲੜ ਰਹੇ ਹਨ। 

ਪੰਜਾਬ ਵਿਚ ਚੱਲ ਰਹੇ ਸੰਘਰਸ਼ ਵਿਚ ਭਾਜਪਾ ਆਗੂਆਂ ਦੇ ਵਿਰੋਧ ਕਰ ਰਹੇ ਅੰਦੋਲਨਕਾਰੀਆਂ ‘ਤੇ ਇਰਾਦਾ ਕਤਲ ਵਰਗੇ ਸੰਗੀਨ ਪਰਚੇ ਦਰਜ ਹੋ ਰਹੇ ਹਨ। ਮਕਬੂਲ ਗੀਤ ‘ਕਿਸਾਨ ਐਨਥਮ’ ਲਿਖਣ ਵਾਲੇ ਗੀਤਕਾਰ ਸ਼੍ਰੀ ਬਰਾੜ ਨੂੰ ਇਕ ਹੋਰ ਗੀਤ ਵਿਚ ਹਿੰਸਾ ਫੈਲਾਉਣ ਵਾਲੇ ਸ਼ਬਦ ਲਿਖਣ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਤਸ਼ੱਦਦ ਕੀਤਾ ਗਿਆ। ਸੂਬੇ ਦੀ ਹੁਕਮਰਾਨ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਸੁਰ ਰਲ ਗਏ ਜਾਪਦੇ ਹਨ। ਪਰ ਲੋਕ ਰੋਹ ਮੂਹਰੇ ਕੇਂਦਰ ਦੀ ਹੋਵੇ ਜਾਂ ਸੂਬੇ ਦੀ ਸਰਕਾਰ ਨੂੰ ਪਿੱਛੇ ਹਟਣਾ ਹੀ ਪਵੇਗਾ। ਕਿਉਂਕਿ ਲੋਕਰਾਜ, ਸਿਰਫ਼ ਵੋਟਾਂ ਨਾਲ਼ ਪੰਜ ਸਾਲੀਂ ਚੋਣਾ ਜਿੱਤ ਕੇ ਨਹੀਂ, ਬਲਕਿ ਹੱਕਾਂ ਲਈ ਲੜ ਰਹੇ ਲੋਕਾਂ ਦੀਆਂ ਮੰਗਾਂ ਤੇ ਅਮਲ ਕਰ ਕੇ ਬਣਦਾ ਹੈ। ਲੋਕਰਾਜ ਦੀ ਅਸਲ ਤਰਜ਼ਮਾਨੀ ਅੰਦੋਲਨਕਾਰੀ ਕਰ ਰਹੇ ਹਨ ਨਾ ਕਿ ਕਾਰਪੋਰੇਟ ਘਰਾਣਿਆਂ ਤੋਂ ਪੈਸੇ ਲੈ ਕੇ ਚੋਣਾਂ ਲੜਨ ਵਾਲ਼ੇ। 


ਸਮੂਹਿਕ ਚੇਤਨਤਾ ਅਤੇ ਸੰਘਰਸ਼

ਬੀਰ ਸਿੰਘ, ਸਿੰਘੂ ਮੋਰਚਾ; ਸਪੋਕਸਮੈਨ ਟੀਵੀ ਨਾਲ਼ ਇੰਟਰਵਿਊ ਵਿਚੋਂ

ਆਗੂਆਂ ਦੇ ਵਿਚਾਰਕ ਮਤਭੇਦ ਤਾਂ ਰਹਿਣਗੇ ਹੀ ਉਹ ਕਦੇ ਵੀ ਇਕਸਾਰ ਨਹੀਂ ਹੁੰਦੇ। ਸਾਰੇ ਲੋਕ ਆਗੂਆਂ ਦੇ ਮੂੰਹ ਵੱਲ ਦੇਖ ਰਹੇ ਨੇ, ਕਿਉਂਕਿ ਗੱਲ ਕਰਨ ਤਾਂ ਇਹਨਾਂ ਨੇ ਹੀ ਜਾਣਾ ਹੈ। ਆਗੂਆਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ। ਪਰ ਜਿਹੜੀ ਗੱਲ ਵੱਲ ਤੁਸੀਂ ਉਹਨਾਂ ਦਾ ਧਿਆਨ ਦਵਾਉਣਾ ਚਾਹੁੰਦੇ ਹੋ ਉਹ ਗੱਲ ਉਹਨਾਂ ਤੱਕ ਪਹੁੰਚਾਉਣੀ ਵੀ ਜਰੂਰੀ ਹੁੰਦੀ ਹੈ। 

ਜੇ ਸਮੂਹਿਕ ਚੇਤਨਤਾ ਦਾ ਸਤਰ ਵਧੇਗਾ ਤਾਂ ਸਿਆਣਪ ਵਧੇਗੀ, ਆਗੂ ਨੂੰ ਵੀ ਓਨਾ ਸਿਆਣਾ ਹੋਣਾ ਪਵੇਗਾ। 

ਲੋਕਾਂ ਅਤੇ ਆਗੂਆਂ ਵਿਚ ਪੁਲ ਨੂੰ ਹੋਰ ਮਜਬੂਤ ਕਰਨ ਦੀ ਲੋੜ ਹੈ। ਕੇਂਦਰ ਸਰਕਾਰ ਤਾਂ ਇਹੋ ਚਾਹੇਗੀ ਕਿ ਲੋਕਾਂ ਦਾ ਕਿਸਾਨ ਆਗੂਆਂ ਤੇ ਵਿਸਾਹ ਟੁੱਟੇ। ਜੇ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਵਰਗੇ ਨੌਜਵਾਨ ਨੁਮਾਇੰਦਿਆਂ ਨਾਲ਼ ਨਹੀਂ ਬਣਦੀ ਤਾਂ ਇਹ ਪਾਟੋਧਾੜ ਹੋਰ ਵਧੇ। 

ਸਾਰੇ ਜਣੇ ਹੱਕਾਂ ਦੀ ਰਾਖੀ ਲਈ ਹੀ ਮੋਰਚੇ ਵਿਚ ਪਹੁੰਚੇ ਹੋਏ ਹਨ। ਹੋ ਸਕਦਾ ਹੈ, ਇਸ ਵਿਚੋਂ ਉਹ ਆਪਣਾ ਵੀ ਕੁਝ ਨਾ ਕੁਝ ਨਿੱਜੀ ਹਿੱਤ ਵੀ ਪੂਰਨਾ ਚਾਹੁੰਦੇ ਹੋਣ। ਉਸ ਚੀਜ ਨੂੰ ਬਾਅਦ ਦੇ ਵਿਚ ਵੀ ਨਜਿੱਠਿਆ ਜਾ ਸਕਦਾ ਹੈ। ਜਿਹੜਾ ਵੀ ਨੌਜਵਾਨ ਸਿੰਘੂ ਜਾਂ ਟੀਕਰੀ ਤੇ ਬੈਠਾ ਹੈ, ਉਹ ਲੋਕ ਅੰਦੋਲਨ ਦਾ ਹਿੱਸਾ ਬਣਨ ਆਇਆ ਹੈ ਤੇ ਉਸ ਦੇ ਇਸ ਰੋਸ ਨਾਲ਼ ਸਾਂਝ ਪਾਉਣ ਦੀ ਲੋੜ ਹੈ। ਆਪਸੀ ਟਕਰਾਉ ਬਹੁਤ ਹੋ ਜਾਂਦੇ ਨੇ। ਲੱਖੇ ਸਿਧਾਣੇ ਨੂੰ ਇਹ ਗਿਲਾ ਰਹਿੰਦਾ ਐ ਕਿ ਉਹਨਾਂ ਨੂੰ ਖੁੱਲ ਕੇ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਹੈ। ਜਥੇਬੰਦੀਆਂ ਨੂੰ ਇਹ ਰਹਿੰਦਾ ਹੈ ਕਿ ਉਹ ਸਹੀ ਤਰੀਕੇ ਨਾਲ਼ ਗੱਲ ਨਹੀਂ ਕਰ ਦੇ। ਉਹ ਆਹੁਦਰੇਪਣ ਨੂੰ ਵਧਾ ਸਕਦੇ ਹਨ। ਦੀਪ ਸਿੱਧੂ ਵੱਲੋਂ ਮਸਲਾ ਇਹ ਰਿਹਾ ਕਿ ਇਹਨਾਂ ਨੇ ਜਥੇਬੰਦੀਆਂ ਦੀ ਅਗਵਾਈ ਦੀ ਬਹੁਤ ਤਿੱਖੀ ਆਲੋਚਨਾ ਕੀਤੀ ਸੀ। ਜਥੇਬੰਦੀਆਂ ਨੂੰ ਇਹ ਹੈ ਕਿ ਜਦੋਂ ਦੀਪ ਸਾਨੂੰ ਯੋਗ ਆਗੂ ਨਹੀਂ ਮੰਨਦਾ ਅਸੀਂ ਇਸ ਨੂੰ ਸਟੇਜ ਕਿਉਂ ਦੇਈਏ।

ਏਦਾਂ ਦੇ ਕਾਫੀ ਮਸਲੇ ਹਨ ਪਰ ਜਰੂਰੀ ਹੈ ਕਿ ਇਸ ਊਰਜਾ ਨੂੰ ਸੁਚੱਜੇ ਤਰੀਕੇ ਨਾਲ਼ ਵਰਤਿਆ ਜਾਵੇ। ਇਹ ਸਮਾਂ ਆਪਣੇ ਆਪਣੇ ਪੱਖ ਨੂੰ ਛੱਡ ਕੇ ਸਮੂਹਿਕ ਪੱਖ ਤੇ ਆਉਣ ਦਾ ਹੈ। ਖੱਬੇ ਪੱਖੀ ਜਾਂ ਸੱਜੇ ਪੱਖੀ ਜਾਂ ਧਾਰਮਿਕ ਪੱਖੀ ਹੋਣਾ ਛੱਡ ਕੇ ਸੰਘਰਸ਼ ਪੱਖੀ ਹੋਣ ਦਾ ਹੈ।


ਕਿਵੇਂ ਖੁੱਲੇ ਦਿੱਲੀ ਦੇ ਰਾਹ

ਨਰਿੰਦਰ ਭਿੰਡਰ ਨਾਲ਼ ਸੁਰਮੀਤ ਮਾਵੀ ਅਤੇ ਗੁਰਦੀਪ ਧਾਲੀਵਾਲ ਦੀ ਗੱਲਬਾਤ

25 ਦੀ ਸਵੇਰ ਨੂੰ, ਮੈਂ ਦੇਖਿਆ ਕਿ ਗੁਰਦੁਵਾਰੇ ਵਿੱਚ ਹੋਕਾ ਦਿੱਤਾ ਕਿ ਆਜੋ ਜੀਹਨੇ ਧਰਨੇ ’ਤੇ ਜਾਣਾ, ਮੁੰਡੇ ਮੋਟਰ-ਸਾਇਕਲਾਂ ’ਤੇ ਜਾ ਰਹੇ, ਮੈਨੂੰ ਕਿਸੇ ਨੇ ਕਿਹਾ ਹੀ ਨਹੀਂ। ਮੈਂ ਦੇਖਿਆ ਕਿ ਪਤੰਦਰ ਕਹਿ ਹੀ ਨਹੀਂ ਰਹੇ। ਅਸਲ ’ਚ ਮੈਂ 4-5 ਦਿਨਾਂ ਤੋਂ ਪਿੰਡ ਵਿੱਚ ਨਹੀਂ ਸੀ, ਉਨ੍ਹਾਂ ਨੂੰ ਲੱਗਿਆ ਹੋਣਾ ਕਿ ਘਰ ਨਹੀਂ ਹੋਣਾ ਪਰ ਮੈਂ ਰਾਤ ਤਕਰੀਬਨ ਡੇਢ ਕੁ ਵਜੇ ਘਰ ਆ ਗਿਆ ਸੀ। ਸਵੇਰੇ ਲੇਟ ਉੱਠਿਆ ਇਸ ਕਰਕੇ ਮੁੰਡਿਆਂ ਨੂੰ ਲੱਗਿਆ ਕਿ ਉਰੇ ਹੈ ਨਹੀਂ। ਫਿਰ ਮੈਂ ਵੀ ਸੋਚਿਆ ਕਿ ਬਾਅਦ ਵਿੱਚ ਨਾਲ ਰਲ ਜਾਊਂਗਾ, ਥੋੜ੍ਹਾ ਆਰਾਮ ਕਰ ਲਈਏ। ਫਿਰ ਇਉਂ ਲੱਗਿਆ ਕਿ ਨਹੀਂ ਯਰ ਸਾਡੇ ਬੰਦੇ ਜਾ ਰਹੇ ਆ, ਥਕਾਵਟ ਦਾ ਕੀ ਚੱਕਰ ਆ, ਕੁਝ ਨੀਂ ਹੁੰਦਾ ਜਾਨੇਂ ਆ ਟਰਾਲੀ ’ਚ। ਅਤੇ ਮੈਂ ਘਰੇ ਵੀ ਨੀ ਦੱਸਿਆ।

ਕਿਹੜਾ ਪਤਾ ਸੀ ਕਿ ਇੰਨਾ ਕੁਝ ਹੋ ਜਾਣਾ, ਆਹ ਵਾਟਰ ਕੈਨਨਾਂ ਨਾਲੇ ਹੋਰ ਸਾਰਾ ਕੁਝ।  ਵਾਟਰ ਕੈਨਨਾਂ ਤਾਂ ਦੂਰ ਸਾਨੂੰ ਤਾਂ ਇਹ ਵੀ ਨੀ ਪਤਾ ਸੀ ਕਿ ਸਾਨੂੰ ਰੋਕਣਗੇ ਵੀ ਹਰਿਆਣੇ ਵਾਲੇ। ਅਸੀਂ ਤਾਂ ਇਸ ਗੱਲ ਲਈ ਤਿਆਰ ਹੀ ਨਹੀਂ ਸੀ ਕਿ ਸਾਡਾ ਆਵਦਾ ਸੂਬਾ, ਹਰਿਆਣਾ, ਸਾਨੂੰ ਰੋਕੂਗਾ। ਰੌਲਾ ਸਾਡਾ ਸੈਂਟਰ ਗੌਰਮਿੰਟ ਨਾਲ, ਦਿੱਲੀ ਨਾਲ, ਹਰਿਆਣਾ ਨੇ ਤਾਂ ਸਾਨੂੰ ਰੋਕਣਾ ਹੀ ਨਹੀਂ। ਖ਼ਬਰਾਂ ਤਾਂ ਪਤਾ ਸੀ ਕਿ ਖੱਟੜ ਹੈਗਾ, ਪਰ ਇਹ ਨੀ ਪਤਾ ਸੀ ਕਿ ਬੈਰੀਕੇਡ ਲਾਊਗਾ, ਇਹ ਗੱਲ ਤਾਂ ਜਮਾਂ ਈ ਦਿਮਾਗ ਵਿੱਚ ਹੈਨੀ ਸੀ। ਸਾਡਾ ਪਿੰਡ ਲਹਿਲਾਂ ਜਗੀਰ, ਮੇਨ ਰੋਡ ਇੱਕ ਕਿਲੋਮੀਟਰ ਆ, ਸਾਨੂੰ ਟਰੈਕਟਰਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਅਤੇ ਸਾਨੂੰ ਲੱਗਿਆ ਕਿ ਕਿਆ ਬਾਤ ਐ, ਰੋਡ ’ਤੇ ਝੋਟੇ ਲੰਘੇ ਜਾ ਰਹੇ ਨੇ। ਨਾਭੇ ਤੋਂ ਟਰੈਕਟਰ ਆ ਗਏ ਸੀ। ਸਾਨੂੰ ਇਉਂ ਸ਼ਰਮ ਮਹਿਸੂਸ ਹੋਈ ਕਿ ਸਾਡਾ ਪਿੰਡ ਮੋਰਚੇ ਦੇ ਨੇੜੇ ਆ ਅਤੇ ਅਸੀਂ ਇਨ੍ਹਾਂ ਨਾਲੋਂ ਪਿੱਛੇ ਆਂ, ਅਸੀਂ ਅਜੇ ਬੰਦੇ ਹੀ ਇੱਕੱਠੇ ਕਰਦੇ ਫਿਰਦੇ ਆਂ। ਫਿਰ ਜਿੰਨੇ ਕੁ ਹੋਏ ਮੈਂ ਕਿਹਾ ਚਲੋ ਤੋਰੋ ਬਾਈ, ਅਸੀਂ ਜੈਕਾਰਾ ਲਾ ਕੇ ਤੁਰ ਪਏ। ਪਰ ਜਦੋਂ ਰੋਡ ’ਤੇ ਪਹੁੰਚੇ ਤਾਂ ਕੋਈ ਟਰਾਲੀ ਹੀ ਨਾ, ਸਾਰੇ ਸਾਡੇ ਤੋਂ ਅੱਗੇ ਲੰਘ ਗਏ। 26-27 ਦੀ ਕਾਲ ਸੀ ਪਰ ਅਸੀਂ ਕੁਝ ਨਾਲ ਨੀ ਲਿਆ। ਇੱਕ-ਦੋ ਜਾਣਿਆਂ ਕੋਲ ਬੈਗ ਸੀ ਪਰ ਰਾਸ਼ਨ ਸਾਡੇ ਕੋਲ ਪੂਰਾ ਸੀ।ਸਾਨੂੰ ਇਹ ਸੀ ਕਿ ਅਸੀਂ ਆਪ ਵੀ ਖਾਣਾ ਅਤੇ ਦੂਜਿਆਂ ਨੂੰ ਵੀ ਖਵਾਉਣਾ। ਪਰ ਇਹ ਨਹੀਂ ਪਤਾ ਸੀ ਕਿ ਸਾਡੇ ਵਿੱਚੋਂ ਕੁਝ ਨੁਮਾਇੰਦਿਆਂ ਨੇ ਇੱਥੇ ਹੀ ਹਰਿਆਣਾ ਬਾਰਡਰ ‘ਤੇ ਧਰਨਾ ਲਾਉਣ ਦੀ ਸੋਚੀ ਹੋਈ ਆ।

ਅਸੀਂ ਪਿੰਡੋਂ ਚੱਲ ਪਏ, ਮੈਂ ਟਰੈਕਟਰ ਦੇ ਮੂਹਰੇ ਬੈਠਾ। ਮੈਨੂੰ ਕੋਈ ਕਹਿੰਦੇ ਕਿ “ਪੇਚਾ” ਗਾਣਾ ਲਾ। ਮੈਂ ਸੋਚਿਆ ਕਿ ਇਹ ਕਿਹੋਜਾ ਗਾਣਾ? ਤੁਸੀਂ ਕੋਈ ਵਧੀਆ ਗਾਣਾ ਲਓ, ਆਪਾਂ ਇਹੋ ਜਿਹੇ ਗਾਣੇ ਥੋੜੀ ਲਾਉਣੇ ਆ। ਮੈਂ ਬਲੂਟੂਥ ਜੋੜ ਕੇ ਗਾਣਾ ਚਲਾਇਆ, ਜਦੋਂ ਉਹ ਗਾਣਾ ਸੁਣਿਆ, ਲੱਗਿਆ ਬਈ ਗੱਲਬਾਤ ਹੈ ਪੂਰੀ। ਰਸਤੇ ਵਿੱਚ ਮੈਂ ਦੇਖ਼ਿਆ ਕਿ ਕਿੱਕਰਾਂ, ਸਫੈਦਿਆਂ ’ਤੇ ਲੋਕ ਲਾਈਟਾਂ ਲਾਈ ਜਾਂਦੇ ਸੀ। ਮੈਂ ਟਰੈਕਟਰ ਚਲਾਉਣ ਵਾਲੇ ਨੂੰ ਪੁੱਛਿਆ ਕਿ ਬਈ ਇਹ ਲਾਈਟਾਂ ਕਿਉਂ ਲਈ ਜਾਂਦੇ ਨੇ, ਇਹ ਕੀ ਚੱਕਰ ਆ? ਕਹਿੰਦਾ ਬਾਈ ਆਪਾਂ ਨੂੰ ਰੋਕਣਗੇ ਅੱਗੇ, ਆਪਾਂ ਫਿਰ ਉਰੇ ਈ ਰਹਾਂਗੇ, ਰਾਤ ਹੋਜੂਗੀ, ਚਾਨਣ ਚਾਹੀਦਾ।

ਰਾਹ ਬੰਦ ਕਰਿਆ ਹੋਇਆ। ਹੁਣ ਮੇਰੇ ਤਾਂ ਮਨ ’ਚ ਉਹ ਗੱਲਾਂ ਚਲ ਪਿਆ ਕਿ ਇਹ ਗ਼ਲਤ ਆ ਪਰ ਮੈਂ ਉਨ੍ਹਾਂ ਨੂੰ ਕਹੀਆਂ ਨੀ। ਰਹਿਣਾ ਤਾਂ ਆਪਾਂ ਹੈ ਨੀ ਉਰੇ ਰਾਤ ਨੂੰ, ਆਪਾਂ ਤਾਂ ਅੱਗੇ ਜਾਣਾ। ਸਭ ਤੋਂ ਵੱਡੀ ਗੱਲ ਜੋ ਮੈਨੂੰ ਲਾਈਟਾਂ ਨਾਲੋਂ ਵੀ ਜ਼ਿਆਦਾ ਮਹਿਸੂਸ ਹੋਈ ਕਿ ਟਰੈਕਟਰ ਰੁਕ ਗਿਆ 

ਸਾਡਾ, ਅਸੀਂ ਉੱਤਰੇ ਆਂ, 50-60 ਮੁੰਡੇ ਸਾਡੇ ਕੋਲ ਆਏ। ਮੈਨੂੰ ਇਹ ਲੱਗਿਆ ਕਿ ਇਹ ਹਰਿਆਣਾ ਗੌਰਮਿੰਟ ਸਾਡੇ ਮੂੰਹ ’ਤੇ ਚਪੇੜ ਮਾਰ ਰਹੀ ਆ, ਅਸੀਂ ਚਪੇੜ ਖਾ ਕੇ ਬੈਠ ਰਹੇ ਆਂ। ਉਨ੍ਹਾਂ ਦੀ ਕੀ ਹਿੰਮਤ ਕਿ ਸਾਨੂੰ ਰੋਕ ਲੈਣ। ਇੱਕ ਚਮਚਾ ਮੋਦੀ ਮੂਹਰੇ ਆਪਣਾ ਨਾਮ ਚਮਕਾਉਣ ਦਾ ਮਾਰਾ ਸਾਨੂੰ ਰੋਕੇ ਅਤੇ ਅਸੀਂ ਬਹਿ ਜਾਂਦੇ। ਉਹਨੇ ਮੋਦੀ ਨੂੰ ਕਹਿਣਾ ਸੀ ਕਿ ਉਸਤਾਦ ਜੀ ਟੈਨਸ਼ਨ ਨੀ ਲੈਣੀ ਮੈਂ ਇਨ੍ਹਾਂ ਨੂੰ ਰੋਕ ਲਿਆ, ਟੈਨਸ਼ਨ ਨਾ ਲਓ ਮੈਂ ਬੈਠਾਂ। ਮੈਨੂੰ ਨਾ ਇਹ ਮਹਿਸੂਸ ਹੋਈ ਗਿਆ ਕਿ ਇਹ ਹੋਈ ਕੀ ਜਾਂਦਾ, ਆ ਲਾਈਟਾਂ ਲੱਗ ਰਹੀਆਂ ਨੇ, ਅੱਗੇ ਜਾਕੇ ਦੇਖੀਆਂ ਦਰੀਆਂ ਵਿਛ ਰਹੀਆਂ ਨੇ, ਮੁੰਡੇ ਵਾਪਸ ਮੁੜੀ ਜਾ ਰਹੇ ਨੇ। ਮੈ ਕਿਹਾ, “ਬਾਈ ਜੀ ਮੁੜੀ ਜਾਣੇ ਓਂ” ਕਹਿੰਦਾ ਯਾਰ, “ਅੱਗੇ ਬਜ਼ੁਰਗ ਬੈਠੇ ਨੇ, ਅੱਗੇ ਜਾਣ ਨੀ ਦੇ ਰਹੇ।”

ਅੱਗੇ ਕਾਫ਼ੀ ਜਾਣੇ ਸੀ, ਸਰਕਲ ਜਥੇਦਾਰ। ਮੁੰਡੇ ਕਹਿੰਦਾ ਕਿ ਬਾਬੇ ਕਹਿ ਰਹੇ ਨੇ ਐਥੇ ਈ ਰਹਿਣਾ। ਮੈਂ ਕਿਹਾ ਅੱਗੇ ਚੱਲ ਕੇ ਦੇਖਦੇ ਆ। ਅਸੀਂ ਜਦੋਂ ਅਗਾਹਾਂ ਗਏ, ਉਥੇ ਜਾਕੇ ਅਸੀਂ ਦੇਖਦੇ ਆਂ ਕਿ ਕੁਝ ਬਜ਼ੁਰਗ ਬੈਰੀਕੇਟ ’ਤੇ ਖੜ੍ਹੇ ਨੇ, ਮਾਈਕ ਫੜ੍ਹਿਆ ਹੋਇਆ ਉਨ੍ਹਾਂ ਨੇ। ਹਾਲਾਂਕਿ ਮੈਂ ਉਨ੍ਹਾਂ ਬਜ਼ੁਰਗਾਂ ਨੂੰ ਅੱਜ ਤੱਕ ਇੰਨੇ ਗੁੱਸੇ ਵਿੱਚ ਨਹੀਂ ਸੀ ਦੇਖਿਆ। ਮੁੰਡਿਆਂ ਦੇ ਨਾਲ ਉਨ੍ਹਾਂ ਦੀ ਗੱਲਬਾਤ ਹੋ ਰਹੀ ਸੀ। ਜਦੋਂ ਉਨ੍ਹਾਂ ਨੇ ਮੈਨੂੰ ਦੇਖ ਲਿਆ, ਕਹਿੰਦੇ ਆ ਯਰ ਸਮਝਾ ਮੁੰਡਿਆਂ ਨੂੰ। 

ਮੈਂ ਬੈਰੀਅਰ ’ਤੇ ਚੜ੍ਹ ਕੇ ਕਿਹਾ, ਕਿ ਕਿਉਂ ਹਫੜਾ-ਤਫੜੀ ਮਚਾਉਂਨੇ ਓਂ? ਕਹਿੰਦੇ ਬਾਈ ਅੱਗੇ ਜਾਣਾ, ਮੈਂ ਕਿਹਾ ਜਾਵਾਂਗੇ। ਮੈਨੂੰ ਕਹਿੰਦੇ ਕਿ ਬਾਈ ਤੂੰ ਵੀ ਇਨ੍ਹਾਂ ਦੇ ਨਾਲ ਈ ਰਲ ਗਿਆ, ਮੈਂ ਕਿਹਾ ਆਪਾਂ ਸਾਰੇ ਇਕੱਠੇ ਹੀ ਹਾਂ। ਮੈਨੂੰ ਕਹਿੰਦੇ ਕਿ ਬੈਰੀਕੇਟਾਂ ਦਾ ਕੀ ਕਰਾਂਗੇ, ਮੈ ਕਿਹਾ ਬੈਰੀਕੇਟ ਵੀ ਤੋੜਾਂਗੇ, ਇਹ ਕਿਹੜੀ ਗੱਲ ਆ, ਰਾਹ ਵੀ ਖੋਲ੍ਹਾਂਗੇ, ਟੌਹਰ ਨਾਲ ਜਾਵਾਂਗੇ। ਐਨਾ ਸੁਣਦੇ ਈ ਬਜ਼ੁਰਗਾਂ ਨੇ ਮੈਨੂੰ ਬਾਂਹ ਤੋਂ ਫੜ੍ਹ ਕੇ ਥੱਲੇ ਘਸੀੜ ਲਿਆ, ਕਹਿੰਦੇ “ਕੀ ਬੋਲੀ ਜਾਨਾਂ ਤੂੰ।” ਮੈਂ ਕਿਹਾ ਕੀ ਗੱਲ ਹੋ ਗਈ। ਕਹਿੰਦੇ ਤੂੰ ਕਹਿਨਾਂ ਕਿ ਅਸੀਂ ਬੈਰੀਕੇਟ ਤੋੜ ਦੇਣੇ, ਅਸੀਂ ਥੋਨੂੰ ਹੱਥ ਨੀ ਲਾਉਣ ਦੇਣਾ ਬੈਰੀਕੇਟਾਂ ਨੂੰ। ਮੈਂ ਕਿਹਾ ਜੀ ਸਰਕਾਰ ਵੀ ਕਹਿੰਦੀ ਆ ਕਿ ਹੱਥ ਨੀ ਲਾਉਣਾ, ਤੁਸੀਂ ਵੀ ਕਹਿਨੇ ਹੋ ਕਿ ਹੱਥ ਨੀ ਲਾਉਣਾ, ਫਿਰ ਆਪਾਂ ਦਿੱਲੀ ਕਿਵੇਂ ਜਾਵਾਂਗੇ? ਕਹਿੰਦੇ ਕੋਈ ਗੱਲ ਨੀ ਆਪਾਂ ਇੱਥੇ ਬਹਿ ਜਾਵਾਂਗੇ, ਰੋਟੀ ਬਣ ਰਹੀ ਆ ਬੈਠ ਕੇ ਪ੍ਰਸ਼ਾਦੇ ਛਕੋ। ਮੈਂ ਕਿਹਾ ਨਾ ਜੀ, ਏਦਾਂ ਤਾਂ ਨਹੀਂ ਹਲਕ ’ਚੋਂ ਬੁਰਕੀ ਲੰਘਣੀ, ਦਿੱਲੀ ਦੀ ਗੱਲ ਹੋਈ ਆ ਦਿੱਲੀ ਤਾਂ ਪਹੁੰਚਾਂਗੇ। 

ਬਾਬੇ ਕਹਿੰਦੇ ਸਾਡੇ ਮੋਰਚੇ ਵਿੱਚ ਆ ਗੱਲ ਨੀ ਹੋਣੀ ਤੂੰ ਮੁੰਡਿਆਂ ਨੂੰ ਪਿੱਛੇ ਲੈ ਜਾ। ਮੈਂ ਕਿਹਾ ਜੀ ਲੈ ਜਾਨੇ ਆਂ, ਮੈਂ ਮੁੰਡਿਆਂ ਨੂੰ ਕਿਹਾ ਕਿ ਮੁੰਡਿਓ ਆ ਜਾਓ। ਔਖਾ-ਸੌਖਾ ਉਨ੍ਹਾਂ ਨੂੰ ਮੈਂ ਪਿੱਛੇ ਲੈ ਗਿਆ ਅਤੇ ਉਹ ਮੈਨੂੰ ਕਹਿੰਦੇ ਕਿ ਬਾਈ ਤੂੰ ਉਨ੍ਹਾਂ ਦੇ ਨਾਲ ਦਾ, ਤੂੰ ਵੀ ਸਾਨੂੰ ਅੱਗੇ ਵੱਧਣ ਤੋਂ ਰੋਕ ਰਿਹਾਂ। ਮੈਂ ਉੱਪਰ ਚੜ੍ਹ ਕੇ ਦੇਖਿਆ, ਉਹ 100 ਦੇ ਕਰੀਬ ਜਾਣੇ ਸੀ। ਮੈਂ ਕਿਹਾ 100 ਕੁ ਹੋਰ ਕਰ ਲਵੋ ਫੇਰ ਫ਼ਤਹਿ ਬੁਲਾਉਨੇ ਆਂ। ਜਦੋਂ ਸਾਰੇ ਇਕੱਠੇ ਹੋ ਗਏ, ਅਸੀਂ ਅੱਗੇ ਚਲੇ ਗਏ। ਬਾਬਿਆਂ ਨੇ ਮੈਨੂੰ ਬਾਂਹੋਂ ਫੜ੍ਹ ਕੇ ਕਿਹਾ ਕਿ ਬਾਈ ਤੂੰ ਸਾਡੇ ਖ਼ਿਲਾਫ਼ ਹੋ ਕੇ, ਸਾਡੇ ਤੋਂ ਬਾਗੀ ਹੋ ਕੇ ਕੰਮ ਕਰ ਰਿਹਾ। ਸਾਡਾ ਇਨ੍ਹਾਂ ਨਾਲ ਕੋਈ ਸਹਿਯੋਗ ਨਹੀਂ, ਤੇਰੇ ਨਾਲ ਕੋਈ ਸੰਬੰਧ ਨਹੀਂ। ਹੁਣ ਜੋ ਤੂੰ ਕਰੇਗਾਂ, ਕਿਸੇ ਦਾ ਨੁਕਸਾਨ ਹੋ ਗਿਆ, ਤੂੰ ਜ਼ਿਮੇਵਾਰ ਆਂ। ਮੈਂ ਮਾਈਕ ਫੜ੍ਹ ਕੇ ਕਿਹਾ ਕਿ ਇਨ੍ਹਾਂ ਦਾ ਮੇਰੇ ਨਾਲ ਕੋਈ ਲਿੰਕ ਨੀ, ਜੋ ਹੋਊਗਾ ਉਹਦੇ ਲਈ ਮੈਂ ਜ਼ਿਮੇਵਾਰ ਹੋਊਂਗਾ।

ਮੈਂ ਕਿਹਾ ਬਾਬਾ ਜੀ ਪਰੌਂਠੇ ਕਰਲੋ ਇਕੱਠੇ, ਦਰੀਆਂ ਕਰਲੋ ਇਕੱਠੀਆਂ ਆਹ ਦਿੱਲੀ ਵਾਲਾ ਰਸਤਾ ਖੁੱਲ੍ਹਣ ਲੱਗਾ। ਉਹ ਕਹਿੰਦੇ ਸਾਡੀ 40 ਸਾਲ ਉਮਰ ਲੰਘ ਗਈ, ਸਾਡੇ ਤੋਂ ਅੱਜ ਤੱਕ ਨੀ ਟੁੱਟੇ ਇਹ ਤੁਸੀਂ ਕਿੱਥੇ ਤੋੜ ਦੇਵੋਗੇ। ਆ ਮੋਰਚੇ, ਆ ਬੈਰੀਕੇਟ ਕੌਣ ਤੋੜ ਦੂ , ਤੇਰੇ ਅੱਗੇ  ਸੀਮਿੰਟ ਦੇ ਪਏ ਨੇ. ਫੇਰ ਲੋਹੇ ਦੇ ਪਏ ਨੇ, ਫਿਰ ਮਿੱਟੀ ਦੀਆਂ ਦੋ ਟਰਾਲੀਆਂ ਨੇ, ਫਿਰ ਮਿੱਟੀ ਦੇ ਟਿੱਪਰ ਨੇ, ਫਿਰ ਪਾਣੀ ਦੀਆਂ ਬੁਛਾਰਾਂ ਨੇ, ਕਹਿੰਦੇ ਸੰਭਵ ਈ ਨੀ। ਤੁਸੀਂ ਹਵਾਈ ਗੱਲਾਂ ਕਰੀ ਜਾਨੇ ਓਂ। ਬਾਈ ਇਹ ਗੱਲ ਮੈਨੂੰ ਚੈਲੇਂਜਿੰਗ ਲੱਗੀ। ਮੁੰਡਿਆਂ ਦੇ ਮਨ ਵਿੱਚ ਤੈਅ ਸੀ ਕਿ ਜਾਣਾ ਤਾਂ ਦਿੱਲੀ ਆ, ਇੱਥੇ ਤਾਂ ਬਹਿਣਾ ਨੀ। ਫਿਰ ਅਸੀਂ ਪਾਇਆ ਸੰਗਲਾਂ ਨੂੰ ਹੱਥ, ਪੁਲਿਸ ਨੇ ਮੂਹਰੋਂ ਪਾਣੀ ਚਲਾ ਦਿੱਤਾ। ਇਹ ਤਾਂ ਸਾਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਗਿੱਲੇ ਵੀ ਹੋਵਾਂਗੇ। ਜਦੋਂ ਰੌਲਾ ਪਿਆ ਕਿ ਥੱਲੇ ਬਹਿ ਜਾਓ ਫਿਰ ਪਾਣੀ ਨੀ ਪੈਣਾ, ਥੱਲੇ ਦੇਖਿਆ ਤਾਂ ਪਾਣੀ ਹੀ ਪਾਣੀ ਹੋ ਗਿਆ, ਟਰਾਲੀਆਂ ’ਤੇ ਪਾਣੀ ਪੈ ਗਿਆ, ਤਰਪਾਲਾਂ ਪਾਟ ਗਈਆਂ। ਸਭ ਦੇ ਕੱਪੜੇ ਭਿੱਜ ਗਏ, ਸਭ ਦੇ ਫੋਨ ਭਿੱਜ ਗਏ। ਪਰ ਗੁੱਸਾ ਉਦੋਂ ਆਇਆ ਜਦੋਂ ਪਾਣੀ ਵੱਜਣ ਨਾਲ ਇੱਕ ਬਾਬਾ ਗਿਰ ਗਿਆ, ਉਹਦੀ ਪੱਗ ਗਿਰ ਗਈ। ਮੈਂ ਸੋਚਿਆ, ‘ਯਰ ਐਂ ਤਾਂ ਸਾਡੀਆਂ ਪੱਗਾਂ ਈ ਗਿਰਦੀਆਂ ਰਹਿਣਗੀਆਂ? ਸਾਡੀਆਂ 47 ’ਚ ਪੱਗਾਂ ਗਿਰੀਆਂ, ਸਾਡੀਆਂ 84 ’ਚ ਪੱਗਾਂ ਗਿਰੀਆਂ, ਆ ਇਹਨਾਂ ਨੇ ਫੇਰ ਗੇਰ ਦਿੱਤੀ। ਫੇਰ ਨੀ ਦਿਖਿਆ ਕੁਝ ਉਸ ਤੋਂ ਬਾਅਦ ਤਾਂ ਮੈਨੂੰ ਇਹ ਵੀ ਨੀ ਪਤਾ ਕਿ ਮੈਂ ਬੈਰੀਕੇਟ ਕਦੋਂ ਟੱਪਿਆ। ਮੇਰੇ ਮੂਹਰੇ ਭਾਵੇਂ ਕੋਈ ਪੁਲਸ ਵਾਲਾ ਵੀ ਹੁੰਦਾ ਮੈਂ ਵਗਾਹ ਕੇ ਪਰ੍ਹੇ ਮਾਰਨਾ ਸੀ, ਇੰਨੀ ਅੱਗ ਲੱਗ ਗਈ ਸੀ ਉਦੋਂ।

ਮੈਂ ਬੈਰੀਕੇਟ ਉੱਪਰ ਚੜ੍ਹ ਕੇ ਪੁਲਸ ਵਾਲਿਆਂ ਨੂੰ ਕਿਹਾ ਕਿ ਪਾਣੀ ਬੰਦ ਕਰ ਦਿਓ, ਉਹ ਥੱਲੋਂ ਮੇਰੇ ਡੰਡੇ ਮਾਰ ਰਹੇ ਨੇ, ਕਹਿੰਦੇ ਪਾਣੀ ਤਾਂ ਨੀਂ ਬੰਦ ਹੋਣਾ। ਦੋ ਕੈਨਨ ਸੀ, ਇੱਕ ਚੱਲ ਰਹੀ ਸੀ ਦੂਜੀ ਬੰਦ, ਜਦੋਂ ਮੈਂ ਛਾਲ ਮਾਰਨ ਲੱਗਾ ਉਨ੍ਹਾਂ ਨੇ ਦੂਜੀ ਵੀ ਚਲਾ ਦਿੱਤੀ। ਉਹ ਮੇਰੇ ਪੱਟ ‘ਤੇ ਵੱਜੀ ਜੀਹਦੇ ਨਾਲ ਮੈਂ ਜਾਲੀ ’ਤੇ ਗਿਰ ਗਿਆ, ਮੇਰਾ ਪੱਟ ਸੁੱਜ ਗਿਆ ‘ਤੇ ਕੱਪੜੇ ਫਟ ਗਏ। ਨੀਲ ਤਾਂ ਹੁਣ ਤੱਕ ਨੇ। ਫਿਰ ਜਦੋਂ ਮੈਂ ਵਾਟਰ ਕੈਨਨ ਦਾ ਮੂੰਹ ਮੋੜਿਆ, ਮੁੰਡਿਆਂ ਵਿੱਚ ਜੋਸ਼ ਆ ਗਿਆ ਤੇ 5 ਮਿੰਟ ਦੇ ਵਿੱਚ-ਵਿੱਚ ਹੀ ਮੋਰਚਾ ਪੱਟਤਾ। ਬੈਰੀਕੇਟ ਤਾਂ ਉਹਨਾਂ ਨੇ ਟਰੈਕਟਰ ਬੈਕ ਕਰਕੇ, ਡਰਾਅ ਬਾਰ ਦੇ ਵਿੱਚ ਸੰਗਲਾਂ ਪਾ ਕੇ ਘੜੀਸ ਕੇ ਪਾਸੇ ਕਰਤੇ, ਪੁਲ ਕੰਬਣ ਲਾਤਾ, ਸਾਨੂੰ ਡਰ ਵੀ ਲੱਗਦਾ ਸੀ ਕਿਉਂਕਿ ਉਹ ਪੁਲ ਦੀ 25 ਸਾਲ ਤੋਂ ਮਿਆਦ ਖ਼ਤਮ ਆ। ਸਰਕਾਰ ਤਾਂ ਵੈਸੇ ਹੀ ਮਾਰਨ ਨੂੰ ਫਿਰਦੀ ਆ, ਓਦਣ ਬਹਾਨੇ ਨਾਲ ਆਪ ਹੀ ਛੇਤੀ ਤੁਰ ਜਾਣਾ ਸੀ। ਬਸ ਫਿਰ ਲਾ ਲਈ ਹਰਿਆਣਾ ਪੁਲਸ ਮੂਹਰੇ-ਮੂਹਰੇ, ਰੇਤੇ ਵਾਲੇ ਟਿੱਪਰ, ਟਰਾਲੀਆਂ ਵੀ ਟਰੈਕਟਰਾਂ ਪਿੱਛੇ ਪਾ ਕੇ ਪਾਸੇ ਕਰਤੇ, ਟਿੱਪਰਾਂ ਨੂੰ ਸਵਰਾਜ਼ ਟਰੈਕਟਰ ਵਾਲੀ ਚਾਬੀ ਲਾ ਕੇ ਸਟਾਰਟ ਕਰ ਲਿਆ। 

ਜਦੋਂ ਅਸੀਂ ਪੁਲਸ ਮੂਹਰੇ ਭਜਾਈ ਤਾਂ ਸਾਨੂੰ ਆਏਂ ਲੱਗਿਆ ਜਿਵੇਂ ਅਸੀਂ ਪੁਲਸ ਨੂੰ ਨੀਂ ਖੱਟੜ ਨੂੰ ਭਜਾ ਰਹੇ ਆਂ। ਟਿੱਪਰ ਉੱਤੇ 100 ਮੁੰਡਾ ਬੈਠਾ ਹੋਊਗਾ, ਜੈਕਾਰੇ ਮਾਰਦੇ ਜਾਣ ਦਿੱਲੀ ਨੂੰ। ਅਸੀਂ ਉਹ ਛੇ ਕਿਲੋਮੀਟਰ ’ਤੇ ਜਾਕੇ ਰੋਕੇ ਉਹ। ਫੇਰ ਬੱਸ ਰਾਹ ਖੁੱਲ ਗਏ ‘ਤੇ ਸਾਰਿਆਂ ਨੇ ਦਿੱਲੀ ਨੂੰ ਚਾਲੇ ਪਾਤੇ। ਮੈਂ ਮੁੜ ਆਇਆ ਸੀ ਛੇਤੀ, ਮੇਰੇ ਪੱਟ ਬਹੁਤ ਸੁੱਜ ਗਏ ਸੀ। ਓਸ ਰਾਤ ਭਾਵੇਂ ਸਾਡੇ ਨਾਲ ਆਗੂ ਨਾਰਾਜ਼ ਹੋਏ ਪਰ ਅਗਲੇ ਦਿਨ ਉਹਨਾਂ ਨੇ ਮੈਨੂੰ ਹਸਪਤਾਲ ਵਿੱਚ ਫੋਨ ਕਰ ਕੇ ਮੇਰਾ ਧੰਨਵਾਦ ਵੀ ਕੀਤਾ। ਜਿਹੜਾ ਆਪਾਂ ਅੱਜ ਦਿਲੀ ਬੈਠੇ ਆਂ, ਮੈਂ ਮੰਨਦਾਂ ਇਹਦੇ ਵਿੱਚ ਆਗੂਆਂ ਦੇ ਨਾਲ ਨਾਲ ਜਵਾਨੀ ਦਾ ਵੀ ਬਹੁਤ ਵੱਡਾ ਜੋਗਦਾਨ ਆ, ਬਹੁਤਾ ਤਾਂ ਇਹਦੇ ਵਿੱਚੋਂ ਕੁਦਰਤ ਈ ਕਰਵਾ ਰਹੀ ਆ। ਹੁਣ ਪਹੁੰਚੇ ਆਂ ਤਾਂ ਜਿੱਤ ਕੇ ਈ ਮੁੜਾਂਗੇ।


ਦੁੱਲੇ ਅਤੇ ਲੋਹੜੀ ਦੀ ਕਹਾਣੀ 

ਨੈਨ ਸੁੱਖ, ‘ਧਰਤੀ ਪੰਜ ਦਰਿਆਈ’ ਵਿਚੋ

ਦੁੱਲੇ ਦਾ ਪਿਓ ਕੈਦ ਹੋ ਗਿਆ। ਕਾਲ ਦਾ ਵੇਲਾ, ਹਰ ਪਾਸੇ ਭੁੱਖ-ਦੁੱਖ। ਦੁੱਲਾ ਬਾਲ ਸੀ, ਆਪਣੀ ਮਾਂ ਨਾਲ ਪਿਓ ਦੀ ਮੁਲਾਕਾਤ ਲਈ ਲਾਹੌਰ ਆਇਆ। ਮਾਂ ਦੇ ਸਿਰ ਉੱਤੇ ਰੋਟੀਆਂ ਦੀ ਚੰਗੇਰ, ਜੀਹਦੀ ਉਂਗਲੀ ਦੁੱਲਾ ਫੜੀ ਫਿਰੇ। ਚੁਗ਼ੱਤਾ ਸ਼ਾਹੀ ਦੀ ਸਖ਼ਤੀ, ਬਾਗ਼ੀ ਕੈਦੀ ਨਾਲ ਮੁਲਾਕਾਤ ਮੁਹਾਲ ਹੋਈ। ਰੁਲਦਿਆਂ ਫਿਰਦਿਆਂ ਅਛੂਤਾਂ ਦੀ ਲਾਵਾਰਸ ਧੀ ਦੁੱਲੇ ਦੀ ਭੈਣ ਬਣ ਗਈ… ਅਛੂਤ ਗੱਲ ਸੁਣਾਉਂਦੇ ਰੋ ਪੈਂਦੇ… ਦੁੱਲੇ ਨੂੰ ਦੁਪਹਿਰੀਂ ਭੁੱਖ ਲੱਗੀ, ਓਹਦੀ ਮਾਂ ਓਹਨੂੰ ਦੋ ਰੋਟੀਆਂ ਦਿੱਤੀਆਂ, ਜੀਹਨਾਂ ’ਚੋਂ ਇਕ ਰੋਟੀ ਦੁੱਲੇ ਆਪ ਖਾਧੀ ਦੂਜੀ ਭੈਣ ਨੂੰ ਦੇ ਦਿੱਤੀ। ਦੁੱਲੇ ਦੀ ਮੁਸਲਮਾਨ ਰਾਜਪੂਤ ਮਾਂ ਆਖਣ ਲੱਗੀ, ‘‘ਪੁੱਤਰ ਏਹ ਲੋੜ੍ਹੀ!’’ ਸ਼ਾਮੀਂ ਦੁੱਲੇ ਨੂੰ ਭੁੱਖ ਲੱਗੀ, ਓਹਦੀ ਮਾਂ ਚੰਗੇਰ ਵੇਖੀ, ਵਿਚ ਦੋ ਰੋਟੀਆਂ, ਜੀਹਨਾਂ ’ਚੋਂ ਇਕ ਮਾਂ ਆਪ ਰੱਖੀ, ਦੂਜੀ ਪੁੱਤਰ ਨੂੰ ਫੜਾਈ। ਦੁੱਲੇ ਅੱਧੀ ਰੋਟੀ ਭੈਣ ਨੂੰ ਦਿੱਤੀ ਤੇ ਅੱਧੀ ਆਪ ਖਾ ਲਈ। ਮਾਂ ਬੋਲੀ, ‘‘ਪੁੱਤਰ ਏਹ ਲੋੜ੍ਹੀ!’’

ਕਿਸੇ ਨੂੰ ਕੁਝ ਦਾਨ ਕਰਨ ਨੂੰ ਲੋਹੜੀ ਕਹਿੰਦੇ। ਲਹੌਰ ਵਿਚ ਜਿੱਥੇ ਦੁੱਲਾ ਤੇ ਅਖੌਤੀ ਅਛੂਤ ਕੁੜੀ ਭੈਣ ਭਰਾ ਬਣੇ, ਓਸ ਥਾਂ ਦਾਰਾ ਸ਼ਿਕੋਹ ਦੀ ਸੂਬੇਦਾਰੀ ਵਿਚ ਤਕੀਆ ਵਾਲਮੀਕੀਆਂ ਬਣਿਆ, ਜੀਹਦੇ ਵਿਚ ਇਕ ਅਖਾੜਾ ਧੁੰਮਿਆ। ਜਿਹੜਾ ਪਹਿਲਵਾਨ ਕਿਸੇ ਮੁਸਲਮਾਨ, ਹਿੰਦੂ ਤੇ ਸਿੱਖ ਰਈਸ ਦੇ ਪੁੱਤਰ ਨੂੰ ਕੁਸ਼ਤੀ ਵਿਚ ਹਰਾਉਂਦਾ ਓਹਨੂੰ ਵਾਲਮੀਕੀ, ਦੁੱਲਾ ਕਹਿੰਦੇ। ਪੋਹ ਦੀ ਤੀਹ ਜਿਹੜੇ ਦਿਨ ਦੁੱਲੇ ਆਪਣੀ ਅਛੂਤ ਭੈਣ ਰੋਟੀ ਖਵਾਈ, ਓਹ ਲੋਹੜੀ ਦਾ ਤਿਉਹਾਰ ਬਣਿਆ। ਲੋਹੜੀ ਰਾਤ ਨੂੰ ਮੰਗ ਕੇ ਮਨਾਉਂਦੇ। ਜਿਹੜਾ ਲਹੌਰੋਂ ਨਿਕਲ ਕੇ ਮਾਝੇ ਤੇ ਦੁਆਬੇ ਤਾਈਂ ਪਸਰ ਗਿਆ। ਕਦੀ ਏਹ ਨਿਰਾ ਵਾਲਮੀਕੀ ਦਿਹਾੜਾ, ਮਗਰੋਂ ਇਹਦੇ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਵੀ ਰਲ ਗਏ, ਪਹਿਲੇ ਕੁੜੀਆਂ ਚਿੜੀਆਂ ’ਕੱਲੀਆਂ ਹੁੰਦੀਆਂ ਸਨ, ਮਗਰੋਂ ਉਨ੍ਹਾਂ ਦੇ ਹਾਣੀ ਮੁੰਡੇ ਵੀ ਰਲ ਗਏ। ਪੋਹ ਦੀ ਪੰਦਰਾਂ ਤੋਂ ਲੰਮੀਆਂ ਸੀਤ ਰਾਤਾਂ ਵਿਚ ਲੋੜ੍ਹੀ ਭਖੀ ਰਹਿੰਦੀ। ਨਾਚ, ਗਾਣਾ, ਹਾਸਾ, ਰਾਸ, ਬਹਿਰੂਪ ਤੇ ਠੱਗੀ, ਮੰਗਣ ਲਈ ਸਭ ਚਲਦਾ ਤੇ ਗਾਹਲਾਂ ਦਾ ਗੁੜ ਸਵਾਦੀ ਹੋਵੇ। ਗਾਉਣ ਅਛੂਤਾਂ ਦੇ ਈ ਰਹੇ। 

ਸੁੰਦਰੀ ਤੇ ਮੁੰਦਰੀ ਸੋਹਣੀਆਂ ਮਨਮੋਹਣੀਆਂ ਦੋ ਭੈਣਾਂ ਰੂੜੇ ਡੂਮ ਦੀਆਂ ਧੀਆਂ ਭੱਟੀਆਂ ਦੀ ਜੂਹੇ ਜਿੱਥੇ ਵੀ ਮੇਲਾ ਲੱਗੇ, ਇਹ ਓਥੇ ਆਪਣਾ ਪਿੜ ਭਖਾਵਣ। ਕਿਲਾ ਸ਼ੇਖੁਪੁਰੇ ਦੇ ਕੋਤਵਾਲ ਤਾਈਂ ਉਨ੍ਹਾਂ ਦੀ ਧੁੰਮ ਅੱਪੜੀ। ਰੂੜੇ ਨੂੰ ਦਾਰੋਗੇ ਸਾਈ ਫੜਾਈ ਜਿਹੜਾ ਅੱਗੋਂ ਇਨਕਾਰੀ। ਓਹ ਮੇਲੇ ਵਿਚ ਵੀ ਗਾਉਂਦੇ ਤੇ ਬੂਹਾ ਬੂਹਾ ਵੀ ਫਿਰਦੇ ਪਰ ਕਿਲੇ ਕੋਲੋਂ ਉਨ੍ਹਾਂ ਨੂੰ ਡਰ ਆਵੇ। ਸੁੰਦਰੀ ਤੇ ਮੁੰਦਰੀ ਜੋੜੀਆਂ, ਜੰਮਦਿਆਂ ਦੀ ਮਾਂ ਮਰ ਗਈ, ਚਾਚੀ ਪਾਲਿਆ।  ਕੋਤਵਾਲ ਦਾ ਹੁਕਮ ਨਾ ਚਲਿਆ ਤੇ ਦਰੋਗੇ ਧੱਕੇ ਜ਼ੋਰੀਂ ਸੁੰਦਰੀ ਤੇ ਮੁੰਦਰੀ ਨੂੰ ਚੁਕਵਾ ਲਿਆ, ਜਿਨ੍ਹਾਂ ਨੂੰ ਬਚਾਂਦਿਆਂ ਉਨ੍ਹਾਂ ਦਾ ਚਾਚਾ ਸਮੰਦਾ ਫੱਟੜ ਹੋ ਗਿਆ। ਦੁੱਲੇ ਤਾਈਂ ਡੂੰਮਾਂ ਦੀ ਫ਼ਰਿਆਦ ਗਈ, ਜਿਹੜਾ ਬੇਵਾਰਸਾਂ ਦਾ ਸਾਈਂ ਬਣਿਆ, ਜਿਨ੍ਹਾਂ ਦੀਆਂ ਧੀਆਂ ਸਲਾਮਤ ਪਰਤਾਈਆਂ, ਓਹ ਕਿਓਂ ਨਾ ਦੁੱਲੇ ਦੇ ਵਾਰੀ ਜਾਵਨ, ਜਿਨ੍ਹਾਂ ਗਾਓਣ ਜੋੜੇ:

ਸੁੰਦਰੀਏ-ਮੁੰਦਰੀਏ ਨਾ ਰੋ
ਹੋ….ਹੋ….ਹੋ…

ਸਾਰੇ ਸੀਰੀ ਕੁੜੀਆਂ ਮੁੰਡੇ ਦੋ ਧਿਰਾਂ ਵਿਚ ਵੰਡੇ ਜਾਵਣ,
ਇਕ ਧਿਰ ਬੋਲ ਗਾਏ ਤੇ ਦੂਜੀ ਧਿਰ ‘ਹੋ’ ਅਲਾਏ:

ਤੇਰਾ ਕੌਣ ਪਿਆਰਾ… ਹੋ
ਦੁੱਲਾ ਭੱਟੀ ਵਾਲਾ… ਹੋ
ਦੁੱਲੇ ਧੀ ਵਿਆਹੀ… ਹੋ
ਸੇਰ ਸ਼ੱਕਰ ਪਾਈ… ਹੋ
ਕੁੜੀ ਤੇ ਲਾਲ ਫਟਾਕਾ… ਹੋ
ਕੁੜੀ ਦਾ ਸਾਲੂ ਪਾਟਾ… ਹੋ
ਸਾਲੂ ਕੌਣ ਸਵਾਏ… ਹੋ
ਚਾਚਾ ਨਵਾਂ ਰੰਗਾਏ… ਹੋ
ਚਾਚੀ ਚੂਰੀ ਕੁੱਟੀ… ਹੋ
ਜ਼ਿਮੀਂਦਾਰ ਨੇ ਲੁੱਟੀ… ਹੋ
ਤੇ ਆ ਗਿਆ ਸ਼ਪਾਹੀ… ਹੋ
ਇਕ ਭੋਰਾ ਰਹਿ ਗਿਆ
ਓਹ ਸ਼ਪਾਹੀ ਲੈ ਗਿਆ
ਸ਼ਪਾਹੀ ਨੂੰ ਮਾਰੀ ਇੱਟ
ਰੋ ਤੇ ਭਾਵੇਂ ਪਿੱਟ    
ਸਾਨੂੰ ਦੇ ਤੂੰ ਲੋੜ੍ਹੀ
ਤੇ ਤੇਰੀ ਜੀਵੇ ਜੋੜੀ।


ਭਾਰਤੀ ਚੀਫ ਜਸਟਿਸ ਦੇ ਨਾਮ ਚਿੱਠੀ

ਗੁਰਮੋਹਨਪ੍ਰੀਤ

ਵਿਸ਼ਾ – ਹਿਊਮਨ ਰਾਈਟਜ ਐਡ ਡਿਊਟੀਜ਼ , ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋ ਸੁਪਰੀਮ ਕੋਰਟ ਦੇ ਜੱਜਾਂ ਨੂੰ ਧਰਨਾਕਾਰੀ ਕਿਸਾਨਾਂ ਦੀ ਭਾਰਤ ਸਰਕਾਰ ਵੱਲੋ ਕੀਤੀ ਦੁਰਦਸ਼ਾ ਬਾਰੇ ਖੁੱਲੀ ਚਿੱਠੀ ਹੈ। 

ਭਾਰਤ ਸਰਕਾਰ ਦੇ ਕਠੋਰ ਅਤੇ ਉਦਾਸੀਨ ਰਵਈਏ, ਤਾਕਤ ਦੀ ਨਜ਼ਾਇਜ ਅਤੇ ਗੈਰ – ਸੰਵਿਧਾਨਿਕ ਵਰਤੋਂ ਦੇ ਖਿਲਾਫ ਸੁਣਵਾਈ ਦੀ “ਨਿਆਂ ਦੇ ਰਖਵਾਲਿਆਂ” ਤੋਂ ਉਮੀਦ ਰੱਖਦੇ ਹਾਂ। ਅਸੀਂ ਮਨੁੱਖੀ ਅਧਿਕਾਰਾਂ ਦੇ ਵਿਦਿਆਰਥੀ, ਭਾਰਤੀ ਸਰਕਾਰ ਦੇ ਆਪਣੇ ਹੀ ਕਿਸਾਨਾਂ ਪ੍ਰਤੀ ਗੈਰ-ਮਨੁੱਖੀ ਵਤੀਰੇ ਤੋਂ ਪ੍ਰੇਸ਼ਾਨ ਅਤੇ ਨਿਰਾਸ਼ ਹਾਂ। ਕਿਸਾਨ ਆਪਣੇ ਸੰਵਿਧਾਨਿਕ ਅਧਿਕਾਰਾਂ ਅਨੁਸਾਰ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹੋ ਸਕਦਾ ਹੈ ਕਿ ਤੁਸੀ ਮੌਜੂਦਾ ਭਿਆਨਕ ਸਥਿਤੀ ਤੋਂ ਜਾਣੂ ਹੋ, ਪਰ ਫਿਰ ਵੀ ਅਸੀਂ ਕਿਸਾਨ ਧਰਨਾਕਾਰੀਆਂ ਦੀ ਅਸਲੀ ਤਸਵੀਰ ਪੇਸ਼ ਕਰਨਾ ਚਾਹੁੰਦੇ ਹਾਂ। ਹੋ ਸਕਦਾ ਹੈ ਕਿ ਪੱਖਪਾਤੀ ਮੀਡਿਆ, ਬਕਾਇਆ ਕੇਸਾਂ ਦੀ ਲੰਬੀ ਸੂਚੀ ਜਾਂ ਸਾਡੇ ਗਿਆਨ ਤੋਂ ਬਾਹਰ ਦੇ ਕਾਰਨਾਂ ਕਰਕੇ ਤੁਸੀਂ ਅਸਲ ਤਸਵੀਰ ਤੋਂ ਜਾਣੂ ਨਹੀਂ ਹੋ ਸਕੇ ਹੋਵੋਂ। ਜੇ ਤੁਸੀ ਸਹੀ ਸਥਿਤੀ ਤੋਂ ਜਾਣੂ ਹੁੰਦੇ ਤਾਂ ਤੁਸੀ ਮਨੁੱਖੀ ਅਤੇ ਸੰਵਿਧਾਨਿਕ ਅਧਿਕਾਰਾਂ ਨੂੰ ਉੱਚ ਨਿਆਂਪਾਲਿਕਾ ਦੇ ਤੌਰ ਤੇ ਲਾਗੂ ਕਰਦੇ। 

ਸਤਿਕਾਰ ਨਾਲ਼,
ਗੁਰਮੋਹਨਪ੍ਰੀਤ ਅਤੇ ਸਾਥੀ

ਇਸ ਚਿੱਠੀ ਵਿਚ ਕਿਸਾਨਾਂ ਤੇ ਹੋਏ ਅੱਥਰੂ ਗੈਸ, ਪਾਣੀ ਦੀਆਂ ਬੌਛਾਰਾਂ ਅਤੇ ਲਾਠੀਚਾਰਜ ਰਾਹੀਂ ਹੋਏ ਤਸ਼ੱਦਦ ਦਾ ਬਿਆਨ ਕੀਤਾ ਗਿਆ ਹੈ। ਗੁਰਮੋਹਨਪ੍ਰੀਤ ਸਿੰਘ ਤੇ ਉਹਨਾਂ ਦੀ ਛੋਟੀ ਭੈਣ ਕੀਰਤਲੀਨ ਕੌਰ ਨੇ ਮਿਲਕੇ ਚਿੱਠੀ ਦਾ ਖਰੜਾ  ਤਿਆਰ ਕੀਤਾ। ਗੁਰਮੋਹਨਪ੍ਰੀਤ ਵਕਾਲਤ ਦੀ ਪੜ੍ਹਾਈ ਪੂਰੀ ਕਰਕੇ ਮਨੁੱਖੀ ਅਧਿਕਾਰਾਂ ਦੀ ਉਚੇਰੀ ਪੜ੍ਹਾਈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਰ ਰਹੇ ਹਨ। ਕੀਰਤਲੀਨ ਬੀ.ਏ. ਸਾਈਕੋਲੌਜੀ ਕਰ ਚੁੱਕੇ ਹਨ ਹਨ।  

ਇਸ ਚਿੱਠੀ ਰਾਹੀਂ ਅਸੀਂ ਮੁਢਲੇ ਅਧਿਕਾਰਾਂ ਦੇ ਪਹਿਰੇ ਨੂੰ ਉਹਨਾਂ ਦੇ ਫਰਜ਼ ਯਾਦ ਕਰਾਉਣੇ ਚਾਹੁੰਦੇ ਸਨ। ਨਿਆਂ ਕਰਨ ਵਿਚ ਅਤੇ ਲਕੀਰ ਦੇ ਫਕੀਰ ਹੋ ਕੇ ਕਾਨੂੰਨ ਲਾਗੂ ਕਰਨ ਵਿਚ ਉਨਾਂ ਹੀ ਫਰਕ ਹੈ ਜਿੰਨ੍ਹਾਂ ਕਿ ਜਮਹੂਰੀਅਤ ਅਤੇ ਤਾਨਾਸ਼ਾਹੀ ਵਿੱਚ ਹੈ,ਗੁਰਮੋਹਨ ਦੱਸਦੇ ਹਨ।ਨੌਜਵਾਨਾਂ  ਦੇ ਫਰਜ਼  

 ਅਜੈਪਾਲ ਨੱਤ

 Trolley Times Punjabi Newspaper 6th Edition
Trolley Times Punjabi Newspaper 6th Edition

ਸ਼ਹੀਦ ਭਗਤ ਸਿੰਘ ਨੇ ਜਿਸ ਬਦਲਵੇਂ ਸਮਾਜ ਦਾ ਸੁਪਨਾ ਵੇਖਿਆ ਸੀ, ਉਸਦੀ ਪ੍ਰਾਪਤੀ ਲਈ ਇਕ ਪ੍ਰੋਗਰਾਮ ਵੀ ਉਲੀਕਿਆ ਸੀ। ਉਹਨਾ ਦਾ ਮੰਨਣਾ ਸੀ ਕੀ ਹਰੇਕ ਆਜ਼ਾਦੀ ਦੇ ਸੇਵਕ ਨੂੰ ਇਹ ਉਦੇਸ਼ ਪਤਾ ਹੋਣੇ ਜਰੂਰੀ ਹਨ।  ਮੌਜੂਦਾ ਹਕੂਮਤ ਖਿਲਾਫ਼ ਦੂਜੀ ਜੰਗ-ਏ-ਆਜ਼ਾਦੀ ਦੇ ਉਦੇਸ਼ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਕੁਝ ਇਸ ਪ੍ਰਕਾਰ ਹੋ ਸਕਦੀ ਹੈ: 

ਬੁਨਿਆਦੀ ਕੰਮ – ਨੌਜਵਾਨਾਂ ਅੱਗੇ ਸਭ ਤੋਂ ਪਹਿਲੀ ਡਿਊਟੀ ਹੈ ਜਨਤਾ ਨੂੰ ਜੁਝਾਰੂ ਕੰਮ ਲਈ ਤਿਆਰ ਕਰਨਾ ਤੇ ਲਾਮਬੰਦ ਕਰਨਾ। ਇਹ ਲਾਮਬੰਦੀ ਹੇਠ ਲਿਖੀਆਂ ਮੰਗਾਂ ਦੀ ਪੂਰਤੀ ਲਈ ਪ੍ਰਤੀਬੱਧ ਹੋਵੇਗੀ। 

1. ਅਜ਼ਾਰੇਦਾਰੀ ਦਾ ਖ਼ਾਤਮਾ।

2. ਕਿਸਾਨਾਂ, ਮਜਦੂਰਾ  ਅਤੇ ਛੋਟੇ ਵਪਾਰੀਆਂ ਦੇ ਕਰਜ਼ੇ ਖ਼ਤਮ ਕਰਨਾ। 

3. ਨਿੱਜੀਕਰਨ ਨੂੰ ਰੋਕ ਕੇ ਕੌਮੀਕਰਨ ਨੂੰ ਅਪਣਾਉਣਾ ਅਤੇ ਸਾਂਝੀ ਖੇਤੀ ਸਥਾਪਤ ਕਰਨਾ। 

4. ਰਹਿਣ ਲਈ ਘਰਾਂ ਦੀ ਗਰੰਟੀ। 

5. ਕਿਸਾਨੀ ਤੋਂ ਲਏ ਜਾਂਦੇ ਸਾਰੇ ਖ਼ਰਚੇ ਬੰਦ ਕਰਨਾ, ਸਿਰਫ ਇਕਹਿਰਾ ਜ਼ਮੀਨ ਟੈਕਸ ਲਿਆ ਜਾਵੇਗਾ। 

6. ਵੱਡੇ ਉਦਯੋਗਿਕ ਖੇਤਰਾਂ ਵਿੱਚ ਕੌਮੀਕਰਨ ਦੀ ਨੀਤੀ ਤੇ ਚਲਦਿਆਂ ਨਵੇਂ ਪ੍ਰੋਜੈਕਟ ਲਾਉਣਾ। 

7. ਹਰ ਇੱਕ ਲਈ ਮੁਫ਼ਤ ਵਿੱਦਿਆ ਅਤੇ ਸਿਹਤ ਦੀ ਗਰੰਟੀ। 

8. ਰੁਜ਼ਗਾਰ ਦੀ ਗਰੰਟੀ, ਕੰਮ ਕਰਨ ਦੇ ਘੰਟੇ, ਜ਼ਰੂਰਤ ਮੁਤਾਬਕ ਘੱਟੋ-ਘੱਟ ਕਰਨਾ।

ਮੂਲ ਸਰੋਤ: ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ, ਪੰਨਾ 377 


ਨੌਜਵਾਨ ਗਾਇਕ, ਆਗੂ ਅਤੇ ਲੋਕ ਪੱਖੀ ਸਿਆਸਤ

ਸੰਗੀਤ ਤੂਰ

ਕੰਵਰ ਗਰੇਵਾਲ, ਹਰਫ਼ ਚੀਮਾ ਤੇ ਕਨੂੰਪ੍ਰਿਆ 25 ਸਤੰਬਰ, 2020 ਦੀ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਘੋਲ ਵਿੱਚ ਆਪਣੀ ਜਗ੍ਹਾ ’ਤੇ ਕੁਝ ਕਰਨ ਅਤੇ ਘੋਲ ਵਿੱਚ ਆਪਣਾ ਸਹੀ ਯੋਗਦਾਨ ਲੱਭਣ ਦੇ ਯਤਨ ਕਰ ਰਹੇ ਸਨ। ਇੱਕ ਫੋਨ ਕਾਲ ਨਾਲ਼ ਇਹ ਤਿੰਨ ਜਣੇ ਸਤੰਬਰ ਦੇ ਅੰਤਲੇ ਦਿਨਾਂ ’ਚ ਇਕੱਠੇ ਹੋਏ ਤੇ ਸਾਂਝੀਆਂ ਮੀਟਿੰਗਾਂ ਕਰਨ ਲੱਗੇ। “ਲੜਾਈ ਕੀ ਹੈ,” ਮੈਨੂੰ ਇਕ ਦਿਨ ਕਨੂੰਪ੍ਰਿਆ ਨੇ ਸਮਝਾਇਆ। ਕੰਵਰ ਦੱਸਦੇ ਹਨ। ਉਹ ਛੋਟੇ ਹੁੰਦਿਆਂ ਆਪਣੇ ਬਾਪੂ ਜੀ ਲਈ ਦੁਪਹਿਰ ਦੀ ਰੋਟੀ ਤੇ ਸ਼ਾਮ ਦੀ ਚਾਹ ਲਿਜਾਂਦੇ ਹੁੰਦੇ ਸਨ। ਸਾਈਕਲ ਚਲਾਉਂਦਿਆਂ ਗਰਮ ਚਾਹ ਦਾ ਡੋਲੂ ਉਨ੍ਹਾਂ ਨੂੰ ਅੱਜ ਵੀ ਆਪਣੇ ਗੋਡੇ ਵਿੱਚ ਵੱਜਦਾ ਮਹਿਸੂਸ ਹੁੰਦਾ ਹੈ। “ਇਹ ਖੇਤ ਵੱਲ ਲੱਗੇ ਗੇੜੇ ਸਨ ਕਿ ਮੈਨੂੰ ਧਰਤੀ ਦਾ ਇੰਨਾ ਮੋਹ ਪਿਆ,” ਉਨ੍ਹਾਂ ਕਿਹਾ। ਉਨ੍ਹਾਂ ਦੇ ਬਾਪੂ ਜੀ ਪੰਜ ਕਿੱਲਿਆਂ ’ਚੋਂ ਹੋਈ ਫ਼ਸਲ ਨਾਲ ਪਰਿਵਾਰ ਪਾਲਦੇ ਰਹੇ। ਉਨ੍ਹਾਂ ਦੇ ਗੀਤਾਂ ਚੋਂ ਵੀ ਇਹ ਇਤਿਹਾਸ ਝਲਕਦਾ ਹੈ ਕਿ ਖੇਤੀ ਕਿਵੇਂ ਪਰਿਵਾਰਾਂ ਦੇ ਪਰਿਵਾਰ ਪਾਲ਼ ਰਹੀ ਹੈ। ਇਹ ਇਨ੍ਹਾਂ ਮੀਟਿੰਗਾਂ ਦਾ ਹੀ ਨਤੀਜਾ ਹੈ ਕਿ ਉਹ ਹਰਫ਼ ਚੀਮਾ ਨਾਲ ਜੁੜੇ। ਜਿੰਨਾ ਉਹ ਦੋਵੇਂ ਪੰਜਾਬ ਦੇ ਧਰਨਿਆਂ ’ਤੇ ਜਾਂਦੇ ਰਹੇ, ਓਨਾ ਉਹ ਲੋਕਾਂ ਨਾਲ ਜੁੜਦੇ ਗਏ। ਜਿੱਥੇ ਇਸ ਜੋੜ ਨੇ ਜ਼ਿੰਮੇਵਾਰੀਆਂ ਵਧਾਈਆਂ, ਉੱਥੇ ਹੀ ਇਹ ਸਮਝ ਆਇਆ ਕਿ ਜਥੇਬੰਦੀਆਂ ਦੇ ਉਲੀਕੇ ਪ੍ਰੋਗਰਾਮ ਦੇ ਨਾਲ਼ ਚੱਲ ਕੇ ਘੋਲ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਅੰਦੋਲਨ ਅਤੇ ਜਥੇਬੰਦੀਆਂ ਨਾਲ਼ ਜੁੜਨ ਦਾ ਸੁਨੇਹਾ ਦਿੱਤਾ ਜਾ ਸਕਦਾ ਹੈ। 

“ਕੰਵਰ ਬਾਈ ਜੀ ਮਿਊਜ਼ਿਕ ਕੰਪੋਜ਼ ਕਰਦੇ ਨੇ ਤੇ ਮੈਂ ਗੀਤ ਲਿਖਦਾ ਹਾਂ।” ਹਰਫ਼ ਨੇ ਦੱਸਿਆ, ਉਨ੍ਹਾਂ ਮੁਤਾਬਕ “ਲੋਕਾਂ ਲਈ” ਤੇ “ਲੋਕਾਂ ਦਾ” ਗਾਉਣ ਲਈ “ਲੋਕਾਂ ਨੂੰ” ਜਾਨਣਾ ਜ਼ਰੂਰੀ ਹੈ। ਕਿਸਾਨੀ ਦੇ ਘੋਲ ਨੇ ਉਨ੍ਹਾਂ ਨੂੰ ਅਸਲ ’ਚ ਲੋਕਾਂ ਨਾਲ ਜੋੜਿਆ ਤੇ ਇਹੀ ਕਾਰਨ ਰਿਹਾ ਕਿ ਉਹ ਲੋਕ-ਪੱਖੀ ਗੀਤ, ਜੋ ਕਿ ਜਵਾਨੀ ਨੂੰ ਵੀ ਘੋਲ ਦਾ ਹਿੱਸਾ ਬਣਾ ਸਕਣ, ਲਿਖਣ ਵਿੱਚ ਕਾਮਯਾਬ ਹੋਏ। “ਕਨੂੰ ਨਾਲ਼ ਸਾਂਝ ਨੇ ਮੈਨੂੰ ਬਹੁਤ ਕੁਝ ਸਿਖਾਇਆ,” ਹਰਫ਼ ਦੱਸਦੇ ਹਨ| ਉਹ 2017 ਵਿਚ ਕਨੂੰਪ੍ਰਿਆ ਲਈ ਕੰਪੇਨ ਕਰਨ PU ਵੀ ਗਏ ਸੀ। ਕਹਿੰਦੇ ਹਨ ਕਿ ਕਨੂੰਪ੍ਰਿਆ ਨੂੰ ਤਰਤੀਬ ਨਾਲ ਗੱਲਾਂ ਕਰਨੀਆਂ, ਲੋਕਾਂ ਨਾਲ਼ ਜੁੜਨਾ ਤੇ ਸੰਘਰਸ਼ ਕਰਨਾ ਆਉਂਦਾ ਸੀ। ਇਹ ਕਲਾ ਉਨ੍ਹਾਂ ਲਈ ਆਪ ਸਿੱਖਣੀ ਜ਼ਰੂਰੀ ਸੀ। “ਆਪ ਨਾਲ਼ ਸਾਨੂੰ ਲੜਦਾ ਆਉਂਦਾ ਸੀ ਪਰ ਸਿਸਟਮ ਦਾ ਲੜਨਾ ਕਨੂੰਪ੍ਰਿਆ ਤੋਂ ਸਿੱਖਿਆ,” ਕੰਵਰ ਕਹਿੰਦੇ ਨੇ। 

ਕਨੂੰਪ੍ਰਿਆ ਕਹਿੰਦੇ ਹਨ ਕਿ ਇਨਕਲਾਬ ਉੱਥੋਂ ਆਉਂਦਾ ਹੈ ਜਿੱਥੋਂ ਅਸੀਂ ਉਮੀਦ ਨਹੀਂ ਕਰਦੇ। ਕੰਵਰ ਅਤੇ ਹਰਫ਼ ਨਾਲ਼ ਰਾਬਤਾ ਇੱਕ ਅਚਨਚੇਤ ਕਦਮ ਸੀ, ਪਰ ਇਸ ਸਹਿਯੋਗ ਦੇ ਸਿਰ ’ਤੇ ਹੀ ਉਹ ਇਹ ਬਿਰਤਾਂਤ ਸਿਰਜ ਸਕੇ ਹਨ। ਜਿੱਥੇ ਕਿ ਨੌਜਵਾਨਾ ਨੂੰ ਤਰਤੀਬਬੱਧ ਸੰਘਰਸ਼ ਨਾਲ ਜੋੜਿਆ ਜਾ ਸਕੇ। ਕਨੂੰਪ੍ਰਿਆ ਇਸ ਇਕਜੁੱਟ ਹੰਭਲੇ ਨੂੰ ਸਹਾਇਕ ਕੰਮ ਦੱਸਦੇ ਹਨ। ਜਥੇਬੰਦ ਲੋਕਾਂ ਨੂੰ, ਜਥੇਬੰਦ ਹੋ ਕੇ ਸਹਾਇਤਾ ਕਰਨਾ। ਇਹ ਜ਼ਰੂਰੀ ਹੈ ਕਿ ਸਭ ਨੂੰ ਸੰਘਰਸ਼ ’ਚ ਆਪਣੀ ਜਗ੍ਹਾ ਪਤਾ ਹੋਵੇ। “ਸਾਡੀ ਜਗ੍ਹਾ ਸਹਾਇਕ ਹੋਣਾ ਹੈ, ਕੰਵਰ ਤੇ ਹਰਫ਼ ਨੂੰ ਇਹ ਪਤਾ ਸੀ।” ਉਨ੍ਹਾਂ ਨੂੰ ਹਰਿਆਣਾ ’ਚੋਂ 25 ਸਤੰਬਰ ਤੋਂ ਪਹਿਲਾਂ ਹੋਏ ਕਿਸਾਨਾਂ ਦੀ ਕੁੱਟਮਾਰ ਨੇ ਅੰਦਰੋਂ ਝੰਜੋੜਿਆ। “ਸ਼ਾਇਦ ਲਾਲਾ ਲਾਜਪਤ ਰਾਏ ਤੇ ਹੋਏ ਪੁਲੀਸ ਲਾਠੀਚਾਰਜ ਨੇ ਸ਼ਹੀਦ ਭਗਤ ਸਿੰਘ ਨੂੰ ਵੀ ਇਵੇਂ ਹੀ ਝੰਜੋੜਿਆ ਹੋਵੇਗਾ,” ਕਨੂੰਪ੍ਰਿਆ ਦੱਸਦੇ ਹਨ। ਸਾਡੀ ਜਵਾਨੀ ਸਾਡੇ ਬਜ਼ੁਰਗਾਂ ਨੇ ਝੰਜੋੜੀ ਹੈ ਪਰ ਸਹੀ ਦਿਸ਼ਾ ਜਥੇਬੰਦ ਦਿਸ਼ਾ ਦੀ ਵੀ ਓਨੀ ਹੀ ਲੋੜ ਰਹਿੰਦੀ ਹੈ ਤਾਂ ਕਿ ਸੰਘਰਸ਼ ਦਾ ਰਾਹ ਪੱਧਰਾ ਰਹੇ।

ਕਨੂੰਪ੍ਰਿਆ ਅਨੁਸਾਰ ਪਹਿਲਾਂ ਮੀਟਿੰਗਾਂ ਵਿਚ ਇਹ ਤੈਅ ਕਰਨਾ ਔਖਾ ਸੀ ਕਿ ਉਹ ਕਰ ਕੀ ਸਕਦੇ ਹਨ। ਕਿਹੜਾ ਐਸਾ ਯੋਗਦਾਨ ਹੈ ਜੋ ਸੰਘਰਸ਼ ਵਿਚ ਨੌਜਵਾਨਾਂ ਦੀ ਹਿੱਸੇਦਾਰੀ  ਵਧਾਵੇ ਤੇ ਸੰਘਰਸ਼ ਨੂੰ ਲੀਹ ਤੇ ਰੱਖੇ। ਉਨ੍ਹਾਂ ਨੇ ਡਾਇਰੀ ਵਿੱਚ ਹਰ ਨਾਮ ਨਾਲ਼ ਉਹਨਾਂ ਧਰਨਿਆਂ ਦੀ ਗਿਣਤੀ ਲਿਖੀ ਜਿੰਨਾਂ ਵਿਚ ਉਹ ਸ਼ਾਮਿਲ ਹੋਏ।  ਉਸ ਮੀਟਿੰਗ ਤੋਂ ਬਾਅਦ ਇਹ ਇਕੱਠੇ 50 ਤੋਂ ਵੱਧ ਧਰਨਿਆਂ ਵਿਚ ਹਾਜਰੀ ਲਵਾ ਚੁੱਕੇ ਸਨ। ਇਸ ਨਾਲ਼ ਹੌਸਲਾ ਵਧਿਆ। ਪ੍ਰੋਟੈਸਟ, ਆਨਲਾਈਨ ਕੰਪੇਨ, ਕਿਸਾਨ ਆਗੂਆਂ ਨਾਲ ਤਾਲਮੇਲ ਅਤੇ ਹੋਰ ਪ੍ਰੋਗਰਾਮ ਉਲੀਕੇ ਗਏ ਅਤੇ ਹਫ਼ਤਾਵਾਰੀ ਰਿਪੋਟਿੰਗ ਹੋਣ ਲੱਗੀ।  

“ਐਲਾਨ” ਗੀਤ ਕੰਵਰ ਜੀ ਨੇ ਕੱਢਿਆ। ਹਰਫ਼ ਜਿਨ੍ਹਾਂ ਨੇ ਕਿ ਨਾਨਕ ਸਿੰਘ ਤੋਂ ਲੈ ਕੇ ਨੀਤਸ਼ੇ ਅਤੇ ਸੰਤ ਰਾਮ ਉਦਾਸੀ ਤੋਂ ਲੈਕੇ ਟਾਲਸਟਾਏ ਪੜ੍ਹਿਆ ਹੋਇਆ ਹੈ, ਇਸ ਗੱਲ ਤੇ ਖੁਸ਼ ਹਨ ਕਿ ਕੰਵਰ ਅਤੇ ਕਨੂੰਪ੍ਰਿਆ ਦੇ ਮਿਲੇ ਸਾਥ ਸਦਕਾ ਉਹ ਗਾਇਕੀ ਵਿੱਚ ਆਪਣੇ ਗੇਅਰ ਚੇਂਜ ਕਰ ਸਕੇ। ਉਹ ਆਪਣੇ ਆਪ ਅਤੇ ਸੁਸਾਇਟੀ ਵਿਚ ਆਏ ਬਦਲਾਅ ਨੂੰ ਇੱਕ ਪ੍ਰਾਪਤੀ ਵਜੋਂ ਦੇਖਦੇ ਹਨ। ਕਨੂੰਪ੍ਰਿਆ ਕਹਿੰਦੇ ਹਨ ਕਿ ਸੰਘਰਸ਼ ਜਿੱਤ ਲੈਣ ਤੋਂ ਬਾਅਦ ਬਾਕੀ ਮਸਲਿਆਂ ਨੂੰ ਨਜਿੱਠਣ ਦੀ ‘ਡਿਸਟ੍ਰੈਸ’(ਉਦਾਸੀ/ਭਾਰ) ਹਲੇ ‘ਪੈਂਡਿਗ’(ਬਾਕੀ) ਹੈ। ਬੇਰੁਜ਼ਗਾਰੀ, ਫ਼ੀਸ ਵਿੱਚ ਵਾਧੇ ਵਰਗੀਆਂ ਮੁਸ਼ਕਿਲਾਂ ਇਸ ਸੰਘਰਸ਼ ਤੋਂ ਬਾਅਦ ਵੀ ਰਹਿਣ ਗੀਆਂ, ਪਰ ਇਹ ਗੱਲ ਪੱਕੀ ਹੈ ਕਿ ਨੌਜਵਾਨਾਂ ਵਿਚ ਆਸ ਬੱਝੀ ਹੈ। ਉਹ ਸੰਘਰਸ਼ ਦੇ ਝੰਡੇ ਸੁੱਟਣ ਵਾਲੇ ਨਹੀਂ ਹਨ। ਜਿੱਥੇ ਯੂਨੀਵਰਸਿਟੀ ਵਿਚੋਂ ਪੜ੍ਹਾਈ ਪ੍ਰਾਪਤ ਕਰਨ ਦੇ ਬਾਅਦ ਵੀ ਸਾਥੀ ਨਿੱਖੜ ਗਏ ਸਨ, ਅੱਜ ਸੰਘਰਸ਼ ’ਚ ਉਹ ਮੁੜ ਇਕਜੁੱਟ ਹੋਏ ਹਨ ਤੇ ਨਵੀਆਂ ਬਣੀਆਂ ਸਾਂਝਾਂ ਨਾਲ ਦਸੰਬਰ ਦੀ ਯੱਖ਼ ਠੰਡ ਚ ਸੰਘਰਸ਼ ਦਾ ਨਿੱਘ ਮਾਣ ਰਹੇ ਹਨ। ਕੰਵਰ ਅਨੁਸਾਰ ਸਾਡੇ ਬਜ਼ੁਰਗ ਜੋ ਕਿ 50-50 ਸਾਲਾਂ ਤੋਂ ਲਾਮਬੰਦੀ ਤੇ ਘੋਲਾਂ ਨਾਲ ਜੁੜੇ ਹਨ, ਨਾਲ਼ ਜੁੜਨਾ ਅਤੇ ਸਬਰ ਨਾਲ਼ ਘੋਲ ਲੜਨ ਦੀ ਕਲਾ ਸਿੱਖ ਲੈਣਾ, ਅੱਜ ਦੇ ਸੰਘਰਸ਼ ਵਿੱਚ ਜਵਾਨੀ ਦਾ ਵੱਡਾ ਯੋਗਦਾਨ ਸਿੱਧ ਹੋਵੇਗਾ। “ਇਸ ਮੋੜ ਤੇ ਸੰਘਰਸ਼ ਸਾਧੂਆਂ ਵਰਗੀ ਬਿਰਤੀ ਮੰਗਦਾ ਹੈ, ਸਾਡਾ ਸਬਰ ਤੇ ਏਕਾ ਕਾਇਮ ਚਾਹੀਦਾ ਹੈ।” ਕੰਵਰ ਕਹਿੰਦੇ ਹਨ।


ਦਿੱਲੀ ਮੋਰਚੇ ਦਾ ਹਿੱਸਾ ਬਣਦਿਆਂ

ਮੰਨਤ ਮੰਡ,  ਕੁੰਡਲੀ ਬਾਰਡਰ

ਸ਼ਾਮ :

ਇਕ ਪੱਤਰਕਾਰ ਨੇ ਬਜ਼ੁਰਗ ਮਾਈ ਨੂੰ ਸਵਾਲ ਕੀਤਾ, “ਬੀਬੀ, ਠੰਡ ਬਹੁਤ ਹੈ , ਗੋਡੇ ਨੀ ਦੁਖਦੇ ?  ਤਾਂ ਬੀਬੀ ਦਾ ਜਵਾਬ ਸੀ, “ਜੇ ਗੁਰੂ ਅਰਜਨ ਦੇਵ ਪਾਤਸ਼ਾਹ ਹੱਕਾਂ ਖਾਤਰ ਤੱਤੀ ਤਵੀ ਤੇ ਬਹਿ ਸਕਦੇ ਨੇ ਤਾਂ ਮੈਂ ਠੰਡ ‘ਚ ਕਿਉਂ ਨਹੀਂ ਬਹਿ ਸਕਦੀ ।  ਮੈਂ ਚੜ੍ਹਦੀ ਕਲਾ ‘ਚ ਹਾਂ” । ਦੂਸਰਾ ਮੰਜ਼ਰ ਜਿਸ ਨੇ ਮੈਨੂੰ ਬਹੁਤ ਖੁਸ਼ ਤੇ ਹੈਰਾਨ ਕੀਤਾ, ਪੰਜਾਬੀ ਤੇ ਹਰਿਆਣਵੀ ਮੁੰਡਿਆਂ ਦਾ ਵਤੀਰਾ ਸੀ । ਜਿਹੜੇ ਕਿਸੇ ਕੁੜੀ ਨੂੰ ਤੁਰੀ ਆਉਂਦੀ ਵੇਖ ਕੇ ਪਿੱਛੇ ਹਟ ਜਾਂਦੇ ਸੀ, ਭੈਣੇ ਭੈਣੇ ਕਹਿ ਕੇ ਸੰਬੋਧਨ ਕਰ ਰਹੇ ਸੀ ।  

 ਰਾਤੀਂ :

ਸਾਰੇ ਅੱਗ ਦੀ ਧੂਣੀ ਦੁਆਲੇ ਬਹਿ ਕੇ ਅੰਦੋਲਨ ਦੀਆਂ ਗਤੀਵਿਧੀਆਂ ਵਿਚਾਰਨ ਲੱਗੇ । ਕਈ ਸਾਥੀਆਂ ਨੇ ਮੋਦੀ ਸਰਕਾਰ ਤੇ ਕਿਸਾਨੀ ਦੇ ਵਿਸ਼ੇ ਉੱਤੇ ਜੋ ਕਵਿਤਾਵਾਂ, ਸ਼ੇਅਰ, ਵਿਚਾਰ ਲਿਖੇ ਸੀ, ਜਿੰਨ੍ਹਾ ‘ਚ ਕਈ ਸਰਕਾਰ ਨੂੰ ਵੰਗਾਰਨ ਵਾਲੇ, ਕਈ ਸ਼ਰਮਸਾਰ ਕਰਨ ਵਾਲੇ ਤੇ ਕਈ ਟਿੱਚਰਾਂ ਕਰਨ ਵਾਲੇ ਸੀ, ਸੁਣਾਉਣੇ ਸ਼ੁਰੂ ਕੀਤੇ ।  ਮੈਂ ਵੀ ਓਸ ਸੰਗਰਾਮੀ ਮਹੌਲ ਵਿਚ ਢੁੱਕਦਾ ਸੰਤ ਰਾਮ ਉਦਾਸੀ ਹੋਰਾਂ ਦਾ ਗੀਤ  ‘ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਸੁਣਾਇਆ।

ਅਗਲੀ  ਸਵੇਰ : 

ਹਰ ਚੀਜ ਵਾਧੂ ਵਰਤਾਈ ਜਾ ਰਹੀ ਸੀ ਪਰ ਵੇਸਟੇਜ ਕੋਈ ਨਹੀਂ। ਇਹ ਲੰਗਰ ਪ੍ਰਥਾ ਦੀ ਸਮਝ ਤੇ ਸਤਿਕਾਰ ਸੀ।  ਬੀਬੀਆਂ ਨੇ ਵਾਜ ਮਾਰ ਕੇ ਸਾਨੂੰ ਮੇਥੀ ਦੇ ਪਰੌਂਠੇ ਖਵਾਏ । ਇਕ ਬੀਬੀ ਨੇ ਦਹੀਂ ਦਾ ਭਰਿਆ ਗਲਾਸ ਮੈਂਨੂੰ ਦਿੱਤਾ, ਮੈਂ ਘੱਟ ਕਰਨ ਲਈ ਆਖਿਆ ਤਾਂ ਕਹਿੰਦੇ , “ਪੁੱਤ ਖਾ ਲੈ, ਇੰਜ ਨੀ ਮੋਦੀ ਨਾਲ ਲੜਿਆ ਜਾਣਾ” ।

ਅਗਲੀ ਸ਼ਾਮ :

ਸ਼ਾਮੀ ਅਸੀਂ ਕਈ ਕਿਲੋਮੀਟਰ ਲੰਮਾ ਪੈਦਲ ਮਾਰਚ ਕੱਢਿਆ। ਮਾਰਚ ਵਿਚ ਨਾਹਰੇ ਗੂੰਜ ਰਹੇ ਸਨ,  “ਇਨਕਲਾਬ ਜਿੰਦਾਬਾਦ”,  “ਬੱਚਾ ਬੱਚਾ ਝੋਕ ਦਿਆਂਗੇ,ਜ਼ਮੀਨ ਤੇ ਕਬਜਾ ਰੋਕ ਦਿਆਂਗੇ”,   “ਡਰਦੇ ਨਹੀਂ ਤੇਰੀ ਘੁਰਕੀ ਤੋਂ, ਖਿੱਚ ਲਵਾਂਗੇ ਕੁਰਸੀ ਤੋਂ”, “ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ”।

ਵਾਪਸੀ ਤੇ ਇਕ ਜਗ੍ਹਾ ਮੁਸਲਿਮ ਵੀਰਾਂ ਨੇ ਲੰਗਰ ਲਾਇਆ ਹੋਇਆ ਸੀ । ਇਕ ਵੀਰ ਹੱਥ ਜੋੜ ਕੇ ਜੋਰ ਦੇ ਕੇ ਕਹਿਣ ਲੱਗਾ, “ਦੀਦੀ ਮੀਠੇ ਔਰ ਨਮਕ ਵਾਲੇ ਚਾਵਲ ਬਹੁਤ ਸਵਾਦ ਬਨੇ ਹੈਂ, ਥੋੜੇ ਸੇ ਖਾ ਕੇ ਦੇਖੋ” । ਮੈਂ ਮਹਿਸੂਸ ਕੀਤਾ ਕਿ ਇਸ ਅੰਦੋਲਨ ਨੇ ਭਾਈਚਾਰੇ ਨੂੰ ਲਾਂਬੂ ਲਾ ਕੇ ਉੱਤੇ ਸਿਆਸਤ ਦੀਆਂ ਰੋਟੀਆਂ ਸੇਕਣ ਦੀ ਸਾਜਿਸ਼ ਨੂੰ ਢਾਲ ਬਣ ਕੇ ਰੋਕ ਲਿਆ ਹੈ ।

ਇਸ ਅੰਦੋਲਨ ਨੇ ਮੁਲਕ ਦੀ ਨੌਜਵਾਨੀ ਨੂੰ ਸੇਧ ਦੇਣ ਅਤੇ ਮਰਦੀ ਜਾ ਰਹੀ ਅਣਖ ਨੂੰ ਮੁੜ ਜਗਾਉਣ ਦਾ ਇਤਿਹਾਸਕ ਕੰਮ ਕੀਤਾ ਹੈ । ਵਿਅਕਤੀਗਤ ਤੌਰ ਤੇ ਇਥੇ ਆ ਕੇ ਮੈਂ ਵੀ ਆਪਣੇ ਆਪ ਵਿਚ ਬਹੁਤ ਪੌਜ਼ੇਟਿਵ ਬਦਲਾਅ ਤੇ ਜੋਸ਼ ਮਹਿਸੂਸ ਕੀਤਾ ।   ਮੈਂ ਮਹਿਸੂਸ ਕੀਤਾ ਕਿ ਏਡਾ ਵੱਡਾ ਅੰਦੋਲਨ ਸ਼ਾਂਤਮਈ, ਅਨੁਸ਼ਾਸਤ ਤਰੀਕੇ ਨਾਲ ਅਗਾਂਹ ਵਧਦਾ ਜਾ ਰਿਹਾ, ਕਿਉਂਕਿ ਇਸਨੂੰ ਸੇਧ ਤੇ ਹੌਸਲਾ ਦੇਣ ਵਾਲਾ ਖੁਦ ਸਾਡਾ ਕੁਰਬਾਨੀਆਂ ਭਰਿਆ ਇਤਿਹਾਸ ਹੈ ।  ਵਾਪਿਸ ਮੁੜਦਿਆਂ ਇਕ ਰਿਸ਼ਤੇਦਾਰ ਨੇ ਫੋਨ ਕਰਕੇ ਪੁੱਛਿਆ, “ਕਿਵੇਂ ਸੀ ਮੋਰਚਾ ? ਕੀ ਲਗਦਾ, ਕੀ ਬਣੂ”? “ਸਮਾਜ ਕਿਹੋ ਜਿਹਾ ਹੋਵੇ, ਨੌਜਵਾਨੀ ਕਿੱਦਾਂ ਦੀ ਹੋਵੇ, ਦੇਸ਼ ‘ਚ ਕੈਸਾ ਭਾਈਚਾਰਾ ਹੋਵੇ, ਜਿਸਦਾ ਸੁਪਨਾ ਲੈਂਦਿਆਂ ਭਗਤ ਸਿੰਘ ਹੋਰਾਂ ਨੇ ਫਾਂਸੀਆਂ ਦੇ ਰੱਸੇ ਚੁੰਮੇ ਹੋਣਗੇ,  ਉਹ ਅਜ਼ਾਦ ਭਾਰਤ ਤੇ ਸਮਾਜ ਦਿੱਲੀ ਦੀਆਂ ਬਰੂਹਾਂ ਤੇ ਮੈਂ ਵੇਖ ਆਈ ਹਾਂ” । ਮੈਂ ਫ਼ਖਰ ਮਹਿਸੂਸ ਕਰਦਿਆਂ ਕਿਹਾ ।


ਜਦੋਂ ਸ਼ਿਕਾਰ ਖੇਡਣ ਦੀ ਜ਼ਿਦ ਦੇ ਖ਼ਿਲਾਫ ਹੋਇਆ ਅੰਦੋਲਨ

ਅਤੁਲ ਆਜ਼ਾਦ

ਘਟਨਾ 1947 ਦੀ ਹੈ। ਲਾਰਡ ਵੈਵੇਲ ਹਿੰਦੋਸਤਾਨ ਦੇ ਵਾਇਸਰਾਏ ਸਨ। ਰਾਜਪੂਤਾਨੇ (ਅੱਜ ਰਾਜਸਥਾਨ) ਵਿੱਚ ਅੰਗਰੇਜ਼ਾਂ ਦਾ ਸਿੱਧਾ ਰਾਜ ਨਹੀਂ ਸੀ ਸਗੋਂ ਉਹਨਾਂ ਰਾਜਪੂਤ ਰਾਜਿਆਂ ਦਾ ਰਾਜ ਸੀ ਜਿੰਨਾ ਨੇ ਅੰਗਰੇਜ਼ਾਂ ਦੀ ਅਧੀਨਤਾ ਕਬੂਲ ਲਈ ਸੀ। ਰਿਆਸਤੀ ਰਾਜ ਵਿੱਚ ਕਿਸਾਨਾਂ ਦਾ ਭਿਆਨਕ ਸ਼ੋਸ਼ਣ ਹੁੰਦਾ ਸੀ।

ਉਸ ਸਮੇਂ ਬੀਕਾਨੇਰ ਦੇ ਮਹਾਰਾਜਾ ਸ਼ਾਰਦੁਲ ਸਿੰਘ ਸਨ। ਲਾਰਡ ਵੈਵੇਲ ਸ਼ਿਕਾਰ ਖੇਡਣ ਦੇ ਇਰਾਦੇ ਨਾਲ ਭਰਤਪੁਰ ਦੇ ਕੇਵਲਾਦੇਵ ਪਾਰਕ ਵਿੱਚ ਆਏ ਤਾਂ ਸ਼ਾਰਦੁਲ ਸਿੰਘ ਨੇ ਉਹਨਾਂ ਦੇ ਸਵਾਗਤ ਵਿੱਚ ਵਗਾਰ ਕਰਵਾਉਣ ਲਈ ਇਲਾਕੇ ਦੇ ਕੁਛ ਜਾਟਵ ਅਤੇ ਕੋਲੀ ਕਿਸਾਨਾਂ ਨੂੰ ਭਿਆਨਕ ਠੰਡ ਵਿੱਚ ਝੀਲ ਦੇ ਠੰਡੇ ਪਾਣੀ ਵਿੱਚ ਖੜੇ ਰਹਿਕੇ ਮਰੀਆਂ ਹੋਈਆਂ ਬੱਤਖਾਂ ਚੁੱਕਣ ਦੇ ਕੰਮ ਤੇ ਲਗਾ ਦਿੱਤਾ। ਜਦੋਂ ਇਲਾਕੇ ਵਿੱਚ ਕਿਸਾਨਾਂ ਤੋਂ ਵਗਾਰ ਦੀ ਖ਼ਬਰ ਫੈਲੀ ਤਾਂ ਲਾਲ ਝੰਡਾ ਕਿਸਾਨ ਸਭਾ, ਮੁਸਲਿਮ ਕਾਨਫਰੰਸ ਅਤੇ ਦੂਸਰੇ ਸੰਗਠਨਾਂ ਨੇ ਇਸਦਾ ਡੱਟ ਕੇ ਵਿਰੋਧ ਕੀਤਾ। ਪੂਰੇ ਇਲਾਕੇ ਵਿੱਚ ਇਸ ਘਟਨਾ ਤੋਂ ਬਾਦ ਜਬਰਦਸਤ ਅੰਦੋਲਨ ਉੱਠ ਖੜਾ ਹੋਇਆ ਅਤੇ ਸਰਕਾਰ ਨੂੰ ਵਗਾਰ ਰੋਕਣੀ ਪਈ। ਇਸ ਅੰਦੋਲਨ ਦੇ ਪ੍ਰਸਿੱਧ ਨਾਅਰੇ ਸਨ ‘ਲਾਰਡ ਵੈਵੇਲ ਵਾਪਸ ਜਾਓ’, ‘ਬੀਕਾਨੇਰ ਨਰੇਸ਼ ਵਾਪਸ ਜਾਓ।’

ਅਜ਼ਾਦੀ ਤੋਂ ਸੱਤ ਦਹਾਕਿਆਂ ਬਾਦ, ਜਦੋਂ 2021 ਦੀ ਕੜਾਕੇ ਦੀ ਠੰਡ ਵਿੱਚ ਕਿਸਾਨ ਅੰਦੋਲਨ ਚਲ ਰਿਹਾ ਹੈ ਤਾਂ ਇੱਕ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕੇ ਅੰਗਰੇਜ਼ਾਂ ਅਤੇ ਅੱਜ ਦੇ ਹੁਕਮਰਾਨਾਂ ਵਿੱਚ ਕੋਈ ਫ਼ਰਕ ਨਹੀਂ ਹੈ। ਉਸ ਸਮੇਂ ਵੀ ਠੰਡ ਦੀਆਂ ਰਾਤਾਂ ਵਿੱਚ ਸਾਨੂੰ ਪਰਖਿਆ ਗਿਆ ਸੀ ਅਤੇ ਇਸ ਵਾਰ ਵੀ ਸਾਨੂੰ ਪਰਖਿਆ ਜਾ ਰਿਹਾ ਹੈ। ਉਸ ਸਮੇਂ ਵੀ ਹੁਕਮਰਾਨ ਹਾਰੇ ਸਨ ਅਤੇ ਇਸ ਵਾਰ ਵੀ ਹਾਰਨਗੇ……।


ਧਰਤ ਸੁਹਾਣੀ ‘ਤੇ ਹਲ਼ ਵਾਹਿਆ,  ਖੂਹਾਂ ਸ਼ੁਕਰ ਮਨਾਇਆ

ਵਿੱਕੀ ਮਹੇਸਰੀ, ਸਿੰਘੂ ਮੋਰਚਾ

ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਤੋਂ ਇਸ ਯੁੱਧ ਦੇ ਪਿੜ ਚ ਆਈਆਂ ਬੀਬੀਆਂ ਦਾ ਜੱਥਾ ਰੋਟੀ ਖਾਣ ਤੋਂ ਬਾਅਦ ਤੇਲਗੂ ਭਾਸ਼ਾ ਚ ਕਿਸਾਨਾਂ ਦੇ ਰੋਹ ਦਾ ਇਕ ਜਬਰਦਸਤ ਸੁਰ ਛੇੜ ਚੁੱਕਾ ਹੈ। ਭਾਸ਼ਾਈ ਤੌਰ ਤੇ ਕੋਹਾਂ ਦੂਰ ਦੇ ਸਾਡੇ ਲੋਕ ਇਸ ਗੀਤ ਨੂੰ ਧਰਤ ਗੀਤ ਜਾਣ, ਨਾਲ ਰਲਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਵਾਰੀ ਸਾਡੀ ਹੈ, ਅਸੀਂ’ ਤੁਰਿਆ ਤੁਰਿਆ ਜਾ ਫ਼ਰੀਦਾ’ ਗਾ ਚੁੱਕੇ ਹਾਂ। ਤੇ ਹੁਣ ! ਉਸਨੇ ਮੇਰੇ ਕੰਨ ਚ ਆਖਿਆ ‘ਬਾਈ ਮੈਂ ਨਵਾਂ ਲਿਖਿਆ ਗੀਤ ਸੁਣਾਉਣਾ’, ਮੈਂ ਭਰਵੀਂ ਨਜ਼ਰ ਉਸਤੇ ਸੁੱਟਦਾ ਹਾਂ ਤੇ ਉਹ ਗਾਣਾ ਸ਼ੁਰੂ ਕਰ ਦਿੰਦਾ ਹੈ। 

“ਧਰਤ ਸੁਹਾਣੀ ‘ਤੇ ਹਲ਼ ਵਾਹਿਆ,  ਖੂਹਾਂ ਸ਼ੁਕਰ ਮਨਾਇਆ। 
ਮੁੜਕਾ  ਗਾਇਆ, ਖ਼ੂਬ ਸਲਾਹਿਆ,   ਜਿਸਨੇ ਅੰਨ ਉਗਾਇਆ।
ਜਿਸਦਾ ਲਾਲੋ ਸੰਗ ਪਿਆਰ
ਦਿੰਦਾ ਭਾਗੋ ਨੂੰ ਦੁਰਕਾਰ
‘ਤੇ ਫਿਰ ਗੱਲ ਹੋਈ ‘ਇੱਕ’  ਨਾਨਕ ਦੀ”

ਗਾਣੇ ਦੀ ਹਰ ਸਤਰ ਉਲਝੇ ਸਵਾਲਾਂ ਦੀ ਤਾਣੀ ਸੁਲਝਾਉਂਦੀ ਜਾਂਦੀ ਹੈ। ਗੁਰੂ ਬਾਬੇ ਨਾਨਕ ਦਾ ਫ਼ਲਸਫ਼ਾ ਦਗ ਦਗ ਭਖਦੀ ਲਾਟ ਵਾਂਗ ਸੱਚਾ ਪਾਤਸ਼ਾਹ ਬਣ ਤਖ਼ਤ ਤੇ ਬਿਰਜਦਾ ਪ੍ਰਤੀਤ ਹੁੰਦਾ ਹੈ। ਤੇ ਕਿਰਤਾਂ ਤੇ ਡਾਕਿਆਂ ਦੇ ਹਨੇਰੇ ਕੂੜ ਦੀ ਪ੍ਰਧਾਨਗੀ ਖੁੱਸਣ ਤੇ ਕੀਰਨੇ ਪਾਉਂਦੇ ਕਬਰਾਂ ਦਾ ਰੁਖ ਕਰ ਲੈਂਦੇ ਹਨ। ਇਸ ਨੂੰ ਲਿਖਣ ਵਾਲਾ ਤੇ ਗਾਉਣ ਵਾਲਾ ਇਹ ਪਤਲਾ, ਜਵਾਨ ਮੁੰਡਾ ਚੜਿੱਕ ਪਿੰਡ ਦਾ ਰਹਿਣ ਵਾਲਾ ਗੁਰਤੇਜ ਸਿੰਘ ਸਫ਼ਰੀ ਹੈ। ਘਰ ਦੀ ਛੱਤ ਥੱਲੇ ਸਿਰ ਦੇਈ, ਹਾਲਤਾਂ ਨਾਲ ਕੁਸ਼ਤੀ ਖੇਡਦਿਆਂ ਇਸ ਨੇ ਪੰਜਾਬੀ ਸਾਹਿਤ ਵਿੱਚ ਐਮ ਏ ਕਰ ਲਈ ਹੈ। ਮੈਂ ਹੈਰਾਨ ਹੋਇਆ ਸੋਚ ਰਿਹਾਂ ਕਿ ਅਸੀਂ ਕਿੰਨਾ ਕੁਝ ਤਾਂ ਹਾਸਿਲ ਕਰੀ ਬੈਠੇ ਆਂ। ਜਦੋਂ ਮੀਂਹ ਨੇ ਤੰਬੂ ਪੱਟ ਦਿਤੇ ਸਨ, ਤੇ ਸੜਕ ਦੇ ਕਿਨਾਰੇ ਤੇ ਚਿੱਕੜ ਵਾਲਾ ਪਾਣੀ ਸਾਡੇ ਸਿੰਘੂ ਬਾਰਡਰ ਵਾਲੇ ਘਰ ਚੜ ਰਿਹਾ ਸੀ ਤਾਂ ਇਹ ਪੀਪਾ ਬੌਕਰ ਚੱਕ ਪਾਣੀ ਕੱਢਦਾ ਰਿਹਾ ਸੀ। ਤੇ ਮੈਂ ਇਸ ਵੱਲ ਇਸ਼ਾਰਾ ਕਰ ਸਾਥੀ ਬਿਨੋਏ ਵਿਸ਼ਵਮ ਨੂੰ ਦਸਿਆ ਸੀ ਕਿ “ਥੋੜੇ ਦਿਨ ਪਹਿਲਾਂ ਹੀ ਨਤੀਜਾ ਆਇਆ, ਗੁਰਤੇਜ ਨੇ ਨੈਟ NET ਕੁਆਲੀਫਾਈ ਕਰ ਲਿਆ।” 2020 ਨੇ ਕੁਝ ਘੰਟਿਆਂ ਬਾਅਦ 2021 ਹੋ ਜਾਣਾ ਹੈ ਤੇ ਬੀ ਬੀ ਸੀ ਤੋਂ ਰੂਪਾ ਫੋਨ ਕਰ ਆਖਦੀ ਏ, ‘ਤੁਹਾਡਾ ਰਾਤ ਦਾ ਰੁਝੇਵਾਂ ਕੁਝ ਵੀ ਹੋਵੇ, ਅਸੀਂ ਨਵਾਂ ਸਾਲ ਇਪਟਾ ਮੋਗਾ ਦੇ ਕਲਾਕਾਰਾਂ ਨਾਲ ਸਿੰਘੂ ਬਾਰਡਰ ਤੇ ਮਨਾਉਣ ਲਈ ਆ ਰਹੇ ਆ।’ ਬਲਦੀ ਧੂਣੀ ਦੇ ਆਸ ਪਾਸ ਜਵਾਨ ਬੁਜ਼ੁਰਗ ਸਭ ਆਣ ਬੈਠਦੇ ਹਨ। ਕੈਮਰੇ ਦੀ ਅੱਖ ਵਾਲੀ ਪੁਤਲੀ ਸੁੰਘੜਦੀ ਹੈ ਤੇ ਗੁਰਤੇਜ ਤਾਰਿਆਂ ਦੀ ਛਾਵੇਂ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਗਾਉਣਾ ਸ਼ੁਰੂ ਕਰ ਦਿੰਦਾ ਹੈ। ਉਹਨਾਂ ਸਭਨਾਂ ਨੂੰ ਯਾਦ ਕਰ ਜਿਹੜੇ ਇਸ ਘੋਲ ਚ ਸਾਡੇ ਤੋਂ ਵਿਛੜੇ ਹਨ ਤੇ ਉਹ ਜੋ ਨਵੇਂ ਇਹਨਾਂ ਕਾਫ਼ਲਿਆਂ ਨਾਲ ਆ ਰਲੇ ਹਨ। ਓਸ ਗੁਰੂ ਦੇ ਸੰਗ ਖਿਦਰਾਣੇ ਦੀ ਢਾਬ ਤੇ ਡਟੇ ਸਿਪਾਹੀਆਂ ਦੇ ਹੌਂਸਲੇ ਜਿਨ੍ਹਾਂ ਮਾਵਾਂ ਦਾ ਦੁੱਧ ਪੀ ਕੇ ਪ੍ਰਵਾਨ ਚੜ੍ਹੇ ਹੋਣਗੇ ਅਸੀਂ ਉਹਨਾਂ ਮਾਂਵਾਂ ਦੀਆਂ ਨਿੱਘੀਆਂ ਬਾਹਾਂ ਆਪਣੇ ਘੇਰੇ ਮਹਿਸੂਸ ਕਰਦੇ ਹਾਂ। ਇਹ ਸਿਪਾਹੀ, ਲਾਲੋਂਆਂ ਦੇ ਸੰਗ ਯੁੱਗਾਂ ਤੋਂ ਖੜ੍ਹੇ ਆਏ ਹਨ। ਇਸ ਫੌਜ ਕੋਲ ਰੁਕਣ ਦਾ ਸਮਾਂ ਨਹੀਂ ਹੈ। ਲੁੱਟ ਦਾ ਰਾਜ ਖ਼ਤਮ ਹੋਣ ਚ ਦੇਰ ਨਹੀਂ। ਕਿਰਤਾਂ ਦੇ ਵਾਰਸ ਸ਼ਾਹੀ ਤਖ਼ਤ ਦੇ ਅਸਲੀ ਵਾਰਿਸ ਹੋਣਗੇ। ਤਖ਼ਤ ਫੈਲ ਕੇ ਕੁਲ ਧਰਤੀ ਜੇਡ ਹੋ ਜਾਵੇਗਾ ਤੇ ‘ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ’ ਦਾ ਹਰ ਲਫ਼ਜ਼ ਸੱਚ ਹੋ ਨਿਬੜੇਗਾ। 

ਗੁਰਤੇਜ ਇਸ ਜੰਗ ਨੂੰ ਆਉਣੀ ਹੋਂਦ ਤੇ ਆਪਣੀ ਲੇਖਣੀ ਰਾਹੀਂ ਬਾਰੂਦ ਮੁਹਈਆ ਕਰਵਾ ਰਿਹਾ। ਤੇ ਇਹਨਾਂ ਕਾਫਲਿਆਂ ਚ ਹਨੇਰੇ ਤੰਬੂਆਂ ਚ ਆਪਣੇ ਸੁਪਨਿਆਂ ਦੇ ਚਾਨਣੇ ਵੱਖ ਵੱਖ ਨਾਂਵਾਂ ਵਾਲੇ ਲੱਖਾਂ ਗੁਰਤੇਜ ਸਫ਼ਰ ਤੇ ਹਨ। ਜੋ ਲੋਚਦੇ ਨੇ ਕਿ ਦੇਸ਼ ਦੀ ਪ੍ਰਧਾਨ ਪਾਰਲੀਮੈਂਟ ਲੁੱਟ ਤੇ ਗੁਨਾਹਾਂ ਦੇ ਸਭ ਪੁਲੰਦੇ ਵਗਾਹ ਮਾਰੇ ਤੇ ਕਿਰਤੀ ਹੱਥਾਂ ਲਈ ਰੁਜ਼ਗਾਰ ਦੀ ਗਾਰੰਟੀ ਤੇ ਮੋਹਰ ਲਾ ਦੇਵੇ। ਭਗਤ ਸਿੰਘ ਦੇ ਵਾਰਿਸ, ‘ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ’ ਲਈ ਕਿਰਤ ਦਾ ਪ੍ਰਚਮ ਬੁਲੰਦ ਕਰ ਰਹੇ ਹਨ। ਸ਼ਾਲਾ, ਇਹ ਸਫ਼ਰ ਜਲਦ ਹੀ ਮੰਜ਼ਿਲਾਂ ਤੇ ਡੇਰੇ ਲਾਉਣ।


ਸੋਚਦਾ ਪੰਜਾਬ

ਹਰਮਨਜੀਤ ਸਿੰਘ

ਕਦੇ-ਕਦੇ ਇਉਂ ਲੱਗਦੈ ਕਿ ਸਾਰੀ ਦੁਨੀਆ ਦਾ ਜ਼ੋਰ ਦੇਸ ਪੰਜਾਬ ਨੂੰ ਸਾਜਣ ਤੇ ਹੀ ਲੱਗਿਆ ਰਿਹਾ; ਬਲਕਿ ‘ਹੁਣ’ ਵੀ ਲੱਗਿਆ ਹੋਇਆ । ਜਿਵੇਂ ਸਾਰਾ ਜੱਗ ਆਪਣੇ ਕੰਮ-ਕਾਜ ਭੁਲਾ ਕੇ ਪੰਜਾਬ ਨੂੰ ਹੀ ਘੜ-ਤਰਾਸ਼ ਰਿਹੈ । ‘ਪੰਜਾਬ’ ਸ਼ਬਦ ਜਿਵੇਂ ‘ਸ਼ਹਾਦਤ’ ਦਾ ਸਮਾਨਅਰਥੀ ਹੀ ਬਣ ਗਿਆ । ਆਪਣੀ ਜਾਚੇ ਦੁਨੀਆ ਪੰਜਾਬ ਨੂੰ ਭੰਨਦੀ-ਤੋੜਦੀ ਰਹੀ ਪਰ ਜਰਵਾਣਿਆਂ ਨੂੰ ਪਤਾ ਨਹੀਂ ਸੀ ਕਿ ਅਸਲੀਅਤ ਵਿੱਚ ਸਮੇਂ ਦੀ ਹਿੱਕ ਉੱਤੇ ਕੁਝ ਡੂੰਘਾ ਉੱਕਰਿਆ ਜਾ ਰਿਹੈ ਅਤੇ ਇਸੇ ਭੰਨ-ਤੋੜ ਵਿੱਚੋਂ ਇੱਕ ਸ਼ਾਹ-ਫ਼ਕੀਰ ਪੰਜਾਬ ਨਾਲ਼ੋ-ਨਾਲ਼ ਖੜ੍ਹਾ ਹੋ ਰਿਹੈ । ਪੰਜਾਬ ਦੀ ਕੰਗਰੋੜ ’ਤੇ ਸੱਟ ਮਾਰਨ ਤੁਰੀਆਂ ਵਹੀਰਾਂ ਪੰਜਾਬ ਦੀ ਅਤੋੜ ਤਾਸੀਰ ਨੂੰ ਹੀ ਸਿਰਜਦੀਆਂ ਗਈਆਂ । ਕੋਹੇਨੂਰ ਹੀਰਾ ਭਾਵੇਂ ਉਹ ਆਪਣੇ ਸਿਰ ‘ਤੇ ਜੜ ਕੇ ਲੈ ਗਏ ਪਰ ਕੋਹੇਨੂਰ ਤੋਂ ਵੀ ਮਹਿੰਗੀ ਉਹਦੀ ਲਿਸ਼ਕ ਸਾਡੀਆਂ ਅੱਖਾਂ ਵਿੱਚ ਹੀ ਛੱਡ ਗਏ ।

ਪੰਜਾਬ ਹੈ ਕੀ ? ਨਾ ਸਿਰਫ਼ ਦਰਿਆ, ਨਾ ਪਹਾੜ, ਨਾ ਮੈਦਾਨ । ਨਾ ਕਵਿਤਾ, ਨਾ ਗੀਤ, ਨਾ ਕੋਈ ਕਹਾਣੀ । ਚਾਲਾਂ ਚੱਲਦੇ ਡਰਪੋਕ ਦਿਮਾਗਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪੰਜਾਬੀਆਂ ਲਈ ਪੰਜਾਬ ਦਰਿਆ ਸਿੰਧ ਤੋਂ ਜਮਨਾ ਪਾਰ ਦੀ ਭੂਗੋਲਿਕ ਧਰਤ ਹੀ ਨਹੀਂ, ਸਗੋਂ ਪੰਜਾਬੀਆਂ ਨੂੰ ਉਹਨਾਂ ਦੇ ਕੁੜਤੇ ਚ ਪਿਆ ਸਾਦਾ ਤੇ ਆਪ-ਮੁਹਾਰਾ ਜਿਹਾ ਵੱਟ ਵੀ ਪੰਜਾਬ ਹੀ ਲੱਗਦੈ । ਫੁੱਟ ਰਹੇ ਪੱਤਿਆਂ ਤੇ ਲਮਕਦੀਆਂ ਵੇਲਾਂ ‘ਚੋਂ ਸਾਨੂੰ ਪੰਜਾਬ ਹੀ ਦਿਸਦੈ । ਬਾਬੇ ਫ਼ਰੀਦ ਦੀ ਖ਼ਾਨਗਾਹ ’ਚ ਉੱਬਲਦੇ ਡੇਲਿਆਂ ’ਚੋਂ ਅਸੀਂ ਪੰਜਾਬ ਨੂੰ ਹੀ ਟੋਲਦੇ ਰਹੇ । ਭਾਈ ਕਨ੍ਹਈਏ ਦੀ ਮਸ਼ਕ ‘ਚੋਂ ਚਿਉਂਦੇ ਪਾਣੀਆਂ ਤੋਂ ਬਾਬੇ ਦੀਪ ਸਿੰਘ ਦੇ ਖੰਡੇ ‘ਚੋਂ ਸਿੰਮਦੀ ਅੱਗ ਤੀਕਰ ਪੰਜਾਬ ਤੋਂ ਸਿਵਾ ਹੋਰ ਹੈ ਵੀ ਕੀ ? ਸਾਡੇ ਭਾਅ ਦੀ ਤਾਂ ਚੌਲਾਂ ਦਾ ਉਹ ਦਾਣਾ ਵੀ ਪੰਜਾਬ ਹੀ ਹੈ ਜਿਹੜਾ ਜੋਗੀ ਹੋਇਆ ਪੂਰਨ ਲੂਣਾ ਦੀ ਤਲੀ ‘ਤੇ ਧਰਦੈ । ਦੱਸੋ ਕੀ ਕਰੀਏ ? 

ਮੁੱਕਦੀ ਗੱਲ ਪੰਜਾਬ, ਧਰਤੀ ਤੋਂ ਲੈ ਕੇ ਅਦਿੱਖ ਅਸਮਾਨਾਂ ਤੱਕ ਫੈਲੀ ਨਿੱਤਰੇ ਲਹੂ ਦੀ ਟਕਸਾਲ ਹੈ । ਪਰ ਹਾਂ, ਸਾਡੇ ਮੱਥਿਆਂ ‘ਚ ਸਾਡੇ ਆਪੋ-ਆਪਣੇ ਤਰੀਕੇ ਸਿਰਜਿਆ-ਸਾਜਿਆ ਪੰਜਾਬ ਦਾ ਇੱਕ ਵਿਅਕਤੀਗਤ ਮਤਲਬ ਜ਼ਰੂਰ ਲਿਸ਼ਕਦਾ ਹੋਵੇ ਅਤੇ ਇਹ ਸਾਰੇ ਮਤਲਬ ਤੇ ਅਰਥ ਕਿਸੇ ਨਾ ਕਿਸੇ ਜ਼ਰੀਏ ਜੁੜਦੇ ਰਹਿਣ ਅਤੇ ਆਪਸ ਵਿੱਚ ਸਹਿਜ-ਮਤੇ ਸਮਾਉਂਦੇ ਰਹਿਣ । ਇਹੀ ਸਾਂਝਾ ਅਰਥ ਉੱਡਦੀ ਧੂੜ ਦੇ ਬੇਅੰਤ ਕਣਾਂ ਵਿੱਚੋਂ ਇੱਕ ਨਾ ਇੱਕ ਦਿਨ ਆਪਣੀ ਪ੍ਰਕਾਸ਼ਮਈ ਮਹਿਮਾ ਸੰਗ ਪ੍ਰਗਟ ਹੋ ਜਾਂਦਾ ਹੈ ।

ਨਿਰੋਲ ਸ਼ਾਬਦਿਕ ਹੁਲਾਰਿਆਂ ਅਤੇ ਕੱਚੇ ਜਜ਼ਬਾਤ ‘ਚੋਂ ਬਾਹਰ ਝਾਕ ਕੇ, ਪੰਜਾਬ ਦਾ ਕੋਈ ਮੌਲਿਕ ਮਾਇਨਾ ਸਾਡੇ ਹੱਡ-ਮਾਸ ਦਾ ਕੇਂਦਰ ਬਣੇ । ਗੰਭੀਰਤਾ ਅਤੇ ਸੁਹਿਰਦਤਾ ਸਾਡੇ ਲਹੂ ਦਾ ਹੀ ਕੋਈ ਰੂਪ ਹੋ ਜਾਣ । ਕਿਉਂ ਜੋ ਹੱਸਦੇ-ਗਾਉਂਦੇ, ਖੇਡਦੇ, ਕੌਡੀਆਂ ਪਾਉਂਦੇ ਪੰਜਾਬ ਦੇ ਨਾਲ-ਨਾਲ ਸਾਨੂੰ ‘ਸੋਚਦਾ ਪੰਜਾਬ’ ਵੀ ਤਾਂ ਚਾਹੀਦੈ । ਰੱਬ ਰਾਖਾ ।

ਅਕਾਲ ਪੁਰਖ ਸਹਾਈ ਹੋਵੇ।


ਬਾਰਡਰਾ ਵੇ ਬਾਡਰਾ

ਮਦਨ ਗੋਪਾਲ ਸਿੰਘ, ਟਰਾਲੀ ਟਾਈਮਜ ਫ਼ਿਲਮ ਵਿਚੋਂ

ਬਾਰਡਰਾ ਵੇ ਬਾਡਰਾ
ਵੇ ਸਿੰਘੂ ਦਿਆ ਬਾਡਰਾ
ਵੇ ਠੱਲ੍ਹ ਪਾਉਣੀ ਹਾਕਮਾਂ ਨੂੰ
ਬੋਲ਼ੇ ਹੋ ਗਏ ਜ਼ਾਲਮਾਂ ਨੂੰ
ਹੱਕ ਸਾਡਾ ਮਾਰ ਕੇ ਜੋ
ਲੁੱਟ ਰਹੇ ਨੇ ਧਾੜ੍ਹਵੀ ਜੋ
ਕਿਰਤ ਖੁਣੋਂ ਸੱਖਣੇ ਜੋ
ਵਿਹਲੇ ਖਾਣ ਮੱਖਣੇ ਜੋ
ਮੁਫ਼ਤਖੋਰ ਢਾਣੀਆਂ ਦਾ
ਢਾਉਣਾ ਅਸੀਂ ਰਲ ਕੇ ਜੀ
ਬਾਬਰਾ ਖਦਾਬਰਾ
ਬਾਡਰਾ ਵੇ ਬਾਡਰਾ
ਵੇ ਟਿਹੜੀ ਦਿਆ ਬਾਡਰਾ
ਚੁੱਕਣੀ ਆਵਾਜ਼ ਅਸਾਂ
ਸੁੱਟਣੀ ਵੰਗਾਰ ਅਸਾਂ
ਖੇਤਾਂ ਦੇ ਜੋ ਹਮਲੇ ਨੇ
ਇਕੱਠੇ ਅਸੀਂ ਠੱਲ੍ਹਣੇ ਨੇ
ਈਨ ਤੇਰੀ ਮੰਨਣੀ ਨਹੀਂ
ਡੀਂਗ ਤੇਰੀ ਝੱਲਣੀ ਨਹੀਂ
ਮੀਂਹ ਪਵੇ ਗੜ੍ਹੇ ਪੈਣ
ਲੋਕੀਂ ਪੱਕੇ ਖੜ੍ਹੇ ਰਹਿਣ
ਗੱਲ ਤੁਰੀ ਖੇਤਾਂ ਤੋਂ ਜੋ
ਖੇਤਾਂ ਤਾਂਈ ਰਹਿਣੀ ਨਹੀਂ
ਖੁੱਲ ਗਈ ਕਲਾਈ ਤੇਰੀ
ਲੋਕ ਲਹਿਰ ਬਹਿਣੀ ਨਹੀਂ
ਬਾਡਰਾ ਵੇ ਬਾਡਰਾ
ਵੇ ਟਿਹੜੀ ਦਿਆ ਬਾਡਰਾ
ਬਾਡਰਾ ਵੇ ਬਾਡਰਾ ਵੇ

“Techaroundworld.com is a participant in the Amazon Services LLC Associates Program, an affiliate advertising program designed to provide a means for sites to earn advertising fees by advertising and linking to amazon.ca.”