Trolley Times Punjabi Newspaper 5th Edition Published on 5-1-2021

Trolley Times Punjabi Newspaper 5th Edition

  • by

Trolley Times Punjabi Newspaper 5th Edition Published on 5-1-2021

punjabiedition5-1

ਮੈਨੂੰ ਟੁੱਟਦੀ ਜ਼ੰਜੀਰ ਦੀ ਅਵਾਜ਼ ਆ ਰਹੀ ਹੈ
ਮੈਨੂੰ ਜਾਗਦੀ ਜ਼ਮੀਰ ਦੀ ਅਵਾਜ਼ ਆ ਰਹੀ ਹੈ

ਪੰਜਾਂ ਪਾਣੀਆਂ ਦੀ ਛੱਲ ਗਈ ਜਮੁਨਾ ‘ਚ ਰੱਲ
ਛੇਵੇਂ ਦਰਿਆ ਦੇ ਨੀਰ ਦੀ ਅਵਾਜ਼ ਆ ਰਹੀ ਹੈ


ਹਰਿਆਣਵੀ ਕਿਸਾਨ ਜੱਥੇਬੰਦੀਆਂ ਦੀਆਂ ਸਾਂਝਾਂ

ਸੰਗੀਤ ਤੂਰ, ਸਿੰਘੂ ਮੋਰਚਾ

26 ਸਾਲ਼ਾਂ ਦੇ ਐੱਸ ਪੀ ਮਸੀਤਾਂ ਹਰਿਆਣਾ ਕਿਸਾਨ ਏਕਤਾ ਡੱਬਵਾਲੀ ਦੇ ਸੰਸਥਾਪਕ ਮੈਂਬਰਾਂ ਵਿਚੋਂ ਹਨ। 2017 ਵਿਚ ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਕਿਸਾਨਾਂ ‘ਤੇ ਗੋਲੀ ਚੱਲਣ ਦੇ ਕਾਂਡ ਦੀਆਂ ਖ਼ਬਰਾਂ ਸੁਣਨ ਤੋਂ ਬਾਅਦ ਆਪਣੇ ਹਮਖਿਆਲੀ ਨੌਜਵਾਨਾਂ ਨਾਲ਼ ਮਿਲ ਕੇ ਇਹਨਾਂ ਨੇ ਪੰਜਾਬ ਹਰਿਆਣਾ ਰਾਜਸਥਨ ਬਾਰਡਰ ਤੇ ਪੈਂਦੇ ਇਸ ਤ੍ਰਿਵੇਣੀ ਇਲਾਕੇ ਵਿਚੋਂ ਪੰਜਾਬੀ, ਬਾਗੜੀ, ਜਾਟ, ਬਿਸ਼ਨੋਈ ਭਾਈਚਾਰੇ ਦੇ ਕਿਸਾਨਾਂ ਨੂੰ ਜੱਥੇਬੰਦ ਕਰਨਾ ਸ਼ੁਰੂ ਕੀਤਾ।  ਇਹ ਕਰਨ ਵਿਚ ਉਹਨਾਂ ਨੇ ਪੰਜਾਬ ਦੀਆਂ ਜਥੇਬੰਦੀਆਂ ਦੀ ਮਦਦ ਲਈ, ਉਹਨਾਂ ਦੇ ਇਕਾਈਆਂ ਬਨਾਉਣ ਅਤੇ ਕੰਮ ਕਰਨ ਦੇ ਤਰੀਕੇ ਨੂੰ ਸਮਝਿਆ। 

ਨਵੇਂ ਖੇਤੀ ਕਾਨੂੰਨ ਵਿਰੋਧੀ ਸੰਘਰਸ਼ ਵਿਚ ਬਾਕੀ ਜਥੇਬੰਦੀਆਂ ਵਾਂਗ ਇਹਨਾਂ ਦੀ ਜਥੇਬੰਦੀ ਵੀ ਜੂਨ ਤੋਂ ਹੀ ਲਾਮਬੰਦੀ ਕਰਨ ਵਿਚ ਜੁਟੀ ਹੋਈ ਸੀ। 26 ਅਕਤੂਬਰ 2020 ਨੂੰ ਸਰਸਾ ਲਾਗਲੇ ਪਿੰਡ ਨਿਵਾਸੀਆਂ ਨੂੰ ਖੂਈਆਂ ਮਲਕਾਣਾ ਟੋਲ ਪਲਾਜ਼ਾ 28 ਅਕਤੂਬਰ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਗਿਆ। ਨੈਸ਼ਨਲ ਹਾਈਵੇ 9 ਸਰਸਾ ਡੱਬਵਾਲੀ ਰੋਡ ਤੇ ਪੈਂਦਾ ਇਹ ਟੋਲ ਪਲਾਜ਼ਾ 28 ਤੋਂ 30 ਅਕਤੂਬਰ ਦੌਰਾਨ ਬੰਦ ਰਿਹਾ। ਟੋਲ ਪਲਾਜ਼ਾ ਹਾਈ ਕੋਰਟ ਦੇ ਫੈਸਲੇ ਬਾਅਦ ਫਿਰ ਚੱਲ ਪਿਆ ਪਰ ਧਰਨਾ ਜਾਰੀ ਰਿਹਾ ਅਤੇ ਧਰਨਾ ਕਾਰੀਆਂ ਦੀ ਗਿਣਤੀ ਵਧਦੀ ਗਈ।  23 ਨਵੰਬਰ ਨੂੰ ਹਰਿਆਣਾ ਪੁਲਿਸ ਨੇ ਦਿੱਲੀ ਚਲੋ ਦੇ ਮੱਦੇ ਨਜ਼ਰ ਐੱਸ ਪੀ ਮਸੀਤਾਂ ਸਮੇਤ ਕਈ ਆਗੂਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ।

Trolley Times Punjabi Newspaper 5th Edition
Trolley Times Punjabi Newspaper 5th Edition

ਕਿਸਾਨ ਸੰਘਰਸ਼ ਕਮੇਟੀ ਹਰਿਆਣਾ ਦੇ ਮਨਦੀਪ ਨਥਾਵਾਂ ਨੇ ਦੱਸਿਆ ਕਿ ਹਰਿਆਣਵੀ ਜਥੇਬੰਦੀਆਂ ਨਾਲ਼ ਸਾਂਝ ਕਾਰਨ ਦਿੱਲੀ ਮੋਰਚਿਆਂ ‘ਤੇ ਪੰਜਾਬ ਦੇ ਕਿਸਾਨ ਦੀਆਂ ਬਹੁਤ ਸਾਰੀਆਂ ਔਕੜਾਂ ਦਾ ਹੱਲ ਹੋਇਆ ਹੈ। 2010 ਵਿੱਚ ਬਣੀ ਕਿਸਾਨ ਸੰਘਰਸ਼ ਕਮੇਟੀ ਵਿਚ ਮਨਦੀਪ ਸ਼ੁਰੂ ਤੋਂ ਜੁੜੇ ਹੋਏ ਹਨ ਅਤੇ ਇਸ ਜਥੇਬੰਦੀ ਨੇ ਫ਼ਤਿਹਾਬਾਦ, ਸਰਸਾ ਅਤੇ ਹਿਸਾਰ ਵਿਚ ਕਿਸਾਨਾਂ ਨੂੰ ਲਾਮਬੰਦ ਕੀਤਾ ਹੈ| ਇਨ੍ਹਾਂ ਦਾ ਜੱਥਾ ਟੀਕਰੀ ਬਾਰਡਰ ’ਤੇ ਤਾਇਨਾਤ ਹੈ। 

 ਇਸੇ ਤਰ੍ਹਾਂ ਧਰਤੀ ਹੇਠਲਾ ਪਾਣੀ ਬਚਾਉਣ ਦੇ ਨਾਂ ‘ਤੇ ਬੀਤੇ ਸਾਲ ਜਦੋਂ ਹਰਿਆਣਾ ਸਰਕਾਰ ਨੇ ਅਚਾਨਕ ਕਿਸਾਨਾਂ ਦੇ ਝੋਨਾ ਬੀਜਣ ਉਤੇ ਪਿਛਲੇ ਸਾਲ ਨਾਲੋਂ ਅੱਧੇ ਰਕਬੇ ਦੀ ਮਨਮਾਨੀ ਸ਼ਰਤ ਮੜ੍ਹ ਦਿੱਤੀ, ਤਾਂ ਕੁਲ ਹਿੰਦ ਕਿਸਾਨ ਸਭਾ, ਆਲ ਕੁਲ ਹਿੰਦ ਮਹਾਸਭਾ, ਜਾਟ ਕਿਸਾਨ ਸਭਾ, ਕੰਬੋਜ ਕਿਸਾਨ ਸਭਾ ਅਤੇ ਹੋਰ ਜਥੇਬੰਦੀਆਂ ਨੇ ਰਲ ਕੇ “ਖੇਤੀ ਬਚਾਓ ਸੰਘਰਸ਼ ਕਮੇਟੀ” ਬਣਾਈ। ਇਸ ਕਮੇਟੀ ਦੀ ਅਗਵਾਈ ਵਿਚ ਰਤੀਆ ਤੋਂ ਫਤਹਿਬਾਦ ਤੱਕ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਸੰਘਰਸ਼ ਲੜ ਕੇ ਸਰਕਾਰ ਨੂੰ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੱਤਾ। ਕਮੇਟੀ ਨੇ ਇਸ ਸਾਲ ਰਤੀਆ ਨੇੜਲੇ ਇਲਾਕਿਆਂ ਵਿਚ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਲਾਮਬੰਦੀ ਕੀਤੀ ਅਤੇ ਇਹਨਾਂ ਦੇ ਕਈ ਜਥੇ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ।

ਦੋ ਸਾਲ ਪਹਿਲਾਂ ਗੜੇ ਪੈਣ ਨਾਲ਼ ਅੰਬਾਲੇ ਜਿਲੇ ਦੇ 40 ਪਿੰਡਾਂ ਵਿਚ ਝੋਨੇ ਦੀ ਫਸਲ ਤਬਾਹ ਹੋ ਗਈ ਸੀ। ਇਸ ਤਬਾਹੀ ਦਾ ਮੁਆਵਜਾ ਦਵਾਉਣ ਲਈ ਕਿਸਾਨ ਯੂਨੀਅਨ ਦੇ 15-20 ਮੈਂਬਰ ਡੀ ਸੀ ਦਫਤਰ ਅੱਗੇ ਧਰਨਾ ਦੇ ਰਹੇ ਸਨ। ਬਲਜਿੰਦਰ ਸਿੰਘ ਜਿਨ੍ਹਾਂ ਦਾ ਆਪਣਾ ਪਿੰਡ ਇਸ ਮਾਰ ਹੇਠ ਸੀ, ਗੁਰਦੁਆਰਾ ਸਾਹਿਬ ਵੱਲੋਂ ਧਰਨਾਕਾਰੀਆਂ ਨੂੰ ਲੰਗਰ ਛਕਾਉਣ ਪਹੁੰਚੇ। ਪੁੱਛਣ ਤੇ ਪਤਾ ਲੱਗਿਆ ਕੇ ਧਰਨਾਕਾਰੀਆਂ ਦਾ ਆਪਣਾ ਨੁਕਸਾਨ ਤਾਂ ਨਹੀਂ ਹੋਇਆ ਸੀ ਪਰ ਉਹ ਇਸ ਇਲਾਕੇ ਦੇ ਕਿਸਾਨਾਂ ਲਈ ਉੱਥੇ ਬੈਠੇ ਸਨ। ਬਲਜਿੰਦਰ ਜੀ ਨੂੰ ਅਹਿਸਾਸ ਹੋਇਆ ਕਿ ਇਹ ਬੰਦੇ ਤਾਂ ਉਨ੍ਹਾਂ ਦੇ ਲਈ ਹੀ ਧਰਨਾ ਦੇ ਰਹੇ ਸਨ। ਉਸ ਦਿਨ ਤੋਂ ਬਾਅਦ ਉਨ੍ਹਾਂ ਨੇ ਹੁਕਮਰਾਨ ਪਾਰਟੀਆਂ ਦਾ ਖਹਿੜਾ ਛੱਡ ਆਪਣੇ ਪਿੰਡ ਅਤੇ ਇਲਾਕੇ ਦੇ ਕਿਸਾਨਾ ਨੂੰ  ਭਾ.ਕਿ.ਯੂ. ਚੜੂਨੀ ਨਾਲ਼ ਜਥੇਬੰਦ ਕਰਨ ਵਿਚ ਲਗ ਗਏ। ਗੜੇਮਾਰੀ ਕਾਰਨ ਹੋਏ ਨੁਕਸਾਨ ਦਾ ਸਰਕਾਰ ਕੋਲੋਂ ਮੁਆਵਜ਼ਾ ਲੈਣ ਲਈ ਸੰਘਰਸ਼ ਵਿਢ ਲਿਆ। ਉਨ੍ਹਾਂ ਦੀ ਜਿੱਤ ਹੋਈ ਤੇ 70 ਕਰੋੜ ਰੁਪਏ ਦਾ ਕੁੱਲ ਮੁਆਵਜ਼ਾ ਕਿਸਾਨਾਂ ਨੂੰ ਦਵਾਇਆ ਗਿਆ।

25 ਸਤੰਬਰ ਨੂੰ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦੇ ਸੱਦੇ ਉੱਤੇ ਹਰਿਆਣਾ ਦੀਆਂ 17 ਅਲੱਗ-ਅਲੱਗ ਜਥੇਬੰਦੀਆਂ ਵੀ ਇੱਕ ਸਾਂਝੇ ਮੋਰਚੇ ਵਿਚ ਤਬਦੀਲ ਹੋ ਗਈਆਂ, ਉੱਥੇ ਹੀ ਹਰਿਆਣਾ ਅਤੇ ਪੰਜਾਬ ਦੀਆਂ ਜੱਥੇਬੰਦੀਆਂ ਦੇ ਨੇੜਲੇ ਤਾਲਮੇਲ ਦੀ ਸ਼ੁਰੂਆਤ ਵੀ ਹੋਈ। 26-27 ਨਵੰਬਰ ਦੀ ਕੁਲ ਹਿੰਦ ਜਥੇਬੰਦੀਆਂ ਵੱਲੋਂ ਸੱਦੇ “ਦਿੱਲੀ ਚੱਲੋ” ਮਾਰਚ ਨੂੰ ਰੋਕਣ ਵਾਸਤੇ ਹਰਿਆਣਾ ਸਰਕਾਰ ਨੇ ਬੈਰੀਕੇਡ ਅਤੇ ਹੋਰ ਅੜਿੱਕੇ ਖੜੇ ਕਰਨ ਦੀ ਤਿਆਰੀ ਪਹਿਲਾਂ ਹੀ ਕਰ ਲਈ ਸੀ।  ਇਹ ਦੇਖਦਿਆਂ ਹਰਿਆਣੇ ਦੀਆਂ ਜਥੇਬੰਦੀਆਂ ਨੇ ਬੈਰੀਕੇਡ ਅਤੇ ਹੋਰ ਅੜਿੱਕੇ ਪੁੱਟਣ ਤੇ ਤੋੜਨ ਦੀਆਂ ਤਿਆਰੀਆਂ ਕਰ ਲਈਆਂ। ਪਰ 24 ਦਸੰਬਰ ਨੂੰ ਹੀ ਹਰਿਆਣਾ ਪੁਲਸ ਨੇ ਜਥੇਬੰਦੀਆਂ ਦੇ ਕਾਰਕੁਨ 302, 307 ਦੇ ਝੂਠੇ ਕੇਸਾਂ ਤਹਿਤ ਗ੍ਰਿਫ਼ਤਾਰ ਕਰਨੇ ਸ਼ੁਰੂ ਕੀਤੇ। ਪਰ ਹਰਿਆਣਵੀ ਜੱਥੇਬੰਦੀਆਂ ਦੀ ਪੁਖਤਾ ਤਿਆਰੀ ਸਦਕਾ ਅਤੇ ਕਿਸਾਨਾਂ ਦੇ ਜੋਸ਼ ਸਦਕਾ ਸਭ ਔਕੜਾਂ ਨੂੰ ਪਾਰ ਕਰਦਿਆਂ ਕੁਰੂਕਸ਼ੇਤਰ, ਕਰਨਾਲ ਅਤੇ ਹੋਰ ਥਾਂਵਾ ਦੇ ਬੈਰੀਕੇਡ ਪੱਟ ਕੇ ਪੰਜਾਬੀ ਕਿਸਾਨਾਂ ਦੇ ਰਾਹ ਪੱਧਰੇ ਕੀਤੇ ਗਏ।

ਕਿਸਾਨ ਅੰਦੋਲਨ ਦੀ ਲਾਮਬੰਦੀ ਦੌਰਾਨ ਬਣੀਆਂ ਜਥੇਬੰਦਕ ਸੂਬਾ ਸਾਂਝਾਂ ਦਾ ਹੀ ਇਹ ਸਿੱਟਾ ਹੈ ਕਿ ਅੱਜ ਜਦੋਂ ਲੱਖ ਦੇ ਕਰੀਬ ਕਿਸਾਨ ਪੰਜਾਬ ਤੋਂ ਚੱਲ ਕੇ ਦਿੱਲੀ ਬੈਠੇ ਹਨ; ਰੋਟੀ, ਪਾਣੀ, ਦੁੱਧ, ਦਹੀਂ ਦੇ ਗੱਫੇ ਵਰਤਾਉਂਦੇ ਹਰਿਆਣਵੀ ਕਿਸਾਨਾਂ ਨੇ ਸਭ ਨੂੰ ਆਸਵੰਦ ਕੀਤਾ ਹੈ ਕਿ ਜੇ ਘੋਲ ਲੰਬਾ ਵੀ ਚੱਲਿਆ ਤਾਂ ਇਸ ਭਾਈ-ਭੈਣ-ਚਾਰੇ ਦੇ ਸਿਰ ਤੇ ਬੈਠੇ ਰਹਿ ਸਕਦੇ ਹਨ।  ਇਸ ਸਾਂਝ ਨੇ ਪੰਜਾਬ ਹਰਿਆਣੇ ਅਤੇ ਹੋਰਨਾਂ ਸੂਬਿਆਂ ਦੇ ਲੋਕਾਂ ਵਿਚ ਮਿੱਤਰਤਾ ਦੇ ਬੀਜ ਬੋਏ ਹਨ। ਬਲਜਿੰਦਰ ਅਨੁਸਾਰ ਵੱਖ-ਵੱਖ ਵਿਚਾਰਧਾਰਾਵਾਂ ਵਿੱਚ ਸਾਂਝ ਨੇ ਹਰ ਹਾਲ ਘੋਲ ਜਿੱਤਣ ਲਈ ਕਾਇਮ ਕੀਤਾ ਹੋਇਆ ਹੈ। ਮਨਦੀਪ ਨਥਾਵਾਂ ਮੁਤਾਬਕ ਲੋਕਾਂ ਵਾਸਤੇ ਕੰਮ ਕਰਨ ਲਈ ਆਪਣੇ ਆਪ ਨੂੰ ‘ਮੈਂ’ ਤੋਂ ਪਾਸੇ ਕਰਨਾ ਜਰੂਰੀ ਹੈ ਅਤੇ ਇਹ ਸੰਘਰਸ਼ ਸਾਨੂੰ ‘ਮੈਂ’ ਤੋਂ ਅਸੀਂ ਬਣਾਉਂਦਾ ਹੈ| ਐੱਸ ਪੀ ਮਸੀਤਾਂ ਮੁਤਾਬਕ ਘੋਲ਼ ਤੋਂ ਬਾਅਦ ਖਿੱਤੇ ਦੀ ਸਿਆਸਤ ਵਿਚ ਸਿਫ਼ਤੀ ਫਰਕ ਆਉਣਾ ਤੈਅ ਹੈ। “ਲੋਕ ਤੁਰੇ ਆਪਣੀ ਅੱਗ ਕਰਕੇ ਸਨ। ਉਸ ਅੱਗ ਨਾਲ਼ ਸਾਂਝ ਪਾਉਣੀ ਬਹੁਤ ਜਰੂਰੀ ਹੈ,” ਮਸੀਤਾਂ ਜੀ ਦੱਸਦੇ ਹਨ।


ਸੰਪਾਦਕੀ

ਨਵਾਂ ਵਰ੍ਹਾ 2021 ਸਾਡੇ ਲਈ ਦਿੱਲੀ ਮੋਰਚੇ ਵਿਚ ਚੜਿਆ ਹੈ। ਪਿਛਲਾ ਵਰ੍ਹਾ ਅਸੀਂ ਕੋਰੋਨਾ ਮਹਾਮਾਰੀ ਅਤੇ ਲੌਕਡਾਊਨ ਦੀ ਪੈਦਾ ਕੀਤੀ ਬਦਹਾਲੀ ਅਤੇ ਨਵੇਂ ਖੇਤੀ ਕਾਨੂੰਨਾਂ ਦੇ ਕਹਿਰ ਨਾਲ ਜੂਝਦਿਆਂ ਕੱਢਿਆ ਹੈ।  ਪਰ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚੇ ਨੇ ਜਿਸ ਤਰਾਂ ਸਾਨੂੰ ਇਕ ਦੂਜੇ ਨਾਲ਼ ਜੋੜਿਆ ਹੈ ਅਤੇ ਅਸੀਂ ਅਸਲ ਲੋਕ ਦੋਖ਼ੀਆਂ ਦੀ ਪਛਾਣ ਕੀਤੀ ਹੈ; ਇਸ ਵਿਚ ਕੋਈ ਸ਼ੱਕ ਨਹੀਂ ਕਿ ਅਗਲਾ ਵਰ੍ਹਾ ਸਾਡੇ ਲਈ ਜਿੱਤਾਂ, ਸਾਂਝਾ ਅਤੇ ਚੜ੍ਹਦੀ ਕਲਾ ਨਾਲ਼ ਭਰਿਆ ਹੋਵੇਗਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨਾਂ ਅਤੇ 31 ਦਸੰਬਰ 2020 ਨੂੰ ਹੋਈ ਮੀਟਿੰਗ ਤੋਂ ਪਤਾ ਲਗਦਾ ਹੈ ਕਿ ਕੇਂਦਰ ਸਰਕਾਰ ਹੁਣ ਘੁਰਕੀਆਂ ਛੱਡ, ਮਿੱਠੇ ਪੋਚਿਆਂ ਵਾਲੇ ਰਾਹ ਪੈ ਗਈ ਹੈ। ਕੇਂਦਰ ਸਰਕਾਰ ਬਿਜਲੀ ਬਿੱਲ ਨੂੰ ਰੱਦ ਕਰਨ ਅਤੇ ਪ੍ਰਦੂਸ਼ਣ ਕਾਨੂੰਨ ਵਿਚੋਂ ਕਿਸਾਨਾਂ ਨੂੰ ਬਾਹਰ ਰੱਖਣ ਵਾਸਤੇ ਮੰਨਦੀ ਪ੍ਰਤੀਤ ਹੋਈ ਹੈ। ਪਰ ਸਾਡੀ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੁਢਲੀ ਮੰਗ ਤੋਂ ਹਲੇ ਵੀ ਮੁਨਕਰ ਹੈ। ਇਕ ਪਾਸੇ ਭਾਜਪਾ ਦੇ ਮੰਤਰੀਆਂ ਦਾ ਮੋਮੋਠਗਣੀ ਵਤੀਰਾ ਹੈ, ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਦੋਲਕਾਰੀਆਂ ਵੱਲੋਂ ਬੰਦ ਕੀਤੇ ਜਾ ਰਹੇ ਜੀਓ ਮੋਬਾਈਲ਼ ਟਾਵਰਾਂ ਬਾਰੇ ਬਿਆਨ ਦੇ ਰਹੇ ਹਨ ਕਿ ਸਰਕਾਰੀ ਸੰਪੰਤੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਜੀਓ ਦੇ ਟਾਵਰਾਂ ਵਾਸਤੇ ਐਨਾ ਹੇਜ ਬਹੁਤ ਛੇਤੀ ਜਾਗ ਗਿਆ ਅਤੇ ਉਹਨਾਂ ਨੂੰ ਸਰਕਾਰੀ ਸੰਪੰਤੀ ਦਾ ਦਰਜਾ ਮਿਲ ਗਿਆ। ਪਰ ਜਦੋਂ ਹਰਿਆਣਾ ਸਰਕਾਰ ਅੰਦੋਲਨ ਕਾਰੀਆਂ ਨੂੰ ਰੋਕਣ ਵਾਸਤੇ ਅਸਲ ਵਿਚ ਸਰਕਾਰੀ ਸੰਪੰਤੀ ਮੁੱਖ ਸੜਕਾਂ ਪੁੱਟ ਰਹੀ ਸੀ ਉਹ ਕੀ ਸੀ?  ਪ੍ਰਧਾਨ ਮੰਤਰੀ ਨੂੰ 50 ਤੋਂ ਵੱਧ ਸ਼ਹੀਦ ਕਿਸਾਨਾਂ; ਠੰਡ ਅਤੇ ਮੀਂਹ ਦੇ ਮੌਸਮ ਵਿਚ ਸੜਕਾਂ ‘ਤੇ ਬੈਠੇ ਲੱਖਾਂ ਕਿਸਾਨਾਂ ਨਾਲੋਂ ਜੀਓ ਦੇ ਟਾਵਰਾਂ ਦਾ ਜਿਆਦਾ ਦੁੱਖ ਹੈ। ਸਰਕਾਰ ਅਤੇ ਸਰਕਾਰੀ ਸੰਪੰਤੀ ਲੋਕਾਂ ਦਾ ਆਪਣਾ ਸਰਮਾਇਆ ਹੈ ਅਤੇ ਲੋਕ ਇਸ ਆਪਣੇ ਸਰਮਾਏ ਨੂੰ ਭਾਜਪਾ ਅਤੇ ਕਾਰਪੋਰੇਟ ਘਰਾਣਿਆਂ ਦੀ ਇਜਾਰੇਦਾਰੀ ਤੋਂ ਬਚਾਉਣ ਖਾਤਰ ਇਸ ਅੰਦੋਲਨ ਵਿਚ ਕੁੱਦੇ ਹੋਏ ਹਨ। ਲੋਕਾਂ ਦੇ ਸਰਮਾਏ ਅਤੇ ਸਰਕਾਰੀ ਸੰਪੰਤੀ ਨੂੰ ਨੁਕਸਾਨ ਖੁਦ ਕੇਂਦਰ ਸਰਕਾਰ ਅਤੇ ਇਸਦੇ ਭਾਈਵਾਲ ਪਹੁੰਚਾ ਰਹੇ ਹਨ।

ਸੰਯੁਕਤ ਕਿਸਾਨ ਮੋਰਚੇ ਵਲੋਂ ਉਲੀਕੇ ਆਉਣ ਵਾਲੇ ਦਿਨਾਂ ਦੇ ਪ੍ਰੋਗਰਾਮ, ਉਗਰਾਹਾਂ ਜੱਥੇਬੰਦੀ ਵੱਲੋਂ ਕੱਢੇ ਗਏ ਟਰੈਕਟਰ ਮਾਰਚ, ਅਤੇ ਥਾਂ ਥਾਂ ਤੇ ਬਾਰਡਰ ਤੋੜਨ ਦੀਆਂ ਹੋ ਰਹੀਆਂ ਘਟਨਾਵਾਂ ਤੋਂ ਲਗਦਾ ਹੈ ਕਿ ਠਾਠਾਂ ਮਾਰ ਰਹੇ ਲੋਕ ਰੋਹ ਦੇ ਹੜ ਦਾ ਰੁਕਣਾ ਨਾਮੁਮਕਿਨ ਹੈ। ਦੇਖਣਾ ਇਹੋ ਹੈ ਕਿ ਸਰਕਾਰ ਆਪਣਾ ਢੀਠ ਵਤੀਰਾ ਕਦੋਂ ਛੱਡੇਗੀ।


ਐਮ.ਐਸ.ਪੀ. – ਝੂਠ ਬਨਾਮ ਸੱਚ

ਰੀਤਿਕਾ ਖੇੜਾ, ਪਰੰਕੁਰ ਗੁਪਤਾ, ਸੁਧਾ ਨਾਰਾਇਣ; ‘ਦਿ ਹਿੰਦੂ’ ਵਿਚੋਂ

© Nirvair Rai

ਕਈ ਵਾਰ ਅਸੀਂ ਬਾਰ ਬਾਰ ਥੋਪੇ ਗਏ ਝੂਠ ਨੂੰ ਹੀ ਸੱਚ ਮੰਨ ਬਹਿੰਦੇ ਹਾਂ। ਇਹਨਾਂ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਵਿੱਚ ਐਮ.ਐਸ.ਪੀ. (ਘੱਟੋ ਘੱਟ ਖਰੀਦ ਮੁੱਲ) ਦੇ ਜ਼ਿਕਰ ਨਾ ਹੋਣ ਕਰਕੇ, ਇਹ ਕਾਫੀ ਚਰਚਾ ਵਿੱਚ ਹਨ।  ਐਮ.ਐਸ.ਪੀ. ਅਤੇ ਖਰੀਦ ਬਾਰੇ ਅਧੂਰੇ ਸੱਚ ਦੀ ਪ੍ਰਬਲਤਾ ਕਾਰਨ ਇਸ ਬਹਿਸ ਵਿੱਚ ਦਾਣਿਆਂ ਨਾਲੋਂ ਜ਼ਿਆਦਾ ਫ਼ਕ ਸਾਡੇ ਹੱਥ ਆਈ ਹੈ।

ਐਮ.ਐਸ.ਪੀ. ਦਾ ਮਕਸਦ ਇੱਕ ਰਕਮ ਤੈਅ ਕਰਨਾ ਹੈ ਜਿਸ ਤੋਂ ਘੱਟ ਫਸਲ ਦਾ ਮੁੱਲ ਨਹੀਂ ਹੋਣਾ ਚਾਹੀਦਾ, ਅਤੇ ਸਰਕਾਰ ਵੱਲੋ 23 ਫਸਲਾਂ (ਕੋਮੋਡਟੀਜ਼) ਉੱਤੇ ਇਹ ਨਿਰਧਾਰਿਤ ਕੀਤਾ ਜਾਂਦਾ ਹੈ। ਇਸ ਮੁੱਲ ਨਾਲ਼ ਸਰਕਾਰ ‘ਵਾਅਦਾ’ ਕਰਦੀ ਹੈ, ਕਿ ਜੇਕਰ ਮੰਡੀ ਵਿੱਚ ਮੁੱਲ ਇਸ ਰਕਮ ਤੋਂ ਘੱਟ ਮਿਲਦਾ ਹੈ ਤਾਂ ਸਰਕਾਰ ਖੁਦ ਕਿਸਾਨਾਂ ਤੋਂ ਖਰੀਦੇਗੀ । ਪਰ ਅਸਲ ਵਿਚ ਸਰਕਾਰੀ ਖਰੀਦ ਸਿਰਫ ਕਣਕ ਤੇ ਝੋਨੇ ਦੀ ਹੀ ਹੁੰਦੀ  ਰਹੀ ਹੈ, ਅਤੇ ਬਾਕੀ ਫਸਲਾਂ ਦੀ ਖਰੀਦ ਕਦੇ ਹੀ ਕੀਤੀ ਜਾਂਦੀ ਹੈ।

ਪਿਛਲੇ ਸਾਲਾਂ ਵਿੱਚ ਐਮ.ਐਸ.ਪੀ. ਅਤੇ ਸਰਕਾਰੀ ਖਰੀਦ ਦੇ ਝੂਠੇ ਪ੍ਰਚਾਰ ਇੰਨੇ ਜ਼ਿਆਦਾ ਪ੍ਰਭਾਵਸ਼ੀਲ ਰਹੇ ਹਨ ਕਿ ਆਮ ਸ਼ਹਿਰੀ ਲੋਕ ਇਸਨੂੰ ਸੱਚ ਮੰਨ ਬੈਠੇ ਹਨ। ਲੋਕਾਂ ਨੂੰ ਲਗਦਾ ਹੈ ਕਿ ਉਹ ਸਭ ਜਾਣਦੇ ਹਨ ਕਿ ਕਿਸ ਨੂੰ ਅਤੇ ਕਿੰਨਾ ਫ਼ਾਇਦਾ ਹੋਇਆ ਹੈ। ਕੁਝ ਕਹਿੰਦੇ ਨੇ ਕੇਵਲ 6% ਕਿਸਾਨਾਂ ਨੂੰ ਨਫ਼ਾ ਹੋਇਆ, ਕੁਝ ਦਾ ਮੰਨਣਾ ਕਿ ਸਿਰਫ ਵੱਡੇ ਕਿਸਾਨਾਂ ਨੂੰ ਹੀ ਫ਼ਾਇਦਾ ਹੋਇਆ ਜਦ ਕਿ ਕੁਝ ਲੋਕਾਂ ਨੂੰ ਇਹ ਲਗਦਾ ਕਿ ਸਿਰਫ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਨੂੰ ਇਹ ਸਹੂਲਤ ਮਿਲੀ ਹੈ।


ਐਮ.ਐਸ.ਪੀ ਹੇਠਾਂ ਹੋਰ ਸੂਬੇ

ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਸੂਬਾ-ਪੱਧਰੀ ਸਰਕਾਰੀ ਖਰੀਦ ਅਤੇ ਨੈਸ਼ਨਲ ਸੈਂਪਲ ਸਰਵੇ ਦੇ ਕਿਸਾਨੀ ਘਰਾਂ  ਦੇ ਆਂਕੜੇ 2012-13, ਨੂੰ ਪੜ੍ਹਨ ਤੋਂ ਬਾਅਦ ਇਹਨਾਂ ਤਿੰਨ ਕਾਲੇ ਕਾਨੂੰਨਾਂ ਦੇ ਫਰੇਬ ਬਾਰੇ ਸਾਫ ਪਤਾ ਲਗਦਾ ਹੈ।

ਪਹਿਲਾ, ਨੈਸ਼ਨਲ ਸੈਂਪਲ ਸਰਵੇ ਦਾ 2012-13 ਵਿੱਚ 6% ਦਾ ਆਂਕੜਾ ਇੱਕਲਾ ਕਣਕ ਅਤੇ ਝੋਨੇ ਬਾਰੇ ਹੀ ਹੈ। ਏਥੇ ਵੀ, ਜਿਹਨਾਂ ਨੇ ਕਣਕ ਜਾਂ  ਝੋਨਾ ਵੇਚਿਆ ਹੈ, ਉਹਨਾ ਦੇ ਆਂਕੜੇ ਵੱਧ ਹਨ  – 16% ‘ਤੇ 14% ।

ਦੂਜਾ, ਭਾਰਤੀ ਸਰਕਾਰ ਨੇ ਡੀਸੈਂਟਰਲਾਈਜ਼ਡ ਪ੍ਰੋਕਿਉਰਮੈਂਟ (ਡੀ ਸੀ ਪੀ) ਸਕੀਮ ਰਾਹੀਂ ਹੋਰਨਾ ਸੂਬਿਆਂ ਵਿੱਚ ਵੀ ਐਮ.ਐਸ.ਪੀ. ਨੂੰ ਪਹੁੰਚਾਉਣ ਦਾ ਸਿਲਸਿਲੇਵਾਰ  ਉਪਰਾਲਾ ਕੀਤਾ ਹੈ। 1997-98 ਵਿੱਚ ਲਾਗੂ ਕੀਤੀ ਗਈ ਇਹ ਸਕੀਮ ਸ਼ੁਰੂਆਤ ਵਿੱਚ ਪ੍ਰਚੱਲਤ ਨਹੀਂ ਸੀ, ਪਰ 2005 ਤੱਕ ਹੋਰ ਸੂਬਿਆਂ ਨੇ ਇਹਨੂੰ ਹੁੰਗਾਰਾ ਦੇਣਾ ਸ਼ੁਰੂ ਕਰ ਦਿੱਤਾ ਸੀ। ਡੀ.ਸੀ.ਪੀ. ਸਕੀਮ ਦੇ ਤਹਿਤ, ਫਸਲਾਂ ਦੀ ਸਰਕਾਰੀ ਖਰੀਦ ਦੀ ਜਿੰਮੇਵਾਰੀ ਸੂਬਾ ਸਰਕਾਰ ਨੂੰ ਦਿੱਤੀ ਸੀ, ਜੋ ਕਿਸਾਨਾਂ ਨੂੰ ਇੱਕ ਤਹਿ ਮੁੱਲ ‘ਤੇ ਵੇਚਣ ਦੀ ਸਹੂਲਤ ਦਿੰਦੀ ਸੀ। ਐਫ.ਸੀ.ਆਈ. ਦੇ ਜੁਲਾਈ 2015 ਦੇ ਆਂਕੜੇ ਦੇ ਅਨੁਸਾਰ 15 ਭਾਰਤੀ ਸੂਬਿਆਂ ਨੇ ਇਸ ਸਕੀਮ ਨੂੰ ਅਪਣਾ ਲਿਆ ਹੈ, ਪਰ ਸਭ ਸੂਬਿਆਂ ਵਿੱਚ ਹਲੇ ਵੀ ਪੂਰੀ ਤਰ੍ਹਾਂ ਇਸ ਸਕੀਮ ਦੀ ਵਰਤੋਂ ਨਹੀਂ ਹੋ ਰਹੀ। ਇਸਦਾ ਵੱਡਾ ਸਿੱਟਾ ਇਹ ਨਿਕਲਿਆ ਕਿ ਸਰਕਾਰੀ ਖਰੀਦ ਰਵਾਇਤੀ ਸੂਬਿਆਂ (ਪੰਜਾਬ, ਹਰਿਆਣਾ, ਪਛਮੀ ਉੱਤਰ ਪ੍ਰਦੇਸ਼) ਵਿੱਚੋ ਘਟ ਕੇ ਦੂਜੇ ਸੂਬਿਆਂ ਵਿਚ ਵਧਣ ਲੱਗੀ। ਸਾਲ 2012-12 ਤੱਕ, ਡੀ.ਸੀ.ਪੀ. ਵਾਲੇ ਸੂਬਿਆਂ ਦਾ ਹਿੱਸਾ 25-35% ਵਧਿਆ ਹੈ।

ਝੋਨੇ ਦੇ ਮਾਮਲੇ ਵਿੱਚ, ਛੱਤੀਸਗੜ੍ਹ ਅਤੇ ਉੜੀਸਾ ਮੋਹਰੀ ਰਹੇ। ਅੱਜ ਇਹ ਦੋਨੇ ਸੂਬੇ ਝੋਨੇ ਦੀ ਸਰਕਾਰੀ ਖਰੀਦ 10% ਹਰੇਕ ਦਾ ਯੋਗਦਾਨ ਪਾਉਂਦੇ ਹਨ । ਮੱਧ ਪ੍ਰਦੇਸ਼ ਵਿੱਚ ਝੋਨੇ ਦੀ ਸੂਬਾ-ਖਰੀਦ ਵਧਕੇ 20% ਹੋ ਗਈ ਅਤੇ ਹੈਰਾਨੀ ਜਨਕ ਗੱਲ ਇਹ ਹੈ ਹੈ 2020-2021 ਦੀ ਸਰਕਾਰੀ ਖਰੀਦ ਵਿਚ ਇਸ ਨੇ ਪੰਜਾਬ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜਿਹੜੇ ਕਿਸਾਨ ਪਰਿਵਾਰ ਸਰਕਾਰੀ ਖਰੀਦ ਤਹਿਤ ਝੋਨਾ ਵੇਚਦੇ ਹਨ, ਉਹਨਾਂ ਵਿੱਚ 9% ਪੰਜਾਬ, 7% ਹਰਿਆਣਾ, 11% ਉੜੀਸਾ ਅਤੇ 33% ਛੱਤੀਸਗੜ੍ਹ ਦੇ ਹਨ। ਇਹ ਗੱਲ ਕਿ ਇਕੱਲੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਹੀ ਐਮ.ਐਸ.ਪੀ. ਦੀ ਫਾਇਦਾ ਲੈ ਰਹੇ ਹਨ, ਹੁਣ ਬਹੁਤ ਪੁਰਾਣੀ ਹੋ ਗਈ ਹੈ।

ਕਿਹੜੇ ਕਿਸਾਨਾਂ ਨੂੰ ਹੋਇਆ ਫ਼ਾਇਦਾ

ਤੀਜਾ, ਅਫਵਾਹ ਦੇ ਅਨੁਸਾਰ ਸਿਰਫ਼ ਵੱਡੇ ਕਿਸਾਨਾਂ ਨੂੰ ਹੀ ਐਮ.ਐਸ.ਪੀ. ਦਾ ਲਾਭ ਹੋਇਆ ਹੈ। ਜਦਕਿ, ਅਸਲ ਵਿਚ ਛੋਟੇ ਕਿਸਾਨਾਂ ਨੂੰ ਮੱਧਮ ਅਤੇ ਵੱਡੇ ਕਿਸਾਨਾਂ ਨਾਲੋਂ ਵੀ ਵਧੇਰੇ ਲਾਭ ਹੋਇਆ ਸੀ। ਪੂਰੇ ਦੇਸ਼ ਵਿੱਚ, ਜਿਹਨਾਂ ਨੇ ਸਰਕਾਰ ਨੂੰ ਝੋਨਾ ਵੇਚਿਆ, 1% ਵੱਡੇ ਕਿਸਾਨ ਸਨ, ਔਸਤ 25 ਏਕੜ  ਜ਼ਮੀਨ ਵਾਲੇ। ਜਦ ਕਿ 70% ਛੋਟੇ 5 ਏਕੜ ਤੋਂ ਘਟ ਜ਼ਮੀਨ ਵਾਲੇ ਕਿਸਾਨ ਸਨ। ਬਾਕੀ ਦੇ 29% ਵਿਚਾਲੜੇ ਕਿਸਾਨ ਸਨ, 5-25 ਏਕੜ ਜ਼ਮੀਨ ਦੇ ਮਾਲਕ।

ਕਣਕ ਦੇ ਮਾਮਲੇ ਵਿਚ, ਸਿਰਫ 3% ਵੱਡੇ ਕਿਸਾਨ ਸਨ। ਅੱਧ ਤੋਂ ਵੀ ਵੱਧ (56%) ਛੋਟੇ ਕਿਸਾਨ ਸਨ।

ਪੰਜਾਬ ਅਤੇ ਹਰਿਆਣੇ ਵਿੱਚ, ਛੋਟੇ ਕਿਸਾਨਾਂ ਦਾ ਹਿੱਸਾ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ (38% ‘ਤੇ 58% ਕ੍ਰਮਵਾਰ ਝੋਨਾ ਵੇਚਣ ਵਾਲੇ )। ਬਾਕੀ ਦੇ ਗੈਰ-ਰਵਾਇਤੀ ਸੂਬੇ ਜਿੱਥੇ ਡੀ.ਸੀ.ਪੀ. ਅਪਣਾਈ ਗਈ, ਇਹ ਵੱਡਾ ਸਿੱਟਾ ਨਿਕਲਿਆ ਕਿ ਜਿਹੜੇ ਕਿਸਾਨ ਸਰਕਾਰੀ ਖਰੀਦ ਕਰਨ ਵਾਲੀਆਂ ਸੰਸਥਾਵਾਂ ਨੂੰ ਆਪਣੀ ਫਸਲ ਵੇਚਦੇ ਨੇ ਉਹ ਛੋਟੇ ਕਿਸਾਨ ਹਨ। ਛੱਤੀਸਗੜ੍ਹ ਅਤੇ ਓੜੀਸਾ ਦੇ ਵਿਚ, ਉਦਾਹਰਣ ਦੇ ਤੌਰ ਤੇ, 70-80% ਛੋਟੇ ਕਿਸਾਨ ਹਨ ਜੋ ਸਰਕਾਰੀ ਸੰਸਥਾਵਾਂ ਨੂੰ ਫਸਲ ਵੇਚਦੇ ਹਨ। ਇਸੇ ਤਰ੍ਹਾਂ, ਮੱਧ ਪ੍ਰਦੇਸ਼ ਵਿੱਚ ਵੀ ਤਕਰੀਬਨ ਅੱਧੇ (45%) ਕਿਸਾਨ ਜੋ ਆਪਣੀ ਫਸਲ ਸਰਕਾਰੀ ਖਰੀਦ ਕਰਕੇ ਵੇਚਦੇ ਹਨ, ਉਹ ਛੋਟੇ ਕਿਸਾਨ ਹੀ ਹਨ।

ਦੁਬਾਰਾ ਜ਼ਿਕਰ ਕੀਤਾ ਜਾਵੇ ਤਾਂ ਤੱਥ ਇਹ ਨਿਕਲਦੇ ਹਨ: ਪਹਿਲਾ, ਕਿਸਾਨਾਂ ਦਾ ਅਨੁਪਾਤ ਜਿਹਨਾਂ ਨੂੰ ਸਰਕਾਰੀ ਖਰੀਦ ਵਾਲ਼ੀ ਨੀਤੀ ਨਾਲ ਫ਼ਾਇਦਾ ਹੋਇਆ (ਭਾਵੇਂ ਸੁਚੱਜੇ ਢੰਗ ਨਾਲ ਜਾਂ ਨਹੀਂ), ਉਹ ਮਾਮੂਲੀ ਨਹੀਂ ਬਲਕਿ ਮਹੱਤਵਪੂਰਨ ਹੈ। ਦੂਜਾ, ਸਰਕਾਰੀ ਖਰੀਦ ਦਾ ਜੁਗਰਾਫ਼ੀਆ ਪਿੱਛਲੇ 15 ਸਾਲਾਂ ਵਿੱਚ ਬਦਲ ਗਿਆ ਹੈ। ਇਹ ਰਵਾਇਤੀ ਸੂਬੇ ਜਿਵੇਂ ਪੰਜਾਬ,ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਘੱਟ ਕੇਂਦ੍ਰਿਤ ਹੈ ਕਿਉਂਕਿ ਡੀ.ਸੀ.ਪੀ ਸੂਬੇ ਜਿਵੇਂ ਛੱਤੀਸਗੜ੍ਹ, ਉੜੀਸਾ ਅਤੇ ਮੱਧ ਪ੍ਰਦੇਸ਼ ਨੇ ਬੜੀ ਤੇਜੀ ਨਾਲ਼ ਹਿੱਸੇਦਾਰੀ ਵਧਾਈ ਹੈ। ਤੀਜਾ, ਸ਼ਾਇਦ ਸਭ ਤੋਂ ਜ਼ਰੂਰੀ – ਇਹ ਬਿਨਾਂ ਕਿਸੇ ਸੰਦੇਹ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਛੋਟੇ ਅਤੇ ਮਾਮੂਲੀ ਕਿਸਾਨਾਂ ਨੂੰ ਸਭ ਤੋਂ ਵੱਧ ਐਮ.ਐਸ.ਪੀ. ਅਤੇ ਸਰਕਾਰੀ ਖਰੀਦ ਦਾ ਲਾਭ ਹੋਇਆ ਹੈ, ਚਾਹੇ ਇਸਦਾ ਫਾਇਦਾ ਵੱਡਿਆਂ ਕਿਸਾਨਾਂ ਨੂੰ ਜ਼ਿਆਦਾ ਕਿਉਂ ਨਾ ਹੋਇਆ ਹੋਵੇ। ਇਹ ਸੱਚ ਸਪੱਸ਼ਟ ਹੈ, ਨਾ ਹੀ ਕੇਵਲ ਡੀ.ਸੀ.ਪੀ. ਸੂਬੇ ਬਲਕਿ ਰਵਾਇਤੀ ਸੂਬਿਆਂ ਲਈ ਵੀ।

ਅਸਲ ਤਸਵੀਰ

ਤੱਥਾਂ ਨੂੰ ਸਹੀ ਕਰਨਾ ਖੇਤੀ ਖੇਤਰ ਅਤੇ ਕਿਸਾਨੀ ਮੁੱਦਿਆਂ ਦੇ ਹੱਲ ਦਾ ਪਹਿਲਾ ਸਭ ਤੋਂ ਮਹੱਤਵਪੂਰਨ ਕਦਮ ਹੈ। ਅਸੀ ਕਿਸਾਨੀ ਬਾਰੇ ਕਈਆਂ ਵਿੱਚੋ ਤਿੰਨ ਅਫਵਾਹਾਂ ਉੱਤੇ ਇਸ ਲਈ ਵਿਸਥਾਰ ਨਾਲ ਵਿਚਾਰ ਕੀਤਾ ਤਾਂ ਜੋ ਸਾਨੂੰ ਇਹ ਅਹਿਸਾਸ ਹੋ ਸਕੇ ਕਿ ਸਾਨੂੰ ਐਮ.ਐਸ.ਪੀ. ਬਾਰੇ ਕਿੰਨਾ ਘੱਟ ਪਤਾ ਹੈ। ਦਾਅਵਿਆਂ ਦੀ ਸੀਮਾ, ਉਦਾਹਰਣ ਵਜੋਂ, ਵਿਭਿੰਨਤਾ ‘ਤੇ ਐਮ.ਐਸ.ਪੀ. ਦੇ ਨਤੀਜਿਆਂ ਦੀ ਵੀ ਜਾਂਚ ਕਰਨ ਦੀ ਲੋੜ ਹੈ। ਉਨ੍ਹਾਂ ਪੰਜਾਬੀਆਂ ਵਿਚੋਂ ਜਿਨ੍ਹਾਂ ਨੇ ਕਿਸੇ ਵੀ ਫਸਲ ਦੀ ਪੈਦਾਵਾਰ ਕੀਤੀ, 21-37% ਨੇ ਝੋਨੇ ਅਤੇ ਕਣਕ ਦੀ ਬਿਜਾਈ ਨਹੀਂ ਕੀਤੀ।  ਸਾਰੇ ਕਿਸਾਨ  ਘਰਾਂ ਵਿਚ ਜਿਨ੍ਹਾਂ ਨੇ ਫਸਲਾਂ ਦੀ ਪੈਦਾਵਾਰ ਨਹੀਂ ਕੀਤੀ (ਖੇਤੀ ਆਮਦਨ ਦੇ ਹੋਰ ਸਰੋਤਾਂ ਨੂੰ ਦਰਸਾਉਂਦਾ ਹੈ), ਇਕ ਵੱਡਾ ਅਨੁਪਾਤ (ਕ੍ਰਮਵਾਰ 58 ਅਤੇ 48%) ਝੋਨੇ ਅਤੇ ਕਣਕ ਤੋਂ ਦੂਰ ਰਿਹਾ, ਸੁਝਾਅ ਦਿੰਦਾ ਹੈ ਕਿ ਪੰਜਾਬ ਵਿਚ ਸਰਕਾਰੀ ਖਰੀਦ ਨੇ ਵਿਭਿੰਨਤਾ ਨੂੰ ਨਹੀਂ ਰੋਕਿਆ ਜਿਸ ਤਰਾਂ ਅਸੀਂ ਕਲਪਨਾ ਕਰਦੇ ਹਾਂ।

ਅਸੀਂ ਉਨ੍ਹਾਂ ਪ੍ਰਤੀ ਹਮਦਰਦ ਹਾਂ ਜਿਹੜੇ ਸਰਕਾਰੀ ਖਰੀਦ ਵਿਚ ਕਣਕ ਅਤੇ ਝੋਨੇ ਦੀ ਭਾਰੀ ਇਕਾਗਰਤਾ ‘ਤੇ ਸਵਾਲ ਉਠਾਉਂਦੇ ਹਨ (ਬਾਜਰਾ ਦੇਸ਼ ਦੇ ਵੱਡੇ ਹਿੱਸਿਆਂ ਵਿਚ ਮੌਜੂਦ ਖੇਤੀ-ਮੌਸਮੀ ਹਾਲਤਾਂ ਲਈ ਵਧੇਰਾ ਢੁਕਵਾਂ ਹੈ, ਵਧੇਰੇ ਪੌਸ਼ਟਿਕ ਹੈ  ਅਤੇ ਛੋਟੇ ਕਿਸਾਨਾਂ ਦੁਆਰਾ ਵੀ ਪੈਦਾ ਕੀਤਾ ਜਾਂਦਾ ਹੈ), ਜਿਹੜੇ ਮੌਜੂਦਾ ਮੰਡੀ ਪ੍ਰਣਾਲੀ ਦੀਆਂ ਕਮੀਆਂ ਨੂੰ ਉਲੇਖਦੇ ਹਨ ਜਾਂ ਐਮ.ਐਸ.ਪੀ. ਨੂੰ ਕਿਵੇਂ ਲਾਗੂ ਕੀਤਾ ਜਾਂਦਾ ਹੈ ਇਸ ਬਾਰੇ ਚਿੰਤਤ ਹਨ। ਫਿਰ ਵੀ, ਇਨ੍ਹਾਂ ਮੁੱਦਿਆਂ ‘ਤੇ ਬਹਿਸ (ਅਕਾਦਮਿਕ ਜਾਂ ਰਾਜਨੀਤਿਕ) ਵੇਲ਼ੇ , ਖਰੀਦ ਦੇ ਬਦਲੇ ਜੁਗਰਾਫੀਏ ਅਤੇ ਵੇਚਣ ਵਾਲੇ ਕਿਸਾਨ ਦੇ ਰਕਬੇ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।


ਸਾਡਾ ਏਕਾ

ਗੁਲ ਪਨਾਗ, ਸਿੰਘੂ ਮੋਰਚਾ

ਵੱਡੇ ਬੁਜੁਰਗ ਕਹਿੰਦੇ ਨੇ ਕਿ ਹਜ਼ਾਰਾਂ ਮੀਲਾਂ ਦਾ ਸਫ਼ਰ ਇਰ ਕਦਮ ਤੋਂ ਸ਼ੁਰੂ ਹੁੰਦਾ ਹੈ। ਅੱਜ ਅਸੀਂ ਆਪਣੇ ਸੰਘਰਸ਼ ਦੇ ਰਾਹੀਂ ਕਾਫ਼ੀ ਦੂਰ ਆ ਚੁੱਕੇ ਹਾਂ। ਪਰ, ਸਾਡਾ ਸਫ਼ਰ ਹਾਲੇ ਬਹੁਤ ਲੰਬਾ ਹੈ। ਜਿਹੜੇ ਸਬਕ ਅਸੀਂ ਇਸ ਲੋਕ ਸੰਘਰਸ਼  ਤੋਂ ਸਿੱਖੇ ਹਨ ਇਹ ਸਾਨੂੰ ਅੱਗੇ ਆਪਣੇ ਸਫ਼ਰ ਚ ਬਹੁਤ ਕੰਮ ਆਉਣਗੇ।

ਏਕਤਾ ਤੇ ਸਬਰ, ਸੰਘਰਸ਼ ਦੀ ਜੰਗ ਵਿਚ ਸਾਡੇ ਲਈ ਕਿਰਪਾਨ ਅਤੇ ਢਾਲ ਵਾਂਗੂੰ ਨੇ। ਤੇ ਅਸੀਂ ਸਾਰਿਆਂ ਨੂੰ ਦਿਖਾ ਚੁੱਕੇ ਹਾਂ ਕਿ ਸਾਡਾ ਏਕਾ ਕਿੰਨਾ ਮਜ਼ਬੂਤ ਹੈ। ਫੇਰ ਉਹ ਭਾਵੇਂ ਸਾਡੇ ਹਰਿਆਣੇ ਤੇ ਪੰਜਾਬ ਦੇ ਵੀਰਾਂ ਦਾ ਏਕਾ ਹੋਵੇ , ਜੋ ਮੋਢੇ ਨਾਲ ਮੋਢਾ ਜੋੜ ਇਸ ਲੜਾਈ ਵਿਚ ਲੱਗੇ ਹੋਏ ਨੇ, ਜਾਂ ਫਿਰ ਹਰ ਸੂਬੇ, ਧਰਮ ਤੇ ਜਾਤੀ ਦੇ ਲੋਕਾਂ ਦਾ ਏਕਾ  ਹੋਵੇ, ਜਿਨਾ ਨੇ ਇਸ ਠੰਡ ਚ ਇਕੱਠਿਆਂ ਰਾਤਾਂ ਕੱਟੀਆਂ ਨੇ।

ਜਿਹੜੇ ਲੋਕ ਸਾਡਾ ਹੌਸਲਾ ਤੇ ਏਕਾ ਤੋੜਨ ਨੂੰ ਫਿਰਦੇ ਸਨ, ਉਹ ਅੱਜ ਆਪ ਹਾਰੇ ਬੈਠੇ ਹਨ ਕਿਉਂਕਿ ਉਹਨਾਂ ਦੀ ਕੋਈ ਚਾਲ ਕਾਮਯਾਬ ਨਹੀਂ ਹੋ ਸਕੀ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਅਸੀਂ ਕੋਈ ਗਲਤੀ ਕਰੀਏ, ਮਾੜਾ ਬੋਲੀਏ, ਗ਼ੁੱਸਾ ਕਰੀਏ….. ਤਾਕਿ ਉਹ ਸਾਡੇ ਤੇ ਹੋਰ ਇਲਜ਼ਾਮ ਲਾ ਸਕਣ। ਪਰ ਪੰਜਾਬ ਦੇ ਹਰ ਸਿੰਘ ਤੇ ਕੌਰ ਨੇ, ਸਬਰ ਦੀ ਤਾਕਤ ਦਾ ਇਸਤਮਾਲ ਕੀਤਾ। ਕਿਸ ਤਰਾਂ ਅਸੀਂ ਹਰ ਮੋਰਚੇ ਨੂੰ ਫਤਹਿ ਕਰਨ ਦਾ ਹੌਸਲਾ ਰੱਖਦੇ ਹਾਂ ਅੱਜ ਸਾਰੀ ਦੁਨੀਆ ਦੇਖ ਚੁੱਕੀ ਹੈ।

ਸੰਘਰਸ਼ ਵਿਚ ਹਿੱਸਾ ਪਾਉਣ ਦਾ ਮੌਕਾ ਬੜੀ ਕਿਸਮਤ ਨਾਲ਼ ਮਿਲਦਾ ਹੈ, ਤੇ ਜੇ ਅਜ ਸਾਨੂੰ ਇਹ ਮੌਕਾ ਮਿਲਿਆ ਹੈ ਤੇ ਸਾਡਾ ਸਭ ਤੋਂ ਵੱਡਾ ਫਰਜ਼ ਹੈ ਕਿ ਅਸੀਂ ਇਥੋਂ ਮਿਲੇ ਸਬਕ ਕਦੇ ਨਾ ਭੁਲਾਈਏ, ਅਤੇ ਏਕਾ ਅਤੇ ਸਬਰ ਦੇ ਸਬਕ ਦੀ ਬੁਨਿਆਦ ਉੱਪਰ ਅਸੀਂ ਨਵੇਂ ਪੰਜਾਬ ਦੀ ਰਚਨਾ ਕਰੀਏ।

 ਚੜ੍ਹਦੀ ਕਲਾ।


ਸਰਕਾਰ ਨੂੰ ਸੁਨੇਹਾ 

ਨੈਨਇੰਦਰ ਸਿੰਘ ਢਿੱਲੋਂ, ਸ਼ਾਹਜਹਾਨਪੁਰ ਮੋਰਚਾ

ਮੈਂਨੂੰ ਤੇ ਮੇਰੇ ਦੋਸਤਾਂ, ਇਕਬਾਲ ਸਿੰਘ ਗਿੱਲ ਲੁਧਿਆਣੇ ਤੋਂ ਅਤੇ ਧਰਮਵੀਰ ਬਰਵਾਲਾ, ਹਿਸਾਰ ਤੋਂ ਮਿਤੀ 23-12-2020 ਨੂੰ ਗਰਮ ਕਪੜਿਆਂ ਵਾਲੇ ਛੋਟੇ ਟਰੱਕ ਨਾਲ, ਰੋਹਤਕ ਰਿਵਾੜੀ ਹੁੰਦੇ ਹੋਏ, ਹਰਿਆਣਾ ਸਰਕਾਰ ਦੇ ਹੱਥ ਕੰਢਿਆਂ ਦੇ ਬਾਵਜੂਦ ਆਥਣ 4.30 ਵਜੇ ਸਫਲਤਾ ਨਾਲ ਸ਼ਾਹਜਹਾਨਪੁਰ ਪਹੁੰਚ ਕੇ ਕਿਸਾਨਾਂ ਲਈ ਲਿਜਾਈ ਗਈ ਰਸਦ ਪਹੁੰਚਾਓਣ ਦਾ ਸੁਭਾਗ ਪ੍ਰਾਪਤ ਹੋਇਆ।

ਅਸੀਂ ਸਾਰਾ ਸਮਾਨ ‘ਸੈਂਟਰਲ ਸਟੋਰ’ ਦੇ ਇਨਚਾਰਜ ਕਾਮਰੇਡ ਚੌ. ਦਲੀਪ ਸਿੰਘ ਜੀ ਦੇ ਹਵਾਲੇ ਕਰ ਦਿਤਾ, ਜਿਥੇ ਸਾਡੀ ਮੁਲਾਕਾਤ ਰਾਏ ਬਰੇਲੀ ਤੋਂ ਇਸ ਅੰਦੋਲਨ ਵਿਚ ਹਿੱਸਾ ਲੈਣ ਆਏ ਮੁਹਤਰਮਾ ਅਰਚਨਾ ਨਾਲ ਹੋਈ ਜੋ ਪੇਸ਼ੇ ਵਜੋਂ ਇੱਕ ਵਕੀਲ ਹਨ।

ਸਮਾਨ ਸਪੁਰਦ ਕਰਕੇ ਤੁਰਨ ਲਗਿਆਂ ਅਰਚਨਾ ਸਾਹਿਬਾ ਨੇ ਬੜੀ ਹਲੀਮੀ ਨਾਲ ਹਥ ਜੋੜ ਕੇ ਸਾਡਾ ਸ਼ੁਕਰੀਆ ਅਦਾ ਕੀਤਾ, ਮੇਰੇ ਮੂੰਹੋਂ ਆਪ ਮੁਹਾਰੇ ਇਹ ਸ਼ਬਦ ਨਿੱਕਲ ਗਏ, “ਭੈਣ ਮੇਰੀ, ਸਾਡਾ ਸ਼ੁਕਰੀਆ ਕਿਸ ਗੱਲ ਦਾ, ਇਹ ਤਾਂ ਅਸੀਂ ਅਪਣਿਆਂ ਵਾਸਤੇ ਕਰ ਰਹੇ ਹਾਂ”। ਮੇਰੀ ਇਨੀਂ ਕੁ ਗੱਲ ਸੁਣ ਕੇ ਮੁਹਤਰਮਾ ਅਰਚਨਾ ਸਾਹਿਬਾ ਬਹੁਤ ਭਾਵੁਕ ਹੋ ਗਏ ਅਤੇ ਨਮ ਅਖਾਂ ਨਾਲ ਗਚ ਭਰ ਕੇ ਆਖਿਆ, “ਫਿਰ ਵੀ ਤੁਹਾਡਾ ਸ਼ੁਕਰੀਆ”। ਮੇਰੀਆਂ ਬਾਹਾਂ ਨੇ ਆਪਣੇ ਆਪ ਹੀ ਉਸ ਭੈਣ ਨੂੰ ਜੱਫੀ ਵਿਚ ਲੈ ਲਿਆ ਤੇ ਅਸੀਂ ਟੈਂਟ ਤੋਂ ਬਾਹਰ ਨਿਕਲ ਕੇ ਚਾਹ ਪੀਣ ਆ ਗਏ।

ਚਾਹ ਬਣਾਉਣ ਵਾਲਾ ਇੱਕ 65 ਸਾਲਾ ਸਿੱਖ ਸ਼ਖਸ ਸੀ ਜਿਸ ਨੇ ਬੜੇ ਪਿਆਰ ਨਾਲ ਚਾਹ ਬਣਾਈ ਤੇ ਸਤਿਕਾਰ ਨਾਲ ਪਰੋਸੀ। ਚਾਹ ਪੀੰਦਿਆਂ, ਸਰਦਾਰ ਸਾਹਿਬ ਨਾਲ ਗੱਲ ਬਾਤ ਵਿੱਚ ਪਤਾ ਲਗਿਆ ਕਿ ਉਹ ਪਹਿਲੇ ਦਿਨੋਂ ਹੀ ਉਥੇ ਬੈਠੇ ਸਨ ਤੇ 28-29 ਦਿਨ ਹੋ ਗਏ ਸਨ ਉਹਨਾਂ ਨੂੰ ਲੰਗਰ ਲਗਾਇਆਂ।

ਆਖਣ ਲੱਗੇ, “ਮੈਂ, ਘੜਸਾਣਾ 700 ਕਿ. ਮੀ. ਦੂਰ, ਰਾਜਸਥਾਨ ਤੋਂ ਆਇਆ ਹਾਂ। 65

 ਸਾਲ ਦੀ ਮੇਰੀ ਉਮਰ ਹੈ, ਸ਼ੂਗਰ ਦਾ ਮਰੀਜ਼ ਹਾਂ, ਇਥੇ ਬੈਠਿਆਂ 28-29 ਦਿਨ ਹੋ ਚੱਲੇ ਹਨ ਪਰ ਸਰਕਾਰ ਸਾਡੀ ਕੋਈ ਗਲ ਨਹੀਂ ਸੁਣ ਰਹੀ”। ਇਹ ਆਖਦਿਆਂ ਉਹਨਾਂ ਦਾ ਭਰਿਆ ਮਨ ਅਖਾਂ ਰਾਹੀਂ ਡੁਲ ਪਿਆ, ਸਾਡਾ ਵੀ ਜੀ ਭਰ ਆਇਆ, ਤੇ ਮੈਂ ਅਗੇ ਵੱਧ ਕੇ ਉਹਨਾਂ ਨੂੰ ਵੀ ਜੱਫੀ ਵਿੱਚ ਲੈ ਲਿਆ।

ਸਰਦਾਰ ਸਾਹਿਬ ਦੇ ਇਸ ਤਰ੍ਹਾਂ ਫੁੱਟ ਪੈਣ ਵਿੱਚ ਦੁਖ ਵੀ ਸੀ ਤੇ ਇੱਕ ਰੋਹ ਵੀ। ਰੋਹ ਇਸ ਗੱਲ ਦਾ ਕਿ ਆਪਣੀ ਹੀ ਸਰਕਾਰ ਆਪਣੇ ਹੀ ਨਾਗਰਿਕਾਂ ਦੀ ਆਵਾਜ਼ ਦਬਾ ਰਹੀ ਹੈ ਤੇ ਦੁੱਖ ਇਸ ਗੱਲ ਦਾ ਕਿ ਇਸ 28-29 ਦਿਨਾਂ ਦੇ ਸੰਘਰਸ਼ ਵਿੱਚ ਕਈ ਕਿਸਾਨ ਸ਼ਹੀਦ ਹੋ ਚੁੱਕੇ ਸਨ। ਇਕ ਕਾਰਨ ਇਹ ਵੀ ਸੀ ਕਿ ਕੁਝ ਸਾਲ ਪਹਿਲਾਂ ਉਹਨਾਂ ਦੇ ਇਲਾਕੇ ਵਿਚ ਨਹਿਰੀ ਪਾਣੀ ਦੀ ਮੰਗ ਅਤੇ ਸਹੀ ਵਾਰਾ ਬੰਦੀ ਦੇ ਮੁੱਦੇ ਤੇ ਕਿਸਾਨੀ ਮੋਰਚੇ ਵਿੱਚ ਵੀ ਕੁਝ ਕਿਸਾਨ ਸ਼ਹੀਦ ਹੋ ਗਏ ਸਨ ਅਤੇ ਹੁਣ ਵੀ …………।

ਆਪਣੇ ਹੀ ਹੱਕ ਲਈ ਕਿਸਾਨ ਦੀ ਵਡਮੁੱਲੀ ਜਾਨ ਦਾ ਜਾਣਾ ਉਹਨਾਂ ਤੋਂ ਜਰਿਆ ਨਹੀਂ ਜਾ ਰਿਹਾ ਸੀ।

ਸਰਦਾਰ ਸਾਹਿਬ ਆਪਣੇ ਆਪ ਨੂੰ ਸੰਭਾਲਦੇ ਹੋਏ ਆਖਣ ਲਗੇ, “ਅਸੀਂ ਜਦੋਂ ਪਹਿਲੇ ਦਿਨ ਆਏ ਸਾਂ ਤਾਂ ਸਾਡੇ ਕੋਲ ਕੁਝ ਵੀ ਨਹੀਂ ਸੀ, ਤੇ ਹੁਣ ਵੇਖੋ ਪਰਮਾਤਮਾ ਦੀ ਕਰਨੀ, ਸਭ ਕਾਸੇ ਦੇ ਭੰਡਾਰ ਲਗੇ ਹੋਏ ਹਨ”।

ਅਰਚਨਾ ਸਾਹਿਬਾ ਨੂੰ ਸਾਡੇ ਨਾਲ ਵੇਖ ਕੇ ਉਹਨਾਂ ਦੇ ਹੋਰ ਸਾਥੀ, ਜਿਹਨਾਂ ਵਿਚ ਪੁਸਕਰ, ਇੱਕ ਲੜਕਾ ਕਾਨਪੁਰ ਤੋਂ ਤੇ ਇੱਕ ਸਾਬਕਾ ਐਮ. ਐਲ. ਏ. ਘੜਸਾਣਾ ਵੀ ਸਨ, ਉਥੇ ਆ ਗਏ। ਖੁਲ ਕੇ ਗੱਲਾਂ ਹੋਈਆਂ; ਚੜ੍ਹਦੀ ਕਲਾ੍ਹ ਦੀਆਂ, ਮਹੀਨਾਂ ਪੋਹ ਦੀਆਂ, ਸ਼ਹਾਦਤਾਂ ਨੂੰ ਯਾਦ ਕੀਤਾ ਗਿਆ, ਸਿੱਖੀ ਸਿਦਕ, ਸਬਰ ਤੇ ਜੱਦੋ ਜਹਿਦ ਨੂੰ ਧਿਆਇਆ ਗਿਆ, ਨਾਰ੍ਹੇ ਲਾਏ ਗਏ; ਮਨੋ ਬੱਲ ਫਿਰ ਦੂਣਾ ਹੋ ਗਿਆ।

ਤੁਰਨ ਲਗਿਆਂ ਅਰਚਨਾ ਸਾਹਿਬਾ ਅਤੇ ਪੁਸਕਰ ਨੇ ਸਾਨੂੰ ਆਖਿਆ, “ਆਪ ਕੇ ਆਨੇ ਸੇ ਹਮਾਰੇ ਹੌਸਲੇ ਬੁਲੰਦ ਹੋ ਗਏ ਹੈਂ, ਹਮੇ ਲਗਤਾ ਹੈ ਕਿ ਹਮ ਅਕੇਲੇ ਨਹੀਂ”। ਸਾਨੂੰ ਲਗਿਆ ਸਾਡਾ ਸਹੀ ਵਿਚ ਅਸਲ ਮਨੋਰਥ ਪੂਰਾ ਹੋ ਗਿਆ।

ਅਰਚਨਾ ਸਾਹਿਬਾ ਤੇ ਸਰਦਾਰ ਸਾਹਿਬ ਨੂੰ ਮਿਲ ਕੇ, ਉਹਨਾਂ ਨਾਲ ਗੱਲਾਂ ਕਰ ਕੇ ਅਸੀਂ ਇਹ ਮਹਿਸੂਸ ਕੀਤਾ ਕਿ ਸਾਨੂੰ ਕੁਝ ਗੁਆਚੇ ਹੋਏ ਲਾਲ ਵੀ ਲੱਭ ਗਏ ਅਤੇ ਅਸੀਂ ਇਹ ਗੁਜ਼ਾਰਿਸ਼ ਕਰਾਂਗੇ ਕਿ ਕੋਈ ਵੀ ਜਦੋਂ ਇਹਨਾਂ ਬਾਰਡਰਾਂ ਤੇ ਜਾਵੇ ਤਾਂ ਲਾਜ਼ਮੀ ਸਮਝੇ ਕਿ ਕੁਝ ਪਲ ਇਹਨਾਂ ਸੰਘਰਸ਼ ਕਰਦੀਆਂ ਰੂਹਾਂ ਨਾਲ਼  ਵਿਚਾਰ ਵਟਾਂਦਰੇ ਵਿਚ ਬਿਤਾਏ ਜਾਣ, ਤਾਂ ਕੇ ਉਹਨਾਂ ਨਾਲ਼ ਇੱਕ ਅਪਣੱਤ, ਸਾਂਝ ਅਤੇ ਕੌਮੀਅਤ ਦਾ ਅਹਿਸਾਸ ਪੁਖਤਾ ਹੋ ਕੇ ਉਭਰੇ। ਇਸ ਤੋਂ ਉਪਰ ਇਹ ਵਿਚਾਰ ਵਟਾਂਦਰਾ ਤੁਹਾਡਾ ਗੁਆਚਿਆ ਹੋਇਆ ਆਪਾ ਲੱਭਣ ਵਿਚ ਮਦਦਗਾਰ ਸਾਬਿਤ ਹੋ ਸਕਦਾ ਹੈ।

ਜਾਂਦੇ ਜਾਂਦੇ ਸਰਕਾਰ ਨੂੰ ਇੱਕ ਛੋਟਾ ਜਿਹਾ ਸੁਨੇਹਾ ਦਿੰਦਿਆਂ ਮੇਰੇ ਮਨ ਵਿੱਚੋਂ ਇੱਕ ਹੂਕ ਉਠੀ ਕਿ ਉਹ ਇਨਸਾਨੀਅਤ ਦਾ ਘਾਣ ਕਰਨਾ ਛਡ ਕੇ ਆਪਣੇ ਨਾਗਰਿਕਾਂ ਦੀ ਭਲੇ ਬਾਰੇ ਸੋਚੇ।

“ਖੁਦੀ ਤਕਬਰ ਛੱਡ ਕੇ ਬਣ ਜਾਈਏ ਇਨਸਾਨ”


ਕੇਰਲਾ ਤੋਂ ਆਏ ਅਨਾਨਾਸ

ਵਿੱਕੀ ਮਹੇਸਰੀ,  ਸਿੰਘੂ ਬਾਰਡਰ

ਕੇਰਲਾ ਖੇਤੀਬਾੜੀ ਮੰਤਰੀ ਕਾਮਰੇਡ ਵੀ ਸੁਨੀਲ ਕੁਮਾਰ ਨੇ ਸਿਰਫ਼ 20 ਟਨ ਅਨਾਨਾਸ ਨਾਲ ਭਰੇ ਟਰੱਕ ਨੂੰ ਹੀ ਹਰੀ ਝੰਡੀ ਨਹੀਂ ਦਿੱਤੀ ਬਲਕਿ ਕੇਰਲਾ ਵਿਧਾਨ ਸਭਾ ਵਿਚ ਪੈਦਾਕਾਰ ਕਿਸਾਨਾਂ ਦੀਆਂ 16 ਫ਼ਲ ਤੇ ਸਬਜ਼ੀਆਂ ਤੇ ਘਟੋਂ ਘੱਟ ਸਮਰਥਨ ਮੁੱਲ ਨੂੰ ਵੀ ਹਰੀ ਝੰਡੀ ਦਿੱਤੀ ਹੈ। ਵਿਧਾਨਸਭਾ ਨੇ ਸਾਂਝੇ ਮੱਤ ਨਾਲ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਗਾਹ ਮਾਰਿਆ ਹੈ। ਤੇ ਉਥੋਂ ਦੇ ਕਿਸਾਨਾਂ ਵੱਲੋਂ ਦਸਾਂ ਨੌਹਾਂ ਦੀ ਕਿਰਤ ਨਾਲ ਪੈਦਾ ਕੀਤਾ ਅਨਾਨਾਸਾਂ ਨਾਲ ਨੱਕੋ ਨੱਕ ਭਰਿਆਂ ਟਰੱਕ 3000 ਕਿਲੋਮੀਟਰ ਦਾ ਪੈਂਡਾ ਤਹਿ ਕਰ 5 ਦਿਨਾਂ ਚ ਕੇਰਲਾ ਦੇ ਕਿਸਾਨਾਂ ਦਾ ਇਸ ਅੰਦੋਲਨ ਪ੍ਰਤੀ ਪਿਆਰ ਤੇ ਹਮਾਇਤ ਲੈ, ਟਿਕਰੀ ਬਾਰਡਰ ਅੱਪੜ ਜਾਂਦਾ ਹੈ। ਲੋਕਾਂ ਨੇ ਕੇਰਲਾ ਸਰਕਾਰ ਦੇ ਕਿਸਾਨ ਪੱਖੀ ਹੋਣ ਬਾਰੇ ਅਖਬਾਰਾਂ ਰਾਹੀਂ ਪੜਿਆ ਸੁਣਿਆ ਹੈ, ਤੇ ਹੁਣ ਕਾਮਰੇਡ ਬਿਨੋਏ ਵਿਸ਼ਵਮ ਨੇ ਇਹ ਅਨਾਨਾਸ ਲੋਕਾਂ ਦੇ ਸੁਪੁਰਦ ਕਰਦਿਆਂ ਟਿਕਰੀ ਬਾਰਡਰ ਦੇ ਮੰਚ ਤੋਂ ਹਿੰਦੀ ਚ ਕਹਿਣ ਦੀ ਕੋਸ਼ਿਸ਼ ਕੀਤੀ ਹੈ, “ਯੇ ਫਰੂਟ ਉਪਰ ਸੇ ਖੁਰਦੁਰਾ ਹੈ ਪਰ ਅੰਦਰ ਸੇ ਬਹੁਤ ਮੀਠਾ ਹੈ। ਇਸ ਮੇਂ ਕੇਰਲਾ ਕੇ ਲੋਗੋਂ ਕੇ ਪਿਆਰ ਕੀ ਮਿਠਾਸ ਹੈ”। ਇਹ ਸੱਜਣ ਰਾਜ ਸਭਾ ਵਿੱਚ ਕੇਰਲਾ ਦੇ ਲੋਕਾਂ ਦਾ ਨੁਮਾਇੰਦਾ ਵੀ ਹੈ ਤੇ ਇਹਨਾਂ ਕਾਨੂੰਨਾਂ ਦੇ ਵਿਰੁੱਧ ਪਾਰਲੀਮੈਂਟ ਵਿੱਚ ਡਟ ਕੇ ਬੋਲਣ ਵਾਲਾ ਜਾਣਿਆ ਪਹਿਚਾਣਿਆ ਚਿਹਰਾ ਵੀ। ਉਹ ਮਾਣ ਨਾਲ ਆਖਦੇ ਹਨ, “ਸਾਡੇ ਸੂਬੇ ਚ ਸਰਕਾਰ ਘਟੋਂ ਘੱਟ ਸਮਰਥਨ ਮੁੱਲ MSP ਦਾ ਰੇਟ ਚਾਵਲ : 27.48 ਰੁਪਏ ਪ੍ਰਤਿ ਕਿਲੋਗ੍ਰਾਮ, ਨਾਰੀਅਲ 27 ਰੁ; ਕੇਲੇ 30 ਰੁ; ਲਸਣ 139 ਰੁ; ਅਨਾਨਾਸ 15 ਰੁ; ਟਮਾਟਰ 8 ਰੁ; ਬੀਨਜ਼ 34 ਰੁ; ਭਿੰਡੀ 20 ਰੁ; ਫੁੱਲਗੋਭੀ 11 ਰੁ; ਆਲੂ 20 ਰੁਪਏ ਪ੍ਰਤਿ ਕਿਲੋਗ੍ਰਾਮ ਦੇ ਹਿਸਾਬ ਨਾਲ ਸਰਕਾਰੀ ਖ੍ਰੀਦ ਹੈ। ਇਹੀ ਨਹੀਂ ਕਿਸਾਨਾਂ ਲਈ ਸਾਲਾਨਾ ਕੁੱਲ 18000 ਰੁਪਏ ਪੈਨਸ਼ਨ, ਸਰਕਾਰੀ ਬੀਮਾ ਤੇ ਪ੍ਰਤੀ ਹੈਕਟੇਅਰ 2000 ਰੁਪਏ ਰੋਇਲਟੀ ਦੀ ਵੀ ਵਿਵਸਥਾ ਹੈ।” ਜਿਸ ਪਲ ਉਹ ਮੰਚ ਤੋਂ ਇਹ ਲਿਸਟ ਪੜ ਰਹੇ ਹਨ ਤੇ ਮੂਹਰੇ ਬੈਠੇ ਕਿਸਾਨ ਉਸੇ ਪਲ ਆਪਣੀ ਸਾਲਾਂਬੱਧੀ ਹੋਣੀ ਦਾ ਹਿਸਾਬ ਕਿਤਾਬ ਕਰ ਰਹੇ ਹਨ। ਉਹਨਾਂ ਆਪਣੇ ਮਨ ਦੇ ਵਹੀ ਖਾਤੇ ਲਾਜ਼ਿਮ ਖੋਲ੍ਹੇ ਹੋਣਗੇ। ਇਸੇ ਪਲ ਦੀ ਕਿਸੇ ਤਿੜਕ ‘ਚ ਆਪਣੇ ਮਨ ਦੇ ਕਿਸੇ ਕੋਨੇ ‘ਚ ਖੋਰੇ ਕੋਈ ਕਿਸਾਨ ਕੇਰਲਾ ਦਾ ਆਪਣੇ ਹਿਸਾਬ ਨਾਲ ਕੋਈ ਨਕਸ਼ਾ ਉਕਰ ਰਿਹਾ ਹੋਵੇ ਤੇ ਅਨਾਨਾਸ ਵਾਲੇ ਹੱਥਾਂ ਨੂੰ ਆਪਣੇ ਹੱਥਾਂ ਚ ਮਹਿਸੂਸ ਕਰ ਰਿਹਾ ਹੋਵੇ। ਕਿਸੇ ਕੋਨੇ ਤੇ ਵੀ ਵਸਦੇ ਹੋਈਏ, ਆਖਿਰ ਅਸੀਂ ਸਭ ਕਿਰਤਾਂ ਵਾਲੇ ਹੀ ਹਾਂ। ਅਨਾਨਾਸ ਫਾਰਮਰਜ਼ ਐਸੋਸੀਏਸ਼ਨ ਦਾ ਪ੍ਰਧਾਨ ਥੌਮਸ ਕੋਰਾਸੇ ਆਖਦਾ ਹੈ, “ਅਸੀਂ ਓਦੋਂ ਤੱਕ ਡਟ ਕੇ ਲੜਾਂਗੇ ਜਦੋ ਤੱਕ ਇਹ ਕਾਨੂੰਨ ਵਾਪਿਸ ਨਹੀਂ ਹੋ ਜਾਂਦੇ। ਅਸੀਂ ਧਰਤੀ ਦੇ ਜਾਏ, ਖੇਤਾਂ ਦੇ ਪੁੱਤ ਇਸ ਹੋਣੀ ਤੋਂ ਕਿਤੇ ਬਲਵਾਨ ਹਾਂ।” ਲਓ ਜੀ ਉਥੋਂ ਦੇ ਵਲੰਟੀਅਰਾਂ ਨੇ ਟਰੱਕ ਦੇ ਮੂਹਰੇ ਹੋ ਸਪੀਕਰ ਤੇ ਆਵਾਜ਼ ਲਗਾਈ ਹੈ, “ਆਜੋ ਭਾਈ ਲੈ ਜੋ, ਲੈ ਜੋ ਕੇਰਲਾ ਦੇ ਕਿਸਾਨਾਂ ਨੇ ਅਨਾਨਾਸ ਦਾ ਲੰਗਰ ਭੇਜਿਆ”। ਅਗਲੇ ਹੀ ਪਲ ਉਥੋਂ ਦੇ ਕਿਸਾਨਾਂ ਦੀ ਕਿਰਤ ਏਥੇ ਜੂਝਦੇ ਲੋਕਾਂ ਦੀਆਂ ਝੋਲੀਆਂ ਚ ਹੈ। ਲਗਭਗ ਡੇਢ ਦਿਨ ਅਸੀਂ ਟਿਕਰੀ ਤੇ ਸਿੰਘੁ ਬਾਰਡਰ ਤੇ ਇਹ ਵੰਡਦੇ ਰਹੇ। ਅਸੀਂ ਸੱਚਮੁੱਚ ਇਕ ਪਿੰਡ ਚ ਹਾਂ, ਅਜਿਹਾ ਪਿੰਡ ਜਿੱਥੇ ਸਭ ਕੁੱਝ, ਸਭ ਦਾ ਸਾਂਝਾ ਹੈ। ਓਥੋਂ ਪੈਂਡਾ ਤਹਿ ਕਰਕੇ ਆਏ ਟਰੱਕ ਦੇ ਦੋਵੇਂ ਡਰਾਈਵਰ ਲੋਕਾਂ ਦੇ ਪਿਆਰ ਤੇ ਸ਼ੁਕਰਾਨਿਆਂ ਨੂੰ ਲੱਦ ਕੇ ਫਿਰ ਰਵਾਨਾ ਹੋ ਚੁੱਕੇ ਹਨ। ਸਾਡੀਆਂ ਟਰਾਲੀਆਂ ਚ ਪਿਆ ਅਨਾਨਾਸ ਕੇਵਲ ਫ਼ਲ ਨਹੀਂ, ਬਲਕਿ ਸੋਚ ਦੀ ਜਵਾਲਾ ਦਾ ਉਹ ਨੁਕਤਾ ਹੈ ਜੋ ਸਾਨੂੰ ਇਸ ਪਿੜ ‘ਚ ਖੜਿਆਂ ਨੂੰ ਹੌਂਸਲਾ, ਜਜ਼ਬਾ ਤੇ ਰਮਜ਼ ਦਿੰਦਾ ਹੈ।ਇੱਕੋ ਹੱਲ, ਲੜੀ ਚੱਲ  

ਇੰਦਰ ਬਾਜਵਾ

ਇਸ ਲੋਕ ਲਹਿਰ ਦੇ ਚਲਦਿਆਂ ਕਿੰਨੀਆਂ ਹੀ ਸਿਖਿਆਵਾਂ ਰੋਜ਼ ਮਿਲਦੀਆਂ ਹਨ, ਤੇ ਨਾਲ ਹੀ ਕਿੰਨੀਆਂ ਜ਼ਿੰਮੇਦਾਰੀਆਂ ਦਿਖਦੀਆਂ ਹਨ, ਜਿੰਨਾਂ ਨੂੰ ਦੇਖਣ ਤੋਂ ਬਾਅਦ ਉਹਨਾਂ ਨੂੰ ਅੱਖੋਂ ਪਰੋਖੇ ਕਰਨਾ ਬਹੁਤ ਹੀ ਆਸਾਨ ਹੁੰਦਾ ਹੈ| ਮਨ ਕਹਿੰਦਾ ਕਿ ਆਪੇ ਕੋਈ ਹੋਰ ਕਰਲੂਗਾ ਮੈਂ ਤਾਂ ਐਥੇ ਆਇਆ ਹੀ ਇਕ ਦੋ ਦਿਨਾਂ ਲਈ ਹਾਂ, ਮੈਂ ਕੋਈ ਕੰਮ ਸ਼ੁਰੂ ਹੀ ਕਿਉਂ ਕਰਾਂ ਜਿਹਨੂੰ ਲਗਤਾਰ ਕਰ ਨਾ ਸਕਿਆ| ਇਸੇ ਤਰਾਂ ਦੇ ਕਈ ਸਵਾਲ ਤੇ ਸ਼ੰਕਾਵਾਂ ਉਠਦੀਆਂ ਹਨ।

ਜੇ ਗੁਰੂ ਨਾਨਕ ਦੇਵ ਜੀ ਆਪਣੇ ਅੰਦਰ ਉੱਠੇ ਸਵਾਲਾਂ ਕਰਕੇ ਵੀਹ ਰੁਪੀਆਂ ਦਾ ਲੰਗਰ ਨਾ ਲਾਉਂਦੇ ਤੇ ਇਹ ਸੋਚ ਕੇ ਛੱਡ ਦਿੰਦੇ ਕਿ ਇਹਨਾਂ ਮੁੱਠੀ ਭਰ ਸਾਧੂਆਂ ਨੂੰ ਖਵਾ ਕੇ ਕੀ ਬਣੂ, ਇਸ ਤਰਾਂ ਦੇ ਭੁੱਖੇ ਲੋਕ ਤਾਂ ਲੱਖਾਂ ਨੇ ਤੇ ਨਾਲੇ ਜੇ ਮੈਂ ਇੰਨਾਂ ਸਾਧੂਆਂ ਨੂੰ ਹਰ ਰੋਜ਼ ਰੋਟੀ ਨਹੀਂ ਖਵਾ ਸਕਦਾ ਤਾਂ ਮੈਂ ਇਹਨਾਂ ਨੂੰ ਇਕ ਦਿਨ ਰੋਟੀ ਖਵਾ ਕੇ ਨਿੱਤ ਖਵਾਉਣ ਦੀ ਝੂਠੀ ਆਸ ਕਿਉਂ ਬੰਨਾਂ!

 ਪਤਾ ਨਹੀਂ ਹੋਰ ਵੀ ਕਿੰਨੇ ਸਵਾਲ ਗੁਰੂ ਜੀ ਦੇ ਜ਼ਿਹਨ ‘ਚ ਆਏ ਹੋਣਗੇ| ਪਰ ਉਹਨਾਂ ਨੇ ਉਹੀ ਕੀਤਾ ਜੋ ਉਸ ਵਖਤ ਦੀ ਲੋੜ ਸੀ! ਤੇ ਭੁੱਖੇ ਨੂੰ ਲੰਗਰ ਛਕਾਉਣ ਦੀ ਸ਼ੁਰੂ ਹੋਈ ਪ੍ਰਥਾ ਅੱਜ ਵੀ ਕਾਇਮ ਹੈ| ਇਸੇ ਤਰਾਂ ਹੀ ਹੋਰ ਬਹੁਤ ਸਾਰੇ ਇਨਸਾਨਾਂ ਨੇ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਲੋਕਾਈ ਲਈ ਸੋਚਿਆ ਤੇ ਉਹਨਾਂ ਦੀਆਂ ਕੀਤੀਆਂ ਸ਼ੁਰੂਆਤਾਂ ਹੁਣ ਹਜ਼ਾਰਾਂ ਸਾਲਾਂ ਬਾਅਦ ਵੀ ਕਾਇਮ ਨੇ ਕੁਝ ਦਿਨ ਪਹਿਲਾਂ ਜਦ ਸ਼ਾਮ ਦੀ ‘ਸਾਂਝੀ ਸੱਥ’ ਵਿਚ ਆਈ ਇੱਕ ਕੁੜੀ ਅਮਨਿੰਦਰ ਨੇ ਇਥੋਂ ਤੱਕ ਪਹੁੰਚਣ ਦੀ ਆਪਣੀ ਗਾਥਾ ਦੱਸੀ ਤਾਂ ਉਹਦੇ ਹੰਝੂਆਂ ਨਾਲ ਸਭ ਦਾ ਮਨ ਪਸੀਜਿਆ ਗਿਆ| ਉਹ ਆਵਦੇ ਘਰੋਂ ਪਹਿਲੀ ਵਾਰ ਇਸ ਤਰਾਂ ਬਾਹਰ ਆਈ ਸੀ ਤੇ ਏਨੇ ਇਕੱਠ ਵਿਚ ਘਬਰਾਈ ਹੋਈ ਸੀ| ਸਭ ਨੇ ਉਹਨੂੰ ਪਰਿਵਾਰ ਦੀ ਤਰਾਂ ਮਹਿਸੂਸ ਕਰਵਾਇਆ। 

ਅਗਲੀ ਸਵੇਰ ਨੂੰ ਜਦ ਅਸੀਂ ਮਿਲੇ ਤਾਂ ਕਹਿੰਦੀ ਭਾਜੀ ਮੈਂ ਕੀ ਕਰਾਂ? ਮੈਂ ਕਿਹਾ ਸੱਥ ਦੀਆਂ ਕੰਧਾਂ ਸੱਖਣੀਆਂ ਨੇ ਇਹਨਾਂ ਤੇ ਇਨਕਲਾਬ ਲਿਖਦੇ| ਉਹਨੇ ਅਗਲੇ ਦੋ ਦਿਨ ਹੋਰਨਾਂ ਨੂੰ ਇਕੱਠੇ ਕਰਕੇ ਇਨਕਲਾਬ ਦੇ ਐਸੇ ਸੁਨੇਹੇ ਲਿਖਣੇ ਸ਼ੁਰੂ ਕਰ ਦਿੱਤੇ, ਬਹੁਤ ਜਾਣੇ ਨਾਲ ਜੁੜ ਗਏ “ਇਕੋ ਹਲ ਲੜੀ ਚਲ”, ਕਿਸੇ ਨੇ ਪੇਂਟਿੰਗ ਬਣਾਈ|

ਅਮਨਿੰਦਰ ਭਲਾਂ ਦੋ ਦਿਨਾਂ ਬਾਅਦ ਨਾ ਚਾਉਂਦੇ ਹੋਏ ਵੀ ਰੋਂਦੀ ਹੋਈ ਚਲੀ ਗਈ, ਪਰ ਉਹਦੇ ਜਾਣ ਪਿਛੋਂ ਉਹਦਾ ਸ਼ੁਰੂ ਕੀਤਾ ਕੰਮ ਹੁਣ ਵੀ ਚਲ ਰਿਹਾ ਹੈ, ਕਰਨ ਵਾਲਿਆਂ ਚੋਂ ਬਹੁਤਿਆਂ ਨੂੰ ਪਤਾ ਵੀ ਨਹੀਂ ਕਿ ਇਸਦੀ ਸ਼ੁਰੂਆਤ ਕਰਨ ਵਾਲੀ ਤਾਂ ਏਥੇ ਹੈ ਹੀ ਨਹੀਂ ਅਸੀਂ ਇਥੇ ਇਕਠੇ ਹੋਏ ਹਾਂ ਤੇ ਇਕ ਦੂਜੇ ਲਈ ਕੁਝ ਚੰਗਾ ਕਰਨ ਦੀ ਇਛਾ ਵੀ ਰਖਦੇ ਹਾਂ ਆਸ ਪਾਸ ਝਾਕੀਏ, ਬੜੇ ਕੰਮ ਹੋਣ ਵਾਲੇ ਨੇ, ਨਿੱਕੇ ਜਿਹੇ ਕੰਮ ਦੀ ਜ਼ਿੰਮੇਦਾਰੀ ਲੈ ਕੇ ਆਵਦਾ ਫਰਜ਼ ਮੰਨੀਏ| ਜੀਅ ਲਾ ਕੇ ਬਾਬੇ ਨਾਨਕ ਨੂੰ ਚੇਤੇ ਕਰਦੇ ਹੋਏ ਉਹ ਕੰਮ ਕਰੀਏ|

ਆਉ, ਇੱਕ ਨਵੀਂ ਸ਼ੁਰੂਆਤ ਕਰੀਏ| ਅਸੀਂ ਭਲੇ ਹੀ ਇੱਥੋਂ ਚਲੇ ਜਾਣਾ ਹੈ, ਪਰ ਸਾਡੇ ਸ਼ੁਰੂ ਕੀਤੇ ਕਾਰਜ ਚਲਦੇ ਰਹਿਣਗੇ|


ਕੀ ਸਰਕਾਰ ਕਨੂੰਨਾਂ ਨੂੰ ਵਾਪਿਸ ਲਵੇਗੀ?

ਅਮਨਦੀਪ ਸੰਧੂ

ਉਹ ਜਿਹੜੇ ਵਾਰ-ਵਾਰ ਪੁਛਦੇ ਹਨ ਕਿ ਕਿਸਾਨ ਮੋਰਚਾ ਕਦ ਤੱਕ ਚੱਲੇਗਾ? ਕੀ ਸਰਕਾਰ ਕਨੂੰਨਾਂ ਨੂੰ ਵਾਪਿਸ ਲਵੇਗੀ?

ਇਸਦੇ ਜਵਾਬ ਵਿਚ ਯਾਦ ਕਰੋ, ਵੀਹਵੀਂ ਸਦੀ ਵਿਚ ਦੋ ਸਾਲ ਲੰਬੇ ਚੱਲੇ ਗੁਰਦੁਆਰਾ ਸੁਧਾਰ ਸੰਘਰਸ਼ ਮਗਰੋਂ 17 ਜਨਵਰੀ 1922 ਨੂੰ ਅਕਾਲੀ ਲੀਡਰ ਬਾਬਾ ਖੜਕ ਸਿੰਘ ਜੀ ਨੂੰ ਦਰਬਾਰ ਸਾਹਿਬ ਦੀਆਂ ਚਾਬੀਆਂ ਸੌਂਪੀਆਂ ਗਈਆਂ ਸਨ। ਗਾਂਧੀ ਜੀ ਨੇ ਬਾਬਾ ਜੀ ਨੂੰ ਵਧਾਈ ਦੇ ਤੌਰ ਤੇ ਇਕ ਤਾਰ ਭੇਜਿਆ ਜਿਸ ਵਿਚ ਲਿਖਿਆ ਸੀ : “ਅਜ਼ਾਦੀ ਦੀ ਪਹਿਲੀ ਫੈਸਲਾਕੁੰਨ ਲੜਾਈ ਜਿੱਤੀ ਗਈ – ਵਧਾਈ”। ਜਦ ਕਿ ਭਾਰਤ ਨੂੰ ਅਜ਼ਾਦ ਕਰਾਉਣ ਨੂੰ ਲਗਭਗ 25 ਸਾਲਾਂ ਤੱਕ ਦਾ ਸਮਾਂ ਹੋਰ ਲੱਗਣ ਦੇ ਮਗਰੌਂ ਭਾਰਤ ਦੇਸ਼ ਅਜ਼ਾਦ ਹੋਇਆ ਸੀ। ਇਸਦੇ ਮਗਰੋਂ ਪੰਜਾਬੀ ਸੂਬੇ ਦਾ ਅੰਦੋਲਨ 11 ਸਾਲ ਯਾਨੀ ਕਿ ਇੱਕ ਦਹਾਕੇ ਤੋਂ ਵੀ ਵੱਧ 1955-1966 ਤੱਕ ਚਲਿਆ ਸੀ।

ਹੁਣ ਕੀ ਕਾਹਲੀ ਪਈ ਹੈ?

ਜੇ ਕਰ ਤੁਸੀਂ ਸੱਚਮੁੱਚ ਕਿਸਾਨਾਂ ਦੀ ਫਿਕਰ ਕਰਦੇ ਹੋ, ਅਤੇ ਚਾਹੁੰਦੇ ਹੋ ਕਿ ਕਿਸਾਨ ਵੀਰ ਆਪੋ-ਆਪਣੇ ਘਰਾਂ ਨੂੰ ਮੁੜਨ, ਚੈਨ ਦੀ ਨੀਂਦ ਸੌਣ ਤਾਂ ਵੇਖੋ ਕਿ ਕੱਲ ਦੀ ਰਾਤ ਦਾ ਤਾਪਮਾਨ 1.1 ਡਿਗਰੀ ਸੀ, ਤੇ ਹੁਣ ਦਰਸ਼ਕ ਬਨਣ ਦਾ ਸਮਾਂ ਨਹੀਂ ਹੈ।  

ਸਰਕਾਰ ਇਸ ਕਦਰ ਤਕ ਕਨੂੰਨਾਂ ਨੂੰ ਤਬਦੀਲ ਕਰਨ ਨੂੰ ਤਿਆਰ ਹੈ ਜਿਸ ਕਰਕੇ ਇਹ ਨਾਮ ਮਾਤਰ ਕਨੂੰਨ ਹੀ ਰਹਿ ਜਾਣਗੇ। ਇਸਤੋਂ ਇਹ ਸਾਫ ਜਾਪਦਾ ਹੈ ਕਿ ਸਰਕਾਰ ਗਲਤ ਹੈ ਅਤੇ ਕਿਸਾਨ ਆਗੂ ਸਹੀ ਹਨ। ਸੱਚਮੁੱਚ ਵਿਚ ਇਹ ਕਨੂੰਨ ਕਾਲੇ ਹੀ ਹਨ ਅਤੇ ਦੇਸ਼ ਦੇ ਕਿਸਾਨਾਂ ਦੇ ਵਿਰੁੱਧ ਹਨ। ਇਸ ਕਰਕੇ ਬੇਨਤੀ ਹੈ ਕਿ ਸਾਰੇ ਆਪੋ ਆਪਣੇ ਘਰਾਂ ਚੋਂ ਬਾਹਰ ਨਿਕਲੋ ਅਤੇ ਆਪਣੇ ਵਿਰੋਧ ਨੂੰ ਬੁਲੰਦ ਆਵਾਜ਼ ਦਿਉ ਅਤੇ ਇਸ ਅੰਦੋਲਨ ਵਿਚ ਹਿੱਸਾ ਪਾਉ, ਕੇਵਲ ਤਾਂ ਹੀ ਸਰਕਾਰ ਝੁਕਣ ਨੂੰ ਤਿਆਰ ਹੋਵੇਗੀ। ਵੈਸੇ ਵੀ ਸਾਰੇ ਕਿਸਾਨ ਅੌਖੇ ਤੇ ਵਿਰੋਧੀ ਹਾਲਤਾਂ ਵਿਚ ਵੀ ਹਰ ਹੀਲੇ, ਇਸ ਲੰਮੇ ਸੰਘਰਸ਼ ਦੀ ਤਿਆਰੀ ਕਰਕੇ ਹੀ ਆਏ ਹਨ।


ਬਾਬਾ ਗੰਡਾ ਸਿੰਘ

ਨਾਮ ਗੰਡਾ ਸਿੰਘ
ਉਮਰ
੧੦੮ +
ਪਿੰਡ
ਮਲੂਕਪੁਰ, ਫਾਜ਼ਿਲਕਾ, ਪੰਜਾਬ

 ਬਾਪੂ ਜੀ ਆਪਣੇ ਪਿੰਡ ਤੋਂ ਆਪ ਆਏ ਹਨ. ਉਹਨਾਂ ਦੇ ਪਿੰਡ ਦੀਆਂ ਟਰਾਲੀਆਂ ਨੇ ਬਾਪੂ ਜੀ ਦੀ ਉਮਰ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਨੂੰ ਲੈਕੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਦੇ ਪੁੱਤਰਾਂ ਨੇ ਵੀ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ, ਉਹਨਾਂ ਇੱਕ ਬਾਗੀ ਵਾਂਗ ਆਪ ਹੀ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਕੀਤਾ।

ਉਹ ਇੱਕ ਬੱਸ, ਰੇਲ ਗੱਡੀ ਅਤੇ ਫਿਰ ਇੱਕ ਟਰਾਲੀ ਤੇ ਸਵਾਰ ਹੋ ਕੇ ਟਿਕਰੀ ਬਾਰਡਰ ਤੇ ਪਹੁੰਚ ਗਏ। ਇੱਥੇ ਆਣ ਕੇ ਉਹ ਗੁੰਮ ਗਏ ਸੀ, ਉਹ ਆਪਣੇ ਲੋਕਾਂ ਨੂੰ ਨਹੀਂ ਲੱਭ ਸਕੇ. ਜਦੋਂ ਅਸੀਂ ਪੁੱਛਿਆ ਕਿ ਉਹ ਕਿਸ ਲਈ ਆਏ ਹਨ? ਇਸ ਦਾ ਜਵਾਬ ਉਨ੍ਹਾਂ ਨੇ ਦਿੱਤਾ “ਮੈਂ ਮੋਦੀ ਦੇ ਵਿਆਹ ਤੇ ਆਇਆ ਹਾਂ”। 

ਉਹ ਜ਼ਿੰਦਗੀ, ਕਠੋਰਤਾ ਅਤੇ ਦ੍ਰਿੜਤਾ ਨਾਲ ਭਰਪੂਰ ਸੀ. ਉਹਨਾਂ ਦੀ ਮੁਸਕਰਾਹਟ ਦਿਲ ਨੂੰ ਛੋਹਣ ਵਾਲੀ ਸੀ.

ਟਿਕਰੀ ਵਿਖੇ ੨ ਲੱਖ ਤੋਂ ਵੱਧ ਲੋਕਾਂ ਵਿੱਚੋਂ ਉਹਨਾਂ ਦੇ ਲੋਕਾਂ ਨੂੰ ਲੱਭਣ ਲਈ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ, ਅਸੀਂ ਆਖਰਕਾਰ ਥੰਮ੍ਹ ੭੯੩ ਤੇ ਉਹਨਾਂ ਦੇ ਪਿੰਡ ਵਾਲਿਆਂ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਹੋ ਗਏ ਤੇ ਬਾਪੂ ਜੀ ਨੂੰ ਉਥੇ ਛੱਡ ਦਿੱਤਾ. ਇਸ ਜੱਜ਼ਬੇ ਨੂੰ ਸਲਾਮ ਹੈ।

ਜਦੋਂ ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਬਾਰਡਰ ‘ਤੇ ਕਿਉਂ ਹਾਂ? ਇਹਨਾਂ ਲੋਕਾਂ ਕਰਕੇ ਮੈਂ ਬਾਰਡਰ ‘ਤੇ ਹਾਂ. ਮੇਰੇ ਪੁਰਖਿਆਂ ਨੇ ਸਾਡੇ ਅਧਿਕਾਰਾਂ ਲਈ ਲੜਾਈ ਲੜੀ, ਇਹ ਇਕਜੁੱਟ ਹੋਕੇ ਰਹਿਣ ਦਾ ਸਮਾਂ ਹੈ. ਕਿਉਂਕਿ ਉਹ ਇਥੇ ਹਨ, ਇਸੇ ਲਈ ਮੈਂ ਇਥੇ ਹਾਂ!

ਜਦੋਂ ਉਹਨਾਂ ਮੈਨੂੰ “ਸ਼ਬਾਸ਼” ਦਿੱਤੀ ਜਾਣ ਲੱਗਿਆਂ, ਉਸ ਪਲ ਨੇ ਮੇਰੇ ਸਾਲ ਨੂੰ ਸ਼ਾਬਦਿਕ ਰੂਪ ਵਿੱਚ ਪੂਰਾ ਕਰ ਦਿੱਤਾ. ਇਹ ਸੀ ਮੇਰੇ ੨੦੨੦ ਦਾ ਅੰਤ!


ਗ਼ਦਰੀ ਝੰਡਾ

ਬਿਕਰਮਦੀਪ, ਗ਼ਨੀਵ, ਟੈਨੀ ਕਲੇਰ ; ਟੀਕਰੀ ਮੋਰਚਾ  

“ਇਹ ਮੇਰਾ [ਗ਼ਦਰੀ] ਝੰਡਾ ਜੀ। ਇਹ ਮੈਂ ਲਾਇਆ। ਮੇਰੀ 83 ਸਾਲ ਉਮਰ ਆ ਜੀ। 47 ਮੈਂ ਵੇਖਿਆ। ਸੰਨ 47 ਵਿਚ ਮੈਂ ਮੁਸਲਮਾਨ ਆਪਦੇ ਘਰੇ ਬੈਠਾਏ, ਲੁਕੋ ਕੇ ਰੱਖੇ। ਫੇਰ ਜਦੋਂ ਪਾਸੇ ਦੇ ਪਿੰਡਾਂ ਵਾਲੇ ਆ ਗਏ” ਅਤੇ ਉਹਨਾਂ ਕਿਹਾ” “ਤੂੰ ਕਹਿੰਦੇ ਮੁਸਲਮਾਨਾਂ ਨੂੰ ਰੋਟੀ ਦਈ ਜਾਨਾਂ, ਘਰੇ ਬੈਠਾਈ ਬੈਠਾਂ। ਤੈਨੂੰ ਮਾਰ ਦਿਆਂਗੇ।” “ਮੈਂ ਕਿਹਾ ਮਾਰ ਦਿਓ। ਰੋਟੀ ਤਾਂ ਦੇਣੀ ਹੈ। ਭੁੱਖੇ ਬੈਠੇ ਨੇ ਵਿਚਾਰੇ।”

ਇਹ ਬੋਲ ਬਾਪੂ ਜੋਗਿੰਦਰ ਸਿੰਘ ਜੀ ਦੇ ਹਨ। ਜਦੋਂ ਅਸੀਂ ਇਨ੍ਹਾਂ ਦੀ ਟਰਾਲੀ ਤੇ ਗ਼ਦਰੀ ਝੰਡਾ ਵੇਖਕੇ ਇਨ੍ਹਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਬਾਪੂ ਜੀ ਨੇ ਦਿਲ ਖੋਲ ਕੇ ਅਪਣੀ ਜ਼ਿੰਦਗੀ ਦੇ ਤਜ਼ਰਬੇ ਬਿਆਨ ਕੀਤੇ।

47 ਦੀ ਵੰਡ ਤੋਂ ਲੈਕੇ ਅੱਜ ਦੇ ਕਿਸਾਨ ਮਜ਼ਦੂਰ ਅੰਦੋਲਨ ਤੱਕ ਸ਼ਾਇਦ ਹੀ ਕੋਈ ਇਹੋ ਜਿਹਾ ਸੰਘਰਸ਼ ਹੋਵੇ ਜਿਹਦੇ ਵਿਚ ਬਾਪੂ ਜੀ ਨੇ ਨਾਂ ਯੋਗਦਾਨ ਪਾਇਆ ਹੋਵੇ।

47 ਵੇਲੇ ਬਾਪੂ ਨੇ ਇਕ ਮੁਸਲਮਾਨ ਦੀ ਜਾਨ ਬਚਾਉਣ ਲਈ ਲੁਕਾ ਕੇ ਰੱਖਿਆ ਅਤੇ ਉਹਦੀ ਰੋਟੀ ਦਾ ਇੰਤਜ਼ਾਮ ਕਰਦੇ ਰਹੇ। ਬਾਪੂ ਜੀ ਉਹਨਾਂ ਨੂੰ “ਤਾਇਆ” ਕਹਿੰਦੇ ਸਨ। “ਤਾਏ” ਦਾ ਆਪਣਾ ਕੋਈ ਬੱਚਾ ਨਹੀਂ ਸੀ ਤੇ ਉਹ ਬਾਪੂ ਜੀ ਨਾਲ ਬਹੁਤ ਮੋਹ-ਪ੍ਰੇਮ ਕਰਦੇ ਸਨ। ਬਾਪੂ ਜੀ ਨੇ ਭਿੱਜੀਆਂ ਅੱਖਾਂ ਨਾਲ ਦੱਸਿਆ ਕਿ ਜਦੋਂ ਲਾਗਲੇ ਪਿੰਡਾਂ ਵਾਲਿਆਂ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਨੇ “ਤਾਏ” ਦਾ ਬਾਪੂ ਜੀ ਦੀਆਂ ਅੱਖਾਂ ਸਾਹਮਣੇ ਬੇਰਹਿਮੀ ਨਾਲ ਕਤਲ ਕਰ ਦਿੱਤਾ।

“ਮੈਂ ਸਿਆਸੀ ਪਾਰਟੀਆਂ ਦੇ ਮੋਰਚੇ ਦੌਰਾਨ ਬਹਾਦਰਗੜ੍ਹ ਕਿਲੇ ਚ ਡੇਢ ਮਹੀਨਾ ਕੈਦ ਵੀ ਕੱਟੀ। ਮਨਜੀਤ ਧਨੇਰ ਨੂੰ ਬਰੀ ਕਰਾਉਣ ਵੇਲੇ ਮੈਂ 40 ਦਿਨ ਬਰਨਾਲਾ ਜੇਲ੍ਹ ਦੇ ਬਾਹਰ ਧਰਨੇ ਤੇ ਬੈਠਾਂ। ਸ਼ਾਹੀਨ ਬਾਗ਼ ਵੀ ਮੈਂ 6 ਦਿਨ ਲਾਏ।”

ਬਾਪੂ ਜੀ ਨੇ ਦੱਸਿਆ ਕਿ ਸ਼ਾਹੀਨ ਬਾਘ ਮੁਸਲਮਾਨਾਂ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ। ਜਦ ਰਾਤ ਨੂੰ ਸੁੱਤਿਆਂ ਪਿਆਂ ਨੂੰ ਲੋਈ ਚ ਠੰਡ ਲੱਗੀ ਤਾਂ ਇੱਕ ਲੰਬੀ ਜਵਾਨ ਬੁਰਕੇ ਵਾਲੀ ਮੁਸਲਮਾਨ ਔਰਤ ਨੇ ਉਨਾਂ ਉੱਤੇ ਰਜਾਈ ਪਾ ਦਿੱਤੀ ਅਤੇ ਕਿਹਾ “ਬਾਪੂ ਜੀ ਤੁਸੀਂ ਕੰਬ ਰਹੇ ਸੀ। ਇਸ ਕਰਕੇ ਤੁਹਾਡੇ ਉੱਤੇ ਰਜਾਈ ਪਾ ਦਿੱਤੀ ਹੈ।”

ਇਸ ਕਿਸਾਨ ਮਜ਼ਦੂਰ ਮੋਰਚੇ ਵਿਚ ਵੀ ਬਾਪੂ ਜੀ ਪਹਿਲਿਆਂ ਚ ਪਹੁੰਚੇ ਹਨ। “ਹੁਣ ਤੇ ਅਸੀਂ ਮੋਦੀ ਨਾਲ ਲੜਦੇ ਹਾਂ ਕਿ ਸਾਡੀ ਕਿਉਂ ਜ਼ਮੀਨ ਖੋਂਹਦਾ ਹੈਂ? ਇਹ ਜ਼ਮੀਨ ਸਾਡੇ ਬੱਚਿਆਂ ਦੀ ਹੈ। ਸਾਡੇ ਪਿਉ- ਦਾਦਿਆਂ ਦੀ ਹੈ। ਉਹ ਸਾਡੇ ਲਈ ਛੱਡ ਗਏ ਅਸੀਂ [ਬੱਚਿਆਂ ਲਈ] ਛੱਡ ਜਾਵਾਂਗੇ। ਤੇ ਇਹ ਖੋਹਣ ਲੱਗਾ। ਫੇਰ ਸਾਡਾ ਗੁਜ਼ਾਰਾ ਕਿੱਦਾਂ ਹੋਣਾ?”


ਬਾਪੂ ਹਰਚਰਨ

ਗੁਰਦੀਪ ਸਿੰਘ, ਟੀਕਰੀ ਮੋਰਚਾ

ਬਾਪੂ ਹਰਚਰਨ ਜੀ ਪਹਿਲੇ ਦਿਨੋਂ ਧਰਨੇ ‘ਤੇ ਨੇ, ਮੈਂ ਵੀ 26 ਨਵੰਬਰ ਨੂੰ ਉਹਨਾਂ ਦੇ ਨਾਲ ਪਿੰਡੋਂ ਟ੍ਰਾਲੀ ‘ਤੇ ਆਇਆ ਸੀ। ਪਿੰਡੋਂ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਪਰ ਬਾਪੂ ਜੀ ਓਥੇ ਈ ਡਟੇ ਹੋਏ ਨੇ। ਉਹਨਾਂ ਟਰਾਲੀ ‘ਤੇ ਆਏ ਕਿਸੇ ਵੀ ਸ਼ਖ਼ਸ ਨੂੰ ਖਾਲ਼ੀ ਨੀ ਮੋੜਿਆ। ਹਰ ਕਿਸੇ ਨੂੰ ਪੁੱਤ ਕਹਿ ਕੇ ਬੁਲਾਉਂਦੇ ਨੇ, ਰਾਤ ਨੂੰ ਦੋ ਵਜੇ ਵੀ ਕੋਈ ਆ ਜਾਵੇ, ‘ਆ ਗਿਆ ਪੁੱਤ, ਆ ਗਿਆ ਪੁੱਤ’ ਕਹਿੰਦੇ ਬਿਨਾ ਖੇਸ ਲਏ ਟਰਾਲੀ ‘ਚੋਂ ਬਾਹਰ ਚਲੇ ਜਾਂਦੇ ਨੇ। ਪਿੱਛੇ ਜਿਹੇ ਉਹਨਾਂ ਦੀ ਕੁੜੀ ਨੇ ਕਿਸੇ ਕੰਮ ਲਈ ਕਨੇਡਾ ਤੋਂ ਆਉਣਾ ਸੀ।

ਪਤਾ ਲੱਗਣ ‘ਤੇ ਉਹਨਾਂ ਨੇ ਕੁੜੀ ਨੂੰ ਫ਼ੋਨ ਲਾਇਆ ਤੇ ਕਹਿੰਦੇ, ‘ਦੱਸ ਦਈਂ ਪੁੱਤ ਜਿਦੇਂ ਆਈ, ਮੈਂ ਆਥਣ ਤੱਕ ਆ ਜਾਊਂ। ਮਿਲ ਕੇ ਸਵੇਰ ਨੂੰ ਫੇਰ ਧਰਨੇ ‘ਤੇ ਮੁੜ ਆਊਂ।’ ਅੱਗੋਂ ਜੋ ਕੁੜੀ ਨੇ ਕਿਹਾ ਉਹ ਬਾਪੂ ਜੀ ਦੇ ਜਜ਼ਬੇ ਨੂੰ ਵੀ ਪਾਰ ਕਰ ਗਿਆ। ਕੁੜੀ ਕਹਿੰਦੀ, ‘ਬਾਪੂ ਤੂੰ ਰਹਿੰਣਦੇ ਆਉਣ ਨੂੰ, ਧਰਨੇ ਨੂੰ ਤੇਰੀ ਜਿਆਦਾ ਲੋੜ ਆ। ਹੁਣ ਤਾਂ ਤੂੰ ਜਿੱਤ ਕੇ ਈ ਮੁੜੀਂ। ਅਸੀਂ ਤੈਨੂੰ ਧਰਨੇ ਤੇ ਈ ਆ ਕੇ ਮਿਲ ਜਾਵਾਂਗੇ।’ ਬਾਪੂ ਜੀ ਮਾਣ ਨਾਲ ਖਿੜ ਉੱਠੇ। ਜੇ ਕਿਸੇ ਨਵੇਂ ਬੰਦੇ ਨੂੰ ਮਿਲਦੇ ਨੇ ਤਾਂ ਇਹ ਗੱਲ ਜ਼ਰੂਰ ਸੁਣਾਉਂਦੇ ਨੇ।


ਭਗਤ ਸਿੰਘ ਦੀ ਝਲਕ

ਧਰਮਿੰਦਰ ਸਿੰਘ, ਟੀਕਰੀ ਮੋਰਚਾ

ਮੈਂ ਤੇ ਮੇਰਾ ਦੋਸਤ ਜਗਮੀਤ ਬਰਾੜ ਟਿਕਰੀ ਬਾਰਡਰ ਤੇ ਆਵਦੇ ਤੰਬੂ ਵਿੱਚ ਬੈਠੇ ਚਾਹ ਪੀ ਰਹੇ ਸੀ ਕਿ ਐਨੇ ਨੂੰ ਇੱਕ 60-65 ਕੁ ਸਾਲ ਦਾ ਬਾਪੂ ਤੰਬੂ ਦੇ ਬਾਹਰ ਲੱਗੇ ਸਾਡੇ ਲਿਖੇ ਪੋਸਟਰ ਪੜ੍ਹਨ ਲੱਗ ਗਿਆ, ਤੇ ਅੰਦਰ ਆ ਕੇ ਸਾਨੂੰ ਕਹਿੰਦਾ, ‘ਮੈਂ ਜਦੋਂ BA ਕਰਦਾ ਸੀ ਨਾ ਤਾਂ ਓਦੋਂ ਮੈਂ ਪਾਸ਼, ਸੰਤ ਰਾਮ ਉਦਾਸੀ , ਭਗਤ ਸਿੰਘ ਹੁਰਾਂ ਨੂੰ ਪੜ੍ਹਦਾ ਹੁੰਦਾ ਸੀ, ਓਦੋਂ ਮੈਨੂੰ ਲੱਗਣਾ ਕਿ ਆਉਣ ਵਾਲੀ ਪੀੜ੍ਹੀ ਕਦੇ ਵੀ ਇਹਨਾ ਗੱਲਾਂ ਨੂੰ  ਨਹੀਂ ਸਮਝ ਸਕਦੀ ਤੇ ਉਹਨਾਂ ਦੀ ਸੋਚ ਕਦੇ ਵੀ ਭਗਤ ਸਿੰਘ ਦੀ ਸੋਚ ਨਹੀਂ ਬਣ ਸਕਦੀ ਪਰ ਥੋਡੇ ਬਾਹਰ ਲੱਗੇ ਪੋਸਟਰ ਪੜ੍ਹ ਕੇ ਮੈਨੂੰ ਇਹ ਲੱਗ ਰਿਹਾ ਆ ਕਿ ਜਿਵੇਂ ਭਗਤ ਸਿੰਘ ਖੁਦ ਹੀ ਆ ਗਿਆ ਹੋਵੇ ਤੇ ਮੈਨੂੰ ਗਲਤ ਸਾਬਿਤ ਕਰ ਦਿੱਤਾ  ਹੋਵੇ, ਬੱਸ ਏਨਾ ਕਹਿ ਕੇ ਬਾਪੂ ਨੇ ਦੋਨੋ ਹੱਥ ਜੋੜ ਫ਼ਤਿਹ ਬੁਲਾਈ ਤੇ ਚਲਾ ਗਿਆ, ਸਾਡੇ ਦੋਨਾ ਕੋਲ ਜਵਾਬ ਦੇਣ ਲਈ ਕੋਈ ਸ਼ਬਦ ਨਹੀਂ ਸਨ, ਅਸੀਂ ਬਸ ਫਤਿਹ ਦਾ ਜਵਾਬ ਫਤਿਹ ਵਿੱਚ ਦਿਤਾ, ਤੇ ਏਹੀ ਸੋਚੀ ਗਏ ਕੇ ਜਿਹਨਾਂ ਬਜੁਰਗਾਂ ਨੂੰ ਕੱਲ ਸਾਡੇ ਨੌਜਵਾਨਾਂ ਵਿੱਚ ਇੱਕ ਨਸ਼ੇੜੀ ਤੇ ਚਿੱਟਾ ਲਾਉਣ  ਵਾਲਾ ਨੌਜਾਵਾਨ ਦਿਖਦਾ ਸੀ ਅੱਜ ਉਹਨਾ ਹੀ  ਬਜੁਰਗਾਂ ਨੂੰ ਸਾਡੇ ਵਿੱਚ ਭਗਤ ਸਿੰਘ ਦਿਖ ਰਿਹਾ ਏ , ਮੇਰੇ ਕੋਲ ਉਸ ਸਮੇ ਦੇ ਜਜ਼ਬਾਤ ਬਿਆਨ ਕਰਨ ਲਈ ਸ਼ਬਦ ਨਹੀ ਨੇ, ਪਰ ਮੈਂ ਉਸ ਬਾਪੂ ਨੂੰ ਸਿਰਫ ਏਨਾ ਹੀ ਕਹੂੰਗਾ ਕੇ ਬਾਪੂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ  ਕਿ ਹੁਣ ਇਹ ਭਗਤ ਸਿੰਘ ਕਦੇ ਮਰੇ ਨਾ ‘ਤੇ ਅਸੀ ਏਦਾਂ ਹੀ ਆਵਦੇ ਪੰਜਾਬ ਨੂੰ ਰੰਗਲਾ ਬਣਾਉਣ ਲਈ ਮਿਹਨਤ ਕਰਦੇ ਰਹੀਏ…


ਅਠਾਸੀ ਸਾਲ ਦੇ ਸੰਤਾ ਸਿੰਘ

ਰਾਵੀ, ਸਿੰਘੂ ਮੋਰਚਾ

ਦਿੱਲੀ ਬਾਡਰਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਵੱਡੀ ਉਮਰ ਦੇ ਬਹੁਤ ਸਾਰੇ ਬਜੁਰਗ ਪਹਿਲੇ ਦਿਨੋਂ ਡਟੇ ਹੋਏ ਹਨ। ਇਹਨਾਂ ਬਜੁਰਗਾਂ ‘ਚੋਂ ਇੱਕ ਹਨ ਅਠਾਸੀ ਸਾਲ ਦੇ ਸੰਤਾ ਸਿੰਘ। ਪਿੰਡ ਫੂਲ ਤੋਂ ਆਏ ਸੰਤਾ ਸਿੰਘ ਦੀ ਜਿੰਦਗੀ ਦਾ ਇਹ ਪਹਿਲਾ ਸੰਘਰਸ਼ ਨਹੀਂ। ਉਹ ਬੱਤੀ ਸਾਲ ਤੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਮੈਂਬਰ ਹਨ।

ਅਕਸਰ ਧਰਨੇ ਵਿੱਚ ਡਟੇ ਕਿਸਾਨਾਂ ਨੂੰ ਬੀਤੇ ਦਿਨਾਂ ਵਿੱਚ ਹੋਏ ਸੰਘਰਸ਼ਾਂ ਦੇ ਕਿੱਸੇ ਸੁਣਾਉਂਦੇ ਤੇ ਠਹਾਕੇ ਮਾਰਦੇ ਦੇਖਿਆ ਜਾ ਸਕਦਾ ਹੈ।

ਸੰਤਾ ਸਿੰਘ ਦੇ ਪਰਿਵਾਰ ਦੇ ਚਾਰ ਜੀਅ ਉਹਨਾਂ ਨਾਲ ਟਿਕਰੀ ਬਾਡਰ ‘ਤੇ ਡਟੇ ਹੋਏ ਹਨ। ਉਹਨਾਂ ਦੇ ਇੱਕ ਬੇਟੇ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਜਦ ਜਿਉਂਦਾ ਸੀ, 37 ਕਿੱਲੇ ਪੈਲੀ ਆਪ ਹੀ ਵਾਹੁੰਦਾ ਸੀ।

ਸਦਾ ਚੜ੍ਹਦੀ ਕਲਾ ‘ਚ ਰਹਿਣ ਵਾਲੇ ਸੰਤਾ ਸਿੰਘ ਦੇ ਮੂੰਹ ‘ਤੇ ਐਨੇ ਦਿਨ ਦੇ ਸੰਘਰਸ਼ ਤੇ ਕੜਾਕੇ ਦੀ ਠੰਢ ਵਿੱਚ ਵੀ ਕੋਈ ਸ਼ਿਕਨ ਨਹੀਂ। ਬਾਪੂ ਸੰਤਾ ਸਿੰਘ ਵਰਗੇ ਬਜੁਰਗਾਂ ਨੂੰ ਡਟੇ ਦੇਖ ਨੌਜਵਾਨੀ ਨੂੰ ਹੋਰ ਹੌਸਲਾ ਮਿਲ ਰਿਹਾ ਹੈ।ਪੰਜਾਬ ਅਤੇ ਪਰਵਾਸੀ ਹਿਮਾਇਤ ਦੀ ਨਵੀਂ ਸਿਆਸਤ

ਨਵਯੁੱਗ ਗਿੱਲ, ਨਿਊ ਯਾਰਕ

ਪਿਛਲੇ ਕੁਝ ਮਹੀਨਿਆਂ ਵਿੱਚ ਦੁਨੀਆਂ ਭਰ ਵਿਚ ਵਸਦੇ ਸਿੱਖ-ਪੰਜਾਬੀ ਭਾਈਚਾਰੇ ਨੇ ਪਰਵਾਸੀ ਲੋਕਾਂ ਦੀ ਸਿਆਸਤ ਨੂੰ ਇੱਕ ਨਵੀਂ ਸ਼ੁਰੂਆਤ ਦਿੱਤੀ ਹੈ। ਪਹਿਲਾਂ ਇਹ ਅਕਸਰ ਸਿਰਫ਼ ਪਰਿਵਾਰਕ ਮੇਲ-ਜੋਲ, ਵਿਆਹਾਂ, ਆਰਥਿਕ ਮਦਦ ਭੇਜਣ ਜਾਂ ਤੀਰਥਾਂ ਦੇ ਸੈਰ-ਸਪਾਟਿਆਂ ਤੱਕ ਹੀ ਸੀਮਤ ਸੀ। ਪਿਛਲੇ ਕੁਝ ਸਾਲਾਂ ਤੋਂ ਇਸ ਵਿਚ ਵੱਡੇ ਪੱਧਰ ਤੇ ਵਿਦਿਆਰਥੀਆਂ ਦਾ ਪ੍ਰਵਾਸ ਅਤੇ ਦੋਪਾਸੀ ਸੰਗੀਤ ਸਨਅਤ ਵੀ ਸ਼ਾਮਿਲ ਹੋ ਗਏ ਹਨ। ਪਰ ਭਾਜਪਾ ਸਰਕਾਰ ਦੀ ਖੇਤੀਬਾੜੀ ਨੂੰ ਸਰਕਾਰੀ ਕੰਟਰੋਲ ਅਤੇ ਨਿਯਮ ਮੁਕਤ ਕਰਨ ਦੀ ਕੋਸ਼ਿਸ਼ ਖਿਲਾਫ਼ ਹਾਲ ਹੀ ਵਿੱਚ ਚੱਲ ਰਹੇ ਕਿਸਾਨ-ਮਜ਼ਦੂਰ ਸੰਘਰਸ਼ ਨਾਲ਼ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੇ ਨਜ਼ਰੀਏ ਅਤੇ ਹਿਮਾਇਤ ਦੇ ਤਰੀਕੇ ਵਿਚ ਵੀ ਅਹਿਮ ਤਬਦੀਲੀ ਆਈ ਹੈ।

ਇਸ ਸੰਘਰਸ਼ ਨੂੰ ਪੂਰੇ ਸੰਸਾਰ ਦਾ ਸਮਰਥਨ ਤਾਂ ਕੁਝ ਮਹੀਨੇ ਪਹਿਲਾਂ ਹੀ ਮਿਲਣਾ ਸ਼ੁਰੂ ਹੋ ਗਿਆ ਸੀ। ਜਦੋਂ ਜੂਨ ਵਿਚ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅੰਦੋਲਨ ਸ਼ੁਰੂ ਹੀ ਹੋਇਆ ਸੀ, ਤਾਂ ਨਾਲ ਹੀ ਕਨੇਡਾ, ਇੰਗਲੈਂਡ, ਔਸਟ੍ਰੇਲੀਆ, ਅਮਰੀਕਾ ਅਤੇ ਦੂਸਰੇ ਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੇ ਛੋਟੇ ਪੱਧਰ ਤੇ ਮੀਟਿੰਗਾਂ ਕੀਤੀਆਂ ਅਤੇ ਇਕੱਤਰ ਹੋਣਾ ਸ਼ੁਰੂ ਕਰ ਦਿੱਤਾ ਸੀ। ਇਹ ਸਭ ਓਥੋਂ ਦੇ ਸਥਾਨਕ ਅਖ਼ਬਾਰਾਂ, ਰੇਡੀਓ ਪ੍ਰੋਗਰਾਮਾਂ ਅਤੇ ਸੋਸ਼ਲ ਮੀਡੀਆ ਤੇ ਦੇਖਣ ਨੂੰ ਵੀ ਮਿਲਦਾ ਰਿਹਾ ਹੈ। ਜਦੋਂ ਸਤੰਬਰ ਵਿੱਚ ਬਿੱਲ ਪਾਸ ਕਰਾ ਕੇ ਕਾਨੂੰਨ ਬਣਾਏ ਜਾਣ ਤੋਂ ਬਾਅਦ ਪੰਜਾਬ ਵਿੱਚ ਅੰਦੋਲਨ ਹੋਰ ਤਿੱਖਾ ਹੋ ਗਿਆ ਤਾਂ ਬਾਹਰਲੇ ਮੁਲਕਾਂ ਵਿਚ ਵੀ ਚਰਚਾ ਵਧਣ ਲੱਗੀ। 26 ਨਵੰਬਰ ਨੂੰ ਜਦੋਂ ਕਿਸਾਨਾਂ ਨੇ ਪੁਲਿਸ ਬੈਰੀਕੇਡਾਂ ਨੂੰ ਤੋੜਦੇ ਹੋਏ ਦਿੱਲੀ ਵੱਲ ਕੂਚ ਕੀਤਾ ਤਾਂ ਦੁਨੀਆਂ ਭਰ ਵਿੱਚ ਦਰਜਨਾਂ ਹੀ ਵੱਡੇ ਸ਼ਹਿਰਾਂ ਵਿਚ ਉਹਨਾਂ ਦੇ ਹਿਮਾਇਤ ਵਿੱਚ ਰੈਲੀਆਂ ਕੱਢੀਆਂ ਗਈਆਂ ਸਨ। ਪੰਜਾਬੀ, ਹੋਰ ਭਾਈਚਾਰੇ ਦੇ ਲੋਕਾਂ ਨਾਲ, ਜਨਤਕ ਥਾਂਵਾਂ, ਪ੍ਰਮੁੱਖ ਸੜਕਾਂ ਅਤੇ ਭਾਰਤੀ ਕੌਂਸਲੇਟਾਂ ਅਤੇ ਦੂਤਵਾਸਾਂ ਦੇ ਸਾਹਮਣੇ ਆਪਣਾ ਸਮਰਥਨ ਦਿਖਾਉਣ ਵਾਸਤੇ ਇਕੱਠੇ ਹੋਏ। ਅਮਰੀਕਾ ਦੇ ਸੈਨ ਫ੍ਰਾਂਸਿਸਕੋ ਸ਼ਹਿਰ ਵਿਚ ‘ਜੈਕਾਰਾ ਮੂਵਮੈਂਟ’ ਦੁਆਰਾ ਕਾਰ ਰੈਲੀ ਕੱਢੀ ਗਈ ਜਿਸ ਵਿੱਚ ਹਜ਼ਾਰਾਂ ਗੱਡੀਆਂ ਸ਼ਾਮਿਲ ਹੋਈਆਂ ਅਤੇ ਜਿਹਨਾਂ ਕਰਕੇ ਮਸ਼ਹੂਰ ਬੇ-ਬ੍ਰਿਜ ਬੰਦ ਹੋ ਗਿਆ ਸੀ। ਨਾਲ਼ ਹੀ, ਪੰਜਾਬੀ ਵਧੇਰੀ ਗਿਣਤੀ ਵਿੱਚ ਵੱਡੇ ਅਖ਼ਬਾਰਾਂ ਅਤੇ ਹੋਰ ਪ੍ਰਕਾਸ਼ਨਾਵਾਂ ਵਿਚ ਇਸ ਅੰਦੋਲਨ ਬਾਰੇ ਆਪਣੇ ਵਿਸ਼ਲੇਸ਼ਣ ਛਾਪ ਰਹੇ ਹਨ ਅਤੇ ਕੋਵਿਡ ਮਹਾਂਮਾਰੀ ਦੇ ਬਾਵਜੂਦ ਸਾਧਨ ਅਤੇ ਸਹੂਲਤਾਂ ਪ੍ਰਦਾਨ ਕਰਵਾ ਰਹੇ ਹਨ। ਇਹ ਸਾਰੇ ਕੰਮ ਫਰਜ਼  ਅਤੇ ਜ਼ਿੰਮੇਵਾਰੀ  ਦੀ ਭਾਵਨਾ ਨੂੰ ਦਰਸਾਉਂਦੇ ਹਨ, ਜੋ ਸਿੱਖੀ ਦੇ ਮੂਲ ਸਿਧਾਂਤ ਸੇਵਾ  ਭਾਵਨਾ- ਸਰੱਬਤ ਦੇ ਭਲੇ ਵਾਸਤੇ ਕੀਤੀ ਨਿਰ-ਸਵਾਰਥ ਕਿਰਤ-  ਦੇ ਅਹਿਮ ਨੁਕਤੇ ਹਨ।

ਪਰਵਾਸੀ ਪੰਜਾਬੀਆਂ ਦੇ ਅਜਿਹੇ ਕੰਮਾਂ ਕਾਰਨ ਕਈ ਪੱਛਮੀ ਨੇਤਾ ਭਾਰਤੀ ਸਰਕਾਰ ਦੇ ਵਤੀਰੇ ਨੂੰ ਨਿੰਦਣ ਲਈ ਮਜਬੂਰ ਹੋ ਗਏ। ਅਮਰੀਕੀ ਸੰਸਦ ਦੇ ਕਈ ਮੈਂਬਰਾਂ ਨੇ ਚਲ ਰਹੇ ਨਾਗਰਿਕ ਅੰਦੋਲਨ ਬਾਰੇ ਗੰਭੀਰ ਚਿੰਤਾ ਦਰਸਾਈ ਅਤੇ ਸਰਕਾਰ ਤੇ ਕਿਸਾਨਾਂ ਵਿਚਕਾਰ ਅਸਲ ਵਿਚਾਰ-ਵਟਾਂਦਰੇ ਤੇ ਜ਼ੋਰ ਦਿੱਤਾ ਹੈ। ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਾਂ ਏਥੋਂ ਤੱਕ ਬਿਆਨ ਦਿੱਤਾ ਕਿ ਕਨੇਡਾ ਹਮੇਸ਼ਾ ਸ਼ਾਂਤਮਈ ਵਿਰੋਧ ਕਰਨ ਦੇ ਹੱਕ ਵਿੱਚ ਖੜ੍ਹਦਾ ਹੈ। ਬਰਤਾਨੀਆ ਵਿੱਚ ਸੰਸਦ ਦੇ 36 ਮੈਂਬਰਾਂ ਨੇ ਇੱਕ ਚਿੱਠੀ ਲਿਖੀ ਜਿਸ ਵਿੱਚ ਓਹਨਾਂ ਨੇ ਵਿਸਤਾਰ ਨਾਲ਼ ਇਹਨਾਂ ਨਵਉਦਾਰਵਾਦੀ ਖੇਤੀ ਕਾਨੂੰਨਾਂ ਦਾ ਬਰਤਾਨੀਆ ਦੇ ਸਿੱਖਾਂ ਦੇ ਪਰਿਵਾਰਾਂ ਤੇ ਅਸਰ ਦੱਸਿਆ ਹੈ। ਏਥੋਂ ਤੱਕ ਕਿ ਸੰਯੁਕਤ ਰਾਸ਼ਟਰ ਸੰਸਥਾ (ਯੂ.ਐਨ.ਓ.) ਦੇ ਸਕੱਤਰ-ਜਰਨਲ ਨੇ ਵੀ ਭਾਰਤ ਨੂੰ ਯਾਦ ਕਰਵਾਇਆ ਕਿ ਲੋਕਾਂ ਦਾ ਹੱਕ ਹੈ ਕਿ ਓਹ ਬਿਨਾਂ ਹਿੰਸਾ ਦੇ ਡਰ ਤੋਂ ਪ੍ਰਦਰਸ਼ਨ ਕਰ ਸਕਣ।

ਇਹ ਸਭ ਪੰਜਾਬੀ ਪਰਵਾਸੀਆਂ ਦੀ ਸਾਂਝੀਵਾਲਤਾ ਅਤੇ ਹਿਮਾਇਤ ਦੀ ਸਿਆਸਤ ਵਿਚ ਇੱਕ ਨਵਾਂ ਦੌਰ ਲਿਆ ਸਕਦਾ ਹੈ। ਇਸਦੀ ਅਹਿਮੀਅਤ ਘੱਟੋ-ਘੱਟ ਤਿੰਨ ਤਰੀਕਿਆਂ ਨਾਲ਼ ਦੇਖੀ ਜਾ ਸਕਦੀ ਹੈ। ਪਹਿਲਾ ਇਹ ਕਿ ਕੌਮਾਂਤਰੀ  ਹਿਮਾਇਤ ਦੀਆਂ ਕਾਰਵਾਈਆਂ ਦਿੱਲੀ  ਦੀਆਂ ਬਰੂਹਾਂ ਤੇ ਬੈਠੇ ਪ੍ਰਦਰਸ਼ਨਕਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੀਆਂ ਹਨ। ਲੋਕਾਂ ਦਾ ਇਹ ਜਾਨਣਾ ਜ਼ਰੂਰੀ ਹੁੰਦਾ ਹੈ ਕਿ ਓਹ ਇਸ ਸੰਘਰਸ਼ ਵਿੱਚ ਇਕੱਲੇ ਨਹੀਂ ਹਨ ਅਤੇ ਓਹਨਾਂ ਦੇ ਨਾਲ਼  ਦੇ ਪੰਜਾਬੀ ਦੁਨੀਆਂ ਭਰ ਵਿਚ ਓਹਨਾਂ ਦੀ ਹਿਮਾਇਤ ਕਰ ਰਹੇ ਹਨ। ਦਰਅਸਲ, ਪੰਜਾਬੀਆਂ ਦਾ ਪੁਰਾਣਾ ਇਤਹਾਸ ਹੈ ਕਿ ਓਹ ਗਦਰ ਪਾਰਟੀ ਦੇ ਵੇਲ਼ੇ ਤੋਂ ਲੈ ਕੇ ਮਸਲਿਆਂ ਦਾ ਵਿਸ਼ਵੀਕਰਨ ਕਰਦੇ ਆ ਰਹੇ ਹਨ, ਓਹਨਾਂ ਨੇ ਕਦੇ ਵੀ ਆਪਣੀਆਂ ਸਾਂਝਾਂ ਅਤੇ ਜ਼ਿੰਮੇਵਾਰੀਆਂ ਨੂੰ ਸਰਹੱਦਾਂ ਕਾਰਨ ਸੀਮਤ ਨਹੀਂ ਹੋਣ ਦਿੱਤਾ। ਦੂਸਰੀ ਗੱਲ ਇਹ ਹੈ ਕਿ ਇਸ  ਵਿਸ਼ਵ ਪੱਧਰੀ ਹਿਮਾਇਤ ਨਾਲ਼ ਭਾਰਤ ਦੀ ਸਰਕਾਰ ਤੇ ਬਹੁਤ ਦਬਾਅ ਪੈਂਦਾ ਹੈ। ਇਹ ਜਾਣਦੇ ਹੋਏ ਕਿ ਪੂਰੀ ਦੁਨੀਆਂ ਓਹਨਾਂ ਨੂੰ ਦੇਖ ਰਹੀ ਹੈ, ਸਰਕਾਰ ਅੰਦੋਲਨ ਰੋਕਣ  ਵਾਸਤੇ ਕਿਸੇ ਵੀ ਤਰ੍ਹਾਂ ਦੇ ਹਿੰਸਕ ਹੱਲ ਲੱਭਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੇਗੀ। ਸਰਕਾਰ ਨੂੰ ਧਰਨਾ ਦੇ ਰਹੇ ਕਿਸਾਨਾਂ ਨਾਲ਼ ਮੁੱਦੇ ਦੀ ਗੱਲ ਤੇ ਆਉਣਾ ਹੀ ਪਵੇਗਾ। ਪਰ ਇਸਦਾ ਮਤਲਬ ਇਹ ਵੀ ਹੈ ਕਿ ਪੰਜਾਬੀਆਂ ਨੂੰ ਦੁਨੀਆਂ ਵਿਚ ਹੋਰ ਕਿਤੇ ਵੀ ਉਹਨਾਂ ਇਨਸਾਨਾਂ ਅਤੇ ਸਮਾਜਿਕ ਵਰਗਾਂ ਨਾਲ਼ ਹਿਮਾਇਤ ਵਿਚ ਖੜ੍ਹਨਾ ਚਾਹੀਦਾ ਹੈ ਜੋ ਰਾਜਸੀ ਹਿੰਸਾ ਜਾਂ ਬੇਇਨਸਾਫ਼ੀ ਦੇ ਸ਼ਿਕਾਰ ਹੋਏ ਹੋਣ। ਜੇ ਸੰਸਾਰ ਦੇ ਸਾਰੇ ਲੋਕ ਹੀ ਲੀਡਰਾਂ ਨੂੰ ਜਵਾਬਦੇਹ ਠਹਿਰਾਉਣ ਤਾਂ “ਵਿਦੇਸ਼ੀ ਦਖ਼ਲ-ਅੰਦਾਜ਼ੀ” ਦੀਆਂ ਸ਼ਿਕਾਇਤਾਂ ਬੇ-ਬੁਨਿਆਦ ਹੋ ਜਾਣ।

ਆਖਰ ਵਿੱਚ, ਪਰਵਾਸੀ ਪੰਜਾਬੀਆਂ ਵੱਲੋਂ ਹਿਮਾਇਤ ਅਤੇ ਸਾਂਝੀਵਾਲਤਾ ਵਿਚ ਕੀਤੇ ਕਾਰਜ ਪੱਛਮੀ ਸਮਾਜਾਂ ਨੂੰ ਵੀ  ਸਭਿਅਕ ਕਰਨ ਵਿਚ ਸਹਾਈ ਹੋ ਰਹੇ ਹਨ। ਸੜਕਾਂ ਤੇ ਬਹੁ-ਗਿਣਤੀ ਵਿਚ ਉੱਤਰੇ ਪੰਜਾਬੀਆਂ ਨੂੰ ਵੇਖ, ਬਹੁਤ ਸਾਰੇ ਬਾਹਰਲੇ ਵਸਨੀਕ ਇਹਨਾਂ ਤੋਂ ਜਾਣੂ ਹੋ ਰਹੇ ਹਨ ਇਹਨਾਂ ਤੋਂ ਇਹਨਾਂ ਦੇ ਮਸਲਿਆਂ ਬਾਰੇ ਅਤੇ ਉਹਨਾਂ ਨੂੰ ਨਜਿੱਠਣ ਦੇ ਤਰੀਕਿਆਂ ਬਾਰੇ ਸਿੱਖ ਰਹੇ ਹਨ । ਬਦਲੇ ਵਿੱਚ, ਪੰਜਾਬੀ ਆਪਣੇ ਰਿਹਾਇਸ਼ੀ ਮੁਲਕ ਵਿੱਚ ਹੱਕਾਂ ਅਤੇ ਅਧਿਕਾਰਾਂ ਦੀ ਮੰਗ ਵਧੇਰੇ ਦਾਹਵੇ ਨਾਲ ਕਰ ਸਕਦੇ ਹਨ। ਇੱਕਜੁਟਤਾ ਦੀ ਭਾਵਨਾ ਸਰਹੱਦਾਂ ਤੋਂ ਪਰੇ ਦੀ ਗੱਲ ਹੈ: ਜੇ ਸਾਡਾ ਕਿਸੇ ਪੁਲਿਸ ਅਫ਼ਸਰ ਨੂੰ ਇੱਕ ਪੰਜਾਬੀ ਬਜ਼ੁਰਗ ਤੇ ਹੱਥ ਚੁੱਕਦੇ ਦੀ ਵੀਡੀਓ ਵੇਖ ਖੂਨ ਖੌਲਦਾ ਹੈ ਤਾਂ ਸਾਡਾ ਪੁਲਿਸ ਵੱਲੋਂ ਜੌਰਜ ਫਲੋਇਡ  ਦੇ ਧੌਣ ਤੇ ਗੋਡਾ ਰੱਖ ਕੇ ਸਾਹ ਘੁੱਟਣ ਦੀ ਵੀਡੀਓ ਦੇਖ ਵੀ ਖੂਨ ਖੌਲਣਾ ਚਾਹੀਦਾ ਹੈ। ਨਤੀਜੇ ਵਜੋਂ, “ਸਫ਼ਲ” ਪਰਵਾਸੀ ਦੀ ਧਾਰਨਾ ਵੀ ਮੁੜ ਪਰਿਭਾਸ਼ਤ ਕੀਤੀ ਜਾ ਸਕਦੀ ਹੈ। ਗੱਲ ਸਿਰਫ ਚੁੱਪ-ਚਾਪ, ਸਿਰ ਝੁਕਾਕੇ ਨਿਮਾਣੇ ਪਰਵਾਸੀਆਂ ਵਾਂਗ ਲੱਕ-ਤੋੜਵੀਂ ਮਿਹਨਤ ਕਰ ਕੇ ‘ਸੈੱਟ’ ਹੋਣ ਤੋਂ ਲੈ ਕੇ ਖੁਸ਼ਹਾਲੀ ਹਾਸਲ ਕਰਨ ਦੀ ਨਹੀਂ ਹੈ। ਬਲਕਿ ਅਸੀਂ ਆਪਣੇ ਰਿਹਾਇਸ਼ੀ ਮੁਲਕਾਂ ‘ਚ ਜ਼ਿੰਦਗੀ ਦੇ ਹਰ ਪਹਿਲੂ ਨੂੰ ਨਵੇਂ ਸਿਰੇ ਤੋਂ ਸੋਚ ਸਕਦੇ ਹਾਂ ਅਤੇ ਬਦਲ ਸਕਦੇ ਹਨ। ਜਿਵੇਂ ਪੰਜਾਬੀ ਅੰਬਾਨੀਆਂ ਅਤੇ ਅਦਾਨੀਆਂ ਨੂੰ ਇਹ ਸਿਖਾ ਰਹੇ ਹਨ, ਕਿ ਜ਼ਿੰਦਗੀ ਵਿੱਚ ਪੈਸੇ ਗਿਣਨ ਤੋਂ ਉੱਪਰ ਹੋਰ ਵੀ ਬਹੁਤ ਕੁਝ ਹੁੰਦਾ ਹੈ।


ਕਿਸਾਨੀ ਅੰਦੋਲਨ

ਕਿਸਾਨੀ ਅੰਦੋਲਨ ਦੀ ਵਿਆਖਿਆ ਕੀ ਕੀਤੀ ਜਾ ਸਕਦੀ ਹੈ?
ਟਰਾਲੀ ਟਾਈਮਜ਼ ਦੀ ਵਿਆਖਿਆ ਕੀ ਕੀਤੀ ਜਾ ਸਕਦੀ ਹੈ? 

ਵੱਟਾਂ ਤੇ ਗੋਡੇ- ਗਿੱਟੇ ਛਿਲਵਾਉਂਦੇ ਕੁੜਤਾ ਪਜਾਮਾ ਪਾਏ, ਕਹੀ ਫੜੇ ਹੱਥਾਂ ਨੇ ਕਦੇ ਸੋਚਿਆ ਨਹੀਂ ਸੀ ਹੋਣਾ ਕਿ ਇੱਕ ਦਿਨ ਉਹ ਨਵ-ਉਦਾਰਵਾਦੀ ਸੰਸਥਾਵਾਂ ਦੇ ਖਿਲਾਫ ਦੁਨੀਆ ਦਾ ਸਭ ਤੋਂ ਵੱਡਾ ਮੋਰਚਾ ਖੋਲ੍ਹਣਗੇ।

ਪੱਛਮੀ ਮੁਲਕਾਂ ਦੀਆਂ ਫੈਕਟਰੀਆਂ, ਕੌਫੀ ਸ਼ਾਪਾਂ ਤੇ 18-18 ਘੰਟੇ ਕੰਮ ਕਰਦੇ ਹਿੰਦੁਸਤਾਨ ਦੇ ਅੰਤਰ-ਰਾਸ਼ਟਰੀ ਵਿਦਿਆਰਥੀ, ਉਨਾਂ ਫੈਕਟਰੀਆਂ, ਦੁਕਾਨਾਂ ਦੇ ਬਾਹਰ Save Farmers Save Food ਦੇ ਤਖਤੇ ਲੈ ਕੇ ਖੜ੍ਹੇ ਹੋਣਗੇ। ਏਹ ਸਭ ਕੁਝ ਸੋਚਿਆ, ਮਿੱਥਿਆ, ਘੜਿਆ ਨਹੀਂ ਗਿਆ।

ਏਹ ਸਭ ਤਾਂ ਉੱਭਰ ਆਇਆ। ਜਿੱਦਾਂ ਜ਼ਮੀਨੋ ਘਾਹ ਉੱਭਰਦਾ ਹੈ।

ਕਿਸਾਨੀ ਅੰਦੋਲਨ ਦੀ ਵਿਆਖਿਆ ਕੀ ਕੀਤੀ ਜਾ ਸਕਦੀ ਹੈ?
ਕਿਸਾਨੀ ਅੰਦੋਲਨ ਹੋਣਾ, ਘਾਹ ਹੋਣਾ ਹੈ। ਹਰ ਉਪਜਾਉ,  ਬੰਜਰ ਜਮੀਨ ਤੋਂ ਉੱਭਰ ਆਉਣਾ ਹੈ.

ਟਰਾਲੀ ਟਾਈਮਜ਼ ਦੀ ਵਿਆਖਿਆ ਕੀ ਕੀਤੀ ਜਾ ਸਕਦੀ ਹੈ?
ਟਰਾਲੀ ਟਾਈਮਜ਼ ਹੋਣਾ, ਘਾਹ ਦੇ ਉਭਰਨ ਦਾ ਪਤਾ ਲੱਗਣਾ ਹੈ। ਉਸ ਘਾਹ ਨੂੰ ਬੀਜ ਚ ਤਬਦੀਲ ਕਰਨਾ ਹੈ।

ਕਿਸਾਨੀ ਅੰਦੋਲਨ ਦੱਸਦਾ ਹੈ ਕਿ ਅਸੀਂ ਅਜੇ ਜਿਊਂਦੇ ਹਾਂ। ਕੀਟਨਾਸ਼ਕਾਂ ਦੀ ਬੋ ਨੇ ਅਜੇ ਸਾਨੂੰ ਮਾਰਿਆ ਨਹੀਂ, ਪਿੱਪਲ ਤੇ ਬੋਹੜ ਤੇ ਲਟਕਦੇ ਸ਼ਰੀਰਾਂ ਚ ਅਜੇ ਹੌਸਲਾ ਬਾਕੀ ਏ। ਘਾਹ ਮਰਿਆ ਨਹੀਂ ਕਰਦੇ।

ਕਿਸਾਨੀ ਅੰਦੋਲਨ ਦੱਸਦਾ ਹੈ ਕਿ ਪੰਜਾਬ ਦਾ ਖੇਤਰਫਲ ਸਿਰਫ ਹਿੰਦੁਸਤਾਨ ਤੱਕ ਹੀ ਸੀਮਤ ਨਹੀਂ, ਏਹ ਕੈਨੇਡਾ ਦੇ ਪੱਛਮੀ ਤੱਟ ਤੋਂ ਲੈ ਕੇ ਆਸਟ੍ਰੇਲੀਆ ਦੇ ਸੁਨਿਹਰੀ ਤੱਟ ਤੱਕ ਫੈਲਿਆ ਹੈ।

ਕਿਸਾਨੀ ਅੰਦੋਲਨ ਸਾਬਿਤ ਕਰਦਾ ਹੈ ਕਿ ਅਸੀਂ ਅਜੇ ਜਿਊਂਦੇ ਹਾਂ।

ਟਰਾਲੀ ਟਾਈਮਜ਼ ਸਾਬਿਤ ਕਰਦਾ ਹੈ ਕਿ ਅਸੀਂ ਅਜੇ ਜਾਗਦੇ ਹਾਂ। 

ਕਿਸਾਨੀ ਅੰਦੋਲਨ ਹੋ ਜਾਣਾ, ਪੰਜਾਬ ਹੋ ਜਾਣਾ ਹੈ। 

ਪੰਜਾਬ ਹੋ ਜਾਣਾ, ਇਨਕਲਾਬ ਹੋ ਜਾਣਾ ਹੈ।

“Techaroundworld.com is a participant in the Amazon Services LLC Associates Program, an affiliate advertising program designed to provide a means for sites to earn advertising fees by advertising and linking to amazon.ca.”