Trolley Times Punjabi Newspaper 4th Edition

Trolley Times Punjabi Newspaper 4th Edition

  • by

Trolley Times Punjabi Newspaper 4th Edition Published on 31-12-2020

punjabiedition4


ਉੱਠ ਕਿਰਤੀਆ ਉੱਠ ਵੇ, ਉੱਠਣ ਦਾ ਵੇਲਾ
ਜੜ੍ਹ ਵੈਰੀ ਦੀ ਪੁੱਟ ਵੇ, ਪੁੱਟਣ ਦਾ ਵੇਲਾ


– ਸੰਤ ਰਾਮ ਉਦਾਸੀ


ਕਿਸਾਨ ਮੋਰਚੇ ਵਿਚ ਭਾਈਵਾਲ ਮਜ਼ਦੂਰ

ਸੰਗੀਤ ਤੂਰ, ਜਸਦੀਪ ਸਿੰਘ; ਟੀਕਰੀ ਮੋਰਚਾ

ਕਿਸਾਨਾਂ ਦੇ ਨਾਲ਼ ਨਾਲ਼ ਖੇਤ ਮਜ਼ਦੂਰਾਂ ਦੇ ਜੱਥੇ ਵੀ ਕਿਸਾਨ ਮੋਰਚੇ ਵਿਚ ਆ ਕੇ ਡਟ ਰਹੇ ਹਨ। 27 ਦਸੰਬਰ, ਟਿਕਰੀ ਬਾਰਡਰ ਦੀ ਸਾਂਝੀ ਸਟੇਜ ’ਤੇ ਰੁਲਦੂ ਸਿੰਘ ਮਾਨਸਾ ਬੋਲ ਰਹੇ ਸਨ। ਉਨ੍ਹਾਂ ਨੇ ਇਸ ਮਹੀਨੇ ਦੀਆਂ ਸ਼ਹੀਦੀਆਂ ਯਾਦ ਕਰਵਾਉਂਦਿਆਂ ਹੋਇਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਸੀਸ ਪੰਜਾਬ ਲਿਆਉਣ ਵਾਲੇ ਭਾਈ ਜੈਤਾ ਜੀ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ।

ਮਾਨਸਾ ਤੋਂ ਕਰੀਬ 1000 ਖ਼ੇਤ ਮਜ਼ਦੂਰਾਂ ਦਾ ਜੱਥਾ, ਜਿਸ ਵਿਚ 450 ਬੀਬੀਆਂ ਸਨ, ਬੱਸਾਂ ਤੇ ਮਿੰਨੀ ਬੱਸਾਂ ਰਾਹੀਂ 26 ਦਸੰਬਰ ਨੂੰ ਟੀਕਰੀ ਪੁੱਜਿਆ।  “ਅਸੀਂ ਤਾਂ ਕਪਾਹ ਚੁਗਦੇ ਸੀ ਦੋ ਦਿਨ ਛੱਡ ਕੇ ਉਰੇ ਆ ਗਏ,” ਪਿੰਡ ਮੌਜੀਆਂ ਦੇ ਲਾਲ ਸਿੰਘ ਨੇ ਦੱਸਿਆ।  ਘਰ ਦੇ ਗੁਜ਼ਾਰੇ ਬਾਰੇ ਪੁੱਛਣ ਤੇ ਬੀਬੀ ਚਰਨਜੀਤ ਕੌਰ ਨੇ ਦੱਸਿਆ “ਅਸੀਂ ਤਾਂ ਪਹਿਲਾਂ ਈ ਮਰੇ ਪਏ ਤੇ। ਜੀਰੀ ਦਾ ਸੀਜ਼ਨ ਲੰਘ ਗਿਆ ਕੋਰੋਨਾ ’ਚ। ਬਿਜਲੀ ਦੇ ਬਿੱਲ ਬੜੇ-ਬੜੇ ਆ ਗੇ।”  “ਬਿਜਲੀ ਤਾਂ ਅਜੇ ਲੱਕ ਤੋੜੂ,” ਲਾਲ ਸਿੰਘ ਜੀ ਕਹਿਣ ਲੱਗੇ, “ਅਸੀਂ ਤਾਂ ਬਾਈ ਕਿਸਾਨਾਂ ਨਾਲ ਆਏ ਆਂ, ਜੇ ਕਿਸਾਨੀ ਨਾ ਰਹੀ ਤਾਂ ਸਾਡਾ ਵੀ ਕੁਸ਼ ਨੀ ਰਹਿਣਾ।” ਉਨ੍ਹਾਂ ਨੂੰ ਤਿੰਨ ਕਿਸਾਨ ਵਿਰੋਧੀ ਬਿੱਲਾਂ ਬਾਰੇ ਪੂਰੀ ਜਾਣਕਾਰੀ ਸੀ। 

“ਭਾਈ, ਸਾਡੇ ਲਈ ਕੋਈ ਸਹਾਇਤਾ ਵੀ ਭੇਜੋ। ਸਰਕਾਰੀ ਸਹਾਇਤਾ ਸਾਡੇ ਤੱਕ ਨਹੀਂ ਪਹੁੰਚਦੀ,” ਚਰਨਜੀਤ ਕੌਰ ਕਹਿਣ ਲੱਗੇ। “ਇਹ ਤਾਂ ਉੱਤੇ ਈ ਕਿਤੇ ਰਹਿ ਜਾਂਦੀ ਆ,” ਲਾਲ ਸਿੰਘ ਜੀ ਨੇ ਕਿਹਾ। 27 ਦਸੰਬਰ ਦੀ ਸ਼ਾਮ ਨੂੰ ਹੀ ਉਹ ਵਾਪਸੀ ਕਰਨਗੇ। ਅਗਲੇ ਦਿਨ ਦਿਹਾੜੀ।

ਰੁਲਦੂ ਸਿੰਘ ਮਾਨਸਾ ਜੀ ਦਾ ਭਾਸ਼ਣ ਖ਼ਤਮ ਹੋਣ ’ਤੇ ਹੀ ਉਨ੍ਹਾਂ ਨੇ ਕਿਸਾਨ-ਮਜ਼ਦੂਰ ਏਕਤਾ ਨੂੰ ਸਿਰਫ਼ ਨਾਅਰੇ ਤੋਂ ਵੀ ਪਰ੍ਹੇ, ਪਿੰਡਾਂ ’ਚ ਸੱਚਮੁੱਚ ਏਕੇ ਦਾ ਹੋਕਾ ਦਿੱਤਾ।

ਕਈ ਮਜ਼ਦੂਰ ਇਕੱਲੇ ਵੀ ਆ ਰਹੇ ਹਨ। ਰਾਮੂੰਵਾਲਾ ਕਲਾਂ ਦਾ ਨੌਜਵਾਨ ਜਿੰਦੂ ਦਿਹਾੜੀਆਂ ਛੱਡ ਆਪਣੇ ਕਿਸ਼ਤਾਂ ਤੇ ਲਏ ਟ੍ਰੈਕਟਰ ਸਮੇਤ ਪਹੁੰਚਿਆ ਹੈ। ਜ਼ੀਰੇ ਤੋਂ ਇਕ ਮਜ਼ਦੂਰ ਸਾਈਕਲ ਚਲਾ ਕੇ ਆ ਰਿਹਾ ਸੀ, ਇਕ ਟੀਵੀ ਚੈਨਲ ਨਾਲ਼ ਇੰਟਰਵਿਊ ਵਿਚ ਉਸਨੇ ਕਿਹਾ ਕਿ ਮੈਨੂੰ ਗੁਰੂ ਨਾਨਕ ਨੇ ਸੱਦਿਆ ਹੈ, ਗੁਰੂ ਨਾਨਕ ਸਾਹਿਬ ਸੰਗਤ ਵਿਚ ਨਿਵਾਸ ਕਰਦੇ ਹਨ ਅਤੇ ਉਹ ਦਿਹਾੜੀਆਂ ਛੱਡ ਕੇ ਦਰਸ਼ਨ ਦੀਦਾਰ ਕਰਨ ਜਾ ਰਿਹਾ ਹੈ।  ਪੱਤਰਕਾਰ ਨੇ ਕਿਹਾ ਅਸੀਂ ਤੈਨੂੰ ਕਾਰ ਵਿਚ ਲੈ ਜਾਂਦੇ ਹਾਂ ਤਾਂ ਭਾਵੁਕ ਹੋਏ ਨੇ ਕਿਹਾ ਮੈਂ ਆਪਣੇ ਬਲਬੂਤੇ ਹੀ ਜਾਂਵਾਂਗਾ। ਅਜਿਹੇ ਜਿਗਰਿਆਂ ਵਾਲ਼ੇ ਗੁਰੂ ਕੇ ਬੇਟਿਆਂ ਸਾਹਮਣੇ ਹਕੂਮਤ ਨੈਤਿਕ ਰੂਪ ਵਿਚ ਤਾਂ ਕਦੋਂ ਦੀ ਹਾਰ ਹੀ ਚੁੱਕੀ ਹੈ। 

ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉ ਦਾ ਕਹਿਣਾ ਹੈ ਕਿ  “ਰੋਟੀ ਬਚਾਓ, ਜ਼ਮੀਨ ਬਚਾਓ” ਦਾ ਨਾਅਰਾ ਦੇ ਕੇ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਇਸ ਘੋਲ਼ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਸੀ ਅਤੇ ਉਹਨਾਂ ਦੀ ਆਸ ਤੋਂ ਵੱਧ ਮਜ਼ਦੂਰ ਇਸ ਮੋਰਚੇ ਵਿਚ ਹਾਜਰੀ ਲਾਉਣ ਲਈ ਅੱਪੜੇ। ਕਿਉਂਕਿ ਖ਼ੇਤੀ ਕਾਨੂੰਨ ਸਿਰਫ਼ ਕਿਸਾਨਾਂ ਤੇ ਹੀ ਨਹੀਂ ਪਰ ਮਜ਼ਦੂਰਾਂ ਦੀ ਰੋਟੀ ਤੇ ਵੀ ਹਮਲਾ ਹਨ। ਸਰਕਾਰੀ ਖਰੀਦ ਬੰਦ ਹੋਣ ਨਾਲ਼ ਅਨਾਜ ਮਹਿੰਗਾ ਹੋ ਜਾਵੇਗਾ। ਇਸ ਚੀਜ ਨੂੰ ਮਜ਼ਦੂਰਾਂ ਨੇ ਸਮਝਿਆ ਹੈ ਅਤੇ ਉਹ ਨਾਲ਼ ਜੁੜੇ।

ਉਹਨਾਂ ਮੁਤਾਬਕ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਸਿਰਫ ਸਟੇਜ ਤਕ ਸੀਮਤ ਹੈ, ਜ਼ਮੀਨੀ ਤੌਰ ਤੇ ਏਕਤਾ ਬਣਨ ਵਿਚ ਹਲੇ ਸਮਾਂ ਲੱਗੇਗਾ। ਲੌਕਡਾਊਨ ਦੌਰਾਨ ਝੋਨਾ ਲਵਾਈ ਵੱਧ ਮੰਗਣ ਤੇ ਸਮਾਜਿਕ ਬਾਈਕਾਟ ਹੋਏ ਹਨ। ਜਦੋਂ ਵੀ ਹੱਕਾਂ ਦੀ ਮੰਗ ਕਰਦੇ ਹਨ ਖਾਸ ਤੌਰ ਤੇ ਸ਼ਾਮਲਾਟ ਦੇ ਜ਼ਮੀਨ ਵਿਚ ਬਣਦਾ ਹਿੱਸਾ ਲੈਣ ਵੇਲੇ ਪਰਚੇ ਦਰਜ ਹੁੰਦੇ ਹਨ।  ਕਿਸਾਨ ਮਾਨਸਿਕਤਾ ਵਿਚ ਬਦਲਾਅ ਆਉਣ ਨਾਲ ਹੀ ਇਹ ਨਾਅਰਾ ਅਮਲੀ ਰੂਪ ਵਿਚ ਪ੍ਰਵਾਨ ਚੜ੍ਹੇਗਾ। ਇਹਨਾਂ ਵਖਰੇਵਿਆਂ ਦੇ ਬਾਵਜੂਦ ਮਜ਼ਦੂਰ ਕਿਸਾਨਾਂ ਦੇ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਖੜਨ ਲਈ ਤਿਆਰ ਹਨ। 

ਉਹਨਾਂ  ਇਹ  ਵੀ  ਕਿਹਾ  ਇਸ ਮੋਰਚੇ ਨੇ ਮਜ਼ਦੂਰਾਂ ਵਿਚ ਇਹ ਵਿਸ਼ਵਾਸ਼ ਪੈਦਾ ਕੀਤਾ ਹੈ ਕਿ ਜੇ ਕਿਸਾਨ ਧੜੇਬੰਦੀਆਂ ਛੱਡ ਕੇ ਇਕੱਠੇ ਹੋ ਕੇ ਲੜ ਸਕਦੇ ਹਨ ਤਾਂ ਮਜ਼ਦੂਰ ਵੀ ਇਕੱਠੇ ਹੋ ਕੇ ਆਪਣੇ ਹੱਕ ਲੈ ਸਕਦੇ ਹਨ।  ਜੇ ਮਜ਼ਦੂਰ ਇਕੱਠੇ ਹੁੰਦੇ ਹਨ ਤਾਂ ਪੰਜਾਬ ਦੇ 35 ਫ਼ੀਸਦੀ ਦਲਿਤ ਵੀ ਨਾਲ਼ ਜੁੜ ਸਕਦੇ ਹਨ। ਨਵੇਂ ਲੇਬਰ ਕਾਨੂੰਨ ਤਹਿਤ ਕੰਮ ਕਰਨ ਦੇ ਘੰਟੇ 8 ਤੋਂ 12 ਹੋ ਗਏ ਹਨ। ਪਰ  ਮਿਨੀਮਮ ਵੇਜ਼ (ਘੱਟੋ ਘੱਟ ਦਿਹਾੜੀ) ਵਿਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ। ਬਹੁਤ ਸਾਰੇ ਅਦਾਰਿਆਂ ਵਿਚ ਯੂਨੀਅਨ ਬਣਾਉਣ ਅਤੇ ਹੜਤਾਲ ਕਰਨ ਦਾ ਹੱਕ ਖ਼ੋ ਲਿਆ ਗਿਆ ਹੈ। ਲੇਬਰ ਕਾਨੂੰਨ ਦੇ ਰੱਦ ਕਰਨ ਦੀ ਮੰਗ ਨੂੰ ਵੀ ਜੋੜ ਲਿਆ ਜਾਂਦਾ ਤਾਂ ਮਜ਼ਦੂਰ ਜਥੇਬੰਦੀਆਂ 2-3 ਦਿਨਾਂ ਦੀ ਸ਼ਮੂਲੀਅਤ ਦੇ ਥਾਂ ਲੰਬੀ ਅਤੇ ਵੱਡੇ ਪੱਧਰ ਤੇ ਜੁੜ ਸਕਦੇ ਹਨ। ਸਨਅਤੀ ਮਜ਼ਦੂਰ ਨਾਂ ਸਿਰਫ ਦਲਿਤ ਭਾਈਚਾਰੇ ਵਿਚੋਂ ਨੇ ਬਲਕਿ ਗਰੀਬ ਕਿਸਾਨੀ ਵਿਚੋਂ ਵੀ ਹਨ। ਇਹ ਅਧਿਕਾਰ ਜ਼ਮਹੂਰੀਅਤ ਬਰਕਰਾਰ ਰੱਖਣ ਲਈ ਬਹੁਤ ਜਰੂਰੀ ਹਨ। 

ਉਹਨਾਂ ਵਿਸ਼ਵਾਸ਼ ਜ਼ਾਹਿਰ  ਕੀਤਾ  ਇਹ ਘੋਲ ਬਹੁਤ ਵਧੀਆ ਪਾਸੇ ਜਾ ਰਿਹਾ। ਲੋਕਾਂ ਵਿਚ ਦ੍ਰਿੜਤਾ ਅਤੇ ਸਾਂਝ ਵਧ ਰਹੀ ਹੈ। ਸਿਆਸੀ ਚੇਤਨਾ ਪ੍ਰਬਲ ਹੋ ਰਹੀ ਹੈ।  ਲੋਕਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਸਾਰੀਆਂ ਹੁਕਰਮਾਨ ਪਾਰਟੀਆਂ ਦੀਆਂ ਨੀਤੀਆਂ ਇੱਕੋ ਹਨ। ਇਹ ਘੋਲ਼ ਆਉਣ ਵਾਲੇ ਸਮੇ ਵਿਚ ਸਿਆਸੀ ਅਤੇ ਸਮਾਜੀ ਤਬਦੀਲੀ ਦੇ ਬੀਜ ਬੋ ਰਿਹਾ ਹੈ।


ਸੰਪਾਦਕੀ

Trolley Times Punjabi Newspaper 4th Edition
Trolley Times Punjabi Newspaper 4th Edition

26 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਖਾਤਿਆਂ ਵਿਚ ਕੁਝ ਪੈਸੇ ਪਵਾ ਕੇ ਕਿਸਾਨ ਮੋਰਚੇ  ਦੇ ਦੇਸ਼ ਵਿਆਪੀ ਫੈਲਾਅ ਨੂੰ ਠੱਲਣ ਦੀ ਕੋਸ਼ਿਸ਼ ਕੀਤੀ।  27 ਦਸੰਬਰ ਨੂੰ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਕਿਸਾਨਾਂ ਨੇ ਥਾਲੀਆਂ ਵਜਾ ਕੇ ਅਣਸੁਣੀ ਕੀਤੀ। 26-27 ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਸਿੰਘੂ ਅਤੇ ਟੀਕਰੀ ਮੋਰਚਿਆਂ ਉੱਤੇ ਮਨਾਏ ਗਏ।  ਸਰਕਾਰ ਵੱਲੋਂ ਕੀਤੀ ਗੱਲਬਾਤ ਦੀ ਪੇਸ਼ਕਸ਼ ਦੇ ਜਵਾਬ ਵਿਚ ਕਿਸਾਨਾਂ ਨੇ 29 ਦਸੰਬਰ ਤਰੀਕ ਸੁਝਾਈ ਸੀ । ਸਰਕਾਰ ਨੇ ਕਿਹਾ 30 ਦਸੰਬਰ ਨੂੰ ਮਿਲਣ ਦਾ ਸੱਦਾ ਦਿੱਤਾ। ਸਰਕਾਰ ਦੀ ਰਮਜ਼ ਸਮਝਦਿਆਂ ਕਿਸਾਨਾਂ ਨੇ 31 ਦਸੰਬਰ ਨੂੰ ਸਿੰਘੂ ਤੋਂ ਟੀਕਰੀ ਤੋਂ ਸ਼ਾਹਜਹਾਂਪੁਰ ਮੋਰਚੇ ਤੱਕ ਟ੍ਰੈਕਟਰ-ਰੈਲੀ ਕਰਨ ਦਾ ਅਤੇ ਹਰੇਕ ਜਣੇ ਨੂੰ ਨਵਾਂ ਸਾਲ ਕਿਸਾਨਾਂ ਨਾਲ਼ ਮੋਰਚੇ ‘ਤੇ ਮਨਾਉਣ ਦਾ ਸੱਦਾ ਵੀ ਦਿੱਤਾ ਹੈ। 

ਕੌਮੀ ਮੀਡੀਆ ਆਪਣੇ ਭੰਡੀ ਪ੍ਰਚਾਰ ਵਿਚ ਲੱਗਿਆ ਹੋਇਆ ਹੈ। ਪਹਿਲਾਂ ਉਹ ਕਿਸਾਨਾਂ ਨੂੰ ਖ਼ਾਲਿਸਤਾਨੀ ਦੱਸ ਰਹੇ ਸਨ।  ਹੁਣ ਉਹ ਕਿਸਾਨ ਮੋਰਚੇ ਵਿਚ ਸੇਵਾ ਕਰ ਰਹੀ ਜਥੇਬੰਦੀ ‘ਖਾਲਸਾ-ਏਡ’ ਨੂੰ ਖ਼ਾਲਿਸਤਾਨੀ ਦੱਸ ਰਹੇ ਹਨ। ਭਾਜਪਾ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਚੱਲਣ ਵਾਲ਼ੇ ਮੀਡੀਆ ਦਾ ਪਰਦਾਫਾਸ਼ ਅੰਦੋਲਨਕਾਰੀਆਂ ਨੇ ਬੜੇ ਸੁਚੱਜੇ ਢੰਗ ਨਾਲ਼ ਕੀਤਾ ਹੈ। ਮੋਰਚੇ ਵਿਚ ਆਉਣ ਤੇ ਭਾਜਪਾ ਪੱਖੀ ਮੀਡੀਆ ਦਾ ਵਿਰੋਧ ‘ਗੋਦੀ ਮੀਡੀਆ ਮੁਰਦਾਬਾਦ’ ਦੇ ਨਾਅਰਿਆਂ ਨਾਲ ਹੁੰਦਾ ਹੈ।  ਉਹਨਾਂ ਨੂੰ ਹੁਣ ਆਪਣੇ ਚੈਨਲਾਂ ਦੇ ਲੋਗੋ ਲੁਕੋ ਕੇ ਮੋਰਚੇ ਵਿਚ ਆਉਣਾ ਪੈ ਰਿਹਾ ਹੈ। ਪਿਛਲੇ ਦਿਨੀਂ ‘ਫਿੱਕੀ’ ( ਵੱਡੇ ਵਪਾਰੀਆਂ ਅਤੇ ਸਨਅਤਕਾਰਾਂ ਦੀ ਫੈਡਰੇਸ਼ਨ) ਦੇ ਪ੍ਰਧਾਨ ਉਦੈ ਸ਼ੰਕਰ  ਨੇ ਬਿਆਨ ਦਿੱਤਾ ਕੇ ਸਨਅਤਕਾਰਾਂ ਨੂੰ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਨਿੱਤਰਨਾ ਚਾਹੀਦਾ ਹੈ। ਸਾਫ਼ ਪਤਾ ਲੱਗਦਾ ਹੈ ਕਿ ਖ਼ੇਤੀ ਕਾਨੂੰਨ ਕਿਸਾਨ ਪੱਖੀ ਨਹੀਂ, ਸਨਅਤਕਾਰ ਪੱਖੀ ਹਨ। 

ਨੋਟਬੰਦੀ, ਜੀ.ਐੱਸ.ਟੀ. , ਕੋਰੋਨਾ-ਤਾਲਾਬੰਦੀ ਵਰਗੀਆਂ ਕਾਲੀਆਂ ਕਰਤੂਤਾਂ ਨਾਲ਼ ਅਰਥਚਾਰੇ ਦੀ ਕੀਤੀ ਬਦਹਾਲੀ ਦਾ ਇਲ਼ਾਜ ਕੇਂਦਰ ਸਰਕਾਰ ਨੇ ਇਹ ਲੱਭਿਆ ਹੈ ਕਿ ਖੇਤੀਬਾੜੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤਾ ਜਾਵੇ। ਕਿਸਾਨ ਮੋਰਚੇ ਦੇ ਆਗੂ ਕੁਲਵੰਤ ਸਿੰਘ ਸੰਧੂ ਦੇ ਕਹਿਣ ਮੁਤਾਬਕ ਕੀ ਸਰਕਾਰ ਦਾ ਕੰਮ ਸਿਰਫ਼ ਕੁੱਟ-ਮਾਰ ਕੇ ਰਾਜ ਕਰਨ ਦਾ ਰਹਿ ਗਿਆ ਹੈ ਅਤੇ ਜੇ ਸਹੂਲਤਾਂ ਦੇਣ ਦੀ ਥਾਂ ਲੋਕਾਂ ਕੋਲ ਜੋ ਹੈ ਉਸਨੂੰ ਧਨਾਢਾਂ ਹਵਾਲੇ ਕਰ ਕੇ ਆਪ ਲਾਂਭੇ ਹੋ ਜਾਣਾ ਹੈ ਤਾਂ ਸਰਕਾਰ ਸਾਡੇ ਕਿਸ ਕੰਮ ਦੀ ਹੈ?

ਲੋਕ ਇਹਨਾਂ ਚਾਲਾਂ ਤੋਂ ਚੰਗੀ  ਤਰਾਂ ਜਾਣੂ ਹੋ ਗਏ ਹਨ ਅਤੇ ਉਹਨਾਂ ਦੇ ਰੋਹ ਦਾ ਨਿਸ਼ਾਨਾਂ ਨਾਂ ਸਿਰਫ਼ ਭਾਜਪਾ ਦੇ ਨੁਮਾਇੰਦੇ ਬਲ ਕਿ ਰਿਲਾਇੰਸ ਕੰਪਨੀ ਦੇ ਮੋਬਾਈਲ ਟਾਵਰ ਵੀ ਬਣਨ ਲੱਗੇ ਹਨ। ਮੋਰਚੇ ਵਿਚ ਹੀ ਲੱਗਿਆ ਇਕ ਪੋਸਟਰ ਇਸ ਰੋਹ ਦੀ ਤਰਜ਼ਮਾਨੀ ਕਰਦਾ ਕਹਿ ਰਿਹਾ ਸੀ ਕਿ ਅਸੀਂ ਖ਼ਾਲਿਸਤਾਨ ਬਣਵਾਉਣ ਲਈ ਨਹੀਂ ਸਗੋਂ ਮੁਲਕ ਨੂੰ ਅੰਬਾਨੀਸਤਾਨ ਅਤੇ ਅਦਾਨੀਸਤਾਨ ਬਣਨ ਤੋਂ ਰੋਕਣ ਲਈ ਸੜਕਾਂ ਤੇ ਡਟੇ ਹੋਏ ਹਾਂ। ਇਹਨਾਂ ਘਟਨਾਵਾਂ ਤੋਂ ਸੰਕੇਤ ਇਹੀ ਮਿਲ ਰਿਹਾ ਹੈ ਕਿ ਅੰਦੋਲਨ ਦਾ ਹੋਰ ਤਿੱਖਾ ਹੋਣਾ ਅਤੇ ਇਸ ਵਿਚ ਜੁੜ ਰਹੇ ਲੋਕਾਂ ਦਾ ਵਾਧਾ ਲਾਜ਼ਮੀ ਹੈ।


ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਸਾਂਝੀ ਜੁਝਾਰੂ ਵਿਰਾਸਤ

ਜਤਿੰਦਰ ਮੌਹਰ, ਟੀਕਰੀ ਮੋਰਚਾ 

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਡੇ ਚੇਤਿਆਂ ਵਿੱਚ ਮਨੁੱਖੀ ਹਮਦਰਦੀ ਅਤੇ ਦਰਦਮੰਦੀ ਦੇ ਨੁਮਾਇੰਦੇ ਸ਼ੇਰ ਮੁਹੰਮਦ ਖ਼ਾਨ ਮਲੇਰਕੋਟਲਾ ਅਤੇ ਬੱਚਿਆਂ ਦੇ ਅੰਤਮ-ਸੰਸਕਾਰ ਲਈ ਸਭ ਕੁਝ ਦਾਅ ਉੱਤੇ ਲਾਉਣ ਵਾਲੇ ਟੋਡਰ ਮੱਲ ਨੂੰ ਯਾਦ ਕਰਵਾਉਂਦੀ ਹੈ। ਬਾਬਾ ਬੰਦਾ ਬਹਾਦਰ ਸ਼ਿਕਾਰੀ ਤੋਂ ਵੈਰਾਗੀ ਬਣਿਆ। ਬਾਲਾਂ ਉੱਤੇ ਹੋਏ ਤਸ਼ੱਦਦ ਦੀ ਦਾਸਤਾਨ ਨੇ ਉਸ ਦੇ ਵੈਰਾਗੀ ਮਨ ਅਤੇ ਸ਼ਿਕਾਰ ਦੇ ਹੁਨਰ ਵਿਚਕਾਰ ਕਿਹੋ-ਜਿਹਾ ਸੰਵਾਦ ਛੇੜਿਆ ਹੋਵੇਗਾ? ਤਵਾਰੀਖ਼ ਦਰਜ ਕਰਦੀ ਹੈ ਕਿ ਬੰਦਾ ਬਹਾਦਰ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਇਕੱਠੇ ਕਰਦਾ ਹੋਇਆ ਮੌਜੂਦਾ ਹਰਿਆਣੇ ਦੀ ਧਰਤੀ ਉੱਤੇ ਪਹੁੰਚਿਆ ਸੀ। ਇਹੀ ਉਹ ਇਲਾਕਾ ਹੈ ਜਿੱਥੇ ਅੱਜ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰ ਸੂਬਿਆਂ ਦੇ ਕਿਰਤੀ-ਕਿਸਾਨ ਭਾਜਪਾ ਦੀ ਕੇਂਦਰੀ ਅਤੇ ਸੂਬਾਈ ਹਕੂਮਤਾਂ iਖ਼ਲਾਫ਼ ਮੋਰਚਾ ਵਿੱਢੀ ਬੈਠੇ ਹਨ।

ਇਸ ਧਰਤੀ ਨੇ ਸੰਨ 1669-70 ਵਿੱਚ ਸਤਨਾਮੀਆਂ ਦੀ ਔਰੰਗਜ਼ੇਬ ਦੇ iਖ਼ਲਾਫ਼ ਬਗ਼ਾਵਤ ਦੇਖੀ ਸੀ। ਇਸ ਖਿੱਤੇ ਵਿੱਚ ਮੇਵਾਤੀ, ਸਤਨਾਮੀ, ਜਾਟ ਅਤੇ ਹੋਰ ਲੋਕ ਲਗਾਤਾਰ ਬਗ਼ਾਵਤਾਂ ਕਰਦੇ ਰਹੇ। ਬਾਬੇ ਬੰਦਾ ਦਾ ਮਨੋਵੇਗ ਅਤੇ ਇਸ ਖਿੱਤੇ ਦੇ ਲੋਕਾਂ ਦਾ ਸੁਭਾਅ ਇੱਕ ਮੁਹਿੰਮ ਵਿੱਚ ਸਹਿਜੇ ਹੀ ਇੱਕਸੁਰ ਹੋ ਗਏ। ਮੁਗ਼ਲਾਂ ਨੂੰ ਭੇਜੀ ਰਪਟ ਵਿੱਚ ਸਰਕਾਰ ਦੇ ਸੂਹੀਏ ਨੇ ਲਿਖਿਆ ਹੈ ਕਿ ਬੰਦਾ ਬਹਾਦਰ ਦੀ ਫ਼ੌਜ ਵਿੱਚ ਪੰਜ ਹਜ਼ਾਰ ਤੋਂ ਵੱਧ ਮੁਸਲਮਾਨ ਹਨ। ਸਤਲੁਜ ਤੋਂ ਜਮਨਾ ਦਰਿਆ ਤੱਕ ਦਾ ਖਿੱਤਾ ਮੁਕਤੀ ਫ਼ੌਜ ਦੇ ਅਸਰ ਹੇਠ ਆ ਗਿਆ। ਮੁਕਤ ਹੋਈ ਧਰਤੀ ਦੇ ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ।

ਹਰਿਆਣਾ ਦੇ ਲੋਕਾਂ ਨੇ ਨਾਬਰੀ ਦੀ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ 1857 ਦੇ ਗ਼ਦਰ ਵਿੱਚ ਅੰਗਰੇਜ਼ਾਂ ਨਾਲ ਦਸਤਪੰਜਾ ਲਿਆ। ਇਨ੍ਹਾਂ ਗ਼ਦਰੀਆਂ ਵਿੱਚ ਮੇਵਾਤ ਦੇ ਸਦਰੂਦੀਨ ਮੇਵਾਤੀ, ਰਿਵਾੜੀ ਦੇ ਰਾਉ ਤੁੱਲਾ ਰਾਮ, ਪਾਣੀਪਤ ਦੇ ਇਮਾਮ ਕਲੰਦਰੀ, ਝੱਜਰ ਦੇ ਅਬਦਸ ਸਮਦ ਖਾਨ, ਕਰਨਾਲ ਦੇ ਰਾਮੋ ਜਾਟ ਅਤੇ ਹਿਸਾਰ ਦੇ ਮੁਹੰਮਦ ਅਜ਼ੀਮ ਦਾ ਨਾਮ ਆਉਂਦਾ ਹੈ। ਫਕੀਰ ਸ਼ਾਮ ਦਾਸ ਨੇ ਜੀਂਦ, ਨਾਭਾ ਰਿਆਸਤ ਅਤੇ ਅੰਗਰੇਜ਼ਾਂ ਦੀ ਸਾਂਝੀ ਫ਼ੌਜ ਨੂੰ ਟੱਕਰ ਦਿੱੱਤੀ। ਨਾਦਰ ਸ਼ਾਹ ਦੇ ਹਮਲੇ ਸਮੇਂ ਰੋਹਤਕ ਨੇੜੇ ਪਿੰਡ ਬੋਹੜ ਵਿੱਚ ਕੰਨਪਾਟੇ ਜੋਗੀਆਂ ਨੇ ਨਾਦਰ ਸ਼ਾਹ ਨੂੰ ਵੱਡੀ ਟੱਕਰ ਦਿੱਤੀ ਸੀ।

ਨਾਬਰੀ ਅਤੇ ਦਰਦਮੰਦੀ ਇਸ ਖਿੱਤੇ ਦੀ ਸਾਂਝੀ ਅਤੇ ਸੱਚੀ ਵਿਰਾਸਤ ਹੈ ਜੋ ਜਮਹੂਰੀਅਤ ਦੀ ਲੜਾਈ ਨੂੰ ਆਖ਼ਰੀ ਬੰਦੇ ਤੱਕ ਇਨਸਾਫ਼ ਪਹੁੰਚਾਉਣ ਤੱਕ ਲੜੇ ਜਾਣ ਦਾ ਇਸ਼ਾਰਾ ਕਰਦੀ ਹੈ। ਜਦੋਂ ਅਸੀਂ ਬੰਦਾ ਬਹਾਦਰ ਅਤੇ ਵਜ਼ੀਰ ਖ਼ਾਨ ਵਿੱਚੋਂ ਆਪਣੀ ਸਮਝ ਮੁਤਾਬਕ ਬੰਦਾ ਬਹਾਦਰ ਦੀ ਵਿਰਾਸਤ ਨੂੰ ਅੱਗੇ ਤੋਰਨ ਦਾ ਫ਼ੈਸਲਾ ਕਰਦੇ ਹਾਂ। ਭਾਜਪਾਈ ਅਤੇ ਸੰਘੀ ਸਿਆਸਤ ਵਜ਼ੀਰ ਖ਼ਾਨ ਦੀ ਵਿਰਾਸਤ ਹੈ ਜਿਹਨੇ ਆਮ ਸ਼ਹਿਰੀਆਂ ਦੇ ਹਕੂਕ ਖੋਹਣ ਦਾ ਤਹੱਈਆ ਕੀਤਾ ਹੋਇਆ ਹੈ। ਇਹ ਜ਼ਹਿਰੀਲੀ ਸਿਆਸਤ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਇਹ ਸਮੂਹ ਕਿਰਤੀ-ਕਾਮਿਆਂ ਦੀ ਲੁੱਟ ਦਾ ਰਾਹ ਮੋਕਲਾ ਕਰਦੀ ਹੈ।

ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਹੋਰ ਹੱਦਾਂ ਉੱਤੇ ਡਟੇ ਲੋਕਾਂ ਦੀ ਵਿਰਾਸਤ ਦਾ ਜੋੜ-ਮੇਲ ਗੁਰੂ ਗੋਬਿੰਦ ਸਿੰਘ, ਉਨ੍ਹਾਂ ਦੇ ਸ਼ਹੀਦ ਹੋਏ ਪੁੱਤਾਂ, ਬਾਬੇ ਬੰਦੇ ਅਤੇ ਉਹਦੇ ਸਾਥੀਆਂ ਦੀ ਵਿਰਾਸਤ ਨਾਲ ਹੈ। ਇਹ ਵਿਰਾਸਤ ਹਰਿਆਣੇ ਦੇ ਨਾਬਰ ਲੋਕਾਂ ਦੀ ਹੈ ਜਿਹੜੇ ਬਾਬੇ ਬੰਦੇ ਦੀ ਬਾਂਹ ਬਣੇ ਅਤੇ ਜਾਬਰ ਹਕੂਮਤਾਂ ਦੇ iਖ਼ਲਾਫ਼ ਜੂਝਦੇ ਰਹੇ। ਜਦੋਂ ਇਸੇ ਹਰਿਆਣਾ ਦੇ ਲੋਕ ਪੰਜਾਬ ਵਿੱਚੋਂ ਆਉਂਦੇ ਰੋਹ ਦੇ ਕਾਫ਼ਲਿਆਂ ਦੇ ਰਾਹ ਦੀਆਂ ਰੋਕਾਂ ਤੋੜਦੇ ਹਨ, ਉਨ੍ਹਾਂ ਦੇ ਲੰਗਰ ਅਤੇ ਰਿਹਾਇਸ਼ ਦਾ ਇੰਤਜ਼ਾਮ ਕਰਦੇ ਹਨ ਤਾਂ ਇਹ ਆਪਣੇ ਲੋਕ ਪੱਖੀ ਇਤਿਹਾਸ ਨੂੰ ਦੁਹਰਾ ਰਹੇ ਹਨ। ਇਹ ਜਿਵੇਂ ਬਗ਼ਾਵਤਾਂ ਵਿੱਚ ਜੁੜਦੇ ਆਏ ਹਨ, ਉਵੇਂ ਹੀ ਇਹ ਮੁੜ ਜੁੜੇ ਹਨ। ਨਤੀਜੇ ਵਜੋਂ ਬੋਲੀ, ਮਜ਼ਹਬ ਅਤੇ ਸੂਬਾਬੰਦੀ ਦੀਆਂ ਵੰਡੀਆਂ ਕਾਫ਼ੂਰ ਹੋ ਗਈਆਂ ਹਨ। ਇਨ੍ਹਾਂ ਵੰਡੀਆਂ ਉੱਤੇ ਟਿਕੀ ਸਿਆਸਤ ਮੌਜੂਦਾ ਮੋਰਚੇ ਦੇ ਅੰਦਰ-ਬਾਹਰ ਅੱਚੋਤਾਣ ਹੋਈ ਹੈ।

ਨਿਮਾਣੇ ਅਤੇ ਨਿਤਾਣੇ ਲੋਕਾਂ ਨੇ ਇਹ ਦੁਨੀਆ ਤਿਲ-ਤਿਲ, ਪਲ-ਪਲ ਸਿਰਜੀ ਹੈ। ਫ਼ਸਲਾਂ ਤੋਂ ਲੈ ਕੇ ਇਮਾਰਤਾਂ ਤੱਕ ਦਾ ਸਮੁੱਚਾ ਪਸਾਰਾ ਲੋਕਾਈ ਦੀ ਕਿਰਤ ਦੀ ਕੀਰਤੀ ਹੈ। ਲੋਕਾਂ ਨੇ ਅੱਜ ਤੱਕ ਆਪਣੀ ਕਲਾ ਵਰਤਾਈ ਹੈ ਅਤੇ ਵਰਤਾਉਂਦੇ ਰਹਿਣਗੇ। ਇਹ ਕਲਾ ਆਵਾਮ ਦੇ ਘੋਲਾਂ ਵਿੱਚ ਵਰਤਦੀ ਹੈ, ਕਿਰਤੀ ਦੇ ਮੁੜਕੇ ਵਿੱਚ ਵਰਤਦੀ ਹੈ, ਸਾਂਝ ਦੇ ਹਰ ਉੱਦਮ ਵਿੱਚ ਵਰਤਦੀ ਹੈ, ਸੁਰਤ ਦੀ ਹਰ ਤੰਦ ਵਿੱਚ ਵਰਤਦੀ ਹੈ


ਬੁਰਾੜੀ ਮੈਦਾਨ ਵਿਚ ਕਿਸਾਨੀ ਦਾ ਝੰਡਾ 

ਸਰਮਨ, ਬੁਰਾੜੀ ਮੋਰਚਾ

“25 ਨਵੰਬਰ ਨੂੰ ਜਦ ਅਸੀਂ ਪਿੰਡਾਂ ਤੋਂ ਚੱਲੇ ਸੀ ਤਾਂ ਸੋਚਿਆ ਨਹੀਂ ਸੀ ਕਿ ਇਹ ਸੰਘਰਸ਼ ਇਤਨਾ ਵੱਡਾ ਰੂਪ ਧਾਰ ਲਵੇਗਾ, ਇਤਨਾ ਲੰਬਾ ਤੇ ਸ਼ਾਂਤਮਈ ਤਰੀਕੇ ਨਾਲ ਚੱਲੇਗਾ ਅਤੇ ਲੋਕਾਂ ਦਾ ਸਹਿਯੋਗ ਵੀ ਇੰਨਾ ਜਿਆਦਾ ਮਿਲੇਗਾ। ਅਸੀਂ ਤੁਰੇ ਅਤੇ ਟੀਕਰੀ ਬਾਰਡਰ ਰਾਹੀਂ ਦਿੱਲੀ ਵਿੱਚ ਦਾਖਿਲ ਹੋਏ। ਅਸੀਂ ਪਿੱਛਿਓਂ  ਹੀ ਹਰਿਆਣੇ ਵਿੱਚ ਲਗਾਈਆਂ ਰੋਕਾਂ ਤੋੜਦੇ ਆ ਰਹੇ ਸੀ ਅਤੇ ਇਸੇ ਤਰਾਂ ਟੀਕਰੀ ਬਾਰਡਰ ਤੇ ਲੱਗੀ ਰੋਕ ਤੋੜ ਕੇ ਦਿੱਲੀ ਵਿੱਚ ਦਾਖਲ ਹੋਏ। ਅਸੀਂ ਇਸ ਦੁਵਿਧਾ ਵਿੱਚ ਬਰਾੜੀ ਮੈਦਾਨ ਵਿੱਚ ਆ ਕੇ ਇਕੱਠੇ ਹੋ ਗਏ ਕਿ ਸਾਰੇ ਕਿਸਾਨ ਇੱਥੇ ਹੀ ਇਕੱਠੇ ਹੋ ਰਹੇ ਹਨ। ਪਰ ਜਦ ਅਸੀਂ ਇੱਥੇ ਪਹੁੰਚੇ ਤਾਂ ਸਾਨੂੰ ਗੜਬੜੀ ਲੱਗੀ ਅਤੇ ਅਸੀਂ ਆਪਣੇ ਪਿਛਲੇ ਸਾਥੀਆਂ ਨੂੰ ਸੂਚਿਤ ਕੀਤਾ ਅਤੇ ਇੱਥੇ ਆਉਣ ਤੋਂ ਮਨ੍ਹਾ ਕੀਤਾ। ਪਰ ਅਸੀਂ ਇੱਥੇ ਹੀ ਰਹਿ ਗਏ। 

ਗੱਲ ਇਹ ਵੀ ਹੋਈ ਹੈ ਕਿ ਸਰਕਾਰ ਨੇ ਸਾਡੇ ਦਿੱਲੀ ਵਿੱਚ ਦਾਖਲ ਹੋਣ ਤੇ ਰੋਕ ਲਗਾਈ ਸੀ ਪਰ ਅਸੀਂ ਉਹ ਰੋਕ ਭੰਨ ਕੇ ਦਿੱਲੀ ਵਿੱਚ ਦਾਖ਼ਲ ਹੋਏ ਤੇ ਸਰਕਾਰ ਦੀ ਹਿੱਕ ਤੇ ਆਣ ਕੇ ਕਿਸਾਨੀ ਦਾ ਝੰਡਾ ਗੱਡ ਕੇ ਦੱਸਿਆ ਹੈ ਕਿ ਇਸ ਰੋਹ ਨੂੰ ਕੋਈ ਸਰਕਾਰੀ ਤਾਕਤ ਰੋਕ ਨਹੀਂ ਸਕਦੀ। ਹੁਣ ਅਸੀਂ ਆਪਣਾ ਡੇਰਾ ਇਸ ਮੈਦਾਨ ਵਿੱਚ ਲਗਾਇਆ ਹੈ, ਜੋ ਸਾਡੀ ਦਿੱਲੀ ਦੇ ਅੰਦਰ ਦੀ ਹਾਜਰੀ ਦਾ ਪ੍ਰਤੀਕ ਹੈ, ਸਾਡੇ ਡੇਰੇ ਦੀ ਨਿਸ਼ਾਨੀ ਹੈ।”

ਅਜਿਹਾ ਕਹਿਣਾ ਸੀ ਬੁਰਾੜੀ ਮੈਦਾਨ ਵਿੱਚ ਬੈਠੇ ਕਿਸਾਨ ਵੀਰਾਂ ਦਾ।

ਪੈਂਤੀ ਦੇ ਕਰੀਬ ਟਰੈਕਟਰ-ਟਰਾਲੀਆਂ ਨਾਲ ਕਿਸਾਨਾਂ ਨੇ ਇਸ ਮੈਦਾਨ ਵਿੱਚ ਆਪਣਾ ਡੇਰਾ ਲਗਾਇਆ ਹੋਇਆ ਹੈ। ਇੱਥੋਂ ਦੀ ਰੋਜ਼ਮਰਾ ਦੀ ਜਿੰਦਗੀ ਵੀ ਦਿੱਲੀ ਦੀਆਂ ਬਾਕੀ ਹੱਦਾਂ ਉੱਪਰ ਚੱਲ ਰਹੇ ਸੰਘਰਸ਼ ਤੋਂ ਬਹੁਤੀ ਵੱਖਰੀ ਨਹੀਂ ਹੈ। ਇੱਥੇ ਦਿੱਲੀ ਵਿੱਚੋਂ ਵੀ ਸੰਗਤ ਆਉਂਦੀ ਹੈ,ਜੋ ਸਵੇਰ ਜਾਂ ਬਾਕੀ ਸਮੇਂ ਲੰਗਰ ਦੀ ਸੇਵਾ ਕਰਦੀ ਹੈ। ਪਰ ਜ਼ਿਆਦਾਤਰ ਇੱਥੇ ਬੈਠੇ ਕਿਸਾਨਾਂ ਵੱਲੋਂ ਖੁਦ ਹੀ ਆਪਣਾ ਲੰਗਰ ਤਿਆਰ ਕੀਤਾ ਜਾਂਦਾ ਹੈ ਤੇ ਇਕੱਠੇ ਬਹਿ ਕੇ ਛਕਦੇ ਹਨ।

ਦਿਨ ਵੇਲੇ ਕਈ ਪੱਤਰਕਾਰ ਵੀ ਆਉਂਦੇ ਅਤੇ ਇਹਨਾ ਨਾਲ ਸਵਾਲ ਜਵਾਬ ਕੀਤੇ ਜਾਂਦੇ ਹਨ । ਜਿਆਦਾਤਰ ਸਮਾਂ ਆਪਸੀ ਚਰਚਾ ਜਾਂ ਸੇਵਾ ਵਿੱਚ ਗੁਜ਼ਰਦਾ  ਹੈ। ਕਿਸਾਨ ਵੀਰਾਂ ਮੌਕੇ ਮੌਕੇ ਤੇ ਇਸ ਮੈਦਾਨ ਵਿੱਚੋਂ ਬਾਹਰ ਜਾਂਦੇ ਹਨ ਅਤੇ ਸਰਕਾਰ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਵੀ ਕਰਦੇ ਹਨ, ਜਿਵੇਂ ਕੁੱਝ ਦਿਨ ਪਹਿਲਾਂ ਹੀ ਉਹਨਾਂ ਕੱਪੜੇ ਉਤਾਰ ਕੇ ਪ੍ਰਦਰਸ਼ਨ ਕੀਤਾ ਸੀ। ਅਜਿਹਾ ਪ੍ਰਦਰਸ਼ਨ ਉਹਨਾ ਅਨੁਸਾਰ ਕਾਫੀ ਵਾਰ ਕੀਤਾ ਗਿਆ ਹੈ।

ਇੱਥੇ ਵੀ ਬਾਕੀ ਸਰਹੱਦਾਂ ਦੇ ਧਰਨਿਆਂ ਵਾਂਗ ਜੱਥੇ ਬਦਲਦੇ ਰਹਿੰਦੇ ਹਨ। ਇੱਥੋਂ ਦੇ ਕਿਸਾਨਾਂ ਸਾਨੂੰ ਇਹ ਵੀ ਦੱਸਿਆ ਕਿ ਸਰਕਾਰ ਨੇ ਬਾਕੀ ਕਿਸਾਨਾਂ ਅਤੇ ਸਾਡੇ ਲਈ ਵੀ ਕਈ ਸਹੂਲਤਾਂ ਜਿਵੇਂ ਖਾਣ ਪੀਣ ਅਤੇ ਰਹਿਣ ਆਦਿ ਦਾ ਪ੍ਰਬੰਧ ਕੀਤਾ ਸੀ ਪਰ ਅਸੀਂ ਕੋਈ ਸਰਕਾਰੀ ਸਹੂਲਤ ਸਵੀਕਾਰ ਨਹੀਂ ਕੀਤੀ ਅਤੇ ਜਿਸ ਕਰਕੇ ਉਹਨਾਂ ਸਿਆਸੀ ਪਾਰਟੀਆਂ ਨੂੰ ਆਪਣਾ ਪ੍ਰਬੰਧ ਵਾਪਿਸ ਲਿਜਾਣਾ ਪਿਆ। ਭਾਵੇਂ ਬਹੁਤੇ ਲੋਕਾਂ ਦਾ ਧਿਆਨ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਸੰਘਰਸ਼ ਤੇ ਹੀ ਜਿਆਦਾ ਜਾਂਦਾ ਹੈ ਪਰ ਬਹੁਤੀਆਂ ਨਜ਼ਰਾਂ ਤੋਂ ਓਹਲੇ, ਇਸ ਮੈਦਾਨ ਵਿੱਚੋਂ ਵੀ ਸੰਘਰਸ਼ ਪੂਰੇ ਜ਼ੋਸ਼ੀਲੇ ਤਰੀਕੇ ਨਾਲ ਜਾਰੀ ਹੈ ਅਤੇ ਕਿਰਤੀਆਂ ਦਾ ਇਹ ਕਾਫਲਾ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਫਤਹਿ ਵੱਲ ਵਧ ਰਿਹਾ ਹੈ।


ਭਾਜਪਾ ਦੇ ਫੁੱਟ ਪਾਊ ਪ੍ਰਚਾਰ ਤੋਂ ਬਚੋ 

ਸ਼ਮੀਲ ਜਸਵੀਰ ਦੇ ਬਲਾਗ ਵਿਚੋਂ

ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਜੋ ਗਤੀਵਿਧੀ ਹੋ ਰਹੀ ਹੈ, ਉਸ ਤੋਂ ਲਗਦਾ  ਹੈ ਕਿ ਅਮਿਤ ਸ਼ਾਹ ਵੱਲੋਂ ਆਪਣੇ ਵਿਰੋਧ ਵਿਚ ਖੜ੍ਹੀਆਂ ਧਿਰਾਂ ਅਤੇ ਲੋਕਾਂ ਨੂੰ ਆਪਸ ਵਿਚ ਵੰਡ ਦੇਣ ਦਾ ਫਾਰਮੂਲਾ ਇਸ ਵਕਤ ਕਿਸਾਨ ਅੰਦੋਲਨ ਦੇ ਖਿਲਾਫ ਅਪਣਾਇਆ ਜਾ ਰਿਹਾ ਹੈ।

ਪੰਜਾਬ ਦੇ ਮੌਜੂਦਾ ਕਿਸਾਨੀ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਇਸ ਦੀ  ਇਕਜੁੱਟਤਾ ਹੈ। ਸ਼ਾਇਦ ਅਜ਼ਾਦੀ ਦੇ ਸੰਘਰਸ਼ ਤੋਂ ਬਾਦ ਪਹਿਲੀ ਵਾਰ ਪੰਜਾਬ ਦੇ ਹਿੰਦੂ, ਸਿੱਖ, ਮੁਸਲਮਾਨ; ਸਭ ਜਾਤਾਂ ਦੇ ਲੋਕ; ਪੇਂਡੂ ਅਤੇ ਸ਼ਹਿਰੀ; ਅਤੇ  ਸਭ ਰਾਜਨੀਤਕ ਧਿਰਾਂ ਇਕ ਸੁਰ ਹਨ। ਇਸ ਤੋਂ ਵੀ ਵੱਡੀ ਗੱਲ ਇਹ ਹੋ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਲੋਕ ਵੱਡੇ-ਛੋਟੇ ਭਰਾ ਦੀ ਤਰਾਂ ਗੱਲਾਂ ਕਰ ਰਹੇ ਹਨ। 

ਜੋ ਗਤੀਵਿਧੀ ਇਸ ਵਕਤ ਸੋਸ਼ਲ ਮੀਡੀਆ ਵਿਚ ਹੋ ਰਹੀ ਹੈ, ਉਸ ਵਿਚੋਂ ਆਈ ਟੀ ਸੈੱਲਾਂ ਦੀ ਫੁੱਟ ਪਾਊ ਰਣਨੀਤੀ ਦੇਖੀ ਜਾ ਸਕਦੀ ਹੈ। ਇਸ ਰਣਨੀਤੀ ਦੇ ਤਿੰਨ ਵੱਡੇ ਪੱਖ ਹਨ:

  1. ਮੌਜੂਦਾ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਬੜੀ ਮੁੱਦਤ ਬਾਦ ਪੰਜਾਬ ਵਿਚ ਖੱਬੇ ਪੱਖੀ ਪਿਛੋਕੜ ਵਾਲੀਆਂ ਧਿਰਾਂ, ਪੰਥਕ ਧਿਰਾਂ ਅਤੇ ਹੋਰ ਸਭ ਵਰਗ ਇਕੱਠੇ ਹੋਏ ਹਨ। ਸੋਸ਼ਲ ਮੀਡੀਆ ਦੀਆਂ ਪੋਸਟਾਂ ਦਾ ਇਕ ਨਿਸ਼ਾਨਾ  ਪੰਜਾਬ ਦੇ ਕਾਮਰੇਡਾਂ ਅਤੇ ਪੰਥਕ ਧਿਰਾਂ ਵਿਚਾਲੇ ਵਿਰੋਧਾਂ ਨੂੰ ਤਿੱਖਾ ਕਰਨਾ ਹੈ। 
  2. ਇਸ ਰਣਨੀਤੀ ਦਾ ਦੂਜਾ ਹਿੱਸਾ ਹਿੰਦੂ-ਸਿੱਖ ਵਿਰੋਧ ਪੈਦਾ ਕਰਨਾ ਹੈ। ਇਸ ਕਰਕੇ ਅਜਿਹੀਆਂ ਪੋਸਟਾਂ ਵਾਲੇ ਲੋਕ ਉਨ੍ਹਾਂ ਸਾਰੀਆਂ ਗੱਲਾਂ ਨੂੰ ਤੂਲ ਦੇਣਗੇ; ਉਨ੍ਹਾਂ ਨੂੰ ਪ੍ਰਮੋਟ ਕਰਨਗੇ, ਜਿਸ ਨਾਲ ਹਿੰਦੂ-ਸਿੱਖ ਪਾੜਾ ਪੈਦਾ ਹੁੰਦਾ ਹੋਵੇ। ਕਿਤੇ ਇਹ ਸਿੱਖੀ ਦੇ ਭੇਸ ਵਿਚ ਅਜਿਹੀ ਗੱਲ ਕਰਨਗੇ ਅਤੇ ਕਿਤੇ ਹਿੰਦੂ ਦੇ ਭੇਸ ਵਿਚ। 
  3. ਇਸ ਰਣਨੀਤੀ ਦਾ ਇਕ ਹੋਰ ਖਤਰਨਾਕ ਹਿੱਸਾ ਜੱਟਾਂ ਅਤੇ ਗੈਰ-ਜੱਟਾਂ ਵਿਚਕਾਰ ਵਿਰੋਧ ਨੂੰ ਤਿੱਖਾ ਕਰਨਾ ਹੈ। ਇਸ ਤਰਾਂ ਦੀਆਂ ਪੋਸਟਾਂ ਵੀ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜਿਹੜੀਆਂ ਇਹ ਗੱਲ ਉਭਾਰਨ ਦੀ ਕੋਸ਼ਿਸ਼ ਕਰ ਰਹੀਆਂ ਕਿ ਕਿਸਾਨਾਂ ਦੀਆਂ ਮੰਗਾਂ ਸਿਰਫ ਕਿਸਾਨਾਂ ਦੀਆ ਮੰਗਾਂ ਹਨ, ਅਤੇ ਗੈਰ-ਜ਼ਮੀਨੇ ਵਰਗਾਂ ਨੂੰ ਇਸ ਤੋਂ ਕੀ ਲੈਣਾ ਹੈ। 

ਇਸ ਗੱਲ ਨੂੰ ਹੁਣ ਕਿਸਾਨ ਲੀਡਰਸ਼ਿਪ, ਹੋਰ ਪੰਜਾਬ ਹਿਤੈਸ਼ੀ ਧਿਰਾਂ, ਪੰਜਾਬ ਬਾਰੇ ਫਿਕਰਮੰਦ ਲੋਕਾਂ, ਪੰਜਾਬ ਵਿਚ ਸਮਾਜਕ ਸਦਭਾਵਨਾ ਅਤੇ ਏਕਤਾ ਚਾਹੁਣ ਵਾਲੇ ਲੋਕਾਂ ਨੇ ਦੇਖਣਾ ਹੈ ਕਿ ਇਸ ਖਤਰਨਾਕ ਰਣਨੀਤੀ ਨੂੰ ਕਿਵੇਂ ਫੇਲ੍ਹ ਕਰਨਾ ਹੈ।


ਇਥੇ ਬੇਗ਼ਮਪੁਰਾ ਵਸ ਗਿਆ ਹੈ

ਰਣਦੀਪ ਮੱਦੋਕੇ, ਟੀਕਰੀ ਮੋਰਚਾ

ਇਸ ਮੋਰਚੇ ਵਿਚ ਅੰਦੋਲਨ ਦੇ ਇਲਾਵਾ ਬਹੁਤ ਕੁਝ ਹੋ ਰਿਹਾ ਹੈ। ਲੋਕਾਂ ਨੇ ਸੜਕ ਤੇ ਟਰਾਲੀਆਂ ਨੂੰ ਆਰਜੀ ਘਰ ਵਿਚ ਤਬਦੀਲ ਕਰ ਲਿਆ ਹੈ। ਲੋਕ ਘਰ ਦੇ ਸਾਰੇ ਕੰਮ ਏਸੇ ਸਪੇਸ ਵਿਚ ਕਰਦੇ ਨਜਰ ਆਉਂਦੇ ਹਨ। ਇਕ ਨਵਾਂ ਸ਼ਹਿਰ ਵਸ ਗਿਆ ਹੈ। ਇਸ ਨਵੇਂ ਸ਼ਹਿਰ ਦੀ ਆਪਣੀ ਜੀਵਨ ਸ਼ੈਲੀ ਹੈ। ਸਾਡੀ ਫੋਟੋਗ੍ਰਾਫਰਾਂ ਦੀ ਟੀਮ ਇਸ ਸਭ ਨੂੰ ਕੈਮਰੇ ਰਾਹੀਂ ਸਹੇਜ ਰਹੀ ਹੈ ਅਤੇ ਸ਼ੋਸ਼ਲ ਮੀਡਿਆ ਉਤੇ ਬਿਨਾ ਕੌਪੀਰਾਈਟ ਮੁਹਈਆ ਵੀ ਕਰਵਾ ਰਹੀ ਹੈ। ਅਸੀਂ  ਮੋਰਚੇ ਦੀ ਬਾਹਰੋਂ ਨਹੀਂ ਅੰਦਰੋਂ ਹਿਮਾਇਤ ਕਰ ਰਹੇ ਹਾਂ, ਜੇ ਲੋਕ ਝੰਡੇ ਚੁੱਕ ਕੇ ਲੜ ਰਹੇ ਹਨ ਤਾਂ ਅਸੀਂ ਕੈਮਰੇ ਚੁੱਕ ਕੇ ਲੜ ਰਹੇ ਹਾਂ।

ਇਸ ਨਵੇਂ ਸ਼ਹਿਰ ਦੇ ਬਾਸ਼ਿੰਦਿਆਂ ਦਾ ਇਕੋ ਇਕ ਟੀਚਾ ਇਕ ਢੀਠ ਅਤੇ ਨਿਰਲੱਜ ਬ੍ਰਾਹਮਣਵਾਦੀ ਹਕੂਮਤ ਤੋਂ ਆਪਣੀਆਂ ਮੰਗਾਂ ਮਨਵਾਉਣਾ ਹੈ। ਇਸ ਇਕ ਟੀਚੇ ਦੇ ਵਾਸਤੇ ਇਕੱਠੇ ਹੋ ਕੇ ਲੜਣ ਦੀ ਸਾਂਝ ਨੇ ਲੋਕਾਂ ਵਿਚਾਲੇ ਜਾਤੀ ਦੇ ਵਖਰੇਵਿਆਂ, ਉਹਨਾਂ ਦੇ ਜ਼ਿਮੀਂਦਾਰ ਅਤੇ ਬੇਜ਼ਮੀਨੇ ਹੋਣ ਦੇ ਟਕਰਾਅ ਨੂੰ ਵੀ ਘਟਾਇਆ ਹੈ। ਸਾਂਝੇ ਘੋਲ਼ ਲੋਕਾਂ ਨੂੰ ਇਹ ਗੱਲ ਸਮਝਾਉਣ ਵਿਚ ਸਹਾਈ ਹੁੰਦੇ ਹਨ ਕਿ ਸਾਡੀ ਲੜਾਈ ਫ਼ਿਰਕੂ ਵੰਡੀਆਂ ਪਾਉਣ ਵਾਲਿਆਂ ਖ਼ਿਲਾਫ਼ ਸੇਧਿਤ ਹੋਣੀ ਚਾਹੀਦੀ ਹੈ। 

ਖੇਤ ਮਜ਼ਦੂਰਾਂ ਦੇ ਕੋਲ ਭਾਂਵੇ ਵਸੀਲੇ ਨਹੀਂ ਹੁੰਦੇ ਕਿ ਉਹ ਕਿਸਾਨਾਂ ਵਾਂਗ ਲੰਮਾ ਸਮਾਂ ਅਤੇ ਭਾਰੀ ਗਿਣਤੀ ਵਿਚ ਸ਼ਾਮਿਲ ਹੋ ਸਕਣ।  ਪਰ ਬਹੁਤ ਸਾਰੇ ਮਜ਼ਦੂਰ, ਛੋਟੇ ਕਿਸਾਨਾਂ ਦੇ ਵਾਹਨਾਂ ਤੇ ਚੜ੍ਹ ਕੇ ਇਥੇ ਪਹੁੰਚੇ ਹਨ। ਉਹ ਇਕੋ ਥਾਂ ਰਹਿ ਸੌਂ ਰਹੇ ਹਨ। ਇਕ ਦੂਜੇ ਦੇ ਕੰਬਲ ਰਜ਼ਾਈਆਂ ਵਰਤ ਰਹੇ ਹਨ। ਇਥੇ ਰਵੀਦਾਸ ਜੀ ਦਾ ਕਿਆਸਿਆ ਬੇਗ਼ਮਪੁਰਾ ਵਸ ਗਿਆ ਜਿਸ ਵਿਚ ਕੋਈ ਕਿਸੇ ਦਾ ਫਰਕ ਨਹੀਂ ਹੈ। ਕੋਈ ਗਰੀਬ ਨਹੀਂ ਹੈ,ਕੋਈ ਅਮੀਰ ਨਹੀਂ ਹੈ।  ਕੋਈ ਛੋਟਾ ਨਹੀਂ ਹੈ, ਵੱਡਾ ਨਹੀਂ ਹੈ।  ਕੋਈ ਉੱਚੀ ਜਾਤ ਨਹੀਂ ਹੈ, ਕੋਈ ਨੀਵੀਂ ਜਾਤ ਨਹੀਂ ਹੈ।  ਕੌਣ ਲਿਆ ਰਿਹਾ ਹੈ।  ਕੌਣ ਬਣਾ ਰਿਹਾ ਹੈ। ਕੌਣ ਖਾ ਰਿਹਾ ਹੈ।  ਇਹ ਸਾਰੇ ਫ਼ਰਕ ਤੁਹਾਨੂੰ ਇਸ ਅੰਦੋਲਨ ਵਿਚ ਨਜ਼ਰ ਨਹੀਂ ਆਉਣਗੇ।


22ਵਾਂ ਦਿੱਲੀ ਧਰਨਾ

ਕਨੂੰ ਪ੍ਰਿਆ, ਸਿੰਘੂ ਮੋਰਚਾ 

ਲੁਧਿਆਣੇ ਜਿਲੇ ਦੇ ਪਿੰਡ ਅੱਚਰਵਾਲ ਦੇ 65 ਸਾਲਾ ਖੇਤ ਮਜ਼ਦੂਰ ਜੁਗਰਾਜ ਸਿੰਘ ਆਪਣੇ ਪਿੰਡ ਦੇ ਗ਼ਦਰੀ ਬਾਬਿਆਂ  ਦੇ ਇਤਿਹਾਸ ਤੋਂ ਜਾਣੂ ਹਨ ਅਤੇ ਹੁਣ ਦੇ ਖ਼ੇਤੀ ਕਾਨੂੰਨਾਂ ਦੀ ਵੀ ਪੂਰੀ ਜਾਣਕਾਰੀ ਰੱਖਦੇ ਹਨ। ਇਨਕਲਾਬੀ ਸ਼ਾਇਰੀ ਦੇ ਗਵਈਏ ਬਾਬਾ ਜੀ ਦਾ ਦਿੱਲੀ ਵਿਚ 22ਵਾਂ ਧਰਨਾ ਹੈ। 26 ਨਵੰਬਰ ਨੂੰ ਹਰਿਆਣਾ ਪੁਲਸ ਦੀ ਵਰ੍ਹਾਈ ਅੱਥਰੂ ਗੈਸ ਦਾ ਇਕ ਗੋਲਾ ਇਹਨਾਂ ਦੇ ਸੱਜੇ ਹੱਥ ਤੇ ਵੱਜਿਆ ਸੀ। ਸਿੰਘੂ ਪਹੁੰਚਣ ਤੋਂ 3-4 ਦਿਨਾਂ ਬਾਅਦ ਹੀ ਮਲ੍ਹਮ ਪੱਟੀ ਦੀ ਸਹਾਇਤਾ ਮਿਲ ਸਕੀ। ਜਿਸ ਕਾਰਨ ਜਖਮ ਕਾਫੀ ਵਧ ਗਿਆ। ਉਹ ਇਸ ਕਰਕੇ ਆਏ ਹਨ ਕਿਉਂਕਿ ਮਜ਼ਦੂਰ ਇਸ ਅੰਦੋਲਨ ਵਿਚ ਘੱਟ ਜੁੜ ਰਹੇ ਹਨ। ਉਹਨਾਂ ਕਿਹਾ “ਕਿਸਾਨਾਂ ਤੇ ਤਾਂ ਬਿਪਤਾ ਪਈ ਹੀ ਹੈ ਪਰ  ਇਸ ਦਾ ਅਸਰ ਮਜ਼ਦੂਰਾਂ ਤੇ ਵੀ ਹੈ।  ਸਰਕਾਰਾਂ ਦਾ ਕੋਈ ਪਤਾ ਨਹੀਂ ਕਿਸ ਵੇਲੇ ਕੀਹਦੇ ‘ਤੇ ਬਿਪਤਾ ਪਾ ਦੇਵੇ। ਇਸ ਲਈ ਇਕੱਠੇ ਹੋਣਾ ਜਰੂਰੀ ਹੈ। ਜਦੋਂ ਤੱਕ ਜਿੱਤ ਨਹੀਂ ਹੁੰਦੀ ਇਥੇ ਹੀ ਡਟੇ ਰਹਾਂਗੇ।”


ਸੰਸਕ੍ਰਿਤੀ

ਲਾਲ ਸਿੰਘ ਦਿਲ

ਤੂੰ ਕੀ ਏਂ ?

ਕਿਉਂ ਚਿਹਰਾ ਲੁਕਾਇਆ ਏ ?

ਓਹਲਿਆਂ ‘ਚ ਤੁਰਦੀ ਏਂ ਕਿਉਂ ?

ਕਿਉਂ ਨਹੁੰ ਵੀ ਲੁਕਾਏ ਨੇ ਆਪਣੇ ?

ਆਖ਼ਰ ਤੂੰ ਹੈ ਕੌਣ ?

ਉਸ ਬੰਦੇ ਨੂੰ ਕਿਤੇ ਵੇਖੋ

ਜੋ ਦਿਨ ਰਾਤ ਭਾਰਾ ਰੱਥ ਖਿੱਚਦਾ ਹੈ

ਉਸਦੇ ਕੰਨਾਂ ‘ਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ

ਉਸ ਦੇ ਪਿੰਡੇ ਤੇ ਉਨ੍ਹਾਂ ਬੈਂਤਾਂ ਦੀਆਂ ਲਾਸਾਂ ਹਨ

ਜਿਨ੍ਹਾਂ ਨੂੰ ਵਰਤਦੇ ਰਹੇ ਰਜਵਾੜੇ, ਕਿਤੋਂ ਦੇ ਵੀ

ਉਹ ਜ਼ਰੂਰ ਪਛਾਣਦਾ ਹੋਏਗਾ

ਉਹ ਰਾਤਾਂ ‘ਚ ਕਦੇ ਕਦੇ

ਅੰਬਰ ਜੇਡਾ ਹੌਕਾ ਭਰਦਾ ਹੈ

ਤਾਰੇ ਮੁਰਝਾ ਜਿਹੇ ਜਾਂਦੇ ਹਨ

ਉਹ ਕਹਿੰਦਾ ਹੈ

ਧਰਤੀ ਮੇਰੀ ਪਹਿਲੀ ਮੁਹੱਬਤ ਹੈ

ਉਹ ਜ਼ਿਕਰ ਕਰਦਾ ਹੈ

‘ਇਹ ਤਾਰੇ ਅਸਮਾਨ ਵਿਚ

ਮੈਂ ਜੜੇ ਸਨ’

ਉਹ ਈਸਾ ਦੇ ਵਤਨਾਂ ‘ਚ ਫਿਰਿਆ ਹੈ

ਉਹ ਗੌਤਮ ਦੇ ਮੁਲਕਾਂ ‘ਚ ਤੁਰਿਆ ਹੈ

ਉਸਦੇ ਕੰਨਾਂ ‘ਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ


ਬੇਗਮਪੁਰਾ ਸਹਰ ਕੋ ਨਾਉ
ਦੂਖੁ ਅੰਦੋਹੁ ਨਹੀ ਤਿਹਿ ਠਾਉ

ਨਾਂ ਤਸਵੀਸ ਖਿਰਾਜੁ ਨ ਮਾਲੁ
ਖਉਫੁ ਨ ਖਤਾ ਨ ਤਰਸੁ ਜਵਾਲੁ
॥ 


”ਬੇਗ਼ਮਪੁਰਾ ਸ਼ਹਿਰ ਵਿੱਚ ਨਾਂ ਕੋਈ ਦੁੱਖ ਹੈ, ਨਾਂ ਚਿੰਤਾ ਹੈ।
ਉਥੇ ਕੋਈ  ਘਬਰਾਹਟ, ਕੋਈ  ਮਸੂਲ਼ – ਟੈਕਸ ਜਾਂ ਕੋਈ ਨਿੱਜੀ ਜਾਇਦਾਦ ਨਹੀਂ ਹੈ ।
ਉਥੇ ਕੋਈ ਗ਼ਲਤੀ ਹੋਣ ਦਾ ਡਰ ਜਾਂ ਘਾਟਾ ਪੈਣ ਦਾ ਡਰ ਨਹੀ ਹੈ ।”

– ਭਗਤ ਰਵਿਦਾਸ

“Techaroundworld.com is a participant in the Amazon Services LLC Associates Program, an affiliate advertising program designed to provide a means for sites to earn advertising fees by advertising and linking to amazon.ca.”