Trolley Times Punjabi Newspaper 3rd Edition Published on 26-12-2020
punjabiedition3
ਇਤਿਹਾਸਕਾਰ ਮੰਨਦੇ ਹਨ ਕਿ ਇਹ ਬੀਬੀਆਂ ਹੀ ਸਨ ਜਿਨ੍ਹਾਂ ਨੇ ਪਹਿਲਾਂ ਪੌਦਿਆਂ ਨੂੰ ਫਸਲਾਂ ਦੇ ਰੂਪ ਵਿੱਚ ਪਾਲਣਾ ਸ਼ੁਰੂ ਕੀਤਾ ਅਤੇ ਖੇਤੀ ਦੀ ਕਲਾ ਅਤੇ ਵਿਗਿਆਨ ਦੀ ਨੀਂਹ ਰੱਖੀ।
-ਮ. ਸ. ਸਵਾਮੀਨਾਥਨ
ਕਿਰਤੀ ਕਿਸਾਨ ਮੋਰਚਿਆਂ ਵਿਚ ਔਰਤਾਂ ਦੀ ਹਿੱਸੇਦਾਰੀ
ਹਰਿੰਦਰ ਬਿੰਦੂ ਨਾਲ਼ ਸੰਗੀਤ ਤੂਰ ਦੀ ਗੱਲਬਾਤ
ਲਿਖਤੀ ਰੂਪ: ਜਸਦੀਪ ਸਿੰਘ

ਬੀਬੀਆਂ ਸੰਘਰਸ਼ ਦਾ ਅਸਿੱਧੇ ਰੂਪ ਵਿਚ ਹਿੱਸਾ ਹਮੇਸ਼ਾ ਰਹਿੰਦੀਆਂ ਹਨ। ਪਰ ਕਿਸਾਨ ਮੋਰਚੇ ਵਿਚ ਉਹਨੇ ਦੇ ਸਿੱਧੇ ਰੂਪ ਵਿਚ ਆਉਣ ਦਾ ਕਾਰਨ ਜਥੇਬੰਦੀਆਂ ਦੀ ਘਾਲਣਾ ਹੈ। ਹਰਿੰਦਰ ਬਿੰਦੂ ਭਾ. ਕਿ. ਯੂ. ਏ. ਉਗਰਾਹਾਂ ਦੇ ਇਸਤਰੀ ਵਿੰਗ ਦੇ ਸੂਬਾ ਪੱਧਰੀ ਆਗੂ ਹਨ। ਉਹ ਪਿਛਲੇ ਤੀਹ ਸਾਲਾਂ ਤੋਂ ਕਿਰਤੀ ਕਿਸਾਨਾਂ ਦੇ ਹੱਕਾਂ ਲਈ ਲੜ ਰਹੇ ਹਨ। ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਤਾਂ ਉਹ ਸਵੇਰ ਦੀਆਂ ਮੀਟਿੰਗਾਂ ਲਈ ਤਿਆਰ ਹੋ ਰਹੇ ਸਨ। ਇਹ ਗੱਲਬਾਤ ਓਸੇ ਤਿਆਰੀ ਦੌਰਾਨ ਹੋਈ। ਉਹਨਾਂ ਦੇ ਪਰਿਵਾਰ ਨੂੰ ਪੈਪਸੂ ਮੁਜ਼ਾਰਾ ਲਹਿਰ ਵੇਲੇ 1950ਵਿਆਂ ਵਿਚ ਜ਼ਮੀਨ ਮਿਲੀ ਸੀ ਅਤੇ ਹੁਣ ਜਦੋਂ ਨਵੇਂ ਕਾਰਪੋਰੇਟ ਬਿਸਵੇਦਾਰ ਮੁੜ ਨਵੇਂ ਮੁਜਾਹਰੇ ਬਣਾਉਣ ਦੀ ਤਾਕ ਵਿਚ ਹਨ। ਉਹ ਇਤਿਹਾਸ ਦੇ ਇਸ ਪੁੱਠੇ ਚੱਕਰ ਨੂੰ ਮੋੜਨ ਲਈ ਡਟੇ ਹੋਏ ਹਨ।
ਲੌਕਡਾਊਨ ਦੇ ਚਾਰ ਪੰਜ ਮਹੀਨਿਆਂ ਦੌਰਾਨ ਬਿੰਦੂ ਜੀ ਨੇ ਚਾਰ ਜਿਲਿਆਂ ਦੀ ਸੰਪੂਰਨ ਪ੍ਰਧਾਨਗੀ ਦੀ ਜਿੰਮੇਵਾਰੀ ਲਈ, ਜਿਸ ਵਿਚ ਉਹਨਾ ਨੇ ਨਵੀਆਂ ਇਕਾਈਆਂ ਬਣਾਉਣ ਦਾ, ਮੀਟਿੰਗਾਂ ਕਰਵਾਉਣ ਦਾ ਕੰਮ ਕੀਤਾ। ਜਿਸ ਵਿਚ ਉਹਨਾਂ ਨੂੰ ਇਹ ਕਦੇ ਨਹੀਂ ਮਹਿਸੂਸ ਹੋਇਆ ਕਿ ਇਕ ਆਗੂ ਔਰਤ ਹੋਣ ਕਰਕੇ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਮਰਦ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਨ ਕੇ ਉਹਨਾਂ ਦੀ ਜੱਥੇਬੰਦੀ ਵਿਚ ਅਜਿਹੀ ਆਗੂ ਔਰਤ ਹੈ ਅਤੇ ਔਰਤਾਂ ਨੂੰ ਇਹ ਯਕੀਨ ਹੁੰਦਾ ਹੈ ਕਿ ਉਹਨਾਂ ਵਾਸਤੇ ਲੀਡਰਸ਼ਿਪ ਵਿਚ ਅੱਗੇ ਜਾਣ ਵਿਚ ਉਹਨਾਂ ਦਾ ਔਰਤ ਹੋਣਾ ਰੁਕਾਵਟ ਨਹੀਂ ਹੈ।
ਸੰਪਾਦਕੀ

ਇਹਨੀਂ ਦਿਨੀਂ ਅਸੀਂ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹੀਦੀਆਂ ਨੂੰ ਯਾਦ ਕਰ ਰਹੇ ਹਾਂ। ਸਾਂਝੇ ਕਿਸਾਨ ਮੋਰਚੇ ਨੇ ਇਹਨਾਂ ਦਿਹਾੜਿਆਂ ਨੂੰ ਸਿੰਘੂ ਅਤੇ ਟੀਕਰੀ ਮੋਰਚਿਆਂ ਵਿਚ ਮਨਾਉਣ ਦਾ ਸੱਦਾ ਦਿੱਤਾ ਹੈ। ਇਸਦੇ ਨਾਲ ਹੀ 25 ਦਸੰਬਰ ਨੂੰ ਈਸਾ ਮਸੀਹ ਦਾ ਜਨਮ ਦਿਹਾੜਾ ‘ਕ੍ਰਿਸਮਿਸ’ ਪੂਰੀ ਦੁਨੀਆਂ ਵਿਚ ਮਨਾਇਆ ਗਿਆ। ਈਸਾ ਮਸੀਹ ਖੁਦ ਇਕ ਕਿਰਤੀ ਸਨ ਅਤੇ ਉਹਨਾਂ ਨੇ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ। ਇਹ ਸੁਨੇਹਾ ਸਮੇਂ ਦੇ ਹੁਕਮਰਾਨਾਂ ਨੂੰ ਖ਼ਤਰਾ ਜਾਪਣ ਲੱਗਿਆ ਅਤੇ ਉਹਨਾਂ ਨੇ ਈਸਾ ਮਸੀਹ ਨੂੰ ਸੂਲੀ ‘ਤੇ ਚਾੜ ਦਿੱਤਾ ਗਿਆ। 21 ਦਸੰਬਰ ਨੂੰ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਦੀ ਵੀ ਬਰਸੀ ਸੀ, ਜਿਹੜੇ 1930 ਵਿਆਂ ਵਿਚ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਰਹੇ ਅਤੇ ਜਿਨ੍ਹਾਂ ਕਿਸਾਨ ਮੋਰਚਿਆਂ ਦੌਰਾਨ ਕਈ ਵਾਰ ਕੈਦਾਂ ਵੀ ਕੱਟੀਆਂ। ਇਸੇ ਕਿਸਾਨ ਸਭਾ ਦੇ ਕਿੰਨੇ ਹੀ ਜੱਥੇ ਅੱਜ ਵੀ ਇਸ ਕਿਸਾਨ ਮੋਰਚੇ ਦਾ ਹਿੱਸਾ ਹਨ। ਸ਼ਹੀਦਾਂ ਦੀਆਂ ਇਹ ਕੁਰਬਾਨੀਆਂ ਪੋਹ ਦੀਆਂ ਇਹਨਾਂ ਠੰਡੀਆਂ ਰਾਤਾਂ ਵਿਚ ਸਾਨੂੰ ਜ਼ਾਲਿਮ ਨਾਲ਼ ਲੜਦੇ ਰਹਿਣ ਦਾ ਬਲ ਬਖਸ਼ਦੀਆਂ ਹਨ ਅਤੇ ਹਰ ਹਾਲਤ ਵਿਚ ਮੋਰਚੇ ਉਤੇ ਡਟੇ ਰਹਿਣ ਦਾ ਸੁਨੇਹਾਂ ਦਿੰਦੀਆਂ ਹਨ। ਮਾਤਾ ਗੁਜਰੀ ਵਰਗੀਆਂ ਮਾਂਵਾਂ ਸਾਡੇ ਅੰਗ ਸੰਗ ਹਨ, ਦਸ਼ਮੇਸ਼ ਪਿਤਾ ਦੇ ਅਣਗਿਣਤ ਪੁੱਤਰ ਭਗਵਾਂਧਾਰੀ ਹਾਕਮਾਂ ਖਿਲਾਫ਼ ਲੜਾਈ ਵਿਚ ਡਟੇ ਹੋਏ ਹਨ। ਜੇ ਕੇਂਦਰ ਸਰਕਾਰ ਦੇ ਚਾਲੇ ਇਸੇ ਤਰ੍ਹਾਂ ਲੋਕ ਦੋਖੀ ਰਹੇ ਤਾਂ, ਇਤਿਹਾਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਵੀ ਔਰਗੰਜ਼ੇਬ ਅਤੇ ਬਦਨਾਮ ਰੋਮਨ ਬਾਦਸ਼ਾਹਾਂ ਵਰਗੇ ਜ਼ਾਲਿਮਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ।
22 ਦਸੰਬਰ ਨੂੰ ਸਰਕਾਰ ਨੇ ਇਕ ਵਾਰ ਫੇਰ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਕਰਨ ਵਾਸਤੇ ਇਕ ਚਿੱਠੀ ਭੇਜੀ। ਅਜਿਹੀਆਂ ਫੋਕੇ ਸੱਦਿਆਂ ਨਾਲ਼ ਸਰਕਾਰ ਭਰਮ ਪੈਦਾ ਕਰਨਾ ਚਾਹੁੰਦੀ ਹੈ ਕਿ ਅਸੀਂ ਤਾਂ ਤਿਆਰ ਹਾਂ ਪਰ ਕਿਸਾਨ ਗੱਲਬਾਤ ਤੋਂ ਮੁਨਕਰ ਹਨ। 23 ਦਸੰਬਰ ਦੇ ਕਿਸਾਨ ਦਿਹਾੜੇ ਵੇਲੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਮੁੜ ਮੁੜ ਸੋਧਾਂ ਵਾਲ਼ਾ ਪੁਰਾਣਾ ਰਾਗ ਅਲਾਪਣ ਦੀ ਥਾਂ ਇੰਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਕੋਈ ਠੋਸ ਤਜਵੀਜ਼ ਲਿਆਵੇ। ਸੰਘਰਸ਼ ਨੂੰ ਹੋਰ ਤਿੱਖਾ ਕਰਨ ਵਾਸਤੇ ਕਿਸਾਨ ਜਥੇਬੰਦੀਆਂ ਨੇ ਕਈ ਐਲਾਨ ਕੀਤੇ ਹਨ। ਇੰਨ੍ਹਾਂ ਵਿੱਚ ਲੜੀਵਾਰ ਭੁੱਖ ਹੜਤਾਲ, 27 ਦਸੰਬਰ ਨੂੰ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਦਾ ਤਾੜੀਆਂ ਅਤੇ ਥਾਲੀਆਂ ਵਜਾ ਕੇ ਵਿਰੋਧ ਕਰਨਾ, 3 ਦਿਨ ਲਈ ਹਰਿਆਣਾ ਦੇ ਟੋਲ ਮੁਫ਼ਤ ਕਰਵਾਉਣਾ ਅਤੇ ਬਾਕੀ ਬਚੇ ਸ਼ਾਹਰਾਹਾਂ ਨੂੰ ਜਾਮ ਕਰਨਾ ਸ਼ਾਮਿਲ ਹਨ।
ਇਸ ਤੋਂ ਇਲਾਵਾ ਪੰਜਾਬ ਵਿਚ ਲੋਕ ਰਿਲਾਇੰਸ ਦੇ ਫ਼ੋਨ ਟਾਵਰਾਂ ਨੂੰ ਬੰਦ ਕਰ ਰਹੇ ਹਨ । ਮਹਾਰਾਸ਼ਟਰ ਤੋਂ ਵੀ ਕਿਸਾਨਾਂ ਦੇ ਜਥੇ ਆ ਰਹੇ ਹਨ। ਹਰਿਆਣੇ ਵਿੱਚ ਕਿਸਾਨ ਜਗ੍ਹਾ ਜਗ੍ਹਾ ਭਾਜਪਾਈਆਂ ਨੂੰ ਘੇਰ ਰਹੇ ਹਨ। 29 ਦਸੰਬਰ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਇਕ ਵਿਸ਼ਾਲ ਰੈਲੀ ਤੇ ਮੁਜ਼ਾਹਰਾ ਕਰਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਕਿਸਾਨ ਮੋਰਚੇ ਦੇ ਹੱਕ ਵਿਚ ਬਾਹਰਲੇ ਮੁਲਕਾਂ ਵਿੱਚ ਵੀ ਜ਼ੋਰਦਾਰ ਆਵਾਜ਼ ਬੁਲੰਦ ਹੋ ਰਹੀ ਹੈ ਅਤੇ ਭਾਰਤੀ ਦੂਤਾਵਾਸਾ ਨੂੰ ਘੇਰਿਆ ਜਾ ਰਿਹਾ ਹੈ। ਇਹ ਸਭ ਕਿਸਾਨ ਅੰਦੋਲਨ ਦੇ ਪ੍ਰਭਾਵ ਦਾ ਦਾਇਰਾ ਫੈਲਣ ਤੇ ਗਹਿਰਾ ਹੋਣ ਦਾ ਹੀ ਪ੍ਰਮਾਣ ਹੈ, ਪ੍ਰਤੱਖ ਹੈ ਮੋਦੀ ਸਰਕਾਰ ਉਤੇ ਜਨਤਕ ਦਬਾਅ ਨਿਰੰਤਰ ਵੱਧ ਰਿਹਾ ਹੈ। ਟਰਾਲੀ ਟਾਈਮਜ਼ ਜਸਬੀਰ ਸਿੰਘ ਡਿੰਪਾ ਵੱਲੋਂ ਪੱਤਰਕਾਰ ਨਾਲ ਕੀਤੀ ਬਦਸਲੂਕੀ ਦੀ ਸਖ਼ਤ ਨਿਖੇਧੀ ਕਰਦਾ ਹੈ। ਹੁਕਮਰਾਨ ਪਾਰਟੀਆਂ ਲੋਕਾਂ ਦੇ ਸਵਾਲਾਂ ਤੋੰ ਭੱਜ ਰਹੀਆਂ ਹਨ।
ਸਾਰੇ ਵੀਰਾਂ ਭੈਣਾਂ – ਖਾਸ ਕਰ ਨੌਜਵਾਨਾਂ ਨੂੰ ਸਾਡੀ ਬੇਨਤੀ ਹੈ – ਇਸ ਵਾਰ ਨਵਾਂ ਸਾਲ ਦਿੱਲੀ ਮੋਰਚੇ ਉਤੇ ਮਨਾਇਆ ਜਾਵੇ।
ਇਸ ਵਾਰ ਨਵਾਂ ਸਾਲ ਕਿਸਾਨ ਸੰਘਰਸ਼ ਦੇ ਨਾਮ!
ਮੋਰਚੇ ਦੀ ਚੜ੍ਹਦੀਕਲਾ ਵਾਸਤੇ ਆਸਵੰਦ
ਟਰਾਲੀ ਟਾਈਮਜ਼ ਟੀਮ।
Trolley Times Punjabi Newspaper 3rd Edition Published on 26-12-2020
ਪੁਰਾਣਾ ਪੰਜਾਬੀ ਸਮਾਜ ਅਤੇ ਬੀਬੀਆਂ
ਡਾਕਟਰ ਮਨਜ਼ੂਰ ਏਜਾਜ ਦੀ ਕਿਤਾਬ “ਪੰਜਾਬ ਦਾ ਲੋਕ ਇਤਿਹਾਸ” ਵਿੱਚੋਂ

ਖੇਤੀਬਾੜੀ ਦੀ ਖ਼ੋਜ ਬੀਬੀਆਂ ਨੇ ਕੀਤੀ ਸੀ। ਇਸ ਕਰਕੇ ਉਹ ਨਵੀਂ ਤਬਦੀਲੀ ਦੀਆਂ ਵਿਚਾਰਵਾਨ ਵੀ ਸਨ ਅਤੇ ਪ੍ਰਚਾਰਕ ਵੀ। ਉਹਨਾਂ ਨੂੰ ਜ਼ਿੰਦਗੀ ਅਤੇ ਅੰਨ੍ਹ ਦੇ ਜਨਮਦਾਤਾ ਅਤੇ ਪਾਲਣਹਾਰ ਵਜੋਂ ਦੇਖਿਆ ਜਾਂਦਾ ਸੀ। ਉਹ ਸਿਰਜਣਾ ਦਾ ਬਿੰਬ ਸਨ ਅਤੇ ਕਾਇਨਾਤ ਦੀ ਸਭ ਤੋਂ ਵੱਡੀ ਤਾਕਤ ਦਾ ਜ਼ਾਹਰਾ ਰੂਪ ਸਨ। ਭਾਰਤੀ ਉਪ-ਮਹਾਂਦੀਪ ਦੇ ਕੁਝ ਹਿੱਸਿਆਂ ਵਿੱਚ ਅੱਜ ਵੀ ਫ਼ਸਲ ਦਾ ਬੀਜ ਬੀਬੀਆਂ ਹੱਥੋਂ ਪਵਾਇਆ ਜਾਂਦਾ ਹੈ। ਬੱਚੇ, ਭੋਜਨ ਅਤੇ ਹੋਰ ਦਾਤਾਂ ਵੰਡਣ ਵਾਲੀਆਂ ਬੀਬੀਆਂ ਨੂੰ ਪੁਰਾਣੇ ਸਮਿਆਂ ਵਿੱਚ ਦੇਵੀਆਂ ਦੇ ਰੂਪ ਵਿੱਚ ਪੂਜਿਆ ਜਾਂਦਾ ਸੀ। ਜਦੋਂ ਖੇਤੀਬਾੜੀ ਲਈ ਜਾਨਵਰਾਂ ਨੂੰ ਵਰਤਿਆ ਜਾਣ ਲੱਗਿਆ ਤਾਂ ਇਹ ਕਿੱਤਾ ਮਰਦਾਂ ਦੇ ਹੱਥ ਵਿੱਚ ਆ ਗਿਆ। ਔਰਤ ਦੇਵੀਆਂ ਦੀ ਥਾਂ ਮਰਦ ਦੇਵਤੇ ਪੂਜੇ ਜਾਣ ਲੱਗੇ ਅਤੇ ਮਰਦਾਂਵੀ ਸੱਤਾ ਨੇ ਮਾਤਰੀ ਸੱਤਾ ਦੀ ਥਾਂ ਲੈ ਲਈ।
ਪੰਜਾਬੀ ਕੌਮ
ਲੇਖਿਕਾ: ਰੂਪੀ ਕੌਰ | ਵਾਸ਼ਿੰਗਟਨ ਪੋਸਟ ਵਿਚੋਂ
ਪੰਜਾਬ ਨੇ ਹਮੇਸ਼ਾ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਮੋਦੀ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਇਸੇ ਕੜੀ ਦਾ ਹਿੱਸਾ ਹੈ।
ਸਾਡੀ ਕੌਮ ਜ਼ਾਲਮਾਂ ਉੱਤੇ ਹੱਸਦੀ ਹੈ।
ਪੰਜਾਬੀ ਅੱਜ-ਕੱਲ ਕਹਿੰਦੇ ਹਨ, “ਜਦ ਦੁਨੀਆ ਜਿੱਤਣ ਤੁਰੇ ਸਿਕੰਦਰ ਨੇ ਸਾਡੇ ਉੱਤੇ ਚੜ੍ਹਾਈ ਕੀਤੀ, ਤਾਂ ਪੰਜਾਬ ਦੇ ਹੌਂਸਲੇ ਕਰਕੇ ਉਸ ਨੂੰ ਵਾਪਸ ਮੁੜਨਾ ਪਿਆ ਸੀ। ਸਿਕੰਦਰ ਦੇ ਮੁਕਾਬਲੇ ਮੋਦੀ ਕੀ ਚੀਜ਼ ਹੈ?”
ਪੰਜਾਬ ਨਾਲ ਮੱਥਾ ਲਾਉਣ ਵਾਲੇ ਜ਼ਾਲਮਾਂ ਦੀ ਲੰਬੀ ਕਤਾਰ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਹੋਰ ਨਾਮ ਜੁੜ ਗਿਆ ਹੈ।
ਪੰਜਾਬ ਵਿਚਲਾ ਮੇਰਾ ਪਰਿਵਾਰ ਅਤੇ ਰਿਸ਼ਤੇਦਾਰ ਜ਼ਿਆਦਾਤਰ ਖੇਤੀ ਕਿੱਤੇ ਨਾਲ ਜੁੜੇ ਹੋਏ ਹਨ। ਹਿੰਦੁਸਤਾਨ ਦੇ ਅੱਧੇ ਤੋਂ ਵੱਧ ਕਾਮਿਆਂ ਨੂੰ ਖੇਤੀ ਤੋਂ ਰੁਜ਼ਗਾਰ ਮਿਲਦਾ ਹੈ, ਅਤੇ 85 ਫ਼ੀਸਦੀ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ। ਮੇਰੇ ਮਾਸੀ ਜੀ, ਜੋ ਖੁਦ ਛੋਟੇ ਪੱਧਰ ਦੇ ਕਿਸਾਨ ਹਨ, ਨੇ ਕੁਝ ਹਫਤੇ ਪਹਿਲਾਂ ਸਾਡੇ ਨਾਲ ਗੱਲ ਕਰਦੇ ਕਿਹਾ, “ਉਹ ਸਾਡੇ ਕੋਲੋਂ ਸਭ ਕੁਝ ਖੋਹਣ ਦੀ ਕੋਸ਼ਿਸ਼ ਕਰ ਸਕਦੇ ਹਨ, ਉਨ੍ਹਾਂ ਨੇ ਪਹਿਲਾਂ ਵੀ ਕੀਤੀ ਹੈ।” ਆਪਣੇ ਪਿੰਡ ਵਿਚਲੇ ਇੱਕ ਰੋਸ ਮੁਜ਼ਾਹਰੇ ਵਿੱਚ ਸ਼ਾਮਿਲ ਹੋ ਕੇ ਉਹ ਅਜੇ ਘਰ ਮੁੜੇ ਹੀ ਸਨ ਜਦ ਉਨ੍ਹਾਂ ਨੇ ਇੱਕ ਹੋਰ ਗੱਲ ਆਖੀ ਕਿ, “ਸਾਡੇ ਹੌਂਸਲੇ ਹਮੇਸ਼ਾ ਬੁਲੰਦ ਰਹਿਣਗੇ।”
ਇਹ ਸਿਰਫ ਇੱਕ ਮੋਰਚਾ ਹੀ ਨਹੀਂ, ਬਲਕਿ ਪੰਜਾਬ ਅਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਨਾਲ ਜਬਰ-ਜ਼ੁਲਮ ਅਤੇ ਧੱਕੇਸ਼ਾਹੀ ਦਾ ਵਾਰ-ਵਾਰ ਟਾਕਰਾ ਕਰਨ ਦੀ ਸਮਰੱਥਾ ਅਤੇ ਜਜ਼ਬੇ ਦੀ ਮਿਸਾਲ ਹੈ ਜੋ ਅੱਜ ਅਸੀਂ ਆਪਣੇ ਅੱਖੀਂ ਵੇਖ ਰਹੇ ਹਾਂ।
ਭਾਰਤ ਵਿੱਚ ਸਰਕਾਰ ਨਾਲ ਅਸਹਿਮਤ ਹੋਣ ਦੀ ਆਜ਼ਾਦੀ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ। ਇਸ ਮੁੱਢਲੇ ਮਨੁੱਖੀ ਅਧਿਕਾਰ ਨੂੰ ਮੁੜ ਸੁਰਜੀਤ ਕਰਨ ਦੀ ਕੋਈ ਵੀ ਉਮੀਦ ਇਸ ਕਿਸਾਨ ਮੋਰਚੇ ਦੀ ਸਫਲਤਾ ਉੱਤੇ ਨਿਰਭਰ ਕਰਦੀ ਹੈ। ਸਰਕਾਰ ਨੂੰ ਪੂਰੀ ਤਰ੍ਹਾਂ ਧਨਾਢ ਅਰਬਪਤੀਆਂ ਅਤੇ ਕਾਰਪੋਰੇਸ਼ਨਾਂ ਦੇ ਅਧੀਨ ਲਿਆਉਣ ਦੀ ਕਵਾਇਦ ਦੇ ਖਿਲਾਫ ਇਹ ਲਹਿਰ ਇੱਕ ਆਖਰੀ ਲੜਾਈ ਵਾਂਗ ਹੈ। ਮੋਰਚੇ ਵਿੱਚ ਸ਼ਾਮਿਲ ਇੱਕ ਬਜ਼ੁਰਗ ਦੇ ਬੋਲ ਮੇਰੇ ਕੰਨੀਂ ਗੂੰਜ ਰਹੇ ਹਨ, “ਅਸੀਂ ਤਾਂ ਮੋਦੀ ਨਾਲੋਂ ਵੱਡੇ ਜ਼ਾਲਿਮਾਂ ਖਿਲਾਫ ਵੀ ਜੂਝੇ ਹਾਂ। ਜਦ ਤੱਕ ਸਾਡੇ ਸਾਹ ਚੱਲਦੇ ਹਨ, ਅਸੀਂ ਆਪਣੇ ਹੱਕਾਂ ਲਈ ਲੜਦੇ ਰਹਾਂਗੇ।”
ਮੁੱਕਦੀ ਗੱਲ ਇੰਨੀ ਕੁ ਹੈ ਕਿ ਸਾਨੂੰ ਦੇਖਣਾ ਪੈਣਾ ਕਿ ਅਸੀਂ ਕੀ ਚਾਹੁੰਦੇ ਹਾਂ?
ਸਾਰੀਆਂ ਘੱਟ-ਗਿਣਤੀਆਂ ਲਈ ਅਮਨ-ਸ਼ਾਂਤੀ ਅਤੇ ਇਨਸਾਫ, ਜਾਂ ਵੱਖੋ-ਵੱਖਰੇ ਵਰਗਾਂ ਵਿੱਚ ਆਪਸੀ ਨਫਰਤ ਅਤੇ ਵੰਡ?
ਲੋਕਤੰਤਰ ਜਾਂ ਸਿਰਫ ਬਹੁਗਿਣਤੀ ਦੇ ਹੱਕ?
ਕਿਸਾਨ ਜਾਂ ਮੋਦੀ?
ਤੁਸੀਂ ਆਪਣੀ ਤਰਜੀਹ ਦੱਸੋ।
ਮੈਂ ਤਾਂ ਆਪਣਾ ਫੈਸਲਾ ਕਰ ਚੁੱਕੀ ਹਾਂ।
ਕਿਰਤੀ ਲਹਿਰ ਦੀ ਵਾਰਿਸ
ਅਮੋਲਕ ਸਿੰਘ, ਟੀਕਰੀ ਮੋਰਚਾ
ਖੇਤੀ ਕਾਨੂੰਨਾਂ ਖਿ਼ਲਾਫ਼ ਦਿੱਲੀ ਦੀਆਂ ਸੜਕਾਂ ’ਤੇ ਚੱਲ ਰਹੇ ਸੰਗਰਾਮ ਵਿਚ ਔਰਤਾਂ ਦੇ ਕਾਫ਼ਲੇ ਸਮੇਤ ਪੁੱਜੀ ਸੁਰਿੰਦਰ ਕੁਮਾਰੀ ਕੋਛੜ ਨੇ ਵੱਖ ਵੱਖ ਮੋਰਚਿਆਂ ਦੀਆਂ ਤੰਗ ਗਲੀਆਂ ਵਿਚੀਂ ਗੁਜ਼ਰੇ ਜੀਵਨ ਸੰਗਰਾਮ ਦੇ ਅਮੁੱਲ ਵਰਕੇ ਸਾਂਝੇ ਕੀਤੇ। ਮੋਰਚੇ ਉੱਤੇ ਪੁੱਜਦਿਆਂ ਹੀ ਟਿੱਪਣੀ ਕੀਤੀ: ‘ਮੈਂ ਜਿਹੜੇ ਦ੍ਰਿਸ਼ ਆਪਣੇ ਨੈਣਾਂ ਨਾਲ 1943-44 ਵਿਚ ਦੇਖੇ, ਅੱਜ ਇੱਕ ਵਾਰ ਫਿਰ ਉਹੀ ਝਲਕੀਆਂ ਸਾਡੇ ਸਨਮੁੱਖ ਹਨ’। ਉਹ ਚਿੰਤਾ ਜ਼ਾਹਰ ਕਰਦੀ ਹੈ ਕਿ ਜੇ ਨਵੇਂ ਕਾਨੂੰਨਾਂ ਦਾ ਹੱਲਾ ਨਾ ਪਛਾੜਿਆ ਤਾਂ ਰੋਟੀ, ਰੋਜ਼ੀ, ਜ਼ਮੀਨ, ਜੰਗਲ, ਜਲ, ਜੀਵਨ ਦੀਆਂ ਮੁੱਢਲੀਆਂ ਲੋੜਾਂ ਤੋਂ ਵਿਰਵੇ ਲੋਕ ਕੰਗਾਲੀ ਦੇ ਸਾਗਰ ’ਚ ਡਬੋ ਕੇ ਮੌਤ ਦੇ ਮੂੰਹ ਧੱਕੇ ਜਾਣਗੇ’।
ਦਿੱਲੀ ਮੋਰਚੇ ਤੇ ਟਰਾਲੀਆਂ, ਝੁੱਗੀਆਂ, ਖੁੱਲ੍ਹੇ ਅੰਬਰ ਹੇਠ ਸੜਕਾਂ ਉੱਤੇ ਪਲ ਪਲ ਬਲ਼ ਰਹੀਆਂ ਔਰਤਾਂ, ਬਜ਼ੁਰਗਾਂ, ਗੱਭਰੂਆਂ, ਮੁਟਿਆਰਾਂ ਨਾਲ ਸੁਰਿੰਦਰ ਨਾਲ ਗਿਆ ਵਕੀਲਾਂ, ਪ੍ਰੋਫੈਸਰਾਂ, ਰੰਗ ਕਰਮੀਆਂ ਦਾ ਜੱਥਾ ਇਨ੍ਹਾਂ ਸੰਗਰਾਮੀਆਂ ਦੇ ਸਬਰ, ਸਿਰੜ, ਟੀਮ-ਵਰਕ ਅਤੇ ਜ਼ਾਬਤੇ ਤੋਂ ਬੇਹੱਦ ਪ੍ਰਭਾਵਤ ਹੋਇਆ ਆਪਣੇ ਪ੍ਰਭਾਵ ਸਾਂਝੇ ਕਰਦਿਆਂ ਦੱਸਦਾ ਹੈ ਕਿ ਉਹ ਜ਼ਿੰਦਗੀ-ਮੌਤ ਦਾ ਘੋਲ ਸਮਝ ਕੇ ਦਿੱਲੀ ਦੀਆਂ ਸੜਕਾਂ ਉਪਰ ਨਿੱਤਰੇ ਹਨ। ਸੁਰਿੰਦਰ ਨੇ ਜਿਵੇਂ 1944 ਵਿਚ ਝੁੱਗੀਆਂ ਵਿਚ ਜਾਂਦੇ ਗ਼ਦਰੀ, ਕਿਰਤੀ ਆਗੂਆਂ ਨੂੰ ਦੇਖਿਆ, ਉਸੇ ਤਰ੍ਹਾਂ ਦਿੱਲੀ ਮੋਰਚੇ ਤੇ ਜੱਥੇਬੰਦੀ ਦੇ ਆਗੂਆਂ ਨੂੰ ਮੀਟਿੰਗਾਂ, ਵਿਚਾਰ-ਚਰਚਾਵਾਂ ਅਤੇ ਰੈਲੀਆਂ ਕਰ ਕੇ ਚੇਤਨ ਕਰਦਿਆਂ ਦੇਖ ਕੇ ਜਾਪਿਆ ਕਿ ਅੱਜ ਲਿਖਿਆ ਜਾ ਰਿਹਾ ਇਤਿਹਾਸ, ਬੀਤੇ ਇਤਿਹਾਸ ਦੀ ਅਤੇ ਆਉਣ ਵਾਲੇ ਕੱਲ੍ਹ ਦੇ ਇਤਿਹਾਸ ਦੀ ਖ਼ੂਬਸੂਰਤ ਲੜੀ ਬਣ ਕੇ ਨਿਖਰਦਾ ਪ੍ਰਤੀਤ ਹੋ ਰਿਹਾ ਹੈ।
ਕਿਸਾਨਾਂ ਦਾ ਟੈਂਕ
ਮਨੂੰ ਮੌਦਗਿਲ, ਸਿੰਘੂ ਬਾਰਡਰ

ਕੰਬਾਈਨ ਹਾਰਵੈਸਟਰ ਖੇਤ ਚ ਵਰਤਿਆ ਜਾਣ ਵਾਲਾ ਸਭ ਤੋਂ ਵੱਡਾ ਸੰਦ ਹੈ। ਇਹ ਝੋਨੇ ਤੇ ਕਣਕ ਨੂੰ ਵੱਢਣ, ਝਾੜਨ, ਦਾਣੇ ਕੱਢਣ ਦੇ ਤਿੰਨੇ ਕੰਮ ਇੱਕ ਵਾਰ ਚ ਹੀ ਪੂਰਾ ਕਰਕੇ ਸਮੇਂ ਅਤੇ ਮਿਹਨਤ ਦੀ ਬਚਤ ਕਰਦਾ ਹੈ। ਪਰ ਇਹਦਾ ਦੂਜਾ ਪਾਸਾ ਵੀ ਹੈ। ਪਰਾਲੀ ਨੂੰ ਅੱਗ ਲਾਉਣ ਦਾ ਇਕ ਕਾਰਨ ਕੰਬਾਈਨ ਹੈ।
ਇਹ ਝੋਨੇ ਨੂੰ ਜ਼ਮੀਨ ਦੇ ਅੱਠ ਇੰਚ ਉਤੋਂ ਵੱਢਦਾ ਹੈ, ਜਿਸ ਕਰਕੇ ਬਹੁਤੀ ਪਰਾਲੀ ਖੇਤ ਚ ਹੀ ਰਹਿ ਜਾਂਦੀ ਹੈ। ਹੱਥ ਦੀ ਵਾਢੀ ਨਾਲ਼ ਸਿਰਫ ਨਾੜ ਜ਼ਮੀਨ ਚ ਰਹਿੰਦੀ ਸੀ ਜੋ ਕਿ ਸਮੇਂ ਤੇ ਨਮੀ ਦੀ ਮਾਰ ਨਾਲ ਸੜ ਕੇ ਖੇਤ ਚ ਹੀ ਵਾਹੀ ਜਾਂਦੀ। ਪਹਿਲਾਂ ਪਰਾਲੀ ਡੰਗਰਾਂ ਦੇ ਵਾੜੇ ਦੀ ਛੱਤ, ਜ਼ਮੀਨ ਤੇ ਵਿਛਾਉਣ ਵਾਸਤੇ ਅਤੇ ਚਾਰੇ ਵਜੋਂ ਕੰਮ ਆਉਂਦੀ ਸੀ ਹਾਲਾਂਕਿ ਇਹ ਕਣਕ ਦੀ ਤੂੜੀ ਤੋਂ ਘੱਟ ਪੌਸ਼ਟਿਕ ਹੁੰਦੀ ਹੈ।
ਮਨੁੱਖ ਤੋਂ ਮਸ਼ੀਨ ਦਾ ਇਹ ਸਫਰ ਹੋਰ ਨੁਕਸਾਨਦੇਹ ਹੋ ਗਿਆ ਜਦੋਂ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਪਰਾਲੀ ਦੇ ਚਾਰੇ ਦੇ ਬਦਲੇ ਬਾਜ਼ਾਰੀ ਖੁਰਾਕ ਦੇਣ ਦੀ ਤਰਜੀਹ ਕੀਤੀ ਤਾਂ ਜੋ ਜਾਨਵਰ ਜਿਆਦਾ ਦੁੱਧ ਦੇਣ। ਉਨ੍ਹਾਂ ਕਿਸਾਨਾਂ ਨੂੰ ਅੱਗ ਲਾਉਣ ਦੀ ਵੀ ਸਲਾਹ ਦੀਤੀ ਜਿਸਦੇ ਨਾਲ਼ ਖੇਤ ਚੋ ਪਰਾਲੀ ਦੇ ਨਾਲ਼ ਨਾਲ਼ ਕੀਟ, ਨਦੀਨ ਵੀ ਸਾਫ ਹੋ ਸਕੇ ਤੇ ਫ਼ਸਲ ਦਾ ਝਾੜ ਵਧ ਆਵੇ। ਵਿਗਿਆਨੀਆਂ ਦਾ ਧਿਆਨ ਸਿਰਫ ਦੁੱਧ ਤੇ ਫ਼ਸਲ ਦੇ ਵਾਧੇ ਤੇ ਸੀ । ਉਹਨਾਂ ਇਹ ਨਹੀਂ ਸੋਚਿਆ ਕਿ ਜਾਨਵਰ ਤੇ ਖੇਤ ਦਾ ਐਨਾ ਗੂਹੜਾ ਰਿਸ਼ਤਾ ਤੋੜਣ ਨਾਲ਼ ਮਿੱਟੀ, ਹਵਾ ਤੇ ਮਨੁੱਖ ਉੱਪਰ ਕੀ ਅਸਰ ਹੋਵੇਗਾ। ਖੇਤਾਂ ਨੂੰ ਅੱਗ ਲਾਉਣ ਦਾ ਉਪਾਅ ਪੈਸੇ ਦੀ ਬੱਚਤ ਤਾਂ ਕਰਦਾ ਹੈ ਪਰ ਕੁਦਰਤੀ ਦੌਲਤ ਗਵਾ ਦਿੰਦਾ ਹੈ।
ਅੱਜ ਦੇ ਹਾਲਾਤ ਵਿਚ ਪਿੱਛੇ ਜਾਣਾ ਮੁਸ਼ਕਿਲ ਹੈ ਕਿਉਂਕਿ ਪਰਾਲੀ ਦੀ ਸਾਂਭ ਇੱਕ ਵੱਡਾ ਖਰਚਾ ਹੈ, ਉਹ ਵੀ ਉਦੋਂ ਜਦੋਂ ਖੇਤੀ ਹਰ ਸਾਲ ਮਹਿੰਗੀ ਹੁੰਦੀ ਜਾ ਰਹੀ ਹੈ ਤੇ ਹਰ ਇਕ ਕੁਇੰਟਲ ਅਨਾਜ, ਹਰ ਇਕ ਲੀਟਰ ਦੁੱਧ ਜ਼ਰੂਰੀ ਹੈ।
ਕੰਬਾਈਨ ਤੇ ਨਕੇਲ ਪਾਉਣ ਲਈ ਪੰਜਾਬ ਸਰਕਾਰ ਨੇ ਕੁਝ ਸਾਲ ਪਹਿਲਾਂ ਸੁਪਰ ਐੱਸ. ਐੱਮ. ਐੱਸ. ਸੰਦ ਨੂੰ ਲਾਜ਼ਮੀ ਕਰ ਦਿੱਤਾ। ਐੱਸ. ਐੱਮ. ਐੱਸ. ਕੰਬਾਈਨ ਦੇ ਪਿੱਛੇ ਲਗਦਾ ਹੈ ਤੇ ਪਰਾਲੀ ਨੂੰ ਚੰਗੀ ਤਰ੍ਹਾਂ ਕੁਤਰ ਕੇ ਖਲਾਰ ਦਿੰਦਾ ਹੈ। ਪਰ ਇਹਦੇ ਲਈ ਵੱਡੇ ਟਰੈਕਟਰ ਤੇ ਜਿਆਦਾ ਤੇਲ ਦੀ ਲੋੜ ਹੈ। ਪੰਜਾਬ ਕੋਲ ਏਨੀਂ ਗਿਣਤੀ ਚ ਵੱਡੇ ਟਰੈਕਟਰ ਨਹੀਂ ਅਤੇ ਕਿਸਾਨ ਵੀ ਇਸ ਵਿਚ ਦਿਲਚਸਪੀ ਨਹੀਂ ਵਿਖਾ ਰਹੇ ਕਿਉਂਕਿ SMS ਨਾਲ ਦਾਣਿਆਂ ਦਾ ਨੁਕਸਾਨ ਵੀ ਹੁੰਦਾ ਹੈ।
ਸੋ ਕੰਬਾਈਨ ਹਾਰਵੈਸਟਰ ਖਲੋਤਾ ਹੈ, ਆਧੁਨਿਕ ਖੇਤੀ ਦਾ ਪ੍ਰਤੀਕ ਬਣ ਕੇ, ਜੀਹਨੇ ਮਨੁੱਖ ਨੂੰ ਛੋਟਾ ਕਰ ਦਿੱਤਾ ਹਾਲਾਂਕਿ ਅਸੀਂ ਕਦੇ ਕਦੇ ਉਸ ਉਤੇ ਚੜ੍ਹ ਲੈਣੇ ਹਾਂ।

ਸ਼ਸ਼ਾਂਕ ਵਾਲੀਆ, ਟੀਕਰੀ ਮੋਰਚਾ
ਸੂਰਜ ਡੁੱਬਣ ਲੱਗਿਆ, ਸਾਰਾ ਦਿਨ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪੰਜਾਬੀ ਕਿਸਾਨ ਬੀਬੀਆਂ ਆਪਣੀਆਂ ਟਰਾਲੀਆਂ ਤੇ ਵਾਪਿਸ ਆ ਗਈਆਂ। ਜਦੋਂ ਉਹ ਸਾਰੇ ਆਰਾਮ ਕਰਨ ਬੈਠ ਗਏ ਤਾਂ ਇਕ ਹਰਿਆਣਵੀ ਕਿਸਾਨ ਇਕ ਜੀਪ ਤੋਂ ਥੱਲੇ ਆਇਆ। ਉਸਨੇ ਕਣਕ ਦੀ ਬੋਰੀ ਕਿਸਾਨ ਬੀਬੀਆਂ ਨੂੰ ਸੌਂਪ ਦਿੱਤੀ। ਉਨ੍ਹਾਂ ਸਾਰਿਆਂ ਨੇ ਉਸ ਨੂੰ ਕਿਹਾ ਕਿ ਉਹ ਇਸ ਬੋਰੀ ਨੂੰ ਵਾਪਸ ਲੈ ਜਾਏ ਕਿਉਂਕਿ ਉਹ ਸਭ ਕਈ ਦਿਨਾਂ ਦਾ ਰਾਸ਼ਨ ਆਪਣੇ ਨਾਲ ਲੈ ਕੇ ਆਏ ਹੋਏ ਨੇ। ਹਰਿਆਣੇ ਦੇ ਕਿਸਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਪੰਜਾਬ ਦੇ ਆਪਣੇ ਕਿਸਾਨ ਮਿੱਤਰਾਂ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦਾ ਹੈ।
ਅਦਾਨੀ ਭਜਾਓ, ਕਿਸਾਨੀ ਬਚਾਓ

ਪੂਰਾ ਸੱਚ
- ਖੇਤੀ ਕਾਨੂੰਨ ਲਾਗੂ ਹੋਣ ਤੋ ਬਾਅਦ ਐਫ ਸੀ ਆਈ ਕਰ ਦਿੱਤਾ ਜਾਵੇਗਾ। ਜਦੋਂ ਤੱਕ ਉਹ ਚਾਹੇ ਅਡਾਨੀ ਫਸਲਾਂ ਨੂੰ ਸਟੋਰ ਕਰ ਸਕਦਾ ਹੈ| ਆਪਣੇ ਅਨੁਸਾਰ ਕੀਮਤਾਂ ਤੈਅ ਕਰੋ| ਮਜ਼ਦੂਰਾਂ ਦੁਆਰਾ ਪ੍ਰਾਪਤ ਕੀਤੇ ਸਸਤੇ ਆਟੇ ਅਤੇ ਦਾਲਾਂ ਖ਼ਤਮ ਹੋ ਜਾਣਗੀਆਂ| ਅਡਾਨੀ ਅਤੇ ਰਿਲਾਇੰਸ ਸਟੋਰਾਂ ਤੋਂ ਮਹਿੰਗੀਆਂ ਫਸਲਾਂ ਨੂੰ ਪਵੇਗਾ|
ਖੇਤੀ ਕਾਨੂੰਨ ਲਾਗੂ ਹੋਣ ਤੋਂ ਬਾਅਦ, ਰਿਲਾਇੰਸ ਅਤੇ ਹੋਰ ਵੱਡੇ ਕਾਰਪੋਰੇਟ ਇਕਰਾਰਨਾਮੇ ਦੀ ਖੇਤੀ ਵਿੱਚ ਆਉਣਗੇ, ਜਿਹੜੇ ਖੇਤਾਂ ਨੂੰ ਠੇਕੇ ਅਧੀਨ ਲੈਣਗੇ| ਪਰ ਫਸਲਾਂ ਦੀ ਮਾੜੀ ਸਥਿਤੀ ਕਾਰਨ ਜਾਂ ਕਿਸੇ ਵੀ ਹੋਰ ਕਾਰਨ ਕਰਕੇ, ਕਿਸਾਨ ਨੂੰ ਆਪਣੀ ਫਸਲਾਂ ਦਾ ਮੁੱਲ ਤੈਅ ਕਰਨ ਜਾਂ ਆਪਣੇ ਹੱਕਾਂ ਲਈ ਲੜਨ ਦਾ ਅਧਿਕਾਰ ਨਹੀਂ ਹੋਵੇਗਾ|
ਖੇਤੀ ਕਾਨੂੰਨ ਲਾਗੂ ਹੋਣ ਤੋਂ ਬਾਅਦ, ਅੰਨ ਦੀਆਂ ਕੀਮਤਾਂ ਦਾ ਫੈਸਲਾ ਅਡਾਨੀ ਵਰਗੀਆਂ ਹੋਰ ਕਾਰਪੋਰੇਟੀਆਂ ਦੁਆਰਾ ਕੀਤਾ ਜਾਵੇਗਾ| ਹੌਲੀ ਹੌਲੀ ਹੌਲੀ ਹੌਲੀ ਕਿਸਾਨਾਂ ਦਾ ਕਰਜ਼ਾ ਵਧਦਾ ਰਹੇਗਾ ਅਤੇ ਆਮਦਨੀ ਘੱਟਦੀ ਰਹੇਗੀ| ਕਾਰਪੋਰੇਟ ਮੁਨਾਫਾ ਖਾਣਗੇ ਅਤੇ ਘਾਟੇ ਕਿਸਾਨਾਂ ਦੀ ਗੋਦ ਵਿਚ ਪਏ ਜਾਣਗੇ| ਜ਼ਮੀਨ ਦੀ ਕੀਮਤ ਘੱਟ ਜਾਵੇਗੀ, ਕਿਸਾਨ ਕੋਲੋ ਜ਼ਮੀਨਾਂ ਖੁੱਸਣਗੀਆਂ, ਕਿਸਾਨ ਮਜ਼ਦੂਰ ਬਣ ਜਾਣਗੇ, ਮਜ਼ਦੂਰ ਵਧਣਗੇ, ਮਜਦੂਰੀ ਘੱਟ ਜਾਵੇਗੀ।

ਇੱਕ ਕਵਿਤਾ
ਕੁਲਦੀਪ ਕੌਰ
ਸੰਤਾਲੀ ਦੇ ਦੰਗਿਆਂ ਵਿੱਚ
ਪਿਓ ਦੇ ਕਤਲ ਦੀ ਗਵਾਹ ਸੁਰਜੀਤ ਕੌਰ
ਚੁਰਾਸੀ ਵਿੱਚ ਲਾਪਤਾ ਹੋਇਆ ਜਵਾਈ ਲੱਭ ਰਹੀ ਹੈ ਮੋਰਚੇ ਤੇ
ਦਿੱਲੀ ਉਸ ਲਈ ਇੱਕ ਠੰਡੀ ਕਤਲਗਾਹ ਹੈ
ਜੰਗਵੀਰ ਨੂੰ ਨਰਮੇ ਦੇ ਖੇਤ ਵਿੱਚ ਬੇਜਾਨ ਵਿਛੀ
ਆਪਣੇ ਆੜੀ ਦੀ ਲਾਸ਼ ਨਹੀਂ ਭੁੱਲਦੀ
ਕਿੰਨੇ ਸਾਲਾਂ ਤੋਂ ਉਸ ਖੇਤ ਵਿੱਚ ਪੈਰ ਰੱਖਣ ਤੋਂ ਡਰਦਾ ਉਹ
ਇਸ ਮੋਰਚੇ ਵਿਚ ਆਖਰੀ ਹੰਝੂ ਰੋ ਲੈਣ ਆਇਆ
ਦਸਵੀਂ ਵਿਚੋਂ ਪੜ੍ਹਨੋ ਰਹਿ ਗਈਆ ਦੋਵੇਂ ਕੁੜੀਆਂ
ਦਿੱਲੀ ਵਾਲੇ ਨਾਗਰਿਕ ਰਜਿਸਟਰਾਂ ਨੂੰ ਅੰਗੂਠਾ ਦਿਖਾਦਿਆਂ
ਕੈਂਸਰ ਦੇ ਇਲਾਜ ਖੁਣੋਂ ਮਰੀ ਮਾਂ ਦੇ ਬੇਵਕਤ ਕਤਲ
ਦੀ ਸਰਕਾਰੀ ਸਾਜਿਸ਼ ਖਿਲਾਫ ਮੋਰਚੇ ਵਿੱਚ ਹਨ
ਰੋਟੀ ਵੇਲਦੇ ਸੁਰਜਨ ਦੀ ਬਿਰਤੀ
1986 ਦੀ ਇਕ ਰਾਤ ਵਿੱਚ ਅਟਕੀ ਪਈ ਹੈ
ਰਜ਼ਾਈ ਨੂੰ ਚਾਰੋਂ ਖੂੰਜਿਆਂ ਤੋਂ ਘੁੱਟਦਾ ਉਹ
ਨਾਅਰੇ ਮਾਰਦੇ ਮੁੰਡਿਆਂ ਚੋਂ ਸਾਰਾ ਦਿਨ ਪੁੱਤ ਦਾ ਮੁੜੰਗਾ ਭਾਲਦਾ
ਸਾਰੀ ਉਮਰ ਲੋਕਾਂ ਦੇ ਚੁੱਲ੍ਹੇ ਚੌਂਕੇ ਲਿਪਦੀ ਸੰਤੋ
ਇਥੇ, ਇਸ ਮੋਰਚੇ ਤੇ ਆਪਣੀਆਂ ਪਾਟੀਆਂ ਵਿਆਈਆ
ਤੇ ਹੱਥਾਂ ਦੀਆਂ ਤ੍ਰੇੜਾਂ ਲਿੱਪ ਦੇਣ ਆਈ ਹੈ
ਇਥੇ ਉਸ ਦੇ ਪਸੀਨੇ ਦਾ ਰੰਗ ਲਹੂ ਰੰਗਾ ਹੈ
ਮੋਰਚੇ ਤੇ ਲੋਕ ਯਾਦਾਂ, ਸੁਪਨਿਆਂ ਤੇ ਚੇਤਿਆਂ ਨੂੰ
ਆਪਸ ਵਿਚ ਅਦਲਾ – ਬਦਲੀ ਕਰ-ਕਰ ਦੇਖਦੇ
ਵਿੱਛੜ ਗਿਆ ਤੋਂ ਵੱਧ ਕਦੇ ਨਾ ਮਿਲਿਆ ਦੀ ਚਿੰਤਾ ਕਰਦੇ
ਉਨ੍ਹਾਂ ਨੂੰ ਅਣਲਿਖੇ ਇਤਿਹਾਸ ਦਾ ਹਰਫ਼ ਹਰਫ਼ ਰੱਟਿਆ ਪਿਆ
ਕੋਈ ਬਾਬਾ ਨਾਨਕ ਦੀ “ਤੇਰਾ-ਤੇਰਾ” ਵਾਲੀ ਤੱਕੜੀ ਵਾਚਦਾ
ਕਿਸੇ ਦੀ ਸੁਰਤਿ ਰੋਸ ਤੇ ਰੰਜ਼ ਨਾਲ ਲਬਰੇਜ਼ ਰਹਿੰਦੀ
ਕੋਈ ਪੰਜਵੀਂ ਦੀ ਕਿਤਾਬ ਵਾਲੇ ਸਰਾਭੇ ਨੂੰ ਭਾਲਦਾ ਫਿਰਦਾ ਤੇ
ਕਿਸੇ ਨੂੰ ਲਾਹੌਰ ਦੀ ਸੈਂਟਰਲ ਜੇਲ ਦਾ ਹੇਰਵਾ ਸੌਣ ਨਹੀਂ ਦਿੰਦਾ
ਇਥੇ ਸਾਰੇ, ਸਾਰਿਆਂ ਦੇ ਗਵਾਚੇ ਹੋਇਆ ਨੂੰ ਭਾਲਦੇ ਫਿਰਦੇ
ਇਥੇ ਸਾਰੇ, ਸਾਰੀਆਂ ਤਕਲੀਫ਼ਾਂ ਖਿਲਾਫ ਆਪਣਾ ਦਿਲ ਬਾਲਦੇ
ਇਹ ਮੋਰਚਾ ਪੀ ਚੁੱਕਾ ਹੈ ਆਪਣੇ ਹਿੱਸੇ ਦੇ ਸਾਰੇ ਜ਼ਹਿਰ
ਇਸ ਵਾਰ ਮੁਕੱਦਮੇ ਚ ਲੋਕਾਂ ਸੁਕਰਾਤ ਬਚਾ ਲੈਣਾ
Trolley Times Punjabi Newspaper 3rd Edition Published on 26-12-2020