Trolley Times Punjabi Newspaper 2nd Edition Published on 22-12-2020
ਅੱਜ ਦੇ ਸਮੇਂ ਵਿੱਚ ਅਸੀਂ ਕਿੱਥੇ ਖੜ੍ਹੇ ਹਾਂ ?
ਹਰਜੇਸ਼ਵਰ ਪਾਲ ਸਿੰਘ, ਇਤਿਹਾਸਕਾਰ, ਪਟਿਆਲਾ
ਸਰਕਾਰ ਦੇ ਸੁਝਾਵਾਂ ਨੂੰ ਰੱਦ ਕਰਨ ਤੇ ਕਿਸਾਨ ਅੰਦੋਲਨ ਦੇ ਅਗਲੇ ਪੜਾਅ ਵਿਚ ਦਾਖਲ ਹੋਣ ਤੋਂ ਬਾਅਦ ਅਤੇ ਦਿੱਲੀ ਦੀ ਨਾਕਾਬੰਦੀ, ਦੇਸ਼ ਵਿਆਪੀ ਪ੍ਰਦਰਸ਼ਨਾਂ ਅਤੇ ਭਾਜਪਾ ਨੇਤਾਵਾਂ ਦੇ ਘਰਾਂ ਦੇ ਬਾਹਰ ਧਰਨੇ ਸਮੇਤ ਇਸ ਅੰਦੋਲਨ ਨੂੰ ਵਧਾਉਣ ਵਾਲੇ ਕਦਮਾਂ ਦੇ ਐਲਾਨ ਤੋਂ ਬਾਅਦ ਬਾਜ਼ੀ ਗੁੰਝਲਦਾਰ ਹੋ ਗਈ ਹੈ।
ਇਸ ਸ਼ਤਰੰਜ ਦੀ ਖੇਡ ਵਿੱਚ ਅਜੇ ਤੱਕ ਬਾਜੀ ਕਿਸਾਨਾਂ ਦੇ ਹੱਥ ਹੈ ਅਤੇ ਉਹ ਤਿੰਨ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੰਗ ‘ਤੇ ਅਡਿੱਗ ਖੜ੍ਹੇ ਹਨ ਤੇ ਸਰਕਾਰ ਡਾਵਾਂਡੋਲ ਹੋਈ ਹੈ।
ਇਸ ਦੇ ਕਈ ਕਾਰਨ ਹਨ:
- ਕਿਸਾਨ ਅੰਦੋਲਨ ਦੇ ਸਿਰੜ ਅਤੇ ਦ੍ਰਿੜਤਾ ਕਾਰਨ ਅਤੇ ਉਹਨਾਂ ਦੀ ਹੱਕ ਸੱਚ, ਆਪਣੀ ਰਾਖੀ ਆਪ, ਸਵੈ-ਮਾਣ ਅਤੇ ਪਛਾਣ ਦੀ ਲੜਾਈ ਕਾਰਨ ਉਨ੍ਹਾਂ ਦੇ ਉਦੇਸ਼ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹੁੰਗਾਰਾ ਮਿਲਿਆ ਹੈ।
- ਉਨ੍ਹਾਂ ਦੇ ਅੰਦੋਲਨ ਦੇ ਸ਼ਾਂਤਮਈ ਸੁਭਾਅ ਨੇ ਬਿਰਤਾਂਤ ਕਿਸਾਨਾਂ ਦੇ ਹੱਕ ਵਿਚ ਰੱਖਣਾ ਸੰਭਵ ਬਣਾਇਆ ਹੈ।
- ਦਿੱਲੀ ਦੀਆਂ ਬਰੂਹਾਂ ਤੇ ਸਖਤ ਠੰਡ ਵਿੱਚ ਵੀ ਲੋਕ ਚੜ੍ਹਦੀਕਲਾ ਵਿਚ ਹਨ ਅਤੇ ਉਹਨਾਂ ਦੀ ਗਿਣਤੀ ਅਤੇ ਜੋਸ਼ ਲਗਾਤਾਰ ਵਧ ਰਿਹਾ ਹੈ ।
- ਅੰਤਰਰਾਸ਼ਟਰੀ ਦਬਾਅ, ਡਾਇਸਪੋਰਾ ਅਤੇ ਮੀਡੀਆ ਦੀ ਸਹਾਇਤਾ ਕਾਰਨ ਸਰਕਾਰ ਖੂੰਜੇ ਲੱਗੀ ਹੋਈ ਹੈ।
- ਅੰਦੋਲਨਕਾਰੀਆਂ ਨੇ ਬੀਜੇਪੀ ਟਰੌਲ(ਭਰਮਾਊ) ਅਤੇ ਭਗਤ ਸੈਨਾ ਨੂੰ ”ਬਿਰਤਾਂਤ ਜੰਗ ” ਵਿਚ ਖਦੇੜ ਦਿੱਤਾ ਹੈ। ਬਾਲੀਵੁੱਡ ਦੇ ਸਿਤਾਰੇ ਵੀ ਸੁਧਾਰਾਂ ਦੇ ਹੱਕ ਵਿੱਚ ਨਹੀਂ ਖੜੇ। ਟਰੌਲ ਦੀ “ਅੰਨਦਾਤਾ” ਨੂੰ “ਖਾਲਿਸਤਾਨੀ”, “ਨਕਸਲੀ” “ਟੁਕੜੇ ਟੁਕੜੇ ਗੈਂਗ” ਆਦਿ ਦੇ ਠੱਪੇ ਲਾਉਣ ਦੀ ਕਰਤੂਤ ਉਲਟੀ ਹੀ ਪਈ ਹੈ।
- ਆਰਐਸਐਸ ਦੇ ਘਿਰ ਜਾਣ ‘ਤੇ ਪਿੱਛੇ ਹਟਣ ਦੀ ਰਵਾਇਤੀ ਨੀਤੀ ਵੱਲ ਝੁਕਾਅ ਵੀ ਭਾਜਪਾ ‘ਤੇ ਸਖ਼ਤ ਦਬਾਅ ਵਜੋਂ ਕੰਮ ਕਰ ਰਿਹਾ ਹੈ।
- ਭਾਜਪਾ ਆਰਥਿਕ ਅਜੰਡੇ ਦੇ ਮੁਕਾਬਲੇ “ਹਿੰਦੂਤਵਾ” ਨੂੰ ਪਹਿਲ ਦਿੰਦੀ ਹੈ। ਯਾਦ ਕਰੋ ਕਿ ਉਹ ਕਿਸੇ ਸਮੇਂ ਸਵਦੇਸੀ ਅਤੇ ਛੋਟੇ ਵਪਾਰੀਆਂ ਦੀ ਜਥੇਬੰਦੀ ਰਹੀ ਹੈ ਅਤੇ ਇਥੋਂ ਤਕ ਕਿ 70 ਵਿਆਂ ਦੇ ਸ਼ੁਰੂ ਵਿੱਚ ਇੰਦਰਾ ਦੇ ਲਾਇਸੈਂਸ ਪਰਮਿਟ ਰਾਜ ਦਾ ਵੀ ਸਮਰਥਨ ਕਰਦੀ ਰਹੀ ਹੈ।
- ਭਾਜਪਾ ਬਹੁਮਤ ਵਾਲੇ ਰਾਜਾਂ- ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਯੂ ਪੀ ਆਦਿ ਰਾਜਾਂ ਵਿੱਚ ਵੀ ਖੇਤੀਬਾੜੀ ਖੇਤਰ ਵਿੱਚ ਰੋਸ ਦੀ ਭਾਵਨਾ ਹੈ ਜੋ ਦਿਨੋ ਦਿਨ ਵੱਧ ਰਹੀ ਹੈ ।
- 80% ਸੈਨਾ ਖੇਤੀਬਾੜੀ ਨਾਲ ਸਬੰਧਤ ਹੋਣ ਕਰ ਕੇ ਚੀਨ / ਪਾਕਿਸਤਾਨ ਵੱਲੋਂ ਭਾਰਤ ਨੂੰ ਖਤਰੇ ਦੇ ਸੰਦਰਭ ਦੀ ਚਿੰਤਾ ਨੂੰ ਸਾਬਕਾ ਫੌਜੀਆਂ ਨੇ ਉਭਾਰਿਆ ਹੈ।
- ਵਿਰੋਧੀ ਪਾਰਟੀਆਂ ਵੀ ਹੁਣ ਆਪਣੀਆਂ ਤੋਪਾਂ ਭਾਜਪਾ ਵੱਲ ਸੇਧ ਕੇ ਅੰਦੋਲਨ ਵਿਚ ਸ਼ਾਮਲ ਹੋਣ ਦੀ ਧਮਕੀ ਦੇ ਰਹੀਆਂ ਹਨ।
- ਅੰਦੋਲਨ ਟ੍ਰੇਡ ਯੂਨੀਅਨਾਂ ਅਤੇ ਟ੍ਰਾਂਸਪੋਰਟਰਾਂ ਦਾ ਸਮਰਥਨ ਮਿਲਣ ਤੇ ਟਕਰਾਅ ਵਧਾਉਣ ਵੱਲ ਵਧ ਰਿਹਾ ਹੈ।
- ਜੇ ਵੱਡੇ ਪੱਧਰ ‘ਤੇ ਹਿੰਸਾ ਜਾਂ ਗੜਬੜੀ ਹੋਈ ਤਾਂ ਭਾਰਤ ‘ਚ ਹੋਣ ਵਾਲੇ ਵਿਦੇਸ਼ੀ ਨਿਵੇਸ਼ ਨੂੰ ਵੀ ਭਾਰੀ ਸੱਟ ਮਾਰੇਗੀ। ਲੰਬੇ ਤੌਰ ਤੇ ਗੜਬੜੀ ਅਤੇ ਉਲਟ ਪ੍ਰਚਾਰ ਕਾਰਪੋਰੇਟਾਂ ਨੂੰ ਵੀ ਵੱਡਾ ਘਾਟਾ ਪਾਏਗਾ।
ਦੂਜੇ ਪਾਸੇ ਜੇ ਕੁਝ ਪਿੱਛੇ ਹਟਣ ਦੇ ਬਾਵਜੂਦ ਮੋਦੀ ਸਰਕਾਰ ਅਜੇ ਵੀ ਅੜੀ ਹੋਈ ਹੈ ਤਾਂ ਇਸ ਦੇ ਵੀ ਕਈ ਕਾਰਨ ਹਨ:
- ਬੀਜੇਪੀ ਪ੍ਰਧਾਨ ਮੰਤਰੀ ਦੇ “ਧੱਕੜ” ਅਤੇ “ਕਾਰਪੋਰੇਟੀਏ” ਚਿੱਤਰ ਨੂੰ ਜੋਖਮ ਵਿਚ ਨਹੀਂ ਪਾਉਣਾ ਚਾਹੁੰਦੀ।
- ਕਾਰਪੋਰੇਟਾਂ ਦਾ ਮੁਨਾਫ਼ੇ ਵਾਲੇ ਖੇਤੀ ਸੈਕਟਰ ਨੂੰ ਉਹਨਾਂ ਲਈ ਖੋਲ੍ਹਣ ਲਈ ਸਰਕਾਰ ਤੇ ਬੜਾ ਜ਼ੋਰਦਾਰ ਦਬਾਅ ਬਣਿਆ ਹੋਇਆ ਹੈ।
- ਸਰਕਾਰ ਨੂੰ ਉਮੀਦ ਹੈ ਕਿ ਪਾਟੋਧਾੜ, ਥਕਾਵਟ ਜਾਂ ਹਿੰਸਾ ਕਰਵਾ ਕੇ ਅਖੀਰ ਉਹ ਇਸ ‘ਤੇ ਕਾਬੂ ਪਾ ਹੀ ਲਏਗੀ।
- ਕਾਰਪੋਰੇਟ ਪੱਖੀ ਮੀਡੀਆ ਵਿਸ਼ਲੇਸ਼ਕ ਮੋਦੀ ਨੂੰ ਕਿਸਾਨਾਂ ‘ਤੇ ‘ਥੈਚਰੀ’ ਹਮਲਾ ਕਰਨ ਲਈ ਉਕਸਾ ਰਹੇ ਹਨ।
- ਭਾਜਪਾ ਦਾ ਇਕ ਹਿੱਸਾ ਆਪਣੇ ਆਪ ਨੂੰ ਚੁਣਾਵੀ ਯੋਧੇ ਮੰਨਦਾ ਹੈ ਤੇ ਲੰਮੀ ਦੌੜ ‘ਚ ਆਪਣੀ ਖੁੱਸੀ ਤਾਕਤ ਨੂੰ ਮੁੜ ਪ੍ਰਾਪਤ ਕਰਨ ਲਈ ਆਸਵੰਦ ਹੈ।
- ਸਰਕਾਰ ਨੇ ਲੋਕਾਂ ਅਤੇ ਕਿਸਾਨਾਂ ਨੂੰ “ਸੁਧਾਰਾਂ” ਦੇ ਹੱਕ ਵਿੱਚ ਖੜੇ ਕਰਨ ਲਈ ਵੱਡੇ ਪੱਧਰ ਤੇ ਮੁਹਿੱਮ ਵੱਡੀ ਹੈ ਅਤੇ ਆਪਣੇ ਬ੍ਰਹਮਅਸ਼ਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਤਾਰਿਆ ਹੈ।
- ਸਰਕਾਰ ਸੁਪਰੀਮ ਕੋਰਟ ਨੂੰ ਵਿੱਚ ਪਾਕੇ ਕੋਈ ਵਿਚਲਾ ਰਾਹ ਕੱਡਣ ਲਈ ਯਤਨਸ਼ੀਲ ਹੈ।
ਆਉਣ ਵਾਲੇ ਕੁਝ ਦਿਨ “ਸਰਕਾਰ” ਅਤੇ “ਲੋਕਾਂ” ਦੇ ਪਿਛਲੇ 6 ਮਹੀਨੇ ਤੋਂ ਚੱਲ ਰਹੇ ਇਸ “ਘਮਸਾਨੀ ਯੁੱਧ ” ਵਿਚ ਅਹਿਮ ਹੋਣਗੇ।
ਸ਼ਹੀਦੋ ਤੁਹਾਡੇ ਕਾਜ ਅਧੂਰੇ, ਲਾ ਕੇ ਜ਼ਿੰਦੜੀਆਂ ਕਰਾਂਗੇ ਪੂਰੇ

ਸੰਪਾਦਕੀ
ਟਰਾਲੀ ਟਾਈਮਜ ਟੀਮ
20 ਦਿਸੰਬਰ ਨੂੰ ਅਸੀਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਦੀ ਅਦੁੱਤੀ ਸ਼ਹਾਦਤ ਨੂੰ ਨਤਮਸਤਕ ਹੋਏ ਹਾਂ। ਅਜੋਕੇ ਦਿਨਾਂ ਵਿਚ ਗੁਰੂ ਸਾਹਿਬ ਦੇ ਪੂਰਨਿਆਂ ਤੇ ਚਲਦਿਆਂ ਕਿਸਾਨ ਮਜ਼ਦੂਰ ਵੀ ਹਠਧਰਮੀ ਸਰਕਾਰ ਵਿਰੁੱਧ ਖੜੇ ਹੋ ਕੇ ਹਿੰਦ ਦੀ ਚਾਦਰ ਬਣ ਕੇ ਦਿਖਾ ਰਹੇ ਹਨ। ਸੰਤ ਰਾਮ ਸਿੰਘ ਜੀ ਨੇ ਤਾਂ “ਸਰਕਾਰੀ ਜ਼ੁਲਮ ਦੇ ਖ਼ਿਲਾਫ਼ ਕਿਸਾਨਾਂ ਮਜ਼ਦੂਰਾਂ ਦੇ ਹਕ਼ ਵਿਚ” ਆਪਣੇ ਹੱਥੀਂ ਆਪ ਸ਼ਹਾਦਤ ਦਿੱਤੀ। 20 ਦਿਸੰਬਰ ਨੂੰ ਹੀ ਅਸੀਂ ਸਾਡੇ ਸੰਗਰਾਮੀ ਸਾਥੀਆਂ ਦੀਆਂ ਦਿੱਤੀਆਂ ਸ਼ਹਾਦਤਾਂ ਨੂੰ ਭਾਰਤ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਵਿਚ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਰਕਾਰ ਹਾਲੇ ਬੇਕਿਰਕ ਹੈ, ਪਰ ਲੋਕਾਈ ਵਿਚ ਇਸ ਅੰਦੋਲਨ ਪ੍ਰਤੀ ਪਿਆਰ ਅਤੇ ਅੰਦੋਲਨਕਾਰੀਆਂ ਪ੍ਰਤੀ ਸਤਿਕਾਰ ਵਧਦਾ ਜਾ ਰਿਹਾ ਹੈ। ਭਾਜਪਾ ਸਰਕਾਰ ਦੇ ਪਾਲਣਹਾਰ ਅਦਾਨੀ ਅੰਬਾਨੀ ਵਰਗੇ ਕਾਰਪੋਰੇਟ ਘਰਾਣੇ ਅਖਬਾਰਾਂ ਵਿਚ ਇਸ਼ਤਿਹਾਰ ਦੇ ਕੇ ਕਿਸਾਨ ਪੱਖੀ ਹੋਣ ਦੇ ਝੂਠੇ ਦਾਅਵੇ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਪਾਸੇ ਸਿੱਖਾਂ ਅਤੇ ਕਿਸਾਨਾਂ ਦੇ ਹਮਾਇਤੀ ਹੋਣ ਦੇ ਫੋਕੇ ਦਾਅਵਿਆਂ ਵਾਲੇ ਕਿਤਾਬਚੇ ਭੇਜ ਰਹੇ ਹਨ, ਹੱਥ ਬੰਨ ਕੇ ਵੀਡੀਓ ਕਾਨਫਰੰਸਾਂ ਕਰ ਰਹੇ ਹਨ ਤੇ ਦੂਜੇ ਪਾਲੇ ਹਾਲੇ ਵੀ ਇਸ ਲੋਕ ਅੰਦੋਲਨ ਨੂੰ ਵਿਰੋਧੀ ਦਲਾਂ ਦਾ ਚਲਾਇਆ ਹੋਇਆ ਦੱਸ ਕੇ ਭੰਡ ਰਹੇ ਹਨ।
ਆਪਣੇ ਦੰਭੀ ਪ੍ਰਚਾਰ ਖ਼ਾਤਰ ਪ੍ਰਧਾਨ ਮੰਤਰੀ ਗੁਰਦੁਆਰਾ ਰਕਾਬਗੰਜ ਸਾਹਿਬ ਵੀ ਪਹੁੰਚ ਗਏ। ਉਸੇ ਵੇਲ਼ੇ ਕਥਾਵਾਚਕ ਗੁਰੂ ਤੇਗ ਬਹਾਦਰ ਜੀ ਦੇ ਹੀ ਸਲੋਕ “ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ।। ਕਾਲ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ।।” ਦਾ ਸਾਰ ਤੱਤ “ਵੇਦ ਪੁਰਾਣ ਪੜ੍ਹ ਕੇ ਵੀ ਮਾਨਵਤਾ ਦੇ ਭਲੇ ਵਾਲਾ ਉਪਦੇਸ਼ ਨਹੀਂ ਮੰਨਿਆਂ ਤਾਂ ਮੌਤ ਦੇ ਰੂਪ ਵਿਚ ਕਾਲ ਦੀ ਫ਼ਾਹੀ ਤੋਂ ਭੱਜਿਆ ਨਹੀਂ ਜਾ ਸਕਦਾ” ਵੀ ਸਮਝਾ ਰਹੇ ਸਨ। ਜਿਵੇਂ ਸ਼ਬਦ ਗੁਰੂ ਵੀ ਪ੍ਰਧਾਨ ਮੰਤਰੀ ਨੂੰ ਨਸੀਹਤ ਦੇ ਰਹੇ ਹੋਣ ।
ਸੰਘਰਸ਼ ਵਿਚ ਜੁਟੇ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਕਰ, ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ, ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਥਾਂ, ਹੋਰ ਅਨੇਕਾਂ ਤਰੱਦਦ ਕਰ ਰਹੀ ਹੈ। ਕਦੇ ਆੜ੍ਹਤੀਆਂ ਤੇ ਇਨਕਮ ਟੈਕਸ ਦੇ ਛਾਪੇ ਮਾਰੇ ਗਏ, ਕਦੇ ਕਿਸਾਨ ਜਥੇਬੰਦੀਆਂ ਨੂੰ ਆ ਰਹੀ ਮਾਲੀ ਸਹਾਇਤਾ ਰੋਕੀ ਗਈ, ਹੋਰਨਾਂ ਸੂਬਿਆਂ ਦੇ ਕਿਸਾਨਾਂ ਨੂੰ ਅੰਦੋਲਨ ਵਿਚ ਹਿੱਸਾ ਲੈਣ ਤੋਂ ਰੋਕਣ ਲਈ ਹਰ ਹਥਕੰਡਾ ਅਪਣਾਇਆ ਗਿਆ, ਕਿਸਾਨਾਂ ਦੇ ਬੁਲਾਰੇ ‘KisanEktaMorcha’ ਫੇਸਬੁੱਕ ਪੇਜ ਨੂੰ ਬੰਦ ਕਰਵਾਇਆ ਗਿਆ । ਪਰ ਲੋਕ ਕਾਰੋਪਰੇਟ ਘਰਾਣਿਆਂ ਦੀਆਂ ਲੂੰਬੜ ਚਾਲਾਂ ਤੋਂ ਵੀ ਪੂਰੀ ਤਰਾਂ ਸੁਚੇਤ ਹਨ ਅਤੇ ਸਰਕਾਰਾਂ ਦੀਆਂ ਗਿੱਦੜ ਘੁਰਕੀਆਂ ਤੋਂ ਵੀ ਭੈ ਮੰਨਣ ਵਾਲੇ ਨਹੀਂ।
ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
- ਕਾਹਨ ਸਿੰਘ, ਧਨੇਰ, ਬਰਨਾਲਾ, 65
- ਧੰਨਾ ਸਿੰਘ, ਖਿ ਆਲੀ ਚਹਿਲਾ,ਂ 45
- ਜਨਕ ਰਾਜ, ਧਨੌਲਾ, 60
- ਗੱਜਣ ਸਿੰਘ, ਭੰਗੂ ਖਟੜਾ, 55
- ਗੁਰਦੇਵ ਸਿੰਘ, ਅਤਰ ਸਿ ੰਘ ਵਾਲਾ
- ਬਲਜਿ ੰਦਰ ਸਿੰਘ, ਝਮਟ, 32
- ਗੁਰਜੰਟ ਸਿੰਘ, ਬੱਚੋਆਣਾ, 60
- ਗੁਰਬਚਨ ਸਿੰਘ, ਭਿ ੰਡਰ ਖੁਰਦ, 80
- ਲਖਬੀਰ ਸਿੰਘ, ਲੱਲੀਆਣਾ, 57
- ਕਰਨੈਲ ਸਿੰਘ, ਸ਼ੇਰਪੁਰ
- ਗੁਰਮੇਲ ਕੌਰ, ਚੰਦ ਪੱਤੀ, 70
- ਰਜਿ ੰਦਰ ਕੌਰ, ਗੰਗਹੋਰ
- ਅਜੇ ਮੋਰ, ਸੋਨੀਪਤ, 32
- ਸੰਜੇ ਸਿੰਘ, ਸੋਨੀਪਤ
- ਕਿ ਤਾਬ ਸਿੰਘ ਚਾਹਲ, ਉਝਾਣਾ, 60
- ਮੇਵਾ ਸਿੰਘ, ਖੋਟੇ, 48
- ਲਖਵੀਰ ਸਿੰਘ, ਝਾੜੋਂ
- ਭਾਗ ਸਿੰਘ, ਭੱਦੋਵਾਲ, 76
- ਰਾਮ ਮੇਹਰ ਸਿੰਘ, ਚੰਨੋ
- ਮੱਖਣ ਖਾਨ, ਭਿਡੰਰ ਕਲਾ,ਂ 45
- ਗੁਰਮੀਤ ਸਿੰਘ, ਕੁੰਡਾਲਾ, 67
- ਲਾਭ ਸਿੰਘ, ਸਫੇਰਾ, 68
- ਗੁਰਪ੍ਰੀਤ ਸਿੰਘ, ਸਫੇਰਾ, 22
- ਸੁਖਦੇਵ ਸਿੰਘ, ਢੰਡਿ ਆਣਾ
- ਦੀਪ ਸਿੰਘ, ਪੋਪਨਾ
- ਬਾਬਾ ਰਾਮ ਸਿੰਘ, ਕਰਨਾਲ, 65
- ਜਤਿ ੰਦਰ ਸਿੰਘ, ਫੱਤਾ ਮਲੂਕਾ, 25
- ਸੁਰਿ ੰਦਰ ਸਿੰਘ, ਨਵਾਂ ਸ਼ਹਿਰ
- ਕ੍ਰਿਸ਼ ਨ ਲਾਲ ਗੁਪਤਾ, ਸੰਗਰੂਰ
- ਬਲਵੀਰ ਸਿੰਘ, ਅਮ੍ਰਿ ਤਸਰ
- ਜਸਵੀਰ ਸਿੰਘ, ਕਰਨਾਲ, 60
ਇਹ ਸੂਚੀ ਸੰਪੂਰਨ ਨਹੀਂ ਹੈ।

ਮੌਜੂਦਾ ਉਭਾਰ ਅਤੇ ਵੋਟ ਤੰਤਰ
ਨਵਯੁਗ ਗਿੱਲ, ਇਤਿਹਾਸਕਾਰ, ਨਿਊ ਯੌਰਕ
ਮੌਜੂਦਾ ਉਭਾਰ ਸਾਬਤ ਕਰਦਾ ਹੈ ਕਿ ਜਿਵੇਂ ਹਕੂਮਤ ਡੰਡੇ ਦੇ ਜ਼ੋਰ ਨਾਲ ਨਹੀਂ ਕੀਤੀ ਜਾ ਸਕਦੀ ਉਵੇਂ ਹੀ ਸਿਰਫ਼ ਵੋਟਾਂ ਨਾਲ ਵੀ ਨਹੀ ਕੀਤੀ ਜਾ ਸਕਦੀ। ਵੱਖਰੋ ਵੱਖਰੇ ਇਤਿਹਾਸ, ਸੱਭਿਆਚਾਰ, ਰਹਿਣ-ਸਹਿਣ ਅਤੇ ਮਾਲੀ ਹਾਲਤਾਂ ਵਾਲੇ ਲੋਕਾਂ ਦੇ ਭਵਿੱਖ ਨੂੰ ਸਿਰਫ਼ ਇੱਕੋ-ਇੱਕ ਵੋਟਾਂ ਵਾਲੇ ਚੋਣ ਤੰਤਰ ਦੇ ਰੱਸੇ ਨਹੀਂ ਬੰਨਿਆਂ ਜਾ ਸਕਦਾ। ਖਾਸਕਰ ਜਦੋਂ ਲੋਕਤੰਤਰ ਅੰਕ ਗਣਿਤ ਦਾ ਜ਼ਾਲਮਾਨਾ ਨਿਜ਼ਾਮ ਬਣ ਕੇ ਰਹਿ ਗਿਆ ਹੋਵੇ ਤਾਂ ਫ਼ਿਰ ਲੋਕ ਮਜ਼ਬੂਰ ਹੋ ਕੇ ਆਪਣੀ ਗਿਣਤੀ ਦੀ ਤਾਕਤ ਦਾ ਸਿਰਜਣਾਤਮਕ ਪ੍ਰਗਟਾਵਾ ਕਰਦੇ ਹਨ। ਅਸਲ ਵਿੱਚ ਇਹ ਬਹੁਗਿਣਤੀ ਦੇ ਨਸ਼ੇ ਵਿੱਚ ਅੰਨੇ ਹੋਏ ਦੁਨੀਆ ਭਰ ਦੇ ਹੋਰਨਾਂ ਨੇਤਾਵਾਂ ਲਈ ਵੀ ਸਬਕ ਹੈ।
ਅਹਿਮ ਫੈਸਲੇ
- ਸਾਰੇ ਮੋਰਚਿਆਂ ਤੇ 24 ਘੰਟੇ ਦੀ ਲਗਾਤਾਰ ਭੁੱਖ ਹੜਤਾਲ ਦੀ ਸ਼ੁਰੂਆਤ, ਰੋਜ਼ 11-11 ਬੰਦੇ ਬੈਠਣਗੇ ਭੁੱਖ ਹੜਤਾਲ ਤੇ
- 23 ਤਰੀਕ ਨੂੰ ਕਿਸਾਨ ਦਿਵਸ ਦੇ ਰੂਪ ਚ ਮਨਾਇਆ ਜਾਏਗਾ, ਦੇਸ਼ ਵਾਸੀਆਂ ਨੂੰ ਇੱਕ ਟਾਇਮ ਦਾ ਖਾਣਾ ਤਿਆਗ ਕੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦੀ ਅਪੀਲ
- 25,26 ਤੇ 27 ਤਰੀਕ ਨੂੰ ਤਿੰਨ ਦਿਨ ਦੇ ਲਈ ਹਰਿਆਣਾ ਦੇ ਸਾਰੇ ਟੋਲ ਫ੍ਰੀ ਕੀਤੇ ਜਾਣਗੇ
- 26 ਤੇ 27 ਤਰੀਕ ਨੂੰ ਐਨ.ਡੀ.ਏ ਦੇ ਸਹਿਯੋਗੀਆਂ ਦਾ ਘਿਰਾਉ ਕੀਤਾ ਜਾਏਗਾ ਤਾਂ ਕਿ ਉਹ ਸਰਕਾਰ ਤੇ ਕਾਨੂੰਨ ਵਾਪਿਸ ਲੈਣ ਲਈ ਦਬਾਅ ਬਣਾਉਣ
- 27 ਤਰੀਕ ਨੂੰ ਪ੍ਰਧਾਨ ਮੰਤਰੀ ਜਿੰਨਾਂ ਚਿਰ ‘ਮਨ ਕੀ ਬਾਤ’ ਕਰਨਗੇ, ਉਨਾਂ ਚਿਰ ਦੇਸ਼ ਵਾਸੀਆਂ ਨੂੰ ਥਾਲੀਆਂ ਖੜਕਾ ਕੇ ਵਿਰੋਧ ਕਰਨ ਦੀ ਅਪੀਲ
ਕਿਸਾਨੀ ਦਾ ਹੁਨਰ
ਜਤਿੰਦਰ ਮੌਹਰ, ਫ਼ਿਲਮਸਾਜ, ਮੋਹਾਲੀ
ਸਾਡੇ ਪਿੰਡ ਦੀ ਸੱਥ ਵਿੱਚ ਚਾਰ ਚੋਬਰਾਂ ਵਿੱਚ ਗਰਮਾ-ਗਰਮੀ ਹੋ ਗਈ। ਚਾਰਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਚੋਬਰ ਨੇ ਰੱਬ ਦੇ ‘ਖ਼ਿਲਾਫ਼’ ਕੁਝ ਬੋਲ ਦਿੱਤਾ। ਦੋ ਨੂੰ ਚੰਗਾ ਨਹੀਂ ਲੱਗਿਆ। ਸ਼ਾਇਦ ਉਹਨਾਂ ਦੀ ਖੁੰਦਕ ਕਿਸੇ ਹੋਰ ਗੱਲ ਉੱਤੇ ਹੋਵੇ। ਚੌਥਾ ਚੋਬਰ ਨਿਰਪੱਖ ਰਿਹਾ।
ਹਲਕੀ ਬਹਿਸ ਪਿੱਛੋਂ ਛੋਟੀ ਉਮਰ ਵਾਲਾ ਛੋਹਰ ਸੱਥ ਵਿੱਚੋਂ ਚਲਿਆ ਗਿਆ। ਏਨ੍ਹੇ ਨੂੰ ਗੁੱਸਾ ਹੋਣ ਵਾਲੇ ਦੋਵਾਂ ਮੁੰਡਿਆਂ ਵਿੱਚੋਂ ਇੱਕ ਦਾ ਚਾਚਾ ਸੱਥ ਵਿੱਚ ਆ ਖੜਿਆ। ਚਾਚਾ ਦੋ ਵੇਲੇ ਗੁਰਦੁਆਰੇ ਜਾਣ ਵਾਲਾ ਅੰਮ੍ਰਿਤਧਾਰੀ ਸਿੰਘ ਸੀ। ਭਤੀਜੇ ਨੇ ਚਾਚੇ ਕੋਲ ਗੁੱਸਾ ਕੱਢਿਆ ਅਤੇ ਰੱਬ ਦੇ ‘ਖ਼ਿਲਾਫ਼’ ਬੋਲਣ ਵਾਲੇ ਛੋਹਰ ਦੀ ਸ਼ਿਕਾਇਤ ਲਾਈ। ਚਾਚੇ ਨੇ ਸਪੱਸ਼ਟ ਸ਼ਬਦਾਂ ਵਿੱਚ ਫ਼ੈਸਲਾ ਸੁਣਾ ਦਿੱਤਾ, “ਉਹ ਤੂੰ ਛੱਡ ਬੀ ਰੱਬ ਨੂੰ ਮੰਨਦਾ ਜਾਂ ਨਹੀਂ ਮੰਨਦਾ …ਐਂ ਦੱਸ ਇਹਦੇ ਤੋਂ ਸੋਹਣੇ ਓੜ੍ਹੇ (ਸਿਆੜ) ਕੌਣ ਕੱਢ ਸਕਦੈ ਤੇ ਇਹਦੇ ਤੋਂ ਵੱਡਾ ਕਾਮਾ ਕੌਣ ਐਂ ਪਿੰਡ ‘ਚ?”
ਉਸ ਦਿਨ ਤੋਂ ਬਾਅਦ ਤਿੰਨੇ ਚੋਬਰਾਂ ਵਿੱਚ ਸਭ ਤੋਂ ਸਿੱਧੇ ਅਤੇ ਸੋਹਣੇ ਸਿਆੜ ਕੱਢਣ ਦਾ ਮੁਕਾਬਲਾ ਸ਼ੁਰੂ ਹੋ ਗਿਆ।
ਮੇਰਾ ਪਿਉ ਵਾਂਢੇ ਜਾਂਦਾ ਬੱਸ ਦੀ ਟਾਕੀ ਵਿੱਚੋਂ ਕਿਸੇ ਪਿੰਡ ਦੇ ਖੇਤ ਦੇਖ ਕੇ ਕਹਿ ਦਿੰਦਾ ਸੀ, “ਕਾਹਦਾ ਪਿੰਡ ਐ …ਸਿਆੜ ਤਾਂ ਸਿੱਧੇ ਨੀ ਕੱਢਣੇ ਆਉਂਦੇ …ਟੇਢੀਆਂ ਵੱਟਾਂ ਪਾਈਆਂ ਹੋਈਆਂ ਨੇ।”
ਸਾਡੇ ਪਿੰਡਾਂ ਆਲੇ ਚੋਬਰਾਂ ਦਾ ਹੁਨਰ ਅਤੇ ਚਾਅ ਕਾਨੂੰਨ ਦਾ ਬੇਰਹਿਮ ਕਾਗਜ਼ੀ-ਟੁਕੜਾ ਕਦੇ ਨਹੀਂ ਸਮਝ ਸਕਦਾ। ਉਹ ਹੁਨਰ ਜੋ ਸਦੀਆਂ ਦੀ ਮਨੁੱਖੀ ਕਿਰਤ ਨੇ ਨਿਖਾਰਿਆ ਹੈ। ਸ਼ਾਇਦ ਕਿਸੇ ਸੁਭਾਗੀ ਘੜੀ ਸਾਡੇ ਪਿੰਡ ਆਲੇ ਛੋਟੀ ਉਮਰ ਦੇ ਛੋਹਰ ਦੇ ਮਨ ਵਿੱਚ ਆਇਆ ਹੋਵੇ, “ਮੈਂ ਤਾਂ ਰੱਬ ਦੀ ਪ੍ਰਵਾਹ ਨੀ ਕਰਦਾ …ਸਰਕਾਰ ਤਾਂ ਸਾਲੀ ਚੀਜ਼ ਕੀ ਐ!”
ਵਾਟਾਂ ਦੀਆਂ ਸੂਲਾਂ
ਸਵਰਾਜਬੀਰ

ਪੁਰਾਣੇ ਇਤਿਹਾਸ ਦੇ ਨਾਲ-ਨਾਲ ਪੰਜਾਬੀਆਂ ਦੇ ਪੈਰਾਂ ਵਿਚ ਪਿਛਲੀ ਸਦੀ ਵਿਚ ਕੀਤੇ ਸਫ਼ਰਾਂ ਦੀਆਂ ਵਾਟਾਂ ਦੀਆਂ ਸੂਲਾਂ ਚੁਭੀਆਂ ਹੋਈਆਂ ਹਨ; ‘ਪਗੜੀ ਸੰਭਾਲ ਜੱਟਾ’ ਲਹਿਰ ਦੇ ਆਗੂ ਅਜੀਤ ਸਿੰਘ (ਭਗਤ ਸਿੰਘ ਦਾ ਚਾਚਾ) ਦੀ ਸਹੇੜੀ ਜਲਾਵਤਨੀ ਦੀਆਂ ਸੂਲਾਂ, ਕਰਤਾਰ ਸਿੰਘ ਸਰਾਭਾ, ਹਰਨਾਮ ਚੰਦ (ਨ੍ਹਾਮਾ ਫਾਂਸੀਵਾਲਾ), ਰਹਿਮਤ ਅਲੀ ਅਤੇ ਹੋਰ ਗ਼ਦਰੀਆਂ ਦੇ ਫਾਂਸੀ ਚੜ੍ਹਨ ਤੇ ਕਾਲਾ ਪਾਣੀ ਦੀਆਂ ਸਜ਼ਾਵਾਂ ਕੱਟਦੇ ਗ਼ਦਰੀਆਂ ਤੇ ਹੋਰ ਦੇਸ਼-ਭਗਤਾਂ ਨੂੰ ਦਿੱਤੇ ਗਏ ਤਸੀਹਿਆਂ ਦੀਆਂ ਸੂਲਾਂ, ਜੱਲ੍ਹਿਆਂਵਾਲੇ ਬਾਗ਼ ’ਚ ਚਲਦੀਆਂ ਗੋਲੀਆਂ, ਡਿੱਗਦੀਆਂ ਲਾਸ਼ਾਂ ਅਤੇ ਤੜਫਦੇ ਹੋਏ ਜਿਸਮਾਂ ’ਤੇ ਲੱਗੇ ਜ਼ਖ਼ਮਾਂ ਦੀਆਂ ਸੂਲਾਂ, ਅਕਾਲੀ ਮੋਰਚਿਆਂ ਵਿਚ ਬੀਟੀ ਤੇ ਉਹਦੇ ਵਰਗੇ ਹੋਰ ਜ਼ਾਲਮਾਂ ਦੀਆਂ ਡਾਂਗਾਂ ਨਾਲ ਜ਼ਖ਼ਮੀ ਹੋਏ ਸੂਰਮਿਆਂ ਦੀ ਤੜਫ਼ ਦੀਆਂ ਸੂਲਾਂ, ਫਾਂਸੀ ’ਤੇ ਝੂਲਦੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ, ਊਧਮ ਸਿੰਘ ਅਤੇ ਹੋਰ ਸੂਰਮਿਆਂ ਦੀਆਂ ਯਾਦਾਂ ਦੀਆਂ ਸੂਲਾਂ, 1947 ਦੀ ਵੰਡ ਦੇ ਫੱਟਾਂ ਦੀਆਂ ਸੂਲਾਂ, 1970ਵਿਆਂ ਦੇ ਜੁਝਾਰੂ ਵਿਦਰੋਹ ਦੇ ਵੀਰਾਂ ਦੀਆਂ ਜ਼ਿੰਦਗੀਆਂ ਦੇ ਰੁਲਣ ਦੀਆਂ ਸੂਲਾਂ, 1980ਵਿਆਂ ਦੇ ਸੰਤਾਪ ਅਤੇ 1984 ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਹੋਏ ਕਤਲੇਆਮ ਦੇ ਨਾ ਭੁੱਲਣ ਵਾਲੇ ਦੁੱਖਾਂ ਦੀਆਂ ਸੂਲਾਂ, ਨਸ਼ਿਆਂ ਵਿਚ ਡੁਬੋਏ ਗਏ ਪੰਜਾਬ ਦੇ ਨੌਜਵਾਨਾਂ ਦੇ ਮਾਪਿਆਂ ਦੀਆਂ ਆਹਾਂ ਦੀਆਂ ਸੂਲਾਂ, ਖ਼ੁਦਕੁਸ਼ੀ ਕਰ ਗਏ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਦੇ ਦਰਦ ਦੀਆਂ ਸੂਲਾਂ। ਪੰਜਾਬੀਆਂ ਦੇ ਪੱਛੇ ਹੋਏ ਸਰੀਰ ਮੰਗ ਕਰਦੇ ਹਨ ਕਿ ਕਿਸਾਨ ਆਗੂ ਆਪਣੀ ਸਾਂਝ ਕਾਇਮ ਰੱਖਣ, ਆਪਸ ਵਿਚ ਕੋਈ ਬੇਇਤਫ਼ਾਕੀ ਨਾ ਆਉਣ ਦੇਣ ਜਿਵੇਂ ਕਿਰਤੀ ਕਵੀ ਸ਼ਮਸਦੀਨ ‘ਸ਼ਮਸ’ ਨੇ ਸਾਨੂੰ ਤਾੜਨਾ ਕੀਤੀ ਸੀ, ‘‘ਸਾਨੂੰ ਪੁੱਟ ਦਿੱਤਾ ਬੇਇਤਫਾਕੀਆਂ ਨੇ/ਤਦੇ ਹੋ ਰਹੇ ਹਾਂ ਪਸ਼ੇਮਾਨ ਯਾਰੋ।’’
ਕੁਲਵੀਰ ਕੌਰ ਕਿਸਾਨ ਮੋਰਚੇ ਤੇ ਕਿਉਂ ਨਾਂ ਪਹੁੰਚ ਸਕੀ
ਸੰਗੀਤ ਤੂਰ
ਕੁਲਵੀਰ ਕੌਰ ਨੇ ਸਮਾਜਸ਼ਾਸ਼ਤਰ ਵਿਚ ਐਮ ਏ ਕੀਤੀ ਹੋਈ ਸੀ। ਭੂਰੀ ਸ਼ਾਲ ਸਿਰ ਤੇ ਵਲੇਟੀ ਉਹ ਘਰਾਂਚੋ ਪਿੰਡ ਅੰਦਰ ਬਣੇ ਡੇਰੇ ਦੇ ਵਿਹੜੇ ਵਿਚ ਬੈਠੀ ਮੈਨੂੰ ਆਪਣੇ ਦਿਲ ਦੀਆਂ ਗੱਲਾਂ ਦੱਸ ਰਹੀ ਸੀ। 23 ਵਰ੍ਹਿਆਂ ਦੀ ਇਸ ਕੁੜੀ ਦੀਆਂ ਅੱਖਾਂ ‘ਚ ਦੇਖ ਸਕਣਾ ਮੇਰੇ ਲਈ ਮੁਸ਼ਕਿਲ ਸੀ। ਉਹ ਬੀ ਐਡ ਕਰਨਾ ਚਾਹੁੰਦੀ ਸੀ, ਪਰ ਰਿਸਜਰਵਡ ਕੈਟੇਗਰੀ ਵਿਚ ਫੀਸਾਂ ਦੇ ਵਾਧੇ ਕਰਕੇ ਉਹ ਅੱਗੇ ਨਹੀਂ ਪੜ੍ਹ ਸਕਦੀ ਸੀ। ਡਿਸਟੈਂਸ ਐਜੂਕੇਸ਼ਨ ਨਾਲ ਐਮ ਏ ਕਰਕੇ ਉਹ ਆਪਣੀ ਮਾਂ ਨਾਲ ਗਰਮੀਆਂ ਚ ਝੋਨਾ ਲਵਾਉਣ ਜਾਂਦੀ ਰਹੀ। 25 ਨਵੰਬਰ ਨੂੰ ਹੋਈ ਮੁਲਾਕਾਤ ਚ ਉਹਨੇ ਦੱਸਿਆ ਕਿ ਹੁਣ ਉਹ ਬਸ ਦਿਹਾੜੀ ਕਰਦੀ ਸੀ। “ਧਰਨਿਆਂ ਤੇ ਜਾਂਦੇ ਹੋ ਤੁਸੀਂ?” ਮੈਂ ਪੁੱਛਿਆ। “ ਦਲਿਤ ਹੋਣ ਕਰਕੇ ਅਸੀਂ ਉਹ ਸਿਆਸੀ ਪੁਰਜੇ ਹਾਂ ਜੋ ਆਪਣੀਆਂ ਮਨਮਰਜ਼ੀਆਂ ਨਹੀਂ ਕਰ ਸਕਦੇ। ਜੇ ਮੈਂ ਧਰਨੇ ਤੇ ਗਈ ਤਾਂ ਕੱਲ ਨੂੰ ਮੇਰੀਆਂ ਗੱਲਾਂ ਬਣਨਗੀਆਂ”, ਉਹਨੇ ਕਿਹਾ। ਉਹਦੀ ਮਾਂ ਨੇ ਦੱਸਿਆ ਕਿ ਉਹ ਆਪਣੀਆਂ ਕੁੜੀਆਂ ਨੂੰ ਬਹੁਤ ਸੋਚ ਸਮਝ ਕੇ ਬਾਹਰ ਕੱਢਦੀਆਂ ਨੇ। “ਵਿਆਹ ਕਰਨੇ ਔਖੇ ਹੋ ਜਾਂਦੇ ਨੇ। ” ਉਹਨੇ ਕਿਹਾ।
ਕੁਲਵੀਰ ਦੱਸਦੀ ਹੈ ਕਿ ਉਹ ਧਰਨਿਆਂ ਤੇ ਜਾਣਾ ਚਾਹੁੰਦੀ ਹੈ। ਪਰ ਉਹਨੇ ਆਪਣੀ ਮਾਂ ਤੇ ਹੋਰ ਔਰਤਾਂ ਨੂੰ ਜ਼ਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਚ ਸ਼ਾਮਿਲ ਹੁੰਦਿਆਂ ਤੇ ਥਾਣੇ ਜਾਂਦਿਆਂ ਦੇਖਿਆ ਹੈ। ਉਹਨੇ ਉਹਨਾਂ ਦੇ ਮੂੰਹੋ ਨਾ ਸੁਣਨਯੋਗ ਗੱਲਾਂ ਦਾ ਬਿਆਨ ਸੁਣਿਆ ਹੈ। “ ਸਾਡੇ ਕੋਲ ਦੋ ਹੀ ਚੀਜਾਂ ਨੇ – ਅਧਾਰ ਕਾਰਡ ਤੇ ਆਹ ਸਰੀਰ, ਜੀਹਦੇ ਤੇ ਸਾਡਾ ਪੂਰਾ ਅਧਿਕਾਰ ਨਹੀਂ ਹੈ।” ਕੁਲਵੀਰ ਦੀ ਦਾਦੀ ਕਹਿੰਦੀ ਹੈ। ਇਤਿਹਾਸ ‘ਚ ਨਾਂ ਦਰਜ ਕਰਾਉਣਾ, ਇਕ ਇਤਿਹਾਸਿਕ ਘੋਲ ਚ ਸ਼ਮੂਲੀਅਤ ਕਰਨਾ ਤੇ ਫਿਰ ਵੀ ਜਿੰਦਗੀ ਦੀ ਵਗਦੀ ਚਾਲ ‘ਚ ਮੁੜ ਪੈਣਾ ਸਾਡੀਆਂ ਬਹੁਤ ਸਾਰੀਆਂ ਭੈਣਾਂ ਦੇ ਹਿੱਸੇ ‘ਚ ਨਹੀਂ ਹੈ। ਉਹਨਾਂ ਦਾ ਦਿਲ ਕਰਨਾ ਹੀ ਸ਼ਮੂਲੀਅਤ ਹੈ।
ਟਿਕਰੀ ਦੀ ਰਸੋਈ ‘ਚੋਂ…
ਨਵਕਿਰਨ ਨੱਤ, ਟਿਕਰੀ ਮੋਰਚਾ
“ਭੈਣੇ ਜਦੋਂ ਮੈਂ ਆਇਆ ਸੀ ਮੋਰਚੇ ‘ਤੇ ਤਾਂ ਮੈਨੂੰ ਆਟਾ ਵੀ ਨੀ ਸੀ ਗੁੰਨਣਾ ਆਉਂਦਾ। ਹੁਣ ਦੇਖੋ ਰੋਟੀਆਂ ਕਿਵੇਂ ਫੁੱਲਦੀਆਂ ਨੇ…” ਮੈਨੂੰ ਗਰਮ ਗਰਮ ਰੋਟੀ ਫੜੋਂਦਿਆਂ ਉਸ 23-24 ਸਾਲ ਦੇ ਨੌਜਵਾਨ ਨੇ ਕਿਹਾ। “… ਬਸ ਅਜੇ ਗੋਲ ਨੀ ਬਣਨ ਲੱਗੀਆਂ।”
“ਪਰ ਬਾਈ ਆਹ ਮੋਦੀ ਕਦੋਂ ਮੰਨੂ?” ਕੋਲ ਹੀ ਬੈਠ ਕੇ ਪੇੜੇ ਕਰਦੇ ਇੱਕ ਹੋਰ ਮੁੰਡੇ ਨੇ ਪੁੱਛਿਆ।
ਤਵੇ ਤੋਂ ਰੋਟੀ ਚੁੱਕ, ਘੀ ਲਾਉਂਦੇ ਉਸ 45 ਕੁ ਸਾਲ ਦੇ ਬਾਈ ਨੇ ਅੱਗੋਂ ਫੱਟ ਦੇਣੇ ਆਖਿਆ, “ਜਿੱਦਣ ਇਹਦੀਆਂ ਰੋਟੀਆਂ ਗੋਲ ਬਣਨ ਲੱਗ ਗਈਆਂ।” ਤੇ ਇਹ ਸੁਣ ਸਾਰੇ ਹੱਸਣ ਲੱਗੇ।
“ਆਹੋ, ਬਾਈ ਦੀ ਗੱਲ ਜਵਾਂ ਸਹੀ ਐ!” ਮੈਂ ਬਾਈ ਦੀ ਕਹੀ ‘ਚ ਆਪਣੀ ਹਾਂ ਮਿਲਾਈ।
ਅੱਗੋਂ ਬਾਈ ਕਹਿੰਦਾ, “ਰਾਜੇ, ਪਹਿਲੋਂ ਰਾਤ ਬਰਾਤੇ ਘਰ ਜਾਈਦਾ ਤੇ ਘਰ ਦੀ ਨੂੰ ਸੁੱਤੀ ਪਈ ਨੂੰ ਠਾ ਕੇ ਕਹੀਦਾ ਸੀ ਬੀ ਪੰਜ ਜਣਿਆਂ ਦੀ ਰੋਟੀ ਲਾਹ ਦੇ। ਓਦੋਂ ਲਗਦਾ ਹੁੰਦਾ ਕਿ ਕਿੱਡੀ ਕੁ ਖਾਸ ਗੱਲ ਐ। ਪਰ ਹੁਣ ਪਤਾ ਲਗਦਾ ਕਿ ਪੰਜ ਜਣਿਆਂ ਦੀ ਰੋਟੀ ਲਾਉਣੀ ਕੀ ਹੁੰਦੀ ਐ।”
ਐਨੇ ਨੂੰ ਮੇਰੀ ਥਾਲੀ ਚ ਸਬਜ਼ੀ ਮੁੱਕ ਗਈ ਅਤੇ ਇੱਕ 60-65 ਸਾਲਾਂ ਦੇ ਬਾਬਾ ਜੀ ਨੇ ਆ ਕੇ ਮੇਰੀ ਥਾਲੀ ਚ ਸਬਜ਼ੀ ਪਰੋਸ ਦਿੱਤੀ।
ਤੇ ਕੋਲ ਬੈਠੇ ਦਿੱਲੀਓਂ ਆਏ ਮੇਰੇ ਇੱਕ ਦੋਸਤ ਨੇ ਬਾਈ ਨੂੰ ਪੁੱਛਿਆ, “ਆਪਕੀ ਫੋਟੋ ਖੀਚ ਲੂੰ?”
ਬਾਈ ਥੋੜਾ ਸੰਗ ਕੇ ਕਹਿੰਦਾ, “ਖੀਚ ਤਾਂ ਲੈ ਪਰ ਫੇਸਬੁੱਕ ਤੇ ਨਾ ਪਾਈਂ। ਜੇ ਥੋਡੀ ਭਾਬੀ ਨੇ ਦੇਖ ਲਈ ਤਾਂ ਪਿੰਡ ਮੁੜ ਕੇ ਮੇਰੇ ਲਈ ਔਖਾ ਹੋਜੂ।”
ਫੇਰ ਹਾਸਾ ਪੈ ਗਿਆ। ਅਤੇ ਇੰਜ ਹੀ ਛੋਟੀਆਂ ਛੋਟੀਆਂ ਗੱਲਾਂ ਤੇ ਢਹਾਕੇ ਮਾਰਦਿਆਂ ਓਹਨਾਂ 20-25 ਬੰਦਿਆਂ ਦੀਆਂ ਰੋਟੀਆਂ ਲਾਹ ਲਈਆਂ।
ਜਦੋਂ ਮੈਂ ਰੋਟੀ ਖਾ ਕੇ ਉੱਠੀ ਤਾਂ ਬਾਬਾ ਜੀ ਕੋਲ ਆਕੇ ਕਹਿੰਦੇ, “ਆ ਗਈ ਥੋਡੇ ਲਈ ਤਾਂ ਕ੍ਰਾਂਤੀ?”
“ਜੀ ਮਤਲਬ” ਮੈਂ ਸਵਾਲੀਆ ਨਜ਼ਰਾਂ ਨਾਲ ਓਹਨਾਂ ਵੱਲ ਵੇਖਿਆ।
“ਆਹੋ ਭਾਈ, ਅੱਗੇ ਕੁੜੀਆਂ-ਜਨਾਨੀਆਂ ਬੰਦਿਆ ਨੂੰ ਰੋਟੀ ਖਵਾਓਂਦੀਆਂ ਹੁੰਦੀਆਂ ਸੀ। ਆ ਦੇਖ ਲੋ ਅੱਜ ਉਲਟਾ ਅਸੀਂ ਖਵਾ ਰਹੇ ਆਂ। ਥੋਡੀ ਤਾਂ ਫੇਰ ਕ੍ਰਾਂਤੀ ਹੋ ਈ ਗਈ।”
ਮੈਂ ਬਿਨਾ ਕੁਝ ਬੋਲੇ ‘56 ਇੰਚ’ ਜਿੰਨੀ ਮੁਸਕਾਨ ਸੁੱਟ, ਬਾਬਾ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਆਪਣੀ ਟਰਾਲੀ ਵੱਲ ਚੱਲ ਪਈ।
ਪੰਜਾਬ ਵਿਚ ਅਦਾਨੀ
ਅਮਨਪ੍ਰੀਤ ਸਿੰਘ ਗਿੱਲ
ਅਦਾਨੀ ਸਮੂਹ ਨੇ ਇਸ਼ਤਿਹਾਰਾਂ ਰਾਹੀਂ ਦੱਸਿਆ ਕਿ ਇਸਦੀ ਪੰਜਾਬ ਦੀ ਖੇਤੀ ਤੇ ਜ਼ਮੀਨ ਵਿੱਚ ਕੋਈ ਦਿਲਚਸਪੀ ਨਹੀਂ ਤੇ ਪਰ ਸਚਾਈ ਇਹ ਹੈ ਕਿ ਅਦਾਨੀ ਸਮੂਹ ਦੀ ਖੇਤੀ ਵਿਚ ਖੂਬ ਦਿਲਚਸਪੀ ਹੈ, ਪਰ ਪੰਜਾਬ ਵਿਚ ਇਸ ਸਮੂਹ ਨੇ ਹਾਲੇ ਖੇਤੀ ਵਿਚ ਪੈਰ ਨਹੀਂ ਰੱਖਿਆ।
ਅਦਾਨੀ ਸਮੂਹ ਦਾ ਪੰਜਾਬ ਵਿਚ ਦਾਖ਼ਲਾ 2005 ਈ: ਵਿੱਚ ਮੋਗਾ ਵਿਖੇ ਬਣਾਏ 2 ਲੱਖ ਟਨ ਸਮਰੱਥ ਦੇ ਸਾਈਲੋ ਗੁਦਾਮਾਂ ਨਾਲ਼ ਹੋਇਆ । ਇਨ੍ਹਾਂ ਵਿਚ ਭੰਡਾਰ ਕੀਤੇ ਅਨਾਜ ਦਾ ਅਦਾਨੀ ਸਮੂਹ ਐਫ ਸੀ ਆਈ ਤੋਂ ਕਿਰਾਇਆ ਵਸੂਲ ਕਰਦਾ ਹੈ। ਇਹ ਵੱਡੀ ਗਿਣਤੀ ਵਿਚ ਅਨਾਜ ਵਪਾਰੀਆਂ, ਆੜ੍ਹਤੀਆਂ ਅਤੇ ਪੱਲੇਦਾਰਾਂ ਦੇ ਰੋਜ਼ਗਾਰ ਉੱਪਰ ਸੱਟ ਮਾਰਦਾ ਹੈ। ਕਿਸਾਨ ਦੀ ਟਰਾਲੀ ਵਿਚੋਂ ਦਾਣੇ ਨਿਕਲਣ ਤੋਂ ਲੈ ਕੇ ਬੰਗਲੌਰ ਤੇ ਚੈਨਈ ਦੇ ਫੀਲਡ ਡੀਪੋਆਂ ਤੱਕ ਪਹੁੰਚਣ ਦੌਰਾਨ ਕਿਸੇ ਵੀ ਮਜ਼ਦੂਰ ਦਾ ਹੱਥ ਨਹੀਂ ਲੱਗਦਾ। ਇਹੀ ਕਾਰਨ ਹੈ ਕਿ ਲਾਕ ਡਾਊਨ ਦੌਰਾਨ ਬਿਨ੍ਹਾਂ ਮਜ਼ਦੂਰਾਂ ਦੀ ਮਦਦ ਦੇ, 30000 ਟਨ ਅਨਾਜ ਮੋਗਾ ਤੇ ਕੈਥਲ ਦੇ ਬੇਸ ਡੀਪੂਆਂ ਤੋਂ ਆਪਣੀਆਂ ਟਰੇਨਾਂ ਰਾਹੀਂ ਅਦਾਨੀ ਦੁਆਰਾ ਦੇਸ਼ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਇਆ ਗਿਆ। 2016 ਵਿਚ ਐਫ. ਸੀ. ਆਈ. ਨੇ ਕੋਟਕਪੂਰਾ ਵਿਚ 25000 ਟਨ ਅਨਾਜ ਭੰਡਾਰ ਸਮਰੱਥਾ ਵਾਲਾ ਸਾਈਲੋ ਨਿਰਮਾਣ ਕਰਨ ਲਈ ਅਦਾਨੀ ਨਾਲ ਸਮਝੌਤਾ ਕੀਤਾ ਜਿਸ ਦੀ ਲਾਗਤ 35 ਕਰੋੜ ਸੀ।
ਅਨਾਜ ਭੰਡਾਰਨ ਤੋਂ ਬਾਅਦ ਅਦਾਨੀ ਸਮੂਹ ਨੇ ਲੁਧਿਆਣਾ ਜ਼ਿਲ੍ਹੇ ਵਿਚ ਕੰਟੇਨਰ ਸੰਭਾਲ ਕਾਰਜਾਂ ਨੂੰ ਲੈ ਕੇ ਕਾਫ਼ੀ ਦਿਲਚਸਪੀ ਦਿਖਾਈ ਹੈ। 2019 ਵਿਚ ਅਦਾਨੀ ਸਮੂਹ ਨੇ ਸਾਹਨੇਵਾਲ ਨੇੜੇ ਕਨੇਚ ਪਿੰਡ ਵਿਚ ਇਕ ਕੰਟੇਨਰ ਡੀਪੂ ਨੂੰ ਖ਼ਰੀਦ ਕੇ ਇਸਦਾ ਨਾਮ ਅਦਾਨੀ ਲੌਜਿਸਟਿਕਸ ਸਰਵਿਸਜ਼ ਨਾਲ ਜੋੜ ਦਿੱਤਾ। 25 ਜੂਨ 2020 ਨੂੰ ਅਦਾਨੀ ਨੇ ਇਸ ਡੀਪੋ ਨੂੰ ਬੰਦ ਕਰ ਦਿੱਤਾ ਤੇ ਆਪਣੇ ਗਾਹਕਾਂ ਨੂੰ ਕਿਲ੍ਹਾ ਰਾਏਪੁਰ ਵਿਚ ਸਥਿਤ ਆਪਣੇ ਮਲਟੀ ਮਾਡਲ ਲੌਜਿਸਟਿਕਸ ਪਾਰਕ ਤੋਂ ਕੰਮ ਕਰਨ ਲਈ ਆਖਿਆ। ਇਹ ਪਾਰਕ 2017 ਵਿਚ ਬਣਾਇਆ ਗਿਆ ਸੀ। ਇਸ ਨਾਲ ਲੁਧਿਆਣਾ ਜ਼ਿਲ੍ਹਾ ਦਾ ਗੁਜਰਾਤ ਵਿਚ ਅਦਾਨੀ ਦੀ ਹੀ ਨਿੱਜੀ ਮੁੰਦਰਾ ਬੰਦਰਗਾਹ ਨਾਲ ਸਿੱਧਾ ਸੰਪਰਕ ਜੁੜਨਾ ਸੀ।
ਅਦਾਨੀ ਸਮੂਹ ਦੀ ਪੰਜਾਬ ਵਿਚ ਬਿਜਲੀ ਉਤਪਾਦਨ ਅਤੇ ਟਰਾਂਸਮਿਸ਼ਨ ਵਿਚ ਕਾਫੀ ਦਿਲਚਸਪੀ ਰਹਿੰਦੀ ਹੈ। ਇਹ ਸਮੂਹ ਹਾਲੇ ਤਕ ਪੰਜਾਬ ਦੇ ਥਰਮਲ ਬਿਜਲੀ ਘਰਾਂ ਨੂੰ ਲਗਪਗ ਪੰਜ ਲੱਖ ਟਨ ਕੋਲਾ ਸਪਲਾਈ ਕਰ ਚੁੱਕਾ ਹੈ। ਜਿਸ ਤਰੀਕੇ ਨਾਲ ਅਦਾਨੀ ਸਮੂਹ ਦੀ ਥਰਮਲ ਕੋਲੇ ਦੇ ਵਿਸ਼ਵ ਬਾਜ਼ਾਰ ਵਿਚ ਸਰਦਾਰੀ ਵਧੀ ਹੈ, ਪੰਜਾਬ ਦੇ ਥਰਮਲ ਬਿਜਲੀ ਘਰਾਂ ਦੀ ਇਸ ਸਮੂਹ ਉਪਰ ਨਿਰਭਰਤਾ ਨਿਸ਼ਚੇ ਹੀ ਵਧੇਗੀ। ਇਸੇ ਸਾਲ 24 ਨਵੰਬਰ ਨੂੰ ਅਦਾਨੀ ਪਾਵਰ ਨੇ ਪੰਜਾਬ ਨੂੰ 3 ਰੁਪੲੈ 59 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ 15 ਜੂਨ 2021 ਤੋਂ 30 ਅਗਸਤ 2021 ਤੱਕ ਝੋਨੇ ਦੀ ਸਿੰਚਾਈ ਲਈ 6100 ਮੈਗਾਵਾਟ ਬਿਜਲੀ ਸਪਲਾਈ ਕਰਨ ਦਾ ਕੰਟਰੈਕਟ ਕੀਤਾ ਹੈ।
ਸੋਲਰ ਪਾਵਰ ਵਿਚ ਵੀ ਪੰਜਾਬ ਅਦਾਨੀ ਸਮੂਹ ਉੱਪਰ ਨਿਰਭਰ ਹੈ। ਬਠਿੰਡਾ ਵਿਖੇ ਅਡਾਨੀ ਗਰੀਨ ਨੇ ਭਾਰਤ ਦਾ ਸਭ ਤੋਂ ਵੱਡਾ ਪਲਾਂਟ ਲਾਇਆ ਜਿਸ ਦੀ 100 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਹੈ। ਸਮਝ ਨਹੀਂ ਆਉਂਦੀ ਕਿ ਮਾਲਵੇ ਦੀ ਉਪਜਾਊ ਖੇਤੀ ਯੋਗ ਜ਼ਮੀਨ ਨੂੰ ਇਸ ਲਈ ਕਿਉਂ ਚੁਣਿਆ ਗਿਆ ਜਦਕਿ ਅਜਿਹਾ ਤਜ਼ਰਬਾ ਬੰਜਰ ਜਾਂ ਗ਼ੈਰ-ਵਾਹੀ ਯੋਗ ਜ਼ਮੀਨ ਉੱਪਰ ਕਰਨਾ ਚਾਹੀਦਾ ਹੈ। ਇਸ ਪਲਾਂਟ ਲਈ ਬਠਿੰਡਾ ਦੇ ਸਰਦਾਰਗੜ੍ਹ, ਚੁੱਘੇ, ਕਰਮਗੜ੍ਹ ਤੇ ਬੱਲੂਆਣਾ ਦੀ 641 ਏਕੜ ਖੇਤੀ ਯੋਗ ਜ਼ਮੀਨ 270 ਕਿਸਾਨਾਂ ਪਾਸੋਂ 30 ਸਾਲ ਲਈ ਠੇਕੇ ’ਤੇ ਲਈ ਗਈ। ਸਪੱਸ਼ਟ ਹੈ ਕਿ ਜਿਉਂ-ਜਿਉਂ ਪੰਜਾਬ ਵਿਚ ਆਦਾਨੀ ਸਮੂਹ ਆਪਣੇ ਕਾਰੋਬਾਰ ਦਾ ਪਸਾਰ ਕਰੇਗਾ, ਇਸਨੂੰ ਆਪਣੇ ਪੈਰ ਟਿਕਾਉਣ ਲਈ ਜ਼ਮੀਨਾਂ ਤਾਂ ਲੀਜ਼ ਉੱਪਰ ਲੈਣੀਆਂ ਹੀ ਪੈਣਗੀਆਂ।
ਜਿੰਨੀ ਚਿਰ ਪੰਜਾਬੀਆਂ ਨੂੰ ਆਪਣੀ ਲੋਕ ਵਿਰਾਸਤ ਯਾਦ ਹੈ, ਉਨੀ ਦੇਰ ਉਹ ਆਪਣੀਆਂ ਜ਼ਮੀਨਾਂ ਤੇ ਆਪਣੀ ਮਾਤ ਭੂਮੀ ਤੋਂ ਅਲੱਗ ਹੋਣ ਲਈ ਕਿਸੇ ਝਾਂਸੇ ਵਿਚ ਨਹੀਂ ਆਉਣਗੇ। ਹਿੰਦੁਸਤਾਨ ਦੇ ਲੋਕਾਂ ਨੇ ਇਤਿਹਾਸ ਵਿੱਚ ਤੱਕਿਆ ਹੈ ਕਿ ਕੰਪਨੀ ਕਿਵੇਂ ‘ਕੰਪਨੀ ਬਹਾਦਰੁ’ ਵਿਚ ਤਬਦੀਲ ਹੋ ਜਾਂਦੀ ਹੈ। ਵਰਤਮਾਨ ਕਿਸਾਨ ਅੰਦੋਲਨ ਇਸੇ ਖਤਰੇ ਵਿਰੁੱਧ ਸੰਘਰਸ਼ ਦੀ ਗਵਾਹੀ ਹੈ।