Trolley Times Punjabi Newspaper

Trolley Times Punjabi Newspaper 1st Edition

  • by

Trolley Times Punjabi Newspaper 18-12-2020

punjabihindiedition1-1

ਇੱਕੋ ਨਾਹਰਾ – ਲੜਾਂਗੇ, ਜਿੱਤਾਂਗੇ!

Trolley Times Punjabi Newspaper
Trolley Times Punjabi Newspaper

ਸੁਖਦਰਸ਼ਨ ਨੱਤ

ਅਸੀਂ ਪੰਜਾਬ ’ਚ ਲੰਬੀ ਲੜਾਈ ਲੜਨ ਤੋਂ ਬਾਅਦ ਅੜੀਅਲ ਮੋਦੀ ਸਰਕਾਰ ਨੂੰ ਲੀਹ ’ਤੇ ਲਿਆਉਣ ਲਈ ਨਾਹਰਾ ਦਿੱਤਾ ਸੀ “26-27 ਨਵੰਬਰ ਨੂੰ ਦਿੱਲੀ ਚੱਲੋ”। ਮੋਦੀ ਸਰਕਾਰ ਨੇ ਸਾਡੇ ਐਲਾਨ ਨੂੰ ਫੋਕਾ ਦਬਕਾ ਸਮਝਿਆ। ਆਪਣੇ ਹਰਿਆਣੇ ਦੇ ਸੰਘੀ ਮੁੱਖ-ਮੰਤਰੀ ਖੱਟੜ ਨੂੰ ਸਾਨੂੰ ਠੱਲਣ-ਰੋਕਣ ਦਾ ਹੁਕਮ ਦੇ ਕੇ ਮੋਦੀ ਨਿਸਚਿੰਤ ਹੋ ਗਿਆ ਕਿ ਚਲੋ ਹੁਣ ਇਹ ਮਹੀਨਾ-ਖੰਡ ਪੰਜਾਬ-ਹਰਿਆਣਾ ਬਾਰਡਰ ’ਤੇ ਬੈਠਣਗੇ ਅਤੇ ਅੱਕ-ਥੱਕ ਕੇ ਘਰਾਂ ਨੂੰ ਮੁੜ ਜਾਣਗੇ। ਪਰ ਸਾਡੇ ਮਸ਼ੀਨਰੀ ਦੇ ਮਾਹਰ ਜੋਸ਼ੀਲੇ ਕਿਸਾਨ ਨੌਜਵਾਨਾਂ ਨੇ ਉਨ੍ਹਾਂ ਦੀਆਂ ਸਾਰੀਆਂ ਸਕੀਮਾਂ ਉੱਤੇ ਪਾਣੀ ਫੇਰ ਦਿੱਤਾ। ਪਹਿਲ ਸਾਡੇ ਹਰਿਆਣੇ ਵਾਲੇ ਨੌਜਵਾਨ ਵੀਰਾਂ ਨੇ ਕੀਤੀ। ਉਨ੍ਹਾਂ 25 ਨਵੰਬਰ ਨੂੰ ਹੀ ਅੰਬਾਲਾ, ਕਰਨਾਲ ਅਤੇ ਪਾਣੀਪਤ ਵਿਖੇ ਕੀਤੀਆਂ ਪੁਲਸ ਦੀਆਂ ਮਜਬੂਤ ਕਿਲ੍ਹੇਬੰਦੀਆਂ ਨੂੰ ਪਲਾਂ ਘੜੀਆਂ ਵਿੱਚ ਟਰੈਕਟਰਾਂ ਦੇ ਟਾਇਰਾਂ ਹੇਠ ਦਰੜ੍ਹਦੇ ਹੋਏ, ਮਾਰੂਥਲ ਲੰਘ ਕੇ ਦਿੱਲੀ ਦੀਆਂ ਬਰੂਹਾਂ ਉੱਤੇ ਪਹੁੰਚ ਦਸਤਕ ਦੇ ਦਿੱਤੀ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਪੰਜਾਬ ਦੇ ਨੌਜਵਾਨਾਂ ਅਤੇ ਜਥੇਬੰਦ ਕਿਸਾਨਾਂ ਨੇ ਵੀ ਸ਼ੰਭੂ, ਖਨੌਰੀ, ਪਹੇਵਾ, ਰਤੀਆ ਆਦਿ ਸਮੂਹ ਨਾਕਿਆਂ ਨੂੰ ਤੋੜਦੇ ਹੋਏ, ਅੱਥਰੂ ਗੈਸ ਅਤੇ ਸਰਦ ਮੌਸਮ ਵਿੱਚ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਦਿਆਂ, ਟਨਾਂ ਭਰੇ ਕੰਕਰੀਟ ਬਲਾਕਾਂ, ਬੈਰੀਕੇਡਾਂ, ਬਲੇਡ ਦੀ ਧਾਰ ਵਰਗੀਆਂ ਕੰਡੇਦਾਰ ਤਾਰਾਂ ਦੀਆਂ ਵਾੜਾਂ, ਮਿੱਟੀ ਦੇ ਢੇਰਾਂ, ਸੜਕਾਂ ’ਚ ਪੱਟੀਆਂ ਡੂੰਘੀਆਂ ਖਾਈਆਂ ਅਤੇ ਰਾਹ ਰੋਕਣ ਲਈ ਖੜ੍ਹੇ ਕੀਤੇ ਟਿੱਪਰਾਂ-ਟਰੱਕਾਂ ਨੂੰ ਧੱਕਦੇ-ਉਲੰਘਦੇ ਆਪਣੇ ਹਰਿਆਣਵੀ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਲਾਉਣ ਲਈ ਦਿੱਲੀ ਬਾਰਡਰ ਉੱਤੇ ਆ ਧਮਕੇ। ਪੰਜਾਬ ਅਤੇ ਹਰਿਆਣਾ ਦੀਆਂ ਦਰਜਨਾਂ ਕਿਸਾਨ ਜਥੇਬੰਦੀਆਂ ਦੇ ਝੰਡਿਆਂ ਨਾਲ ਸਜੀਆਂ ਤਰਪਾਲਾਂ ’ਚ ਲਿਪਟੀਆਂ ਟੈਂਕਾਂ ਵਰਗੀਆਂ ਟਰਾਲੀਆਂ ਦਾ ਅਮੁੱਕ ਕਾਫ਼ਲਾ, ਟਰੈਕਟਰਾਂ ਦੇ ਸਪੀਕਰ ਤੋਂ ਵੰਗਾਰਵੀਆਂ ਸੁਰਾਂ ਵਿੱਚ ਗੂੰਜਦੇ ਸੰਘਰਸ਼ ਦਾ ਹੋਕਾ ਦਿੰਦੇ ਗੀਤ, ਰਾਸ਼ਨ-ਪਾਣੀ ਸਮੇਤ ਨਿੱਤ ਵਰਤੋਂ ਦੀਆਂ ਹਰ ਜ਼ਰੂਰੀ ਚੀਜ਼ਾਂ ਨਾਲ ਲੈਸ ਇਹ ਕਾਫ਼ਲਾ ਸੱਚਮੁੱਚ ਇੱਕ ਵਾਰ ਮੁੜ ਦਿੱਲੀ ਫ਼ਤਹਿ ਕਰਨ ਲਈ ਕਿਸੇ ਸ਼ਕਤੀਸ਼ੀਲ ਫੌਜ ਦਾ ਪੂਰੀ ਤਰ੍ਹਾਂ ਅਨੁਸ਼ਾਸਤ ਅਤੇ ਜਥੇਬੰਦ ਕੂਚ ਜਾਪਦਾ ਹੈ।

ਪੰਜਾਬ ਤੋਂ ਦਿੱਲੀ ਤੱਕ ਉਨ੍ਹਾਂ ਜਰਨੈਲੀ ਸੜਕਾਂ ਉੱਤੇ- ਜਿਨ੍ਹਾਂ ਉੱਤੇ ਆਮ ਦਿਨਾਂ ਵਿੱਚ ਵੀ ਰੋਜ਼ਾਨਾ ਸੜਕ ਹਾਦਸਿਆਂ ਵਿੱਚ ਦਰਜਨਾਂ ਜਾਨਾਂ ਜਾਂਦੀਆਂ ਨੇ- ਵਾਹੋ-ਦਾਹੀ ਜੰਗ ਲੜਦੇ ਸਾਡੇ ਨੌਜਵਾਨ ਕਿਸਾਨਾਂ ਨੇ ਇੱਕ ਵੀ ਹਾਦਸਾ ਨਾ ਕਰਕੇ ਸਾਬਤ ਕਰ ਦਿੱਤਾ ਕਿ ਉਹ ਸਿਰਫ਼ ਖੇਤਾਂ ਅਤੇ ਗੀਤਾਂ ਵਿੱਚ ਹੀ ਖੇਤੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਦੇ ਮਾਹਿਰ ਨਹੀਂ ਹਨ ਬਲਕਿ ਉਹ ਆਪਣੀ ਇਸ ਮਸ਼ੀਨੀ ਮੁਹਾਰਤ ਦੀ ਵਰਤੋਂ ਸੜਕਾਂ ਉੱਤੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਚ ਕਰਨ ਵਿੱਚ ਵੀ ਕਮਾਲ ਦੇ ਮਾਹਿਰ ਹਨ। 26-27 ਨਵੰਬਰ ਦੇ ਇਸ ਸਮੁੱਚੇ ਜੰਗੀ ਕੂਚ ਵਿੱਚ ਸਿਰਫ਼ ਇੱਕ ਕਿਸਾਨ ਯੋਧਾ ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲੀ ਚਹਿਲਾਂ ਵਾਲੀ ਦਾ ਨੌਜਵਾਨ ਧੰਨਾ ਸਿੰਘ ਸ਼ਹੀਦ ਹੋ ਗਿਆ। ਉਹ ਵੀ ਅੰਦੋਲਨਕਾਰੀ ਦੀ ਕਿਸੇ ਗਲਤੀ ਕਾਰਨ ਨਹੀਂ, ਬਲਕਿ ਇੱਕ ਵਪਾਰਕ ਟਰੱਕ ਦੇ ਚਾਲਕ ਦੀ ਕੁਤਾਹੀ ਕਾਰਨ।

26 ਨਵੰਬਰ ਤੋਂ ਹੀ ਦਿੱਲੀ ਨੂੰ ਪੰਜਾਬ-ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ ਨਾਲ ਜੋੜਦੇ ਕਰਨਾਲ ਤੇ ਰੋਹਤਕ ਵਾਲੇ ਦੋਵੇਂ ਪ੍ਰਮੁੱਖ ਨੈਸ਼ਨਲ ਹਾਈਵੇਅ ਜਾਮ ਹਨ। ਪੰਜ-ਚਾਰ ਦਿਨਾਂ ਬਾਅਦ ਯੂ.ਪੀ ਅਤੇ ਉੱਤਰਾਖੰਡ ਦੇ ਕਿਸਾਨਾਂ ਨੇ ਪੂਰਬ ਵੱਲ ਜਾਂਦੇ ਦੋ ਹੋਰ ਮੁੱਖ ਮਾਰਗ ਜਾਮ ਕਰ ਦਿੱਤੇ। ਹੁਣ ਸਕੀਮ ਹੈ ਕਿ ਮੋਦੀ ਸਰਕਾਰ ਦੇ ਹਲਕ ’ਚ ਫਾਨਾ ਠੋਕਣ ਲਈ ਜੈਪੁਰ ਤੇ ਆਗਰਾ ਵਾਲੇ ਦੱਖਣ-ਪੱਛਮ ਦੇ ਦੋਵੇਂ ਰਾਹਾਂ ਨੂੰ ਵੀ 14 ਦਸੰਬਰ ਤੋਂ ਚੱਕਾ ਜਾਮ ਕੀਤਾ ਜਾਵੇ। ਨਤੀਜਾ ਕਿਸੇ ਵੀ ਵਰਗ ਦੀ ਹੱਕੀ ਗੱਲ ਸੁਣਨ ਤੋਂ ਪੂਰੀ ਤਰ੍ਹਾਂ ਇਨਕਾਰੀ ਰਹਿਣ ਵਾਲੀ ਮੋਦੀ ਸਰਕਾਰ, ਸਾਡੇ ਕਿਸਾਨ ਆਗੂਆਂ ਵੱਲੋਂ ਅੰਦੋਲਨ ਦੀਆਂ ਪ੍ਰਮੁੱਖ ਮੰਗਾਂ ਉੱਤੇ ਸਾਰੇ ਦਬਾਅ ਅਤੇ ਗੋਦੀ ਮੀਡੀਆ ਦੇ ਕੂੜ ਪ੍ਰਚਾਰ ਦੇ ਬਾਵਜੂਦ ਚੱਟਾਣ ਵਾਂਗ ਡਟੀ ਹੋਈ ਹੈ। ਇਸ ਲਈ ਹੁਣ ਉਲਟਾ ਪ੍ਰਚਾਰ ਦੇ ਦਾਅ-ਪੇਚ ਵਜੋਂ ਹੀ ਸਹੀ ਮੋਦੀ ਸਰਕਾਰ ਦੇਸ਼ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਗੱਲਬਾਤ ਲਈ ਵਾਰ-ਵਾਰ ਅਪੀਲਾਂ ਕਰਨ ਲਈ ਮਜਬੂਰ ਹੈ।

ਅੰਦੋਲਨਕਾਰੀ  ਨੌਜਵਾਨ, ਬਜ਼ੁਰਗ, ਮਰਦ, ਔਰਤਾਂ ਅਤੇ ਬੱਚੇ ਬਿਨਾਂ ਕਿਸੇ ਉਤਾਵਲੇਪਣ ਤੇ ਭੜਕਾਹਟ ਤੋਂ ਪੂਰੀ ਸ਼ਾਂਤੀ ਨਾਲ ਆਪਣੇ “ਘੇਰਾ ਡਾਲੋ – ਡੇਰਾ ਡਾਲੋ” ਸੱਤਿਆਗ੍ਰਹਿ ਉੱਤੇ ਡਟੇ ਹੋਏ ਹਨ। ਹਰਿਆਣਾ, ਪੰਜਾਬ, ਦਿੱਲੀ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ, ਆੜਤੀ, ਦੁਕਾਨਦਾਰ, ਵਪਾਰੀ, ਸਮਾਜਿਕ-ਧਾਰਮਿਕ ਸੰਸਥਾਵਾਂ ਅਤੇ ਆਮ ਲੋਕ ਦਿਲ ਖੋਲ੍ਹ ਕੇ ਅੰਦੋਲਨਕਾਰੀ ਕਿਸਾਨਾਂ ਦੀ ਹਰ ਤਰ੍ਹਾਂ ਦੀ ਅਣਕਿਆਸੀ ਮਦਦ ਕਰ ਰਹੇ ਹਨ। ਪੰਜਾਬ ਅਤੇ ਦੇਸ਼-ਵਿਦੇਸ਼ ਦੇ ਮੀਡੀਏ ਦਾ ਇਮਾਨਦਾਰ ਅਤੇ ਨਿਰਪੱਖ ਹਿੱਸਾ, ਅੰਦੋਲਨ ਦੀਆਂ ਸਹੀ ਅਤੇ ਪ੍ਰੇਰਨਾਦਾਇਕ ਸੂਚਨਾਵਾਂ ਅਤੇ ਦ੍ਰਿਸ਼ ਪੂਰੀ ਦੁਨੀਆ ਦੇ ਸਾਹਮਣੇ ਪਹੁੰਚਾ ਰਿਹਾ ਹੈ। ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆ ਵਿੱਚੋਂ ਜਨਤਾ ਤੇ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਇਸ ਹੱਕੀ ਅਤੇ ਅਮਨਪੂਰਨ ਕਿਸਾਨ ਸੰਘਰਸ਼ ਨੂੰ ਵਿਆਪਕ ਹਿਮਾਇਤ ਮਿਲ ਰਹੀ ਹੈ। ਇਸ ਦਬਾਅ ਹੇਠ ਮੋਦੀ ਸਰਕਾਰ ਬੇਸ਼ੱਕ ਪਿੱਛੇ ਹਟਣ ਲਈ ਤਾਂ ਮਜ਼ਬੂਰ ਹੈ ਪਰ ਆਪਣੀ ਘੋਰ ਕਾਰਪੋਰੇਟਪ੍ਰਸਤ ਫਿਰਕੂ ਤੇ ਫਾਸਿਸਟ ਵਿਚਾਰਧਾਰਾ ਕਾਰਨ, ਇਹ ਹਾਲੇ ਵੀ ਤਿੰਨ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਲਈ ਤਿਆਰ ਨਹੀਂ।

ਉਲਟਾ ਉਹ ਇਸ ਅੰਦੋਲਨ ਨੂੰ ਬਦਨਾਮ ਕਰਨ ਅਤੇ ਆਪਣੇ ਪਿੱਠੂਆਂ ਰਾਹੀਂ ਫੁੱਟ ਪਾਉਣ ਵਰਗੀਆਂ ਕਮੀਨੀਆਂ ਚਾਲਾਂ ਚੱਲ ਰਹੀ ਹੈ। ਉਹ ਅੰਦੋਲਨ ਨੂੰ ਕਿਸੇ ਵੀ ਬਹਾਨੇ ਹਿੰਸਕ ਬਣਾਉਣ ਅਤੇ ਇਸਨੂੰ ਹਮਲੇ ਦਾ ਨਿਸ਼ਾਨਾ ਬਣਾਉਣ ਦਾ ਮੌਕਾ ਤਾੜ ਰਹੀ ਹੈ। ਉਹ ਕਿਸਾਨਾਂ ਵਿੱਚ ਆਪਣੇ ਭੜਕਾਊ ਏਜੰਟ ਵਾੜ ਕੇ ਜਾਂ ਗਿਣ ਮਿੱਥ ਕੇ ਟਕਰਾਅ ਕਰਵਾ ਕੇ ਇਸ ਉੱਤੇ ਅਣਮਨੁੱਖੀ ਹਮਲਾ ਕਰਨ ਨੂੰ ਵਾਜਿਬ ਠਹਿਰਾਉਣ ਦੀ ਫ਼ਿਰਾਕ ਵਿੱਚ ਹੈ। 

ਕਿਸਾਨ ਵੀਰੋ, ਇੱਕਜੁੱਟ ਰਹੋ ਅਤੇ ਹਰ ਤਰ੍ਹਾਂ ਦੇ ਭੜਕਾਹਟ ਤੋਂ ਸੁਚੇਤ ਰਹੋ। ਸਥਾਨਕ ਲੋਕਾਂ ਨਾਲ ਆਪਣਾ ਪਿਆਰ ਅਤੇ ਸਹਿਯੋਗ ਬਣਾਈ ਰੱਖੋ। ਹਰ ਤਰ੍ਹਾਂ ਦੇ ਪੰਗੇਬਾਜ਼ ਤੇ ਭੜਕਾਊ ਅਨਸਰਾਂ ਤੋਂ ਸਾਵਧਾਨ ਰਹੋ, ਫਜ਼ੂਲ ਦੀਆਂ ਫੜ੍ਹਾਂ ਜਾਂ ਚੱਕਵੀਆਂ ਗੱਲਾਂ ਜਾਂ ਹੋਰਨਾਂ ਨਾਲੋਂ ਨਿਖੇੜਨ ਵਾਲੇ ਐਲਾਨਾਂ ਅਤੇ ਨਾਹਰਿਆਂ ਤੋਂ ਬਚੋ। ਸਾਡੇ ਇੱਕਜੁੱਟ, ਅਨੁਸ਼ਾਸਤ ਅਤੇ ਅਮਨਪੂਰਨ ਅੰਦੋਲਨਾਂ ਨੂੰ ਮੋਦੀ ਸਰਕਾਰ ਤਾਂ ਕੀ ਜ਼ਾਲਮ ਸਾਮਰਾਜੀ ਅੰਗਰੇਜ਼ ਸਰਕਾਰ ਵੀ ਕੁਚਲ ਨਹੀਂ ਸੀ ਸਕੀ।

ਹੁਣ ਵੀ ਇਹ ਸਾਡੀ ਸ਼ਾਂਤੀ, ਸਬਰ ਅਤੇ ਅਨੁਸ਼ਾਸ਼ਨ ਦੀ ਪਰਖ ਦਾ ਵਕਤ ਹੈ। ਸੋ ਹਰ ਭੜਕਾਹਟ ਅਤੇ ਫੁੱਟ ਪਾਊ ਸਾਜਿਸ਼ ਨੂੰ ਧੀਰਜ ਅਤੇ ਚੌਕਸੀ ਨਾਲ ਨਾਕਾਮ ਕਰਦਿਆਂ ਇਸ ਚਮਤਕਾਰੀ ਨਾਹਰੇ ਉੱਤੇ ਟਿਕੇ ਰਹੋ – “ਲੜਾਂਗੇ – ਜਿੱਤਾਂਗੇ!”


ਸੰਪਾਦਕੀ

IMG_5334.jpg

ਕੇਂਦਰ ਸਰਕਾਰ ਵਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਨੂੰਨਾਂ ਦੇ ਬਣਾਏ ਜਾਣ ਤੋਂ ਬਾਅਦ,ਕਿਸਾਨ ਜਥੇਬੰਦੀਆਂ ਵਲੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਆਰੰਭਿਆ ਸੰਘਰਸ਼ ਹੁਣ ਇਕ ਵਿਆਪਕ ਲੋਕ ਲਹਿਰ ਦਾ ਦੀਰਘ ਰੂਪ ਧਾਰਨ ਕਰ ਚੁੱਕਾ ਹੈ।ਸ਼ਾਇਦ ਵਰਤਮਾਨ ਵਿੱਚ ਐਸਾ ਉਗਰ ਜਾਗ੍ਰਿਤ ਲੋਕਾਂ ਦਾ ਸ਼ਾਂਤੀ ਪੂਰਵਕ ਨਿਸ਼ਚਾ ਕਿ ਜਿਸ ਨੇ ਆਗੂ ਪ੍ਰਨਾਲੀ ਦੀ ਫੈਸਲਾ ਲੈਣ ਦੀ ਸਮਰੱਥਾ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ ਹੈ ਅਤੇ ਵੈਸੇ ਇਹ ਇਕ ਸ਼ੁਭ ਸੰਕੇਤ ਵੀ ਹੈ।

ਪੰਜਾਬ ਜਾਂ ਦੇਸ਼ ਦੇ ਲੋਕਾਂ ਨਾਲ ਸਥਾਪਿਤ ਸਰਕਾਰਾਂ ਵਲੋਂ ਲੋਕ ਲਹਿਰਾਂ ਨੂੰ ਕੁਚਲਣ ਲਈ ਅਨੇਕਾਂ ਵਾਰ ਗੱਲਬਾਤ ਦੇ ਦੌਰਾਨ ਵਿਸਾਹਘਾਤ ਹੋਏ ਸਨ ਜਿਹਨਾਂ ਨੇ ਆਗੂਆਂ ਦੀ ਭੂਮਿਕਾ ਨੂੰ ਵੀ ਸ਼ੱਕ ਦੇ ਦਾਇਰੇ ਵਿੱਚ ਲੈ ਆਂਦਾ ਸੀ ਪਰ ਇਸ ਸੰਘਰਸ਼ ਦੌਰਾਨ ਇਕ ਐਸਾ ਆਲੌਕਿਕ ਵਰਤਾਰਾ ਵਾਪਰਿਆ ਹੈ ਅਤੇ ਲੋਕ ਮਾਨਸਿਕਤਾ ਵਿੱਚ ਇਕ ਐਸਾ ਬ੍ਰਿਤਾਂਤ ਸਿਰਜਿਆ ਗਿਆ ਹੈ ਜਿਸ ਨੇ ਆਗੂ ਵਰਗ ਉਪਰ ਦਬਾਅ ਪੈਦਾ ਕੀਤਾ ਹੈ ਅਤੇ ਉਹਨਾਂ ਨੂੰ ਹਰ ਫੈਸਲਾ ਲੈਣ ਸਮੇਂ ਲੋਕ ਹਿੱਤਾਂ ਦੀ ਨੁਮਾਂਇੰਦਗੀ ਦਾ ਅਹਿਸਾਸ ਕਰਵਾਇਆ ਹੈ।

ਬੇਸ਼ਕ ਸਰਕਾਰ ਨਾਲ ਇਕ ਨਹੀਂ ਅਨੇਕਾਂ ਬੈਠਕਾਂ ਹੋ ਚੁੱਕੀਆਂ ਅਤੇ ਅਜੇ ਤੱਕ ਤਕਰੀਬਨ ਬੇਸਿੱਟਾ ਹਨ ਪ੍ਰੰਤੂ ਹਰ ਬੈਠਕ ਦੌਰਾਨ ਸਰਕਾਰ ਦਾ ਰਵੱਈਆ ਇਸ ਤੱਥ ਦਾ ਪ੍ਰਗਟਾਅ ਕਰਦਾ ਹੈ ਕਿ ਮਸਲਾ ਹੁਣ ਸਰਕਾਰ ਦੇ ਗਲੇ ਦੀ ਹੱਡੀ ਬਣ ਚੁੱਕਾ ਹੈ ਅਤੇ ਅਤੇ ਆਗੂ ਹੁਣ ਕੇਵਲ ਜਨਤਕ ਵਹਾਅ ਦੇ ਨੁਮਾਂਇੰਦੇ ਹੀ ਹਨ।ਵੈਸੇ ਸਰਕਾਰ ਵਲੋਂ ਹੁਣ ਤੱਕ ਦੀਆਂ ਹੋਈਆਂ ਬੈਠਕਾਂ ਵਿੱਚ ਜਿਸ ਤਰ੍ਹਾਂ ਦਾ ਵਤੀਰਾ ਹੈ ਉਸ ਤੋਂ ਜਿਥੇ ਉਹਨਾਂ ਦਾ ਅੜੀਅਲ ਸੁਭਾਅ ਪ੍ਰਗਟ ਹੋ ਰਿਹਾ ਹੈ ਉਥੇ ਨਾਲ ਹੀ ਇਸ ਅੜੀ ਨੂੰ ਸਥਾਪਿਤ ਧਿਰ ਦੇ ਵੱਡੇ ਆਗੂ ਦੀ ਅਹੰ ਭਾਵ ਨਾਲ ਜੁੜਿਆ ਮਹਿਸੂਸ ਕੀਤਾ ਜਾ ਸਕਦਾ ਜਾਂ ਫਿਰ ਦੂਜੇ ਸ਼ਬਦਾਂ ਵਿੱਚ ਕਿਸਾਨ ਮੰਗਾਂ ਦੀ ਪੂਰਤੀ ਅਤੇ ਕਾਨੂੰਨ ਵਾਪਸੀ ਦੇ ਫੈਸਲੇ ਨਾਲ ਉਹਨਾਂ ਨੂੰ ਨਰਿੰਦਰ ਮੋਦੀ ਦਾ ਲੋਹ ਪੁਰਸ਼,ਅੱਡਿਗ ਅਤੇ ਅਟੱਲ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਿਰਜਿਆ ਬਿੰਬ ਖੁਰਦਾ ਨਜ਼ਰ ਆਉਂਦਾ ਹੈ।

ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਵਲੋਂ ਕਈ ਮੀਟਿੰਗਾਂ ਕਰਨ ਤੋਂ ਬਾਅਦ ਭੇਜਿਆ ਗਿਆ ਪ੍ਰਸਤਾਵ ਪੱਤਰ ਤਾਂ ਬੱਸ ਨਵੀਂ ਬੋਤਲ ਵਿੱਚ ਪੁਰਾਣੀ ਸ਼ਰਾਬ ਵਰਗਾ ਹੀ ਹੈ ਅਤੇ ਜਾਂ ਕਹਿ ਲਵੋ ਕਿ ਮਿਆਦ ਲੰਘੀ ਦਵਾਈ ਨੂੰ ਨਵੇਂ ਲੇਬਲ ਅਧੀਨ ਦਿੱਤਾ ਜਾ ਰਿਹਾ ਹੈ।

ਇਸ ਪ੍ਰਸਤਾਵ ਪੱਤਰ ਵਿੱਚ ਬਾਰ ਬਾਰ ਇਹ ਗੱਲ ਦੁਹਰਾਉਣੀ ਕਿ ਅੱਖਰ ਅੱਖਰ ਸੋਧ ਕਰਵਾ ਲਵੋ ਪਰ ਕਾਨੂੰਨਾਂ ਬਾਰੇ ਰੱਦ ਸ਼ਬਦ ਦੀ ਵਰਤੋਂ ਨਾ ਕਰੋ, ਨੇ ਇਹ ਗੱਲ ਤਾਂ ਸਪੱਸ਼ਟ ਕਰ ਦਿੱਤੀ ਹੈ ਕਿ ਸਰਕਾਰ ਦੇ ਬਣਾਏ ਕਾਨੂੰਨ ਕਿਸਾਨ ਹਿੱਤਾਂ ਵਿੱਚ ਨਹੀਂ ਹਨ ਅਤੇ ਬਹੁਤ ਹੀ ਅਸਪੱਸ਼ਟ ਹਨ ਤਾਂ ਹੀ ਤਾਂ ਅੱਖਰ ਅੱਖਰ ਸੋਧ ਦਾ ਨਜ਼ਰੀਆ ਪੇਸ਼ ਕੀਤਾ ਗਿਆ ਹੈ ਅਤੇ ਦੂਸਰਾ ਸਰਕਾਰ ਹੁਣ ਰੱਦ ਕਰਨਾਂ ਸ਼ਬਦ ਦੀ ਵਰਤੋਂ ਤੋਂ ਗੁਰੇਜ ਕਰਕੇ ਆਪਣੀਆਂ ਨਾਕਾਮੀਆਂ ਨੂੰ ਪਰਦਾਪੋਸ਼ ਕਰਨਾ ਚਾਹੁੰਦੀ ਹੈ।ਜੇਕਰ ਸਰਕਾਰ ਦੇ ਭੇਜੇ ਪ੍ਰਸਤਾਵ ਪੱਤਰ ਨੂੰ ਅੱਖਰ ਅੱਖਰ ਵਾਚਿਆ ਜਾਵੇ ਤਾਂ ਉਹ ਵੀ ਬੱਸ ਕਿਸਾਨ ਜਥੇਬੰਦੀਆਂ ਨੂੰ ਇਹ ਅਹਿਸਾਸ ਕਰਾਉਣ ਦਾ ਯਤਨ ਹੈ ਕਿ ਕਾਨੂੰਨ ਤਾਂ ਕਿਸਾਨਾਂ ਦੇ ਹਿੱਤਾਂ ਵਿੱਚ ਹਨ ਪਰ ਕਿਸਾਨਾਂ ਦੀ ਨਿਮਨ ਮਾਨਸਿਕਤਾ ਇਹਨਾਂ ਦੇ ਦੂਰ ਅੰਦੇਸ਼ ਫਾਇਦਿਆਂ ਨੂੰ ਸਮਝਣ ਤੋਂ ਅਸਮਰੱਥ ਹੈ।

ਇਹ ਵੀ ਜ਼ਿਕਰਯੋਗ ਹੈ ਕਿ ਇਸ ਵਾਰੀ ਜਿਥੇ ਕਿਸਾਨ ਜਥੇਬੰਦੀਆਂ ਦੇ ਆਗੂ ਲੈਣ ਵਾਲੇ ਫੈਸਲਿਆਂ ਪ੍ਰਤੀ ਬਹੁਤ ਹੀ ਸੁਚੇਤ ਹਨ ਉਥੇ ਨਾਲ ਹੀ ਉਹਨਾਂ ਦੀ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਨਾਲ ਜਾਗਰੁਕ ਅਤੇ ਸਮਾਜਿਕ ਮਾਧਿਅਮਾਂ ਨਾਲ ਜੁੜੀ ਹੋਣ ਕਰਕੇ ਹਰ ਨੁਕਤੇ ਤੋਂ ਜਾਣਕਾਰ ਅਤੇ ਸੂਖਮ ਪੱਧਰ ਤੱਕ ਜਾਣੂ ਹੈ।

ਹੁਣ ਸਰਕਾਰ ਦੇ ਪ੍ਰਸਤਾਵ ਪੱਤਰ ਦੇ ਲੁਕਵੇਂ ਮੰਤਵ ਨੂੰ ਫਰੋਲੀਏ ਤਾਂ ਉਹ ਝੂਠ ਦੇ ਪੁਲੰਦੇ ਤੋਂ ਵੱਧ ਕੁਝ ਵੀ ਨਹੀਂ। ਉਹ ਬੱਸ ਵੱਡੇ ਸਨਅਤੀ ਘਰਾਣਿਆ ਦਾ ਸਰਕਾਰੀ ਮੋਢਾ ਵਰਤ ਕੇ ਦਾਗਿਆ ਗਿਆ ਗੋਲਾ ਹੀ ਸਮਝਿਆ ਜਾ ਸਕਦਾ ਹੈ।ਜਿਸ ਵਿੱਚ ਖਰੀਦ ਕਾਨੂੰਨਾਂ ਦੀ ਲਗਾਤਾਰਤਾ ਅਤੇ ਸਥਿਰਤਾ ਦਾ ਵਿਸ਼ਵਾਸ ਦਵਾਉਣ ਦਾ ਯਤਨ ਕੀਤਾ ਗਿਆ ਹੈ ਪਰ ਜਦੋਂ ਸਰਕਾਰੀ ਖਰੀਦ ਕੇਂਦਰਾਂ ਦੇ ਸਾਹਮਣੇ ਨਿਜੀ ਅਦਾਰੇ ਆਪਣੀ ਖਰੀਦ ਸ਼ੁਰੂ ਕਰਨਗੇ ਤਾਂ ਕਿੰਨਾ ਕੁ ਚਿਰ ਸਰਕਾਰੀ ਖਰੀਦ ਕੇਂਦਰਾਂ ਨੂੰ ਕਾਇਮ ਰੱਖਿਆ ਜਾ ਸਕਦਾ ਹੈ?ਇਹ ਤਾਂ ਸਪੱਸ਼ਟ ਹੈ ਕਿ ਸਰਕਾਰੀ ਖਰੀਦ ਕੇਂਦਰ ਅਤੇ ਏਜੰਸੀਆਂ ਖਤਮ ਕੀਤੀਆਂ ਜਾਣਗੀਆਂ ਕੁਝ ਸਮਾਂ ਨਿਜੀ ਅਦਾਰਿਆਂ ਤੋਂ ਵਧੀਆ ਮੁੱਲ ਦਵਾ ਕੇ ਅਤੇ ਇਸ ਤੋਂ ਬਾਅਦ ਸਰਕਾਰੀ ਖਰੀਦ ਨੂੰ ਅਸਰਅੰਦਾਜ਼ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਇਸ ਦੇ ਬੰਦ ਹੋਣ ਦਾ ਭਾਂਡਾ ਵੀ ਕਿਸਾਨਾਂ ਦੇ ਸਿਰ ਭੰਨ ਕੇ ਸਾਰੇ ਅਧਿਕਾਰ ਨਿਜੀ ਸਨਅੱਤੀ ਘਰਾਣਿਆਂ ਨੂੰ ਦਿੱਤੇ ਜਾਣਗੇ।

ਜਿਨਸ ਦੇ ਭੰਡਾਰ ਦੇ ਸੋਧਾਂ ਨੇ ਕਾਨੂੰਨ ਦੇ ਅਧੀਨ ਕਾਲਾ ਬਜ਼ਾਰੀ ਵਧੇਗੀ ਅਤੇ ਕਿਸਾਨ ਕੋਲੋਂ ਸਸਤੇ ਭਾਅ ਖਰੀਦੀ ਜਿਣਸ ਨਿਜੀ ਅਦਾਰੇ ਆਪਣੇ ਮਰਜ਼ੀ ਦੇ ਮੁੱਲ ਉਪਰ ਲੋੜਵੰਦਾਂ ਨੂੰ ਵੇਚਣਗੇ।ਬੇਸ਼ਕ ਕਹਾ ਜਾ ਰਿਹਾ ਹੈ ਕਿ ਭੰਡਾਰ ਅਤੇ ਸੰਭਾਲ ਦੇ ਹੱਕ ਕਿਸਾਨ ਕੋਲ ਹੋਣਗੇ ਪਰ ਸਵਾਲ ਇਹ ਹੈ ਕਿ ਕਿਸਾਨ ਕੋਲ ਆਪਣੀ ਉਪਜ ਨੂੰ ਲੰਮਾ ਸਮਾਂ ਭੰਡਾਰ ਕਰਨ ਅਤੇ ਸੰਭਾਲ ਦੀ ਸਮਰੱਥਾ ਅਤੇ ਸਾਧਨ ਉਪਲਬਧ ਹਨ?

ਸੋ ਸਰਕਾਰ ਦਾ ਪਥਸਤਾਵ ਪੱਤਰ ਜੋ ਕਿ ਕਿਸਾਨ ਜਥੇਬੰਦੀਆਂ ਵਲੋਂ ਰੱਦ ਕੀਤਾ ਹੈ ਦਰਅਸਲ ਕਿਸਾਨ ਜਾਂ ਕਿਸਾਨ ਦੀਆਂ ਮੰਗਾਂ ਪੱਖੀ ਨਹੀਂ ਬਲਕਿ ਸਰਕਾਰੀ ਸਰਪ੍ਰਸਤੀ ਵਾਲੇ ਵੱਡੇ ਸਨਅਤਕਾਰੀ ਘਰਾਣਿਆਂ ਦਾ ਸਾਜਿਸ਼ੀ ਪੱਤਰ ਹੀ ਕਿਹਾ ਜਾ ਸਕਦਾ ਹੈ ਜਿਸ ਨੂੰ ਰੱਦ ਕਰਕੇ ਕਿਸਾਨਾਂ ਨੇ ਆਪਣੀ ਜਾਗਰੂਕਤਾ  ਅਤੇ ਰੋਸ਼ਨ ਦਿਮਾਗੀ ਦਾ ਸਬੂਤ ਦਿੱਤਾ ਹੈ।


ਸੰਘਰਸ਼ ਅਤੇ ਕਲਾ

ਜਤਿੰਦਰ ਮੌਹਰ

129739455_2360877597392098_5579161202129647201_n.jpg

ਜਿਹੜੀਆਂ ਫ਼ਿਲਮਾਂ ਅਸੀਂ ਦੇਖਦੇ ਹਾਂ| ਨਾਵਲ, ਕਹਾਣੀਆਂ ਪੜ੍ਹਦੇ ਹਾਂ। ਕਲਾ ਦੇ ਕਿਸੇ ਵੀ ਰੂਪ ਬਾਰੇ ਬਹੁਤ ਕੁਝ ਲਿਖਿਆ ਅਤੇ ਬੋਲਿਆ ਜਾ ਸਕਦਾ ਹੈ ਪਰ ਜੇ ਥੋੜੇ ਜਿਹੇ ਸ਼ਬਦਾਂ ਵਿਚ ਲਿਖਣਾ ਹੋਵੇ ਕਿ ਕਲਾ ਕੀ ਹੈ? ਮੈ ਕਹਾਂਗਾ ਕਲਾ ਇਕ ਅਜਿਹਾ ਵਸੀਲਾ ਹੈ ਜਿਹੜਾ ਬੰਦੇ ਨੂੰ ਬੰਦੇ ਨਾਲ ਜੋੜਦਾ ਹੈ। ਬੰਦੇ ਦੀ ਸੰਵੇਦਨਾ ਨੂੰ ਦੂਜੇ ਬੰਦ ਤੱਕ ਪੁਚਾਉਂਦਾ ਹੈ।  ਸਾਹਮਣੇ ਵਾਲੇ ਦੇ  ਦੁੱਖ-ਸੁੱਖ ਦਾ ਅਹਿਸਾਸ ਬੰਦੇ ਨੂੰ ਕਰਵਾਉਂਦੀ ਹੈ।  ਕਲਾ ਤੁਹਾਡੇ ਅੰਦਰ ਅਜਿਹਾ ਭਾਵ ਜਗਾ ਦਿੰਦੀ ਹੈ ਕਿ ਜੋ ਸਾਹਮਣੇ ਵਾਲੇ ਦੇ ਅੰਦਰ ਚੱਲ ਰਿਹਾ ਹੈ ਉਹ ਤੁਹਾਨੂੰ ਮਹਿਸੂਸ ਹੁੰਦਾ ਹੈ।

ਕਲਾ ਵਾਂਗੂ ਘੋਲ ਵੀ ਬੰਦੇ ਨੂੰ ਬੰਦੇ ਦੇ ਨੇੜੇ ਲੈਕੇ ਆਉਂਦੇ ਨੇ। ਕਲਾ ਅਤੇ ਸੰਘਰਸ਼ ਦਾ ਇਹ ਰਿਸ਼ਤਾ ਵੀ ਹੈ ਅਤੇ ਕੰਮ ਵੀ। ਘੋਲ ਵਿਚ ਬੰਦਾ ਕਹਿੰਦਾ ਹੈ ਤੇਰੀ ਮੇਰੀ ਲੜਾਈ ਇਕ ਹੈ ਅਤੇ ਤੇਰੀ ਮੇਰੀ ਜਿੰਦਗੀ ਇਕ ਹੈ। ਅਸੀਂ ਮਿਲ ਕੇ ਕੋਈ ਹੱਲ ਕੱਢ ਸਕਦੇ ਹਾਂ। ਕਲਾਕਾਰ ਨੇ ਇਹ ਫੈਸਲਾ ਕਰਨਾ ਹੁੰਦਾ ਹੈ ਕਿ ਉਹਨੇ ਹੱਕ ਖੋਹਣ ਵਾਲਿਆਂ ਦੇ ਨਾਲ ਖੜਨਾ ਹੈ ਕਿ ਹੱਕ ਲੈਣ ਵਾਲਿਆਂ ਦੇ ਨਾਲ।  

ਜੇ ਕੋਈ ਕਲਾ ਬੰਦੇ ਨੂੰ ਬੰਦੇ ਦੀ ਇੱਜਤ ਕਰਨੀਂ ਨਹੀਂ ਸਿਖਾਉਂਦੀ। ਜੇ ਉਹ ਸਾਹਮਣੇ ਵਾਲੇ ਕਿਰਤੀ ਬੰਦੇ ਨੂੰ ਦੁਸ਼ਮਣ ਗਰਦਾਨਦੀ ਹੈ ਤਾਂ ਉਹ ਕਲਾ ਥੁੜਚਿਰੀ ਅਤੇ ਖਤਰਨਾਕ ਹੈ। ਇਸੇ ਤਰਾਂ ਜੇ ਕੋਈ ਘੋਲ ਤੁਹਾਡੇ ਉੱਤਮ ਹੋਣ ਦਾ ਗੁਮਾਨ ਤੁਹਾਡੇ ਅੰਦਰ ਪੈਦਾ ਕਰਦਾ ਹੈ।  ਜਿਸ ਵਿਚ ਕਿਸੇ ਹੋਰ ਧਰਮ, ਨਸਲ, ਜਾਤ ਜਾਂ ਕਿਸੇ ਹੋਰ ਖ਼ਿੱਤੇ ਦੇ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ ਤਾਂ ਉਹ ਘੋਲ ਵੀ ਖਤਰਨਾਕ ਹੁੰਦਾ ਹੈ।  ਹੱਕ ਦੇ ਸੱਚ ਦੇ ਸੰਘਰਸ਼ ਵਿਚ ਲੱਗੇ ਸਾਡੇ ਕਿਸਾਨ ਮਜ਼ਦੂਰ ਵੀਰ ਅਤੇ ਭੈਣਾਂ ਬਿਹਤਰ ਮਨੁੱਖੀ ਜਿੰਦਗੀ ਦੇ ਸੁਫ਼ਨੇ ਨੂੰ ਸਾਕਾਰ ਕਰਨ ਦਾ ਉਜਰ ਕਰ ਰਹੇ ਹਨ। ਜਿਥੇ ਸਭ ਨਾਲ ਇਨਸਾਫ਼ ਹੋਵੇਗਾ । ਸਭ ਲਈ ਰੋਟੀ ਹੋਵੇਗੀ। ਸਭ ਮਾਣ ਨਾਲ ਜਿੰਦਗੀ ਜਿਊਣਗੇ। ਸਰਬਤ ਦਾ ਭਲਾ ਮੰਗਣ ਵਾਲੇ ਸੰਘਰਸ਼ਾਂ ਅਤੇ ਕਲਾ ਨੂੰ ਸਲਾਮ।


ਪੜਨ੍ ਦੀ ਤਾਂਘ

ਜੱਸੀ ਸੰਘਾ

130802204_233910711499218_2855542020153196787_n.jpg

ਜਿਵੇਂ ਕਿ ਤੁਹਾਨੂੰ ਫ਼ੋਟੋ ਦੇਖ ਕੇ ਅੰਦਾਜ਼ਾ ਹੋ ਗਿਆ ਹੋਵੇਗਾ, ਬਾਪੂ ਜੀ ਇਕੱਲੇ ਬੈਠੇ ਇੱਕ ਕਾਗਜ਼ ਨੂੰ ਅੱਖਾਂ ਦੇ ਬਹੁਤ ਹੀ ਨੇੜੇ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ| ਮੈਂ ਧਰਨੇ ਵਿੱਚ ਸ਼ਾਮਿਲ ਬਜ਼ੁਰਗਾਂ ਦੀਆਂ ਫ਼ੋਟੋਆਂ ਖਿੱਚ ਰਹੀ ਸੀ ਤਾਂ ਮੇਰੇ ਦੋਸਤ ਇੰਦਰ ਨੇ ਮੈਨੂੰ ਇਸ਼ਾਰਾ ਕਰਕੇ ਇਹਨਾਂ ਦੀ ਫ਼ੋਟੋ ਕਰਨ ਨੂੰ ਕਿਹਾ| ਪਰ ਬਾਪੂ ਵੱਲ ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਫ਼ੋਟੋ ਕਰਨ ਤੋਂ ਪਹਿਲਾਂ ਹੀ ਮੈਂ ਧਾਰ ਲਿਆ ਸੀ ਕਿ ਮੈਂ ਕੋਲ ਜਾ ਕੇ ਗੱਲਬਾਤ ਕਰਾਂਗੀ| ਸੋ ਫ਼ੋਟੋ ਕਰਨ ਤੋਂ ਬਾਅਦ ਮੈਂ ਕੋਲ ਜਾ ਕੇ ਪੁੱਛਿਆ ਕਿ ਬਾਪੂ ਜੀ ਐਨਕ ਘਰ ਰਹਿ ਗਈ? ਕਹਿੰਦੇ, “ਨਾ ਪੁੱਤ, ਮੈਨੂੰ ਚੱਜ ਨਾਲ ਪੜਨਾ ਨਹੀਂ ਆਉਂਦਾ, ਬੱਸ ਅੱਖਰ ਪਛਾਣ ਲੈਨਾਂ ਆਂ, ਜੋੜ ਜੋੜ ਕੇ ਕੋਈ ਕੋਈ ਅੱਖਰ ਉੱਠ ਖੜਦਾ!” ਮੈਂ ਪੁੱਛਿਆ ਕਿ ਬਾਪੂ ਜੀ, ਮੈਂ ਪੜ੍ਹ ਕੇ ਸੁਣਾਵਾਂ! ਕਹਿੰਦੇ ਕਿ ਫੇਰ ਤਾਂ ਪੁੱਤ ਮੇਰਿਆ ਕਮਾਲ ਹੋਜੂ!

ਸੰਯੁਕਤ ਕਿਸਾਨ ਕਮੇਟੀ ਵੱਲੋਂ ਛਾਪਿਆ 4-5 ਪੰਨਿਆਂ ਦਾ ਪਰਚਾ ਸੀ, ਮੈਂ ਪੜ੍ਹਦੀ ਰਹੀ ਤੇ ਯਕੀਨ ਮੰਨਿਓ ਬਾਪੂ ਜੀ ਉਸਦੀ ਵਿਆਖਿਆ ਕਰਦੇ ਰਹੇ| ਉਹਨਾਂ ਦੀ ਉਮਰ 85 ਵਰ੍ਹੇ ਹੈ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਝੋਰੜਾਂ ਦੇ ਵਸਨੀਕ ਹਨ| ਗੱਲ ਕਰਦਿਆਂ ਈ ਬਾਪੂ ਨੇ ਜੇਬ ਵਿੱਚੋਂ ਇੱਕ ਬਹੁਤ ਪੁਰਾਣੀ ਜਿਹੀ ਨਿੱਕੀ ਜਿਹੀ ਡਾਇਰੀ ਕੱਢੀ ਤੇ ਮੈਨੂੰ ਮੇਰਾ ਨਾਮ ਲਿਖ ਕੇ ਦੇਣ ਨੂੰ ਕਿਹਾ! ਮੈਂ ਕਿਹਾ ਨੰਬਰ ਲਿਖ ਦਵਾਂ? ਕਹਿੰਦੇ, “ਧੀਏ ਪਿੰਡ ਦਾ ਨਾਂ ਲਿਖ ਦੇ, ਮੈਂ ਤੇਰੇ ਪਿੰਡ ਵੱਲ ਜਦੋਂ ਵੀ ਆਇਆ, ਮੈਂ ਤੈਨੂੰ ਲੱਭ ਕੇ ਮਿਲਣ ਆਊਂਗਾ, ਤੂੰ ਮੈਨੂੰ ਅੱਜ ਬਹੁਤ ਕੁਝ ਸਿਖਾਇਆ|” ਪਰ ਦਰਅਸਲ ਮੈਂ ਸਿਰਫ਼ ਪੜ੍ਹ ਕੇ ਸੁਣਾਇਆ ਸੀ, ਸਿਖਾਇਆ ਤਾਂ ਬਾਪੂ ਜੀ ਨੇ ਮੈਨੂੰ ਸੀ| 

ਓਨੇ ਵਿੱਚ ਈ ਮੈਂ ਦੇਖਿਆ ਕਿ ਬਾਪੂ ਕੋਲ ਕੰਬਲ ਨਹੀਂ ਦੀਂਹਦਾ ਤੇ ਉਸ ਸ਼ਾਮ ਮੀਂਹ ਤੋਂ ਬਾਅਦ ਠੰਡ ਬੜੀ ਵਧ ਗਈ ਸੀ| ਪੁੱਛਣ ‘ਤੇ ਪਤਾ ਲੱਗਿਆ ਕਿ ਉਹ ਘਰੋਂ ਲੈ ਕੇ ਨਾ ਆਏ ਤੇ ਏਧਰ ਨੇੜੇ ਕੋਈ ਵੰਡ ਵੀ ਨਹੀਂ ਸੀ ਰਿਹਾ| ਨੇੜੇ ਲੱਗੀ ਇੱਕ ਟਰਾਲੀ ਕੋਲ ਖੜੇ ਰੋਟੀ ਖਾਂਦੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਬਾਪੂ ਨੂੰ ਰਜਾਈ ਦਾ ਬੰਦੋਬਸਤ ਕਰ ਦੇਣ| ਉਹਨਾਂ ਵਾਅਦਾ ਕੀਤਾ ਕਿ ਉਹ ਕਰਨਗੇ| ਮੈਂ ਕਾਹਲੀ ਵਿੱਚ ਉਹਨਾਂ ਦਾ ਨੰਬਰ ਵੀ ਨਾ ਲਿਆ, ਪਰ ਖ਼ੁਦ ਨੂੰ ਕੰਬਲ ਵਿੱਚ ਬੈਠਿਆਂ ਝੋਰਾ ਬਾਪੂ ਦਾ ਈ ਖਾ ਰਿਹਾ ਸੀ|

ਘੰਟੇ ਕੁ ਬਾਅਦ ਉਹਨਾਂ ਮੁੰਡਿਆਂ ਵਿੱਚ ਇੱਕ ਵੀਰ ਦਾ ਇੰਸਟਾਗ੍ਰਾਮ ‘ਤੇ ਸੁਨੇਹਾ ਆ ਗਿਆ ਕਿ ਭੈਣੇ ਬਾਪੂ ਜੀ ਨੂੰ ਰਜ਼ਾਈ ਦੇ ਦਿੱਤੀ, ਅਸੀਂ ਟਰਾਲੀ ਵਿੱਚ ਸੌਣ ਦੀ ਬੇਨਤੀ ਵੀ ਕੀਤੀ ਕਿ ਇੱਥੇ ਨਿੱਘ ਹੈ, ਪਰ ਬਾਪੂ ਜੀ ਨੇ ਇਹ ਕਹਿ ਕੇ ਮਨਾਂ ਕਰ ਦਿੱਤਾ ਕਿ ਪੁੱਤਰ ਜੇ ਮੈਂ ਇਥੋਂ ਉੱਠ ਖੜਿਆ ਤਾਂ ਇਹ ਯੁੱਧ ਦੇ ਮੈਦਾਨ ਵਿੱਚੋਂ ਭੱਜਣ ਵਾਲੀ ਗੱਲ ਹੋਵੇਗੀ| ਸੋ ਬਾਪੂ ਜੀ ਜ਼ਮੀਨ ‘ਤੇ ਵਿਛੀ ਦਰੀ ‘ਤੇ ਈ ਸੁੱਤੇ|

ਮੇਰੇ ਪਿਆਰੇ ਵੀਰੋ ਤੇ ਭੈਣੋ ਇਹ 85 ਸਾਲ ਦੇ ਸਾਡੇ ਇੱਕ ਦਾਦੇ ਦੇ ਹੌਂਸਲੇ ਤੇ ਗਿਆਨ ਦੀ ਮਿਸਾਲ ਹੈ| ਸਾਡੇ ਹਜ਼ਾਰਾਂ ਦਾਦੇ-ਦਾਦੀਆਂ ਤੇ ਮਾਪੇ ਇਥੇ ਇਹੋ ਜਿਹੇ ਹੌਂਸਲੇ ਲਈ ਬੈਠੇ ਨੇ ਤਾਂ ਫੇਰ ਭਲਾ ਅਸੀਂ ਚੜਦੀ ਕਲਾ ‘ਚ ਕਿਉਂ ਨਾ ਰਹੀਏ|


ਦੋ ਕਿਸਾਨ

ਤਨਵੀਰ

ਮੇਰਾ ਗੁਆਂਢੀ ਪਿੰਡ ਹੈ ਬੱਪੀਆਣਾ। ਇਥੋਂ ਦੋ ਕਿਸਾਨ ਦਿੱਲੀ ਗਏ ਨੇ। ਧਰਨੇ ਚ। ਦੋਵਾਂ ਦੀ ਵੱਟ ਸਾਂਝੀ ਹੈ। ਇਕ ਦਾ ਮੁਰਗ਼ੀ ਫ਼ਾਰਮ ਹੈ। ਲੜੇ ਹੋਏ ਨੇ, ਬੋਲਚਾਲ ਬੰਦ ਹੈ। ਇਕ ਨੇ ਦੂਜੇ ‘ਤੇ ਕੇਸ ਕੀਤਾ ਹੋਇਆ ਹੈ। ਕੇਸ ਕਰਨ ਵਾਲਾ ਸਵੇਰੇ ਦੂਜੇ ਨੂੰ ਆਖਦਾ ਹੈ-ਲੈ ਬਾਈ ਚਾਹ ਪੀ ਲੈ।ਇਹ ਕੋਲ ਹੀ ਬੈਠ ਜਾਂਦਾ ਹੈ। ਥੋੜਾ ਚਿਰ ਚੁੱਪ ਰਹਿ ਆਖਦਾ ਹੈ- ਬਾਈ ਪਹਿਲਾਂ ਤਾਂ ਜਾਣ ਸਾਰ ਤੇਰੇ ਵਿਰੁੱਧ ਕੇਸ ਵਾਪਸ ਲਊ ਯਰ। ਦਿੱਲੀ ਹਾਰ ਗਈ ਹੈ। ਦੋਵੇਂ ਕੇਸ ਜਿੱਤ ਗਏ ਨੇ।


ਦਿਲੀ ਜੰਗ ਦਾ ਮੈਦਾਨ

ਵਿੱਕੀ ਮਹੇਸਰੀ

6.jpeg

ਦਿੱਲੀ ਜੰਗ ਦਾ ਮੈਦਾਨ ਬਣੀ ਹੋਈ ਹੈ। ਜੂਝਦੇ ਲੋਕਾਂ ਦੇ ਨਾਅਰੇ ਤੇ ਜੈਕਾਰੇ ਦਿੱਲੀ ਦੇ ਤਖ਼ਤ ਨੂੰ ਕੰਬਾ ਰਹੇ ਹਨ। ਕਿਰਤਾਂ ਦੇ ਰਾਖਿਆਂ ਨੇ ਕੇੰਦਰ ਸਰਕਾਰ ਨੂੰ ਇਸ ਸਦੀ ਦਾ ਸਭ ਤੋਂ ਵੱਡਾ ਧੱਕਾ ਮਾਰਿਆ ਹੈ। ਲੋਕ ਜੱਥੇਬੰਦਕ ਏਕੇ ਰਾਹੀਂ ਕਦਮ ਦਰ ਕਦਮ ਅੱਗੇ ਵਧ ਜਿੱਤਾਂ ਦਰਜ ਕਰ ਰਹੇ ਹਨ ਤੇ ਮੋਦੀ ਸਰਕਾਰ ਲੋਕ ਕਚਹਿਰੀ ਵਿੱਚ ਝੁਕਦੀ ਨਜ਼ਰ ਪੈੰਦੀ ਹੈ। ਦੇਸ਼ ਦੇ ਇਸ ਅੰਦੋਲਨ ਵਿੱਚ ਅਗਵਾਨੂੰ ਭੂਮਿਕਾ ‘ਚ ਡਟਿਆ ਪੰਜਾਬ, ਜਵਾਨੀ ਤੇ ਕਿਸਾਨੀ ਦੇ ਏਕੇ ਦੇ ਇਤਿਹਾਸਕ ਛਿਣ ਜੀਅ ਰਿਹਾ ਹੈ। ਦੂਰ ਜਾਪਣ ਵਾਲੀ ਦਿੱਲੀ, ਲੋਕਾਂ ਨੇ ਧਰੂ ਕੇ ਨੇੜੇ ਕਰ ਲਈ ਅੈ। ਨੈਸ਼ਨਲ ਹਾਈਵੇ ਤੇ ਲੋਕਾਂ ਦਾ ਰਾਹ ਡੱਕਣ ਲਈ ਲਾਏ ਪੱਥਰਾਂ ਤੇ ਲੋਕਾਂ ਚੁੱਲੇ ਮਘਾ ਲਏ ਹਨ। ਦਿੱਲੀ ਨੂੰ ਵੜਦੇ ਦਿਓ ਕੱਦ ਰੋਡਾਂ ਉੱਤੇ ਨਵੇਂ ਪਿੰਡ ਵਸ ਚੁੱਕੇ ਹਨ। ਸਰਬੱਤ ਦਾ ਭਲਾ ਚਾਹੁੰਣ ਵਾਲੇ ਲੋਕ ਦੁਨੀਆਂ ਸਾਹਮਣੇ ਇੱਕ ਮਿਸਾਲੀ ਕਿਰਦਾਰ ਪੇਸ਼ ਕਰ ਰਹੇ ਹਨ। ਕਿਰਤੀ ਲੋਕਾਂ ਆਪਣੀ ਦਸਾਂ ਨੁੰਹਾਂ ਦੀ ਕਿਰਤ ਦਾ ਮੂੰਹ ਇਸ ਸੰਘਰਸ਼ ਦੇ ਮੈਦਾਨ ਵੱਲ ਮੋੜ ਦਿੱਤਾ ਹੈ। ਸਮਾਜ ਦਾ ਹਰ ਵਰਗ ਇਸ ਸਾਂਝੇ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਰਿਹ‍ਾ ਹੈ। ਤੇ ਊਰਜਾ ਦਾ ਸ੍ਰੋਤ ਹੈ ਅੱਗੇ ਹੋਕੇ ਲੜ ਰਿਹਾ ਮਜ਼ਦੂਰ ਤੇ ਕਿਸਾਨ। ਅੰਨਦਾਤੇ ਦੀਆਂ ਅੱਖਾਂ ਚ ਲਲਕਾਰ ਹੈ, ਲੋਕਾਂ ਦੇ ਜਜ਼ਬੇ ਦਿੱਲੀ ਨੂੰ ਲਲਕਾਰੇ ਮਾਰ ਮਾਰ ਵੰਗਾਰ ਰਹੇ ਹਨ, ਦਿੱਲੀ ਦੁਬਕੀ ਬੈਠੀ ਹੈ। ਤਖ਼ਤੇ ਪਲਟਣ ਵਾਲੇ ਲੋਕ  ਬਾਬੇ ਨਾਨਕ, ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਚਾਚਾ ਅਜੀਤ ਸਿੰਘ ਤੇ ਭਗਤ ਸਿੰਘ ਵਾਲਾ ਇਤਿਹਾਸ ਦੁਹਰਾ ਰਹੇ ਹਨ। ਦਿੱਲੀ ਦੀ ਗੱਦੀ ਔਰੰਗੇ ਤੇ ਹਿਟਲਰ ਦਾ ਹਸ਼ਰ ਯਾਦ ਕਰ ਪੋਹ ਦੀ ਠੰਡ ਚ ਵੀ ਪਸੀਨੋ ਪਸੀਨ ਹੈ। ਦਿੱਲੀ ਦੀਆਂ ਸਰਹੱਦਾਂ ਤੇ ਬੇਗਮਪੁਰੇ ਨੂੰ ਲੋਚਦੇ ਲੋਕਾਂ ਨੇ ਘੇਰਾਬੰਦੀ ਕਰ ਪਿੰਡ ਬੰਨ ਲਏ ਹਨ। ਚਾਰੇ ਪਾਸੇ ਹਵਾ ਚ ਖੂਨ ਪਸੀਨੇ ਦੀ ਕਮਾਈ ਵਾਲੇ ਅੰਨ ਦੇ ਪੱਕਣ ਦੀ ਮਹਿਕ ਹੈ। ਦਿੱਲੀ ਦੇ ਪ੍ਰਵੇਸ਼ ਦੁਆਰ ਤੇ ਹਜ਼ਾਰਾਂ ਤਪਦੇ ਚੁੱਲਿਆਂ ਚ ਭਾਈ ਲਾਲੋ ਦੇ ਚੁੱਲ੍ਹੇ ਦੀ ਅੱਗ ਹੈ। ਤੇ ਦਿੱਲੀ ਦੇ ਹਨੇਰਿਆਂ ਚ ਦੂਰ ਕਿਤੇ ਮਲਕ ਭਾਗੋ ਦੱਬੇ ਪੈਰੀਂ ਆਪਣੀ ਚਿਖ਼ਾ ਚਿਣ ਰਿਹਾ ਜਾਪਦਾ ਹੈ। 

ਇਸ ਅੰਦੋਲਨ ਵਿੱਚ ਨਾਟਕ ਟੀਮ ਇਤਿਹਾਸਿਕ ਛਣਾਂ ਵਿੱਚ ਇਤਿਹਾਸਿਕ ਭੂਮਿਕਾ ਨਿਭਾ ਰਹੀ ਹੈ, ਇਸ ਸੰਗਰਾਮ ਵਿੱਚ ਜਿੱਥੇ ਕਲਾ ਨੇ ਇੱਕ ਖ਼ਾਸ ਥ‍ਾਂ ਬਣਾਈ ਹੈ, ਉੱਥੇ ਕਲਾਕਾਰ ਖ਼ੁਦ ਵੀ ਵਧੇਰੇ ਚੇਤਨ ਹੋਏ ਹਨ। ਨਾਟਕ ‘ਡਰਨਾ’ ਇਸ ਅੰਦੋਲਨ ਦਾ ਹਾਸਿਲ ਹੈ। ਲਗਾਤਾਰ ਦੋ ਮਹੀਨੇ ਇਸ ਨਾਟਕ ਦਾ ਪਿੰਡੋਂ ਪਿੰਡੀ ਹੋਣ ਨੇ ਕਿਰਤ ਦੀ ਧਿਰ ਦੀ ਟੱਕਰ ਨੂੰ ਹੋਰ ਵੀ ਉਭਾਰ ਕੇ ਸਾਹਮਣੇ ਲਿਆਦਾਂ ਹੈ। ਲੋਕ ਰੋਹ ਨੂੰ ਸੇਧਤ ਕਰਨ ਵਾਲੀਆਂ ਵਾਰਾਂ ਕਵੀਸ਼ਰੀਆਂ ਤੇ ਇਨਕਲਾਬੀ ਗੀਤ ਮੁੜ ਲੋਕਾਂ ਦੀ ਜ਼ੁਬਾਨ ਚੜ੍ਹੇ ਹਨ।ਜਿੱਥੇ ਕਲਾਕਾਰਾਂ ਨੇ ਪੰਜਾਬ ਵਿੱਚ ਮੁਹਿੰਮ ਦੌਰਾਨ ਪੁਲਿਸ ਨਾਲ ਟੱਕਰਾਂ, ਝੜਪਾਂ ਦਾ ਸਫਲ ਮੁਕਾਬਲਾ ਕਰਦਿਆਂ ਆਪਣਾ ਪੰਧ ਜਾਰੀ ਰੱਖਿਆ, ਉੱਥੇ ਦਿੱਲੀ ਵੜਨ ਵੇਲੇ ਸਿੰਘੂ ਬਾਰਡਰ ਤੇ ਪਹਿਲੀਆਂ ਝੜਪਾਂ ਵਿੱਚ ਵੀ ਮੋਹਰੀ ਭੂਮਿਕਾ ਨਿਭਾਈ। ਇਹ ਅੰਦੋਲਨ ਨਵੇਂ ਗੀਤਾਂ, ਕਵਿਤਾਵਾਂ ਨੂੰ ਜਨਮ ਦੇ ਰਿਹਾ ਹੈ। ਲੋਕ ਬੋਲਣ ਤੋਂ ਪਹਿਲਾਂ ਸ਼ਬਦ ਬੁੱਝ ਲੈਂਦੇ ਹਨ। ਸਾਰੇ ਕਾਫ਼ਲੇ ਨਾਟ ਮੰਡਲੀਆਂ,ਕਵਿਸ਼ਰੀ ਜੱਥਿਆਂ,ਪੇਟਰਾਂ ਤੇ ਹਰ ਤਰਾਂ ਦੇ ਕਲਾਕਾਰਾਂ ਦੇ ਫ਼ਨ ਦਾ ਮੁਜ਼ਾਹਰਾ ਹੈ। ਪਿੜ ਇੱਕ ਵੱਡੀ ਆਰਟ ਗੈਲਰੀ ‘ਚ ਬਦਲ ਰਿਹਾ ਹੈ। ਟੀਮ, ਨਾਟਕ ਕਰਨ ਚਾਰ-ਪੰਜ ਕਿਲੋਮੀਟਰ ਤੱਕ ਨਿਕਲ ਪੈੰਦੀ ਹੈ। ਲੋਕ ਟਰਾਲੀਆਂ ਟਰੱਕਾਂ ਤੇ ਚੜ੍ਹ ਵੇਖ ਸੁਣ ਰਹੇ ਹੁੰਦੇ ਹਨ। ਨਾਟਕ ‘ਚ ਦਿੱਲੀ ਵੱਲ ਹੱਥ ਕਰਕੇ ਮਾਂ ਪੁੱਤ ਨੂੰ ਪੁੱਛਦੀ ਹੈ, “ਉਹਨਾਂ ਕੋਲ ਬੰਬ, ਬੰਦੂਕਾਂ ਤੇ ਤੋਪਾਂ ਨੇ ਤੁਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰੋਗੇ।” ਪੁੱਤਰ ਜਵਾਬ ਦਿੰਦਾ ਹੈ, “ਸਾਡੇ ਕੋਲ ਬਾਬੇ ਨਾਨਕ ਦ‍ਾ ਦਿੱਤਾ ਹਲ਼ ਤੇ ਕਿਰਤ ਦਾ ਸਿਧਾਂਤ ਹੈ ਮਾਈ।” ਲੋਕ ਜੈਕਾਰੇ ਗੂੰਜਾਂ ਦਿੰਦੇ ਹਨ। ਨਾਟਕ ਬਾਤ ਅੱਗੇ ਤੋਰਦਾ ਹੈ। ਕਲਾਕਾਰ ‘ਸੂਰਾ ਸੋ ਪਹਿਚਾਣੀਏ’ ਗਾਉਣਾ ਸ਼ੁਰੂ ਕਰਦੇ ਹਨ। ਕੁੱਲ ਧਰਤੀ ਦਾ ਕਿਰਤੀ ਕਾਮਾ ਉਹਨਾਂ ਦਾ ਕੋਰਸ ਬਣ ਆਸਮਾਨ ਗੂੰਜਾਂ ਦਿੰਦਾ ਹੈ। ਗੀਤ, ਲੋਕ ਗੀਤਾਂ ਵਿੱਚ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ। ਅਸੀਂ ਦਿੱਲੀ ਵੱਲ ਮੂੰਹ ਕਰ ਲੜ ਰਹੇ ਹਾਂ। ਤੇ ਅੱਜ ਦੇ ਦਿਨ ਗੁਰੂ ਬਾਬੇ ਨਾਨਕ ਦਾ ਜਨਮ ਦਿਹਾੜਾ ਹੈ। ਨੈਸ਼ਨਲ ਹਾਈਵੇ ਤੇ ਮੋਮਬੱਤੀਆਂ ਦੀ ਲੋਅ ਹੈ। ਗਿਆਨ ਦੀਆਂ ਗੱਲਾਂ ਘੋਲ ਦੀ ਅਗਵਾਈ ਕਰ ਰਹੀਆਂ ਹਨ। ਕਲਾਕਾਰਾਂ ਨੇ ਟਰਾਲੀਆਂ ਦੇ ਵਿਚਕਾਰ ਮੋਮਬੱਤੀਆਂ ਨਾਲ ਘੇਰਾ ਘੱਤ ਲਿਆ ਹੈ। ਲੋਕ ਅੱਜ ਦੀ ਖ਼ਾਸ ਪੇਸ਼ਕਾਰੀ ਦੇਖਣ ਲਈ ਉਤਾਵਲੇ ਹਨ। ਲੋਕਾਂ ਟਰੈਕਟਰਾਂ ਦੀਆਂ ਬੱਤੀਆਂ ਚਲਾ ਦਿੱਤੀਆਂ ਹਨ। ਭਾਈ ਲਾਲੋੰ ਦੇ ਵਾਰਿਸਾਂ ਨੇ “ਇਹ ਲਹੂ ਕਿਸਦਾ ਹੈ” ਨਾਟਕ ਦਾ ਆਗਾਜ਼ ਕਰਨ ਤੋਂ ਪਹਿਲਾਂ ਦਿੱਲੀ ਨੂੰ ਦੁਬਾਰਾ ਜਫ਼ਰਨਾਮਾ ਲਿਖਣ ਦਾ ਸੁਰ ਛੇੜਿਆ ਹੈ। ਲੋਕ ਆਪਣੀ ਨੇਕ ਕਮਾਈ ਕਲਾਕਾਰਾਂ ਵੱਲ ਵਧਾਉਂਦੇ ਹਨ, ਪਰ ਕਲਾਕਾਰ ਪਿਆਰ ਤੋਂ ਬਿਨਾਂ ਹੋਰ ਕੁਝ ਵੀ ਕਾਬੂਲ ਕਰਨ ਤੋਂ ਇਨਕਾਰੀ ਹਨ। ਲੋਕ ਦੱਘਦੀਆਂ ਅੱਖਾਂ ਨਾਲ ਦਿੱਲੀ ਨੂੰ ਘੂਰ ਰਹੇ ਹਨ । ਅਸੀਂ ਨਾਟਕ ਕਰ ਰਹੇ ਹਾਂ ਤੇ ਲੋਕ ਇਤਿਹਾਸ ਦੇ ਪੰਨੇ ਪਲਟ ਚੁੱਕੇ ਹਨ ਤੇ ਉਸ ਮਲਕ ਭਾਗੋ ਚੋਂ ਲੋਕ ਅੱਜ ਦਾ ਮਲਕ ਭਾਗੋ ਤੱਕ ਰਹੇ ਹਨ। ਕਿਰਤ ਜਿੰਦਾਬਾਦ ਦੇ ਨਾਅਰੇ ਲੋਕਾਂ ਦਾ ਸਿਰੜ ਦਰਸਾਉਂਦੇ ਦਿੱਲੀ ਨੂੰ ਸੁਨੇਹੇ ਭੇਜਣੇ ਸ਼ੁਰੂ ਹੋ ਜਾਂਦੇ ਹਨ। ਇਹ ਚੜ੍ਹਦੀ ਕਲਾ ਵਾਲੇ, ਅਣਖੀ ਲੋਕ ਇਸ ਅੰਦੋਲਨ ਨੂੰ ਜਿੱਤਣ, ਇਸ ਲਈ ਜਰੂਰੀ ਹੈ, ਹੇਕ ਸਪੱਸ਼ਟ ਤੇ ਉੱਚੀ ਲਾਈ ਜਾਵੇ। 

ਇਸ ਘੋਲ ਵਿੱਚ ਬਰਾਬਰ ਖੜੀ ਜਵਾਨੀ ਇਹ ਅੰਦੋਲਨ ਨੂੰ ਦੂਹਰੀ ਆਸ ਨਾਲ ਲੜ ਰਹੀ ਹੈ। ਜਿੱਥੇ ਖੇਤੀ ਨੂੰ ਬਚਾਉਣ ਦਾ ਸਵਾਲ ਹੈ ਉੱਥੇ ਬੇਰੁਜ਼ਗਾਰ ਜਵਾਨੀ ਲਈ ਰੁਜ਼ਗਾਰ ਦੀ ਗਾਰੰਟੀ ਦਾ ਵੀ ਮਸਲਾ ਹੈ ਤੇ ਇਸ ਅੰਦੋਲਨ ਦੀ ਜਿੱਤ ਇਸ ਦੂਹਰੇ ਮਕਸਦ ਨੂੰ ਬਲ ਬਖਸ਼ੇਗੀ। ਲੋਕ ਆਪਣਾ ਮੀਡੀਆ ਖੁਦ ਬਣੇ ਹੋਏ ਹਨ। ਨੈੱਟਵਰਕ ਇਸ ਏਰੀਏ ਵਿੱਚ ਜਾਮ ਕਰ ਦਿੱਤਾ ਜਾਂਦਾ ਹੈ। ਫੋਨ ਲਗਾਉਣਾ ਅਸੰਭਵ ਲੱਗਣ ਲੱਗਦ‍ਾ ਹੈ, ਫਿਰ ਵੀ ਗੱਲ ਵਿਦੇਸ਼ਾਂ ਤੱਕ ਪਹੁੰਚ ਚੁੱਕੀ ਹੈ। ਲੋਕਾਈ ਨੇ ਅਾਪਣਾ ਸਭ ਕੁਝ ਝੋਕ ਦਿੱਤਾ ਹੈ। ਦਿਨ ਭਰ ਇਸ ਸਾਂਝੀ ਸਰਗਰਮੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਭ ਟਰਾਲੀ ਕੋਲ ਆ ਜਾਂਦੇ ਹਨ ਤੇ ਲੰਗਰ ਪਕਾ ਖਾ ਕੇ ਫਿਰ ਨਵੇਂ ਤਜਰਬਿਆਂ ਤੇ ਨਵੇਂ ਤਰਾਨੇ ਲਿਖਣ ਬੈਠ ਜਾਂਦੇ ਹਾਂ। ਜੋ ਲੋਕਾਂ ‘ਚੋਂ ਜਨਮ ਲੈਂਦੇ ਨੇ ਸਾਇਦ ਇਹਨਾਂ ਨੂੰ ਹੀ ਲੋਕ ਗੀਤ ਸੱਦਿਆ ਜਾਂਦਾ ਹੈ। ਇਹ ਫੈਸਲਾ ਕੁੰਨ ਜੰਗ ਹੈ ਤੇ ਇਸਨੂੰ ਪੂਰੀ ਸ਼ਿੱਦਤ ਨਾਲ ਹੀ ਲੜਿਆ ਜਾਣਾ ਚਾਹੀਦਾ ਹੈ।


ਇਹ ਮੇਲਾ ਹੈ

ਸੁਰਜੀਤ ਪਾਤਰ

ਹੈ ਜਿਥੋਂ ਤੱਕ ਨਜ਼ਰ ਜਾਂਦੀ

ਤੇ ਜਿਥੋਂ ਤੱਕ ਨਹੀਂ ਜਾਂਦੀ

ਇਹਦੇ ਵਿਚ ਲੋਕ ਸ਼ਾਮਲ ਨੇ

ਇਹਦੇ ਵਿਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਲ ਨੇ

ਇਹ ਮੇਲਾ ਹੈ

ਇਹਦੇ ਵਿਚ ਧਰਤ ਸ਼ਾਮਲ, ਬਿਰਖ, ਪਾਣੀ, ਪੌਣ ਸ਼ਾਮਲ ਨੇ

ਇਹਦੇ ਵਿਚ ਸਾਡੇ ਹਾਸੇ, ਹੰਝੂ, ਸਾਡੇ ਗੌਣ ਸ਼ਾਮਲ ਨੇ

ਤੇ ਤੈਨੂੰ ਕੁਝ ਪਤਾ ਹੀ ਨਈਂ ਇਹਦੇ ਵਿਚ ਕੌਣ ਸ਼ਾਮਲ ਨੇ

ਇਹਦੇ ਵਿਚ ਪੁਰਖਿਆਂ ਦਾ ਰੰਗਲਾ ਇਤਿਹਾਸ ਸ਼ਾਮਲ ਹੈ

ਇਹਦੇ ਵਿਚ ਲੋਕ-ਮਨ ਦਾ ਸਿਰਜਿਆ ਮਿਥਿਹਾਸ ਸ਼ਾਮਲ ਹੈ

ਇਹਦੇ ਵਿਚ ਸਿਦਕ ਸਾਡਾ, ਸਬਰ, ਸਾਡੀ ਆਸ ਸ਼ਾਮਲ ਹੈ

ਇਹਦੇ ਵਿਚ ਸ਼ਬਦ, ਸੁਰਤੀ, ਧੁਨ ਅਤੇ ਅਰਦਾਸ ਸ਼ਾਮਲ ਹੈ

ਤੇ ਤੈਨੂੰ ਕੁਝ ਪਤਾ ਹੀ ਨਈਂ

ਇਹਦੇ ਵਿਚ ਵਰਤਮਾਨ, ਅਤੀਤ ਨਾਲ ਭਵਿੱਖ ਸ਼ਾਮਲ ਹੈ

ਇਹਦੇ ਵਿਚ ਹਿੰਦੂ, ਮੁਸਲਮ, ਬੁੱਧ, ਜੈਨ ਤੇ ਸਿੱਖ ਸ਼ਾਮਲ ਹੈ

ਬੜਾ ਕੁਝ ਦਿਸ ਰਿਹਾ ਤੇ ਕਿੰਨਾ ਹੋਰ ਅਦਿੱਖ ਸ਼ਾਮਲ ਹੈ

ਇਹ ਮੇਲਾ ਹੈ

ਇਹ ਹੈ ਇਕ ਲਹਿਰ ਵੀ, ਸੰਘਰਸ਼ ਵੀ ਪਰ ਜਸ਼ਨ ਵੀ ਤਾਂ ਹੈ

ਇਹਦੇ ਵਿਚ ਰੋਹ ਹੈ ਸਾਡਾ, ਦਰਦ ਸਾਡਾ ਟਸ਼ਨ ਵੀ ਤਾਂ ਹੈ

ਜੋ ਪੁੱਛੇਗਾ ਕਦੀ ਇਤਿਹਾਸ ਤੈਥੋਂ, ਪ੍ਰਸ਼ਨ ਵੀ ਤਾਂ ਹੈ

ਤੇ ਤੈਨੂੰ ਕੁਝ ਪਤਾ ਹੀ ਨਈਂ

ਇਹਦੇ ਵਿਚ ਕੌਣ ਸ਼ਾਮਲ ਨੇ

ਨਹੀਂ ਇਹ ਭੀੜ ਨਈਂ ਕੋਈ, ਇਹ ਰੂਹਦਾਰਾਂ ਦੀ ਸੰਗਤ ਹੈ

ਇਹ ਤੁਰਦੇ ਵਾਕ ਦੇ ਵਿਚ ਅਰਥ ਨੇ, ਸ਼ਬਦਾਂ ਦੀ ਪੰਗਤ ਹੈ

ਇਹ ਸ਼ੋਭਾ-ਯਾਤਰਾ ਤੋਂ ਵੱਖਰੀ ਹੈ ਯਾਤਰਾ ਕੋਈ

ਗੁਰਾਂ ਦੀ ਦੀਖਿਆ ਤੇ ਚਲ ਰਿਹਾ ਹੈ ਕਾਫ਼ਿਲਾ ਕੋਈ

ਇਹ ਮੈਂ ਨੂੰ ਛੋੜ ਆਪਾਂ ਤੇ ਅਸੀਂ ਵੱਲ ਜਾ ਰਿਹਾ ਕੋਈ

ਇਹਦੇ ਵਿਚ ਮੁੱਦਤਾਂ ਤੋਂ ਸਿੱਖੇ ਹੋਏ ਸਬਕ ਸ਼ਾਮਲ ਨੇ

ਇਹਦੇ ਵਿਚ ਸੂਫ਼ੀਆਂ ਫੱਕਰਾਂ ਦੇ ਚੌਦਾਂ ਤਬਕ ਸ਼ਾਮਲ ਨੇ

ਤੁਹਾਨੂੰ ਗੱਲ ਸੁਣਾਉਣਾਂ ਇਕ, ਬੜੀ ਭੋਲੀ ਤੇ ਮਨਮੋਹਣੀ

ਅਸਾਨੂੰ ਕਹਿਣ ਲੱਗੀ ਕੱਲ੍ਹ ਇਕ ਦਿੱਲੀ ਦੀ ਧੀ ਸੁਹਣੀ

ਤੁਸੀਂ ਜਦ ਮੁੜ ਗਏ ਏਥੋਂ , ਬੜੀ ਬੇਰੌਣਕੀ ਹੋਣੀ

ਟ੍ਰੈਫਿਕ ਤਾਂ ਬਹੁਤ ਹੋਵੇਗੀ ਪਰ ਸੰਗਤ ਨਹੀਂ ਹੋਣੀ

ਇਹ ਲੰਗਰ ਛਕ ਰਹੀ ਤੇ ਵੰਡ ਰਹੀ ਪੰਗਤ ਨਹੀਂ ਹੋਣੀ

ਘਰਾਂ ਨੂੰ ਦੌੜਦੇ ਲੋਕਾਂ’ਚ ਇਹ ਰੰਗਤ ਨਹੀਂ ਹੋਣੀ

ਅਸੀਂ ਫਿਰ ਕੀ ਕਰਾਂਗੇ

ਤਾਂ ਸਾਡੇ ਨੈਣ ਨਮ ਹੋ ਗਏ

ਇਹ ਕੈਸਾ ਨਿਹੁੰ ਨਵੇਲਾ ਹੈ

ਇਹ ਮੇਲਾ ਹੈ

ਤੁਸੀਂ ਪਰਤੋ ਘਰੀਂ, ਰਾਜ਼ੀ ਖੁਸ਼ੀ, ਹੈ ਦੁਆ ਹਮੇਰੀ

ਤੁਸੀਂ ਜਿੱਤੋ ਬਾਜ਼ੀ ਸੱਚ ਦੀ, ਹੈ ਇਹ ਦੁਆ ਮੇਰੀ

ਤੁਸੀਂ ਪਰਤੋ ਤਾਂ ਧਰਤੀ ਲਈ ਨਵੀਂ ਤਕਦੀਰ ਹੋ ਕੇ ਹੁਣ

ਨਵੇਂ ਅਹਿਸਾਸ, ਸੱਚਰੀ ਸੋਚ ਤੇ ਤਦਬੀਰ ਹੋ ਕੇ ਹੁਣ

ਮੁਹੱਬਤ ਸਾਦਗੀ ਅਪਣੱਤ ਦੀ ਤਾਸੀਰ ਹੋ ਕੇ ਹੁਣ

ਇਹ ਇੱਛਰਾਂ ਮਾਂ ਤੇ ਪੁੱਤ ਪੂਰਨ ਦੇ ਮੁੜ ਮਿਲਣੇ ਦਾ ਵੇਲਾ ਹੈ

ਇਹ ਮੇਲਾ ਹੈ

ਹੈ ਜਿਥੋਂ ਤੱਕ ਨਜ਼ਰ ਜਾਂਦੀ

ਤੇ ਜਿਥੋਂ ਤੱਕ ਨਹੀਂ ਜਾਂਦੀ

ਇਹਦੇ ਵਿਚ ਲੋਕ ਸ਼ਾਮਲ ਨੇ

ਇਹਦੇ ਵਿਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਲ ਨੇ

ਇਹ ਮੇਲਾ ਹੈ

ਇਹਦੇ ਵਿਚ ਧਰਤ ਸ਼ਾਮਿਲ, ਬਿਰਖ, ਪਾਣੀ, ਪੌਣ ਸ਼ਾਮਲ ਨੇ

ਇਹਦੇ ਵਿਚ ਸਾਡੇ ਹਾਸੇ, ਹੰਝੂ, ਸਾਡੇ ਗੌਣ ਸ਼ਾਮਲ ਨੇ

ਤੇ ਤੈਨੂੰ ਕੁਝ ਪਤਾ ਹੀ ਨਈਂ ਇਹਦੇ ਵਿਚ ਕੌਣ


ਕਿਸਾਨ ਸੰਘਰਸ਼ ਦੀ ਸ਼ਹੀਦ ਗੁਰਮੇਲ ਕੌਰ ਘਰਾਚੋਂ

ਸੰਗੀਤ ਤੂਰ | ਅਨੁਵਾਦ: ਜਸ਼ਨਪ੍ਰੀਤ ਕੌਰ

ਪੰਜਾਬ ਦੇ ਜ਼ਿਲ੍ਹੇ ਸੰਗਰੂਰ ਦੇ ਪਿੰਡ ਘਰਾਚੋਂ ਚ ਉਸ ਦਿਨ ਸਾਰਾ ਦਿਨ ਬੱਦਲਵਾਈ ਛਾਈ ਰਹੀ। ਦਿਨ ਠੰਡਾ ਸੀ ਤੇ ਆਥਣ ਤੱਕ ਕਣੀਆਂ ਪੈਣ ਲੱਗੀਆਂ, ਪਰ ਇਹ ਮੌਸਮ ਗੁਰਮੇਲ ਕੌਰ ਨੂੰ ਰੋਕਣ ਵਿਚ ਨਾਕਾਮਯਾਬ ਰਿਹਾ, ਜੋ ਅਗਲੇ ਦਿਨ “ਦਿੱਲੀ ਚੱਲੋ” ਰੈਲੀ ਲਈ ਤਿਆਰ ਬਰ ਤਿਆਰ ਸੀ – ਕਿਸਾਨ ਜਥੇਬੰਦੀਆਂ ਵੱਲੋਂ ਨਰਿੰਦਰ ਮੋਦੀ ਸਰਕਾਰ ਵੱਲੋਂ ਹਾਲ ਵਿੱਚ ਹੀ ਲਾਗੂ ਕੀਤੇ ਗਏ ਤਿੰਨ ਖੇਤੀ ਬਿੱਲਾਂ ਦਾ ਵਿਰੋਧ ਕਰਨ ਲਈ ਦਿੱਲੀ ਵੱਲ ਕੂਚ ਕਰਨ ਲਈ ਸੱਦਿਆ ਗਿਆ ਸੀ। 26-27 ਦਸੰਬਰ ਨੂੰ ਰਾਜਧਾਨੀ ਅੱਪੜਨ ਦੀ ਵਿਉਂਤ ਸੀ। ਗੁਰਮੇਲ ਲਗਭਗ ਅੱਸੀ ਸਾਲਾਂ ਦੀ ਸੀ ਤੇ ਉਸਨੇ ਨਿੱਕੇ ਜਿਹੇ ਝੋਲੇ ‘ਚ ਆਪਣਾ ਸਮਾਨ ਪਾਉਂਦਿਆਂ ਹੱਸ ਕੇ ਕਿਹਾ , “ਆਪਣੀ ਜ਼ਮੀਨ ਲਈ ਮੈਂ ਮਰਨ ਨੂੰ ਤਿਆਰ ਹਾਂ। ਇਸ ਝੋਲੇ ‘ਚ ਤੇੜ ਸਿਰ ਦੇ ਕੱਪੜੇ (ਕੁੜਤੀ, ਸੁੱਥਣ,ਚੁੰਨੀ/ਸਕਾਰਫ਼), ਤੌਲੀਆ, ਬੁਰਸ਼, ਪੇਸਟ ਤੇ ਕੰਬਲ ਸੀ। ਉਸਨੇ ਮੈਨੂੰ ਦੱਸਿਆ ਕਿ ਉਹ ਖ਼ੁਸ਼ੀ-ਗ਼ਮੀ ਜਾਣ ਵੇਲੇ ਹੀ ਘਰੋਂ ਬਾਹਰ ਪੈਰ ਪਾਉੁਂਦੀ ਸੀ, ਉਹ ਵੀ ਆਪਣੇ ਪਰਿਵਾਰ ਨਾਲ। ਇਹ ਪਹਿਲੀ ਵਾਰ ਹੋਇਆ ਕਿ ਉਹ ਕਿਸੇ ਅੰਦੋਲਨ ‘ਚ ਸ਼ਾਮਿਲ ਹੋ ਰਹੀ ਸੀ। 

ਕਿਸੇ ਵੇਲੇ ਮੈਂ ਘਰੋਂ ਬਾਹਰ ਜਾਂਦੀ ਘੁੰਡ ਕੱਢਦੀ ਸਾਂ। ਫੇਰ ਘੁੰਡਾਂ ਦਾ ਰਿਵਾਜ ਨਹੀਂ ਰਿਹਾ। ਪਰ ਚੁੰਨੀ ਤਾਂ ਲੈਣੀ ਹੀ ਪੈਂਦੀ। ਹੁਣ ਮੈਨੂੰ ਆਹ ਚੁੰਨੀ ਦੀ ਵੀ ਪਰਵਾਹ ਨਹੀਂ ਰਹੀ। ਘਰ ਮੈਨੂੰ ਚੰਗਾ ਨਹੀਂ ਲੱਗਦਾ। ਜੇ ਅਸੀਂ ਮੋਦੀ ਤੋਂ ਇਹ ਜੰਗ ਜਿੱਤ ਵੀ ਲਈ, ਫਿਰ ਵੀ ਮੇਰਾ ਵੜਨ ਨੂੰ ਜੀਅ ਨਹੀਂ ਕਰਨਾ। ਪੁਲਿਸ ਦੀ ਵਰਦੀ ‘ਚ ਉਹਦੇ ਪੁੱਤ ਦੀ ਤਸਵੀਰ ਕੰਧ ਤੇ ਟੰਗੀ ਹੋਈ ਹੈ, ਜਿਹੜਾ ਵੀਹ ਸਾਲ ਪਹਿਲਾਂ ਮੁੱਕ ਗਿਆ ਸੀ। 

ਅਗਲੇ ਦੋ ਹਫ਼ਤਿਆਂ ਤੱਕ ਅੰਦੋਲਨਕਾਰੀ ਕਿਸਾਨਾਂ ਨੇ ਹਰਿਆਣੇ ਸਣੇ ਦਿੱਲੀ ਦੇ ਸਿੰਘੂ ਤੇ ਟੀਕਰੀ ਬਾਡਰ ਘੇਰੀ ਰੱਖੇ, ਤੇ ਗੁਰਮੇਲ ਇਸ ਧਰਨੇ ਚ ਰੋਜ਼ ਦਿਸਦੀ ਰਹੀ। ਕੁਝ ਦਿਨਾਂ ਬਾਅਦ  ਬੇਬੇ ਗੁਰਮੇਲ ਕੌਰ ਵਾਲਾ ਜੱਥਾ ਵਾਪਿਸ ਪੰਜਾਬ ਆ ਗਿਆ ਤੇ ਉਹ ਕਾਲਝਾੜ ਟੋਲ ਪਲਾਜੇ ਵਾਲੇ ਧਰਨੇ ਦਾ ਹਿੱਸਾ ਬਣਨ ਲੱਗੀ। ਇਨਕਲਾਬ ਦੀ ਉਮੀਦ ‘ਚ ਪਾਸ਼, ਜਿਸਨੂੰ ਇਹਨਾਂ ਧਰਨਿਆਂ ਤੇ ਬੜਾ ਪੜ੍ਹਿਆ ਜਾਂਦਾ, ਨੇ ਲਿਖਿਆ ਸੀ, “ਮੈਂ ਇਕ ਕਵਿਤਾ ਲਿਖਣੀ ਚਾਹੀ ਸੀ / ਤੂੰ ਜਿਸ ਨੂੰ ਸਾਰੀ ਉਮਰ ਪੜ੍ਹਦੀ ਰਹਿ ਸਕੇਂ।“ ਪੰਜਾਬ ਦੀਆਂ ਅੰਦੋਲਨ ਕਰ ਰਹੀਆਂ ਔਰਤਾਂ – ਖ਼ਾਸ ਕਰ ਘਰਾਚੋਂ ਪਿੰਡ ਦੀ ਅੱਸੀ ਸਾਲਾ ਬੇਬੇ ਗੁਰਮੇਲ ਕੌਰ ਨੂੰ ਮੁਖਾਤਿਬ ਹੁੰਦਿਆਂ ਇਹ ਸ਼ਬਦ ਹਮੇਸ਼ਾ ਮੇਰੀ ਸੋਚ ਚ ਆ ਜਾਂਦੇ। 8 ਦਸੰਬਰ ਨੂੰ ਉਸਨੂੰ ਦਿਲ ਦਾ ਦੌਰਾ ਪਿਆ ਤੇ NH7 ਤੇ ਪੈਂਦੇ ਕਾਲਝਾੜ ਟੋਲ ਪਲਾਜੇ ਵਾਲੇ ਧਰਨੇ ਉਹ ਹੀ ਸ਼ਹੀਦ ਹੋ ਗਈ।

“Techaroundworld.com is a participant in the Amazon Services LLC Associates Program, an affiliate advertising program designed to provide a means for sites to earn advertising fees by advertising and linking to amazon.ca.”